Friday, 26 June 2026

ਕੀ ਮਹਿੰਗਾ ਹੋਇਆ ਅਤੇ ਕੀ ਸਸਤਾ ਹੋਇਆ  

ਭਾਰਤ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਐਤਵਾਰ ਨੂੰ ਪੇਸ਼ ਕੀਤਾ ਗਿਆ। ਇਸ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਅਤੇ ਨਾ ਹੀ ਇਨਕਮ ਟੈਕਸ ਵਿਚ ਕੋਈ ਬਦਲਾਅ ਕੀਤਾ ਗਿਆ। ਵਿੱਤ ਮੰਤਰੀ ਵਲੋਂ 53.5 ਲੱਖ ਕਰੋੜ ਰੁਪਏ ਦੇ ਪੇਸ਼ ਕੀਤੇ ਗਏ ਬਜਟ ਦੀ ਕੇਂਦਰ ਸਰਕਾਰ ਨੇ ਸ਼ਲਾਘਾ ਕੀਤੀ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਬਜਟ ਦੀ ਜੰਮ ਕੇ ਆਲੋਚਨਾ ਕੀਤੀ ਹੈ। ਲੋਕ ਸਭਾ ’ਚ ਲਗਾਤਾਰ 9ਵਾਂ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਕਰੀਬ 90 ਮਿੰਟ ਦੇ ਭਾਸ਼ਣ ਵਿਚ ‘ਵਿਕਸਿਤ ਭਾਰਤ’ ਬਣਾਉਣ ਲਈ ਪ੍ਰਮੁੱਖ ਯੋਜਨਾਵਾਂ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਜਟ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਉਦਯੋਗ ਜਗਤ ਨੇ ਕੇਂਦਰੀ ਬਜਟ ਨੂੰ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਕਰਾਰ ਦਿੰਦਿਆਂ ਵਿੱਤ ਮੰਤਰੀ  ਸੀਤਾਰਮਨ ਵਲੋਂ ਐਲਾਨੇ ਕਦਮਾਂ ਦਾ ਸਵਾਗਤ ਕੀਤਾ ਹੈ। ਅਪਰੇਸ਼ਨ ਸਿੰਧੂਰ ਤੋਂ ਬਾਅਦ ਰੱਖਿਆ ਬਜਟ ਵਿਚ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੁਣ ਵਿਦੇਸ਼ ਯਾਤਰਾ ਲਈ ‘ਟੂਰ ਪੈਕੇਜ’ ਬੁੱਕ ਕਰਨਾ ਸਸਤਾ ਹੋ ਜਾਵੇਗਾ। ਪਹਿਲਾਂ 10 ਲੱਖ ਰੁਪਏ ਤੱਕ ਦੇ ਖਰਚ ’ਤੇ 5 ਫੀਸਦੀ ਅਤੇ ਉਸ ਤੋਂ ਜ਼ਿਆਦਾ ’ਤੇ 20 ਫੀਸਦੀ ਟੈਕਸ ਲੱਗਦਾ ਸੀ। ਇਸ ਨੂੰ ਘਟਾ ਕੇ ਹੁਣ ਸਿੱਧਾ 2 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਸ ਵਿਚ ਰਕਮ ਦੀ ਕੋਈ ਲਿਮਟ ਵੀ ਨਹੀਂ ਹੈ।

ਇਸ ਬਜਟ ਵਿਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ, ਉਹ ਇਹ ਹਨ -

ਘੱਟ ਕੀਮਤ ਵਾਲੀਆਂ ਦਰਾਮਦ ਛਤਰੀਆਂ
ਪੋਟਾਸ਼ੀਅਮ ਹਾਈਡਰੋਕਸਾਈਡ
ਏਟੀਐਮ/ਕੈਸ਼ ਡਿਸਪੈਂਸਰ ਮਸ਼ੀਨ ਦੇ ਪੁਰਜੇ
ਵਿਦੇਸ਼ੀਆਂ ਲਈ ਫਿਲਮਾਂ ਤੇ ਪ੍ਰਸਾਰਨ ਉਪਕਰਨ
ਚਿੜੀਆਘਰ ’ਚ ਬਾਹਰੋਂ ਜਾਨਵਰ ਜਾਂ ਪੰਛੀ ਲਿਆਉਣਾ
ਅਮੋਨੀਅਮ ਫਾਸਫੇਟ/ਨਾਈਟ੍ਰੋ-ਫਾਸਫੇਟ ਖਾਦ ਅਤੇ ਨੈਫਥਾ ਜਿਹੀਆਂ ਖਾਦਾਂ ਵੀ ਮਹਿੰਗੀਆਂ ਹੋਣਗੀਆਂ।


ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਬਜਟ ਦੌਰਾਨ ਸਸਤੀਆਂ ਕੀਤੀਆਂ ਗਈਆਂ ਹਨ, ਉਹ ਇਹ ਹਨ

ਕੈਂਸਰ ਦੀਆਂ ਦਵਾਈਆਂ
ਨਿੱਜੀ ਵਰਤੋਂ ਲਈ ਦਰਾਮਦ ਦਵਾਈਆਂ
ਮਾਈਕਰੋਵੇਵ ਓਵਨ ਦੇ ਪੁਰਜ਼ੇ
ਜਹਾਜ਼ ਦੇ ਇੰਜਣ ਸਮੇਤ ਪੁਰਜ਼ੇ
ਸੋਲਰ ਗਲਾਸ ਦੇ ਪੁਰਜ਼ੇ
ਪਰਮਾਣੂ ਪ੍ਰਾਜੈਕਟਾਂ ਲਈ ਦਰਾਮਦ ਸਮਾਨ ਅਤੇ
ਅਹਿਮ ਖਣਿਜਾਂ ਵਾਲੀਆਂ ਵਸਤਾਂ ਸਸਤੀਆਂ ਹੋਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਪੰਜਾਬ ਦੇ ਹੱਥ ਖਾਲੀ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਉਮੀਦ ਸੀ, ਜਿਸ ਨੂੰ ਬੂਰ ਨਹੀਂ ਪਿਆ। ਸੀਐਮ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਮੰਗਿਆ ਗਿਆ ਸੀ, ਪਰ ਪੰਜਾਬ ਦੇ ਪੱਲੇ ਕੁਝ ਵੀ ਨਹੀਂ ਪਿਆ।

ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਹੱਕਾਂ ਲਈ ਢੰਗ ਨਾਲ ਵਕਾਲਤ ਨਹੀਂ ਕੀਤੀ ਗਈ ਅਤੇ ਕੇਂਦਰੀ ਬਜਟ ਵਿਚ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਨਾ ਤਾਂ ਕੋਈ ਵਿਸ਼ੇਸ਼ ਪੈਕੇਜ ਮਿਲਿਆ ਅਤੇ ਨਾ ਹੀ ਕੋਈ ਵੱਡਾ ਨਵਾਂ ਪ੍ਰਾਜੈਕਟ ਹੀ ਮਿਲਿਆ ਹੈ।

ਮਿਡ ਡੇਅ ਮੀਲ ਦੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਵਧੀ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਤਿਲੰਗਾਨਾ ਅਤੇ ਤਾਮਿਲਨਾਡੂ ਵਿਚ ਸਰਕਾਰੀ ਸਕੂਲ ’ਚ ਮਿਡ ਡੇਅ ਮੀਲ ਖਾਣ ਕਾਰਨ 55 ਵਿਦਿਆਰਥੀ ਬਿਮਾਰ ਹੋ ਗਏ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਮਿਡ ਡੇਅ ਮੀਲ ਖਾਣ ਨਾਲ 22 ਵਿਦਿਆਰਥੀ ਬਿਮਾਰ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਿਡ ਡੇਅ ਮੀਲ ਖਾਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਪੇਟ ਵਿਚ ਦਰਦ ਹੋਣਾ ਸ਼ੁਰੂੁ ਹੋ ਗਿਆ ਸੀ। ਇਸੇ ਦੌਰਾਨ ਇਕ ਵੱਖਰੀ ਘਟਨਾ ਤਾਮਿਲਨਾਡੂ ਦੇ ਕੋਇੰਬਟੂਰ ਨੇੇੜੇ ਇਕ ਸਰਕਾਰੀ ਸਕੂਲ ਵਿਚ ਵਾਪਰੀ ਹੈ, ਜਿੱਥੇ ਮਿਡ ਡੇਅ ਮੀਲ ਖਾਣ ਨਾਲ 33 ਬੱਚਿਆਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਘਟਨਾਵਾਂ ਨੇ ਸਰਕਾਰੀ ਸਕੂਲਾਂ ਵਿਚ ਮਿਡ ਡੇਅ ਮੀਲ ਸਕੀਮ ਦੀ ਨਿਗਰਾਨੀ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਮੁੜ ਚਿੰਤਾਵਾਂ ਪੈਦਾ ਹੋ ਗਈਆਂ ਹਨ।

13 ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ ਟੈਕਸ ਫਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ 1 ਫਰਵਰੀ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਜਾ ਰਹੇ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਇਸ ਬਜਟ ਦੌਰਾਨ ਸਲਾਨਾ 13 ਲੱਖ ਰੁਪਏ ਦੀ ਕਮਾਈ ਟੈਕਸ ਫਰੀ ਹੋ ਸਕਦੀ ਹੈ।  ਇਨਕਮ ਟੈਕਸ ਦੀ ਨਵੀਂ ਰਿਜ਼ੀਮ ਵਿਚ ਮਿਆਰੀ ਕਟੌਤੀ 75 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕੀਤੀ ਜਾ ਸਕਦੀ ਹੈ। ਸਟੈਂਡਰਡ ਕਟੌਤੀ ਨਾਲ ਤਨਖਾਹਦਾਰ ਵਿਅਕਤੀਆਂ ਦੀ 13 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਫਰੀ ਹੋ ਜਾਵੇਗੀ। ਇਸ ਸਮੇਂ 12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਫਰੀ ਹੈ। ਕੇਂਦਰ ਸਰਕਾਰ ਪੁਰਾਣੀ ਟੈਕਸ ਰਿਜ਼ੀਮ ਨੂੰ ਨਵੀਂ ਟੈਕਸ ਰਿਜੀਮ ਨਾਲ ਬਦਲਣਾ ਚਾਹੁੰਦੀ ਹੈ। ਇਸਦੇ ਲਈ ਨਵੀਂ ਟੈਕਸ ਰਿਜ਼ੀਮ ਨੂੰ ਫਾਇਦੇਮੰਦ ਬਣਾਈ ਰੱਖਣਾ ਜ਼ਰੂਰੀ ਹੈ।

ਸੋਨਾ ਇਕ ਦਿਨ ਵਿਚ ਪ੍ਰਤੀ ਤੋਲਾ 6865 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 22 ਹਜ਼ਾਰ 825 ਰੁਪਏ ਸਸਤੀ ਹੋਈ 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਚਾਰ ਦਿਨ ਆਲ ਟਾਈਮ ਹਾਈ ’ਤੇ ਰਹਿਣ ਤੋਂ ਬਾਅਦ ਅੱਜ 30 ਜਨਵਰੀ ਨੂੰ ਵੱਡੀ ਗਿਰਾਵਟ ਆਈ ਹੈ। ਮਾਹਿਰਾਂ ਦੇ ਮੁਤਾਬਕ ਇਸਦਾ ਮੁੱਖ ਕਾਰਨ ਮਾਰਕੀਟ ਵਿਚ ਮੁਨਾਫਾ ਵਸੂਲੀ ਹੈ। ਇਸਦੇ ਚੱਲਦਿਆਂ ਸੋਨਾ ਇਕ ਦਿਨ ਵਿਚ ਪ੍ਰਤੀ ਤੋਲਾ 6865 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 22 ਹਜ਼ਾਰ 825 ਰੁਪਏ ਸਸਤੀ ਹੋਈ ਹੈ। ਇੰਡੀਆ ਬੂਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦੀ ਕੀਮਤ 1 ਲੱਖ 68 ਹਜ਼ਾਰ 475 ਰੁਪਏ ’ਤੇ ਆ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦਾ ਭਾਅ 1 ਲੱਖ 75 ਹਜ਼ਾਰ 340 ਰੁਪਏ ਪ੍ਰਤੀ 10 ਗਰਾਮ ਹੋ ਗਿਆ ਸੀ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.