Friday, 26 June 2026

ਅੰਮਿ੍ਰਤਪਾਲ ਸਿੰਘ ਨੇ  ਗ੍ਰਹਿ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਵੀ ਲਿਖੀ ਚਿੱਠੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਵਲੋਂ ਇਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਰਜ ਕੀਤੀ ਗਈ ਹੈ। ਉਨ੍ਹਾਂ ਨੇ 28 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਕੇਂਦਰ ਸਰਕਾਰ ਦੇ ਬਜਟ ਇਜਲਾਸ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਮੰਗੀ ਹੈ ਅਤੇ ਹਾਈਕੋਰਟ ਵਿਚ ਇਸ ਮਾਮਲੇ ’ਤੇ ਭਲਕੇ 22 ਜਨਵਰੀ ਨੂੰ ਸੁਣਵਾਈ ਹੋਵੇਗੀ। ਅੰਮਿ੍ਰਤਪਾਲ ਸਿੰਘ ਵਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਸੰਸਦ ਵਿਚ ਆਪਣੇ ਇਲਾਕੇ ਦੇ ਮੁੱਦੇ ਉਠਾਉਣੇ ਹਨ, ਕਿਉਂਕਿ ਉਹ ਆਪਣੇ ਐਮ.ਪੀ. ਲੈਂਡ ਫੰਡ ਦਾ ਪ੍ਰਯੋਗ ਨਹੀਂ ਕਰ ਸਕੇ। ਅੰਮਿ੍ਰਤਪਾਲ ਸਿੰਘ ਵਲੋਂ ਆਪਣੇ ਵਕੀਲਾਂ ਦੇ ਮਾਧਿਅਮ ਰਾਹੀਂ ਇਹ ਪਟੀਸ਼ਨ ਪਾਈ ਗਈ ਹੈ। ਇਸ ਮੌਕੇ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਅੰਮਿ੍ਰਤਪਾਲ ਸਿੰਘ ਵਲੋਂ 17 ਜਨਵਰੀ ਨੂੰ ਜੇਲ੍ਹ ਵਿਚੋਂ ਹੀ ਡੀ.ਸੀ. ਅੰਮਿ੍ਰਤਸਰ, ਹੋਮ ਸੈਕਟਰੀ ਪੰਜਾਬ, ਕੇਂਦਰੀ ਗ੍ਰਹਿ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਮਿ੍ਰਤਪਾਲ ਸਿੰਘ ਐਨ.ਐਸ.ਏ. ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ।  

