Friday, 26 June 2026

ਅਮਰੀਕਾ ’ਚ ਸਕੀਟਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਗਨੀਵੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ 

ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਇਕਲੌਤੇ ਪੁੱਤਰ ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਅਗਨੀਵੇਸ਼ ਅਮਰੀਕਾ ਵਿਚ ਸਕੀਟਿੰਗ ਕਰਕੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਗਨੀਵੇਸ਼ ਨੂੰ ਲੰਘੇ ਕੱਲ੍ਹ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅਗਨੀਵੇਸ਼ ਦੇ ਪਿਤਾ ਅਨਿਲ ਅਗਰਵਾਲ ਵਲੋਂ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਅਨਿਲ ਅਗਰਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਅਤੇ ਕਾਲਾ ਦਿਨ ਸੀ। ਅਗਰਵਾਲ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਕੀਤਾ ਵਾਅਦਾ ਪੂਰਾ ਕਰਨਗੇ ਅਤੇ ਆਪਣੀ ਨਿੱਜੀ ਕਮਾਈ ਦਾ 75 ਫੀਸਦੀ ਹਿੱਸਾ ਦਾਨ ਕਰਨਗੇ।

ਸੁਪਰੀਮ ਕੋਰਟ ਨੇ ਕਿਹਾ : ਕੁੱਤਿਆਂ ’ਤੇ ਰੋਕਥਾਮ ਇਲਾਜ ਨਾਲੋਂ ਬਿਹਤਰ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਵਿਚ ਅੱਜ ਬੁੱਧਵਾਰ ਨੂੰ ਅਵਾਰਾ ਕੁੱਤਿਆਂ ਨਾਲ ਜੁੜੇ ਇਕ ਮਾਮਲੇ ਵਿਚ ਸੁਣਵਾਈ ਹੋਈ ਹੈ। ਇਸੇ ਦੌਰਾਨ ਅਦਾਲਤ ਨੇ ਕਿਹਾ ਕਿ ਮਾਮਲਾ ਸਿਰਫ ਕੁੱਤਿਆਂ ਵਲੋਂ ਕੱਟਣ ਦਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਜਦੋਂ ਕੁੱਤੇ ਸੜਕ ’ਤੇ ਦੌੜਦੇ ਹਨ ਜਾਂ ਕਿਸੇ ਦਾ ਪਿੱਛਾ ਕਰਦੇ ਹਨ ਤਾਂ ਉਸ ਸਮੇਂ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ। ਇਸ ਲਈ ਇਨ੍ਹਾਂ ’ਤੇ ਰੋਕਥਾਮ ਇਲਾਜ ਤੋਂ ਬਿਹਤਰ ਹੈ। ਇਸ ਨੂੰ ਲੈ ਕੇ ਬਹਿਸ ਦੌਰਾਨ ਅਵਾਰਾ ਕੁੱਤਿਆਂ ਦੇ ਹੱਕ ਵਿਚ ਪੈਰਵੀ ਕਰ ਰਹੇ ਕਪਿਲ ਸਿੱਬਲ ਨੇ ਕਿਹਾ ਕਿ ਲੋਕ ਸੈਂਟਰ ’ਤੇ ਫੋਨ ਕਰ ਸਕਦੇ ਹਨ ਤਾਂ ਕਿ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਵਿਚ ਢਾਈ ਘੰਟੇ ਸੁਣਵਾਈ ਹੋਈ ਅਤੇ ਹੁਣ ਭਲਕੇ 8 ਜਨਵਰੀ ਨੂੰ ਫਿਰ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। 

ਸ਼ਰਜੀਲ ਤੇ ਉਮਰ ਦੇ ਸਮਰਥਨ ਵਿਚ ਹੋਇਆ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦਿੱਲੀ ਦੰਗਿਆਂ ਦੇ ਆਰੋਪੀ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੇ ਸਮਰਥਨ ਵਿਚ ਨਾਅਰੇਬਾਜ਼ੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਨਾਮਨਜ਼ੂਰ ਹੋਣ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਦਿਤੀ ਮਿਸ਼ਰਾ ਨੇ ਕਿਹਾ ਹੈ ਕਿ ਹਰ ਸਾਲ ਵਿਦਿਆਰਥੀ 5 ਜਨਵਰੀ 2020 ਨੂੰ ਕੈਂਪਸ ’ਚ ਹੋਈ ਹਿੰਸਾ ਦੀ ਨਿੰਦਾ ਕਰਨ ਦੇ ਲਈ ਵਿਰੋਧ ਪ੍ਰਦਰਸ਼ਨ ਕਰਦੇ ਹਨ। ਮਿਸ਼ਰਾ ਨੇ ਇਹ ਵੀ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿਚ ਲਗਾਏ ਗਏ ਨਾਅਰੇ ਵਿਚਾਰਕ ਹਨ ਅਤੇ ਇਹ ਕਿਸੇ ’ਤੇ ਵੀ ਵਿਅਕਤੀਗਤ ਹਮਲਾ ਨਹੀਂ ਕਰਦੇ। ਇਸੇ ਦੌਰਾਨ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਵੀ ਕਹਿਣਾ ਸੀ ਕਿ ਜੇਐਨਯੂ ਵਿਚ ਲੱਗੇ ਨਾਅਰਿਆਂ ਸਬੰਧੀ ਅਜੇ ਤੱਕ ਕੋਈ ਸ਼ਿਕਾਇਤ ਸਾਹਮਣੇ ਨਹੀਂ ਮਿਲੀ।

ਪੈਰੋਲ ਮਿਲਣ ਤੋਂ ਬਾਅਦ 15ਵੀਂ ਵਾਰ ਜੇਲ੍ਹ ’ਚੋਂ ਬਾਹਰ ਆਇਆ ਡੇਰਾ ਮੁਖੀ

ਰੋਹਤਕ/ਬਿਊਰੋ ਨਿਊਜ਼

ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ ਸਿਰਸਾ ਦੇ ਡੇਰਾ ਹੈਡਕੁਆਰਟਰ ਵਿਚ ਰਹਿਣ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਅੱਜ ਸਵੇਰੇ ਸਖਤ ਪੁਲਿਸ ਸੁਰਿੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚੋਂ ਬਾਹਰ ਆਇਆ। ਧਿਆਨ ਰਹੇ ਕਿ 2017 ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਵਿਚੋਂ ਉਸਦੀ ਇਹ 15ਵੀਂ ਰਿਹਾਈ ਹੈ। ਉਸ ਨੂੰ ਪਹਿਲੀ ਵਾਰ ਅਕਤੂਬਰ 2020 ਵਿਚ 21 ਦਿਨ ਦੀ ਪੈਰੋਲ ਮਿਲੀ ਸੀ। ਉਧਰ ਦੂਜੇ ਪਾਸੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਮੁਖੀ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ’ਤੇ ਇਤਰਾਜ਼ ਕੀਤਾ ਹੈ। ਧਾਮੀ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਸਿਰਫ ਸਿਆਸੀ ਲਾਭ ਖੱਟਣ ਲਈ ਦੋਸ਼ੀਆਂ ਨੂੰ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤਾਂ ਆਮ ਲੋਕਾਂ ਦਾ ਕਾਨੂੰਨ ਅਤੇ ਇਨਸਾਫ ਪ੍ਰਣਾਲੀ ਤੋਂ ਭਰੋਸਾ ਉਠ ਜਾਵੇਗਾ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.