Thursday, 25 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਫਾਰਸ ਦੀ ਖਾੜੀ ਤੋਂ ਭਾਰਤ ਆਉਣ ਵਾਲੇ ਐਲ.ਪੀ.ਜੀ. ਜਹਾਜ਼ਾਂ ਦੀ ਆਵਾਜਾਈ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਵਾਧਾ ਦੇਖਣ ਨੂੰ ਮਿਲਿਆ ਹੈ। ਮੀਡੀਆ ਦੀ ਰਿਪੋਰਟ ਮੁਤਾਬਕ, ਐਲ.ਪੀ.ਜੀ. ਨਾਲ ਭਰੇ ਦੋ ਵੱਡੇ ਜਹਾਜ਼ ਸਟਰੇਟ ਆਫ ਹੋਰਮੁਜ਼ ਪਾਰ ਕਰਕੇ ਭਾਰਤ ਵੱਲ ਵਧਦੇ ਨਜ਼ਰ ਆਏ ਹਨ। ਇਹ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਅਤੇ ਜੰਗ ਵਰਗੇ ਹਾਲਾਤ ਕਾਰਨ ਵਿਸ਼ਵ ਪੱਧਰੀ ਊਰਜਾ ਬਾਜ਼ਾਰ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ। ਰਿਪੋਰਟ ਅਨੁਸਾਰ ‘ਸਾਇਮੀ’ ਨਾਮਕ ਇੱਕ ਐਲ.ਪੀ.ਜੀ. ਕੈਰੀਅਰ ਅੱਜ ਵੀਰਵਾਰ ਨੂੰ ਓਮਾਨ ਦੀ ਖਾੜੀ ਵਿੱਚ ਦੇਖਿਆ ਗਿਆ, ਜੋ ਹੋਰਮੁਜ਼ ਜਲਡਮਰੂ ਮੱਧ ਪਾਰ ਕਰ ਚੁੱਕਿਆ ਸੀ।

80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲੀ ਹਨੇ੍ਹਰੀ
ਲਖਨਊ/ਬਿਊਰੋ ਨਿਊਜ਼    
ਭਾਰਤ ਵਿਚ ਦੋ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਉਤਰ ਪ੍ਰਦੇਸ਼ ਦੇ ਪਰਯਾਗਰਾਜ ਤੇ ਅਯੁੱਧਿਆ ਸਮੇਤ 30 ਜ਼ਿਲ੍ਹਿਆਂ ਵਿਚ ਆਏ ਭਿਆਨਕ ਤੂਫਾਨ ਕਾਰਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ 21 ਮੌਤਾਂ ਪਰਯਾਗਰਾਜ ਵਿਚ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇੱਥੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ  ਹਨ੍ਹੇਰੀ ਚੱਲੀ ਅਤੇ ਬਰੇਲੀ ਵਿਚ ਇਕ ਨੌਜਵਾਨ ਵੀ ਹਵਾ ਵਿਚ ਉਡ ਗਿਆ। ਮੌਸਮ ਵਿਭਾਗ ਵਲੋਂ ਯੂਪੀ ਦੇ ਕਈ ਇਲਾਕਿਆਂ ਵਿਚ ਫਿਰ ਤੇਜ਼ ਹਨੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਲੰਘੇ ਕੱਲ੍ਹ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਵੀ ਪਿਆ ਹੈ। ਇਸੇ ਦੌਰਾਨ ਰਾਜਸਥਾਨ ਵਿਚ ਤੇਜ਼ ਗਰਮੀ ਅਤੇ ਹੀਟਵੇਵ ਦਾ ਅਸਰ ਹੈ ਅਤੇ ਇੱਥੇ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਰਿਹਾ ਹੈ। 

ਸੁਰੱਖਿਆ ਕਾਫਲੇ ਦੀਆਂ ਗੱਡੀਆਂ ਅੱਧੀਆਂ ਕੀਤੀਆਂ- ਅਧਿਕਾਰੀਆਂ ਨੂੰ ਵੀ ਸਖਤ ਹਦਾਇਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਸੈਣੀ ਨੇ ਆਪਣੇ ਕਾਫਲੇ ਵਿਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਹੈ। ਹੁਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਅਤੇ ਹੇਠਲੇ ਅਮਲੇ ਵਿਚ ਸਿਰਫ ਉਹੀ ਵਾਹਨ ਸ਼ਾਮਲ ਰਹਿਣਗੇ, ਜਿਨ੍ਹਾਂ ਦੀ ਸੁਰੱਖਿਆ ਪੱਖੋਂ ਸਖਤ ਜ਼ਰੂਰਤ ਹੈ। ਮੁੱਖ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਅਤੇ ਬਾਲਣ ਦੀ ਬੱਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫਤੇ ਵਿਚ ਇਕ ਦਿਨ ਬਿਨਾ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਨਤਕ ਸੇਵਾ ਵਿਚ ਲੱਗੇ ਲੋਕਾਂ ਨੂੰ ਖੁਦ ਮਿਸਾਲ ਬਣਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਹਰਿਆਣਾ ਸੂਬੇ ਦੇ ਸਮੂਹ ਮੰਤਰੀਆਂ ਅਤੇ ਉਚ ਅਧਿਕਾਰੀਆਂ ਨੂੰ ਸਖਤ ਲਹਿਜ਼ੇ ਵਿਚ ਕਿਹਾ ਹੈ ਕਿ ਦੌਰਿਆਂ ਦੌਰਾਨ ਗੱਡੀਆਂ ਦੇ ਲੰਮੇ-ਚੌੜੇ ਕਾਫਲਿਆਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਯਾਤਰਾਵਾਂ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਅਤੇ ਊਰਜਾ ਦੀ ਬੱਚਤ ਹੋ ਸਕੇ।  

ਹਰਭਜਨ ਸਿੰਘ ਦੀ ਸੁਰੱਖਿਆ ‘ਵਾਈ’ ਤੋਂ ‘ਜੈਡ’ ਕਰਨ ਤੋਂ ਬਾਅਦ ਨਿੱਲ ਕੀਤੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕਿ੍ਰਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਿਚ ਪੰਜਾਬ ਪੁਲਿਸ ਦੇ 23 ਮੁਲਾਜ਼ਮਾਂ ਦੀ ਤਾਇਨਾਤੀ ’ਤੇ ਸਵਾਲ ਉਠਾਏ ਗਏ ਸਨ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਮਹਿਜ਼ ਇਕ ਦਿਨ ਵਿਚ ਕ੍ਰਿਕਟਰ ਦੀ ਸੁਰੱਖਿਆ ‘ਵਾਈ’ ਤੋਂ ਵਧਾ ਕੇ ‘ਜੈਡ’ ਕੀਤੀ ਗਈ ਅਤੇ ਫਿਰ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਲੰਘੇ ਅਪਰੈਲ ਮਹੀਨੇ ਵਿਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੀ.ਆਰ.ਪੀ.ਐਫ. ਦੇ ਜਵਾਨ ਤਾਇਨਾਤ ਕੀਤੇ ਸਨ। ਸ਼ੁਰੂ ਵਿਚ ਹਰਭਜਨ ਸਿੰਘ ਨੂੰ ‘ਵਾਈ’ ਸ਼ੇ੍ਰਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਜਿਸ ਵਿਚ 2 ਪੰਜਾਬ ਪੁਲਿਸ ਦੇ ਕਮਾਂਡੋਜ਼ ਸਮੇਤ 8 ਮੁਲਾਜ਼ਮ ਸ਼ਾਮਲ ਸਨ, ਜਿਸ ਨੂੰ ਬਾਅਦ ਵਿਚ ਵਧਾ ਕੇ ‘ਜੈਡ’ ਸ਼ੇ੍ਰਣੀ ਕਰ ਦਿੱਤਾ ਗਿਆ ਸੀ, ਜਿਸ ਵਿਚ 4 ਤੋਂ 6 ਕਮਾਂਡੋਜ਼ ਸਣੇ 22 ਮੁਲਾਜ਼ਮ ਸ਼ਾਮਲ ਸਨ। ਹਰਭਜਨ ਸਿੰਘ ਲੰਘੀ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਮੈਂਬਰਾਂ ਦੇ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਅਗਲੇ ਹੀ ਦਿਨ ਪੰਜਾਬ ਪੁਲਿਸ ਵਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.