ਪਿ੍ਰਟਿੰਗ ਪ੍ਰੈਸ ਖਿਲਾਫ ਪੰਜਾਬ ਸਰਕਾਰ ਦੀ ਕਾਰਵਾਈ ’ਤੇ ਲਗਾਈ ਰੋਕ

ਨਵੀਂ ਦਿੱਲੀ/ਬਿਊਰੋ ਨਿਊਜ਼   

ਸੁਪਰੀਮ ਕੋਰਟ ਨੇ ‘ਪੰਜਾਬ ਕੇਸਰੀ ਅਖਬਾਰ ਸਮੂਹ’ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਕਥਿਤ ਉਲੰਘਣਾਵਾਂ ਕਾਰਨ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬਿਜਲੀ ਸਪਲਾਈ ਬੰਦ ਕਰਨ ਦੇ ਫੈਸਲੇ ਦੇ ਬਾਵਜੂਦ ਅਖਬਾਰ ਦੀਆਂ ਪਿ੍ਰੰਟਿੰਗ ਪ੍ਰੈਸਾਂ ਬੇਰੋਕ ਕੰਮ ਕਰਦੀਆਂ ਰਹਿਣਗੀਆਂ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ‘ਪੰਜਾਬ ਕੇਸਰੀ ਸਮੂਹ ਅਖਬਾਰ’ ਦੇ ਪ੍ਰਕਾਸ਼ਨ ਵਿਰੁੱਧ ਕੋਈ ਕਦਮ ਨਾ ਚੁੱਕਿਆ ਜਾਵੇ। ਅਦਾਲਤ ਨੇ ਇਹ ਨਿਰਦੇਸ਼ ਉਸ ਵੇਲੇ ਦਿੱਤਾ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅਖਬਾਰ ਪ੍ਰਬੰਧਨ ਦੀ ਪਟੀਸ਼ਨ ’ਤੇ ਫੈਸਲਾ ਸੁਣਾਉਣਾ ਬਾਕੀ ਸੀ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਅਖਬਾਰ ਦੀ ਪਿ੍ਰਟਿੰਗ ਪ੍ਰੈਸ ਬਿਨਾ ਕਿਸੇ ਰੁਕਾਵਟ ਦੇ ਚੱਲਦੀ ਰਹੇਗੀ। ਭਾਰਤ ਦੇ ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਪੰਚੋਲੀ ਦੀ ਬੈਂਚ ਨੇ ਇਹ ਅੰਤਰਿਮ ਹੁਕਮ ਸੀਨੀਅਰ ਵਕੀਲ ਮੁਕੁਲ ਰੋਹਤਗੀ ਵਲੋਂ ਅਖਬਾਰ ਦੇ ਪੱਖ ਵਿਚ ਕੀਤੀ ਗਈ ਜ਼ਰੂਰੀ ਅਪੀਲ ਤੋਂ ਬਾਅਦ ਜਾਰੀ ਕੀਤਾ। ਅਦਾਲਤ ਦੀ ਇਹ ਰਾਹਤ ਹਾਈਕੋਰਟ ਦਾ ਫੈਸਲਾ ਆਉਣ ਤੱਕ ਅਤੇ ਉਸ ਤੋਂ ਇਕ ਹਫਤੇ ਬਾਅਦ ਤੱਕ ਜਾਰੀ ਰਹੇਗੀ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਪੇਸ਼ੇਵਰ ਬੈਡਮਿੰਟਨ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਈਨਾ ਨੇ ਕਿਹਾ ਕਿ ਗੋਡਿਆਂ ਦੇ ਦਰਦ ਨੇ ਉਸਦਾ ਹੁਣ ਖੇਡਣਾ ਅਸੰਭਵ ਬਣਾ ਦਿੱਤਾ ਹੈ। ਸਾਇਨਾ ਆਖਰੀ ਵਾਰ ਜੂਨ 2023 ਵਿਚ ਸਿੰਗਾਪੁਰ ਓਪਨ ਵਿਚ ਖੇਡੀ ਸੀ। ਸਾਇਨਾ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਖੇਡਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੈਂ ਆਪਣੀਆਂ ਸ਼ਰਤਾਂ ’ਤੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਆਪਣੀਆਂ ਸ਼ਰਤਾਂ ’ਤੇ ਛੱਡ ਦਿੱਤਾ। ਉਸ ਨੇ ਕਿਹਾ ਕਿ ਜਦੋਂ ਤੁਸੀਂ ਨਹੀਂ ਖੇਡ ਸਕਦੇ, ਤਾਂ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ। ਵਿਸ਼ਵ ਦੀ ਨੰਬਰ ਇਕ ਖਿਡਾਰਨ ਸਾਇਨਾ ਨੇ 2012 ਲੰਡਨ ਉਲੰਪਿਕ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਉਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਬੀਨ ਦੇ ਮਾਲਾ ਪਾ ਕੇ ਕੀਤਾ ਸਵਾਗਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਨਿਤਿਨ ਨਬੀਨ ਭਾਰਤੀ ਜਨਤਾ ਪਾਰਟੀ ਦੇ 12ਵੇਂ ਰਾਸ਼ਟਰੀ ਪ੍ਰਧਾਨ ਬਣ ਗਏ ਹਨ। ਅੱਜ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਬੀਨ ਦੇ ਮਾਲਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਨਬੀਨ ਨੇ ਦਿੱਲੀ ਵਿਚ ਗੁਰਦੁਆਰਾ ਬੰਗਲਾ ਸਾਹਿਬ, ਭਗਵਾਨ ਬਾਲਮੀਕ ਮੰਦਰ ਅਤੇ ਝੰਡੇਵਾਲਾ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਨਿਤਿਨ ਨਬੀਨ ਦੀ ਉਮਰ 45 ਸਾਲ ਹੈ ਅਤੇ ਉਹ ਭਾਜਪਾ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰੀ ਪ੍ਰਧਾਨ ਬਣੇ ਹਨ। ਇਸ ਤੋਂ ਪਹਿਲਾਂ ਅਮਿਤ ਸ਼ਾਹ 49 ਸਾਲ ਦੀ ਉਮਰ ਵਿਚ ਭਾਜਪਾ ਦੇ ਪ੍ਰਧਾਨ ਚੁਣੇ ਗਏ ਸਨ। ਨਿਤਿਨ ਨੂੰ ਲੰਘੀ 14 ਦਸੰਬਰ 2025 ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ। ਇਸਦੇ ਚੱਲਦਿਆਂ ਨਿਤਿਨ ਨਬੀਨ ਨੂੰ ਜੈਡ ਸ਼ੇ੍ਰਣੀ ਵੀ ਸੁਰੱਖਿਆ ਵੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਦਾ ਅਹੁਦਾ ਜੇ.ਪੀ. ਨੱਡਾ ਕੋਲ ਸੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.