Friday, 26 June 2026

ਸੀਐਮ ਭਗਵੰਤ ਮਾਨ ਨੇ ਕਿਹਾ : ਹਰਿਆਣਾ ਹੈ ਸਾਡਾ ਭਰਾ 

ਚੰਡੀਗੜ੍ਹ/ਬਿਊਰੋ ਨਿਊਜ਼

ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ.) ਦੇ ਮੁੱਦੇ ’ਤੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਚੰਡੀਗੜ੍ਹ ਵਿਚ ਬੈਠਕ ਹੋਈ ਹੈ। ਇਸ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਸਾਂਝੀ ਪ੍ਰੈਸ ਕਾਨਫਰੰਸ ਵਿਚ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿਚ ਹੋਈ ਹੈ ਅਤੇ ਮੈਂ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣਾ ਮੁੱਦਾ ਹੈ ਤੇ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੇ ਸਾਨੂੰ ਇਕੱਠੇ ਬੈਠ ਕੇ ਹੱਲ ਕੱਢਣ ਲਈ ਕਿਹਾ ਸੀ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਸੀਂ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ, ਸਗੋਂ ਸਾਡਾ ਭਰਾ ਹੈ। ਸੀਐਮ ਨੇ ਕਿਹਾ ਕਿ ਕਿਸੇ ਦਾ ਵੀ ਹੱਕ ਨਹੀਂ ਮਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਣੀ ਤੈਅ ਹੋ ਜਾਵੇ, ਨਹਿਰ ਵੀ ਬਣਾ ਲਵਾਂਗੇ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਸ.ਵਾਈ.ਐਲ. ਦੇ ਮੁੱਦੇ ਸਬੰਧੀ ਗੱਲਬਾਤ ਬਹੁਤ ਹੀ ਸਾਰਥਿਕ ਮਾਹੌਲ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਦੇ ਅਧਿਕਾਰੀ ਹੀ ਹੁਣ ਹੋਰ ਚਰਚਾ ਕਰਨਗੇ ਅਤੇ ਮੁੱਖ ਮੰਤਰੀ ਪੱਧਰ ਦੀਆਂ ਮੀਟਿੰਗਾਂ ਹੁਣ ਨਹੀਂ ਹੋਣਗੀਆਂ।

ਪ੍ਰਸ਼ਾਸ਼ਨ ਨੇ ਅਜਿਹਾ ਫਰਮਾਨ ਜਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼

ਮੱਧ ਪ੍ਰਦੇਸ਼ ਦੇ ਰਤਨਾਮ ਜ਼ਿਲ੍ਹੇ ਦੇ ਪਿੰਡ ਪੰਚੇਵਾ ਦੇ ਵਸਨੀਕਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਵਿਚ ਪਿੰਡ ਦੇ 8 ਜੋੜਿਆਂ ਵਲੋਂ ਭੱਜ ਕੇ ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਲਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀਆਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਧਰ ਦੂਜੇ ਪਾਸੇ ਪ੍ਰਸ਼ਾਸਨ ਨੇ ਅਜਿਹਾ ਫਰਮਾਨ ਜਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਕਲੈਕਟਰ ਮਿਸ਼ਾ ਸਿੰਘ ਵਲੋਂ ਦੱਸਿਆ ਗਿਆ ਕਿ ਪ੍ਰੇਮ ਵਿਆਹਾਂ ਦੇ ਖਿਲਾਫ ਫੈਸਲਾ ਗਰਾਮ ਸਭਾ ਵਲੋਂ ਨਹੀਂ, ਬਲਕਿ ਪਿੰਡ ਵਾਸੀਆਂ ਨੇ ਖੁਦ ਲਿਆ ਸੀ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

ਚਾਂਦੀ 35,815 ਰੁਪਏ ਵਧ ਕੇ 3 ਲੱਖ 17 ਹਜ਼ਾਰ ਰੁਪਏ ਪ੍ਰਤੀ ਕਿਲੋ ’ਤੇ ਪਹੁੰਚੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਰਿਹਾ। ਇਸਦੇ ਚੱਲਦਿਆਂ ਸੋਨਾ 12 ਹਜ਼ਾਰ 717 ਰੁਪਏ ਵਧ ਕੇ 1 ਲੱਖ 54 ਹਜ਼ਾਰ 310 ਰੁਪਏ ਪ੍ਰਤੀ 10 ਗਰਾਮ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਇਹ ਲੰਘੀ 16 ਜਨਵਰੀ ਨੂੰ 1 ਲੱਖ 41 ਹਜ਼ਾਰ 593 ਰੁਪਏ ਸੀ। ਇਸੇ ਤਰ੍ਹਾਂ ਚਾਂਦੀ 2 ਲੱਖ 81 ਹਜ਼ਾਰ 890 ਰੁਪਏ ਤੋਂ ਵਧ ਕੇ 3 ਲੱਖ 17 ਹਜ਼ਾਰ 705 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਯਾਨੀ ਕਿ ਇਸਦੀ ਕੀਮਤ 35 ਹਜ਼ਾਰ 815 ਰੁਪਏ ਵਧੀ ਹੈ। ਲੰਘੇ 23 ਦਿਨਾਂ ਵਿਚ ਸੋਨਾ 21 ਹਜ਼ਾਰ 115 ਰੁਪਏ ਅਤੇ ਚਾਂਦੀ 81 ਹਜ਼ਾਰ 285 ਰੁਪਏ ਮਹਿੰਗੀ ਹੋਈ ਹੈ। 

ਸੰਤ ਨਿਰੰਜਣ ਦਾਸ ਬੱਲਾਂ ਵਾਲੇ ਅਤੇ ਕ੍ਰਿਕਟਰ ਹਰਮਨਦੀਪ ਕੌਰ ਨੂੰ ਵੀ ਦਿੱਤਾ ਜਾਵੇਗਾ ਪਦਮਸ੍ਰੀ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ ਮੌਕੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮਸ੍ਰੀ ਸ਼ਾਮਲ ਹਨ। ਅਦਾਕਾਰ ਧਰਮਿੰਦਰ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਤੇ ਉੱਘੇ ਖੱਬੇ ਪੱਖੀ ਆਗੂ ਵੀ.ਐੱਸ. ਅਛੂਤਾਨੰਦਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥੌਮਸ, ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਤੇ ਵਾਇਲਨ ਵਾਦਕ ਐੱਨ ਰਾਜਮ ਅਤੇ ਉੱਘੇ ਮਲਿਆਲਮ ਪੱਤਰਕਾਰ ਪੀ ਨਰਾਇਣਨ ਨੂੰ ਵੀ ਪਦਮ ਵਿਭੂਸ਼ਣ ਮਿਲੇਗਾ। ਇਸੇ ਤਰ੍ਹਾਂ ਸੰਤ ਨਿਰੰਜਣ ਦਾਸ ਬੱਲਾਂ ਵਾਲੇ ਅਤੇ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਮੋਗੇ ਦੀ ਹਰਮਨਪ੍ਰੀਤ ਕੌਰ, ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ (ਚੰਡੀਗੜ੍ਹ) ਨੂੰ ਪਦਮਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ ਨੂੰ ਵੀ ਪਦਮਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਕਿ੍ਰਕਟਰ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਵੀ ਪਦਮਸ੍ਰੀ ਮਿਲੇਗਾ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.