Friday, 26 June 2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਰਹੀ ਪੰਜਾਬ ਦੀ ਝਾਕੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਰਹੀ, ਜੋ ਕਿ ਮਨੁੱਖਤਾ ਦੇ ਰਹਿਬਰ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸੀ। ਝਾਕੀ ਰਾਹੀਂ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਪੇਸ਼ ਕੀਤਾ ਗਿਆ। ਝਾਕੀ ਦੇ ਮੂਹਰਲੇ ਹਿੱਸੇ ਵਿੱਚ ਘੁੰਮਦਾ ਹੋਇਆ ‘ਇੱਕ ਓਅੰਕਾਰ’ ਦਾ ਚਿੰਨ੍ਹ ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਸੀ। ਝਾਕੀ ਦੇ ਪਿਛਲੇ ਹਿੱਸੇ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ ਬਣਾਇਆ ਗਿਆ ਸੀ, ਜਿਸਦੇ ਸਾਹਮਣੇ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਨੇ ਪੂਰੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਪੰਜਾਬ ਦੀ ਇਸ ਝਾਕੀ ਨੇ ਨਾ ਸਿਰਫ ਸੂਬੇ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਸਾਹਮਣੇ ਰੱਖਿਆ, ਸਗੋਂ ਉਸ ਮਹਾਨ ਸ਼ਹੀਦੀ ਨੂੰ ਵੀ ਸਲਾਮ ਕੀਤਾ ਜੋ ਕਿਸੇ ਖਾਸ ਖੇਤਰ ਜਾਂ ਧਰਮ ਤੱਕ ਸੀਮਤ ਨਾ ਰਹਿ ਕੇ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ। ਜ਼ਿਕਰਯੋਗ ਕਿ ਗਣਤੰਤਰ ਦਿਵਸ ਪਰੇਡ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਸੂਬਾ ਤੇ ਕੇਂਦਰ ਸਰਕਾਰ ਦਰਮਿਆਨ ਤਲਖੀ ਵੀ ਵੇਖਣ ਨੂੰ ਮਿਲੀ ਸੀ।  

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਦੇ ਕਰਤੱਵਯ ਪੱਥ ’ਤੇ ਲਹਿਰਾਇਆ ਤਿਰੰਗਾ 

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਭਰ ਵਿਚ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਧੂੁਮ ਧਾਮ ਨਾਲ ਮਨਾਇਆ ਗਿਆ। ਦਿੱਲੀ ’ਚ ਕਰਤੱਯਵ ਪੱਥ ’ਤੇ ਮੁੱਖ ਪਰੇਡ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਯੂਰਪੀ ਪਰਿਸ਼ਦ ਦੇ ਪ੍ਰਧਾਨ ਐਨਟੋਨੀਓ ਕੋਸਟਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ। ਪਰੇਡ ਵਿਚ ਵੱਖ-ਵੱਖ ਸੂਬਿਆਂ ਦੀਆਂ 30 ਝਾਕੀਆਂ ਦਿਖਾਈਆਂ ਗਈਆਂ। ਪਰੇਡ ਵਿਚ ਤਿੰਨੋਂ ਸੈਨਾਵਾਂ ਵਲੋਂ ਆਪਣੀ ਤਾਕਤ ਦਿਖਾਈ। ਸੈਨਾਵਾਂ ਵਲੋਂ ਮਿਜ਼ਾਈਲਾਂ, ਲੜਾਕੂ ਜਹਾਜ਼, ਨਵੀਂ ਬਟਾਲੀਅਨ ਅਤੇ ਅਪਰੇਸ਼ਨ ਸੰਧੂਰ ਦੇ ਦੌਰਾਨ ਇਸਤੇਮਾਲ ਘਾਤਕ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਕੀਤਾ।  

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲਾ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਘੜਨ ਲਈ ਅੱਜ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਅਹਿਮ ਬੈਠਕ ਕੀਤੀ ਹੈ। ਇਸ ਬੈਠਕ ਵਿਚ ਕਾਂਗਰਸੀ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਸ਼ਾਮਲ ਨਹੀਂ ਹੋਏ। ਨਵੀਂ ਦਿੱਲੀ ’ਚ ਖੜਗੇ ਦੀ ਰਿਹਾਇਸ਼ ’ਤੇ ਹੋਈ ਇਸ ਬੈਠਕ ਵਿਚ ਕੇ.ਸੀ. ਵੇਣੂਗੋਪਾਲ, ਕੇਰਲਾ ਕਾਂਗਰਸ ਦੇ ਪ੍ਰਧਾਨ ਸੰਨੀ ਜੋਸਫ ਅਤੇ ਹੋਰ ਦਿੱਗਜ਼ ਆਗੂ ਸ਼ਾਮਲ ਹੋਏ। ਇਸੇ ਦੌਰਾਨ ਥਰੂਰ ਦੀ ਨਰਾਜ਼ਗੀ ਦਾ ਅਸਲ ਕਾਰਨ ਰਾਹੁਲ ਗਾਂਧੀ ਅਤੇ ਸੂਬਾਈ ਲੀਡਰਸ਼ਿਪ ਦਾ ਵਤੀਰਾ ਦੱਸਿਆ ਜਾ ਰਿਹਾ ਹੈ। ਮਾਰਚ-ਅਪ੍ਰੈਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਕਾਂਗਰਸ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਗਈ ਸੀ। 

 

ਪੰਜਾਬ ਦੀ ਝਾਕੀ ਖਿੱਚੇਗੀ ਸਭ ਦਾ ਧਿਆਨ

ਨਵੀਂ ਦਿੱਲੀ/ਬਿਊਰੋ ਨਿਊਜ਼ 

26 ਜਨਵਰੀ ਨੂੰ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾਵੇਗੀ। ਰੱਖਿਆ ਮੰਤਰਾਲੇ ਅਨੁਸਾਰ ਇਸ ਵਾਰ ਕਰਤੱਵ ਪੱਥ ’ਤੇ ਕੁੱਲ 30 ਝਾਕੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਵੱਖ-ਵੱਖ ਮੰਤਰਾਲਿਆਂ ਦੀਆਂ ਹੋਣਗੀਆਂ। ਇਸ ਵਾਰ ਦੀ ਪਰੇਡ ਦਾ ਮੁੱਖ ਥੀਮ ‘ਵੰਦੇ ਮਾਤਰਮ’ ਦੇ 150 ਸਾਲ ਅਤੇ ‘ਆਤਮ-ਨਿਰਭਰ ਭਾਰਤ’ ਰਾਹੀਂ ਦੇਸ਼ ਦੀ ਤਰੱਕੀ ਨੂੰ ਦਰਸਾਉਣਾ ਹੈ। ਇਸ ਸਾਲ ਹਵਾਈ ਸੈਨਾ ਵੱਲੋਂ ‘ਸਿੰਧੂਰ’ ਨਾਮਕ ਇੱਕ ਵਿਸ਼ੇਸ਼ ਫਾਰਮੇਸ਼ਨ ਬਣਾਈ ਜਾਵੇਗੀ, ਜੋ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਵਿਰੁੱਧ ਕੀਤੇ ਗਏ ‘ਆਪਰੇਸ਼ਨ ਸਿੰਧੂਰ’ ਦੀ ਯਾਦ ਦਿਵਾਏਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.