Thursday, 25 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਨੀਟ-ਯੂਜੀ ਪ੍ਰੀਖਿਆ ਅਗਲੇ ਸਾਲ ਯਾਨੀ 2027 ਤੋਂ ਔਨਲਾਈਨ ਹੋਵੇਗੀ। ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵਲੋਂ ਇਸ ਸਬੰਧੀ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਲੰਘੀ 3 ਮਈ ਨੂੰ ਹੋਈ ਨੀਟ-ਯੂਜੀ-2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਏ ਸਨ। ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਗਲਤ ਕੈਂਡੀਡੇਟ ਸਿਲੈਕਟ ਹੋਏ। ਇਸ ਲਈ ਅਸੀਂ ਵੱਡੀ ਜ਼ਿੰਮੇਵਾਰੀ ਨਾਲ 3 ਮਈ ਨੂੰ ਹੋਈ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ। ਹੁਣ ਇਹ ਪ੍ਰੀਖਿਆ ਐਤਵਾਰ 21 ਜੂਨ ਨੂੰ ਹੋਵੇਗੀ। ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਰੀ-