Thursday, 25 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਨੂੰ ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੰਦਿਆਂ ਲੋਕਾਂ ਨੂੰ ਤੇਲ ਅਤੇ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵਰਕ ਫਰੌਮ ਹੋਮ ਅਪਣਾਉਣ ਦੀ ਵੀ ਸਲਾਹ ਦਿੱਤੀ। ਇਸ ਬਿਆਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ ਕਾਰੋਬਾਰ ਦੌਰਾਨ 1,200 ਅੰਕ ਤੱਕ ਡਿੱਗ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਇੰਡੈਕਸ ਕਰੀਬ 350 ਅੰਕ ਫਿਸਲ ਗਿਆ। ਦੁਪਹਿਰ 2:30 ਵਜੇ ਸੈਂਸੈਕਸ 1196.40 ਅੰਕ ਜਾਂ 1.57 ਫੀਸਦੀ ਦੀ ਗਿਰਾਵਟ ਨਾਲ 74,818.88 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 347.15 ਅੰਕ ਜਾਂ 1.46 ਫੀਸਦੀ ਡਿੱਗ ਕੇ 23,468.70 ਅੰਕ ’ਤੇ ਟਰੇਡ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵਾਲੇ ਕਾਰੋਬਾਰੀ ਸੈਸ਼ਨ ਵਿੱਚ ਵੀ ਸੈਂਸੈਕਸ 1312.91 ਅੰਕ ਡਿੱਗਿਆ ਸੀ, ਜਦਕਿ ਨਿਫਟੀ ਵਿੱਚ 360.30 ਅੰਕ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਸਿਰਫ਼ ਦੋ ਦਿਨਾਂ ਵਿੱਚ ਹੀ ਸੈਂਸੈਕਸ 2,500 ਅੰਕ ਤੋਂ ਵੱਧ ਲੁੜਕ ਚੁੱਕਾ ਹੈ।

ਕਿਹਾ : ਪੀਐਮ ਮੋਦੀ ਜਨਤਾ ਨੂੰ ਅਰਥ-ਵਿਵਸਥਾ ਬਾਰੇ ਦੱਸਣ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਕੀਤੀ ਗਈ ਅਪੀਲ ਨੂੰ ਲੈ ਕੇ ਤਨਜ਼ ਕਸਿਆ ਹੈ।  ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਹਿਜ਼ ਆਦੇਸ਼ ਦੇਣ ਨਾਲ ਕੰਮ ਨਹੀਂ ਬਣੇਗਾ ਅਤੇ ਪ੍ਰਧਾਨ ਮੰਤਰੀ ਜਨਤਾ ਨੂੰ ਅਰਥ ਵਿਵਸਥਾ ਦੀ ਸਥਿਤੀ ਬਾਰੇ ਦੱਸਣ। ਉਨ੍ਹਾਂ ਕਿਹਾ ਕਿ ਦੇਸ਼ ਜਾਨਣਾ ਚਾਹੁੰਦਾ ਹੈ ਕਿ ਅਰਥ ਵਿਵਸਥਾ ਕਿੱਥੇ ਖੜ੍ਹੀ ਹੈ। ਕੇਜਰੀਵਾਲ ਨੇ ਕਿਹਾ ਮੇਰੀ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਉਹ ਦੇਸ਼ ਨੂੰ ਸਾਡੀ ਅੱਜ ਦੀ ਆਰਥਿਕਤਾ ਦੀ  ਸਥਿਤੀ ਅਤੇ ਨੇੜਲੇ ਭਵਿੱਖ ਵਿਚ ਕੀ ਉਮੀਦ ਕੀਤੀ ਜਾ ਸਕਦੀ ਹੈ, ਇਸ ਬਾਰੇ ਦੱਸਣ। ‘ਆਪ’ ਆਗੂ ਨੇ ਕਿਹਾ ਕਿ ਅੱਜ ਬਜ਼ਾਰ ਵਿਚ ਬਹੁਤ ਸਾਰੀਆਂ ਅਫਵਾਹਾਂ ਉਡ ਰਹੀਆਂ ਹਨ ਅਤੇ ਇਹ ਅਰਥ ਵਿਵਸਥਾ ਦੇ ਵਿਸ਼ਵਾਸ਼ ਲਈ ਚੰਗਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਪੱਛਮੀ ਏਸ਼ੀਆ ਦੇ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਦੇਸ਼ ਵਾਸੀਆਂ ਨੂੰ ਖਾਸ ਅਪੀਲ ਕੀਤੀ ਸੀ। ਪੀਐਮ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਤੇਲ ਦੀ ਬਚਤ ਕਰਨ ਲਈ ਕਾਰਾਂ ਸਾਂਝੀਆਂ ਕਰਨ, ਬੱਸਾਂ ਜਾਂ ਟਰੇਨਾਂ ਵਰਗੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਨ ਅਤੇ ਵਿਦੇਸ਼ੀ  ਯਾਤਰਾਵਾਂ ਤੋਂ ਪਰਹੇਜ਼ ਕਰਨ। ਇਸਦੇ ਨਾਲ ਹੀ ਉਨ੍ਹਾਂ ਨੇ ਕੋਵਿਡ ਦੇ ਸਮੇਂ ਵਾਂਗ ਘਰ ਤੋਂ ਕੰਮ ਕਰਨ ਅਤੇ ਔਨਲਾਈਨ ਮੀਟਿੰਗਾਂ ਕਰਨ  ਦਾ ਸੁਝਾਅ ਦਿੱਤਾ ਤਾਂ ਜੋ ਤੇਲ ਦੀ ਖਪਤ ਘਟਾਈ ਜਾ ਸਕੇ ਅਤੇ ਦੇਸ਼ ਆਪਣੀ ਜ਼ਿੰਮੇਵਾਰੀ ਨਿਭਾ ਸਕੇ। 

ਮੈਡੀਕਲ ਐਂਟਰੈਂਸ ਟੈਸਟ ਹੁਣ ਦੁਬਾਰਾ ਕਰਵਾਇਆ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼  
ਪੇਪਰ ਲੀਕ ਹੋਣ ਦੇ ਵਧਦੇ ਇਲਜ਼ਾਮਾਂ ਅਤੇ ਪ੍ਰੀਖਿਆ ਵਿੱਚ ਵੱਡੇ ਪੱਧਰ ’ਤੇ ਹੋਈਆਂ ਬੇਨਿਯਮੀਆਂ ਦੇ ਵਿਚਕਾਰ, ਕੇਂਦਰ ਸਰਕਾਰ ਨੇ 3 ਮਈ ਨੂੰ ਕਰਵਾਈ ਗਈ ਨੀਟ-ਯੂਜੀ  2026 ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਇਸ ਸਭ ਤੋਂ ਵੱਡੇ ਮੈਡੀਕਲ ਐਂਟਰੈਂਸ ਟੈਸਟ ਨੂੰ ਦੁਬਾਰਾ ਕਰਵਾਇਆ ਜਾਵੇਗਾ, ਜਿਸ ਦੀਆਂ ਤਰੀਕਾਂ ਬਾਰੇ ਬਾਅਦ ਵਿੱਚ ਵੱਖਰੇ ਤੌਰ ’ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਮਿਲੀਆਂ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਲਿਆ ਗਿਆ ਹੈ, ਜਿਨ੍ਹਾਂ ਨੇ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਸਨ। ਏਜੰਸੀ ਨੇ ਸਪੱਸ਼ਟ ਕੀਤਾ ਕਿ ਪ੍ਰਣਾਲੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ 3 ਮਈ 2026 ਨੂੰ ਹੋਈ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਮੌਜੂਦਾ ਪ੍ਰੀਖਿਆ ਪ੍ਰਕਿਰਿਆ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ।

ਕਿਹਾ : ਪ੍ਰਧਾਨ ਮੰਤਰੀ ਦੀਆਂ ਅਪੀਲਾਂ ਨਾਕਾਮੀ ਦਾ ਸਬੂਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘7 ਅਪੀਲਾਂ’ ਉਤੇ ਪਲਟਵਾਰ ਕੀਤਾ ਹੈ। ਰਾਹੁਲ ਨੇ ਇਨ੍ਹਾਂ ਅਪੀਲਾਂ ਨੂੰ ਨਾਕਾਮੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਹੁਣ ਦੇਸ਼ ਚਲਾਉਣਾ ਪ੍ਰਧਾਨ ਮੰਤਰੀ ਮੋਦੀ ਦੇ ਬਸ ਦੀ ਗੱਲ ਨਹੀਂ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪੀਐਮ ਮੋਦੀ ਨੇ ਜਨਤਾ ਕੋਲੋਂ ਤਿਆਗ ਮੰਗਿਆ ਹੈ। ਧਿਆਨ ਰਹੇ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਸੋਨਾ ਨਾ ਖਰੀਦੋ, ਵਿਦੇਸ਼ਾਂ ਨੂੰ ਨਾ ਜਾਓ, ਪੈਟਰੋਲ ਘੱਟ ਇਸਤੇਮਾਲ ਕਰੋ, ਖਾਣ ਵਾਲੇ ਤੇਲ ਦੀ ਵਰਤੋਂ ਘਟਾਓ, ਮੈਟਰੋ ਵਿਚ ਚੱਲੋ ਅਤੇ ਘਰਾਂ ਤੋਂ ਕੰਮ ਕਰੋ। ਰਾਹੁਲ ਨੇ ਕਿਹਾ ਕਿ ਪੀਐਮ ਦੀਆਂ ਇਹ ਗੱਲਾਂ ਉਪਦੇਸ਼ ਨਹੀਂ ਹਨ, ਇਹ ਤਾਂ ਨਕਾਮੀ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਦੋਵਾਂ ਨੂੰ ਸੰਭਾਲਣ ਵਿਚ ਅਸਫਲ ਰਹੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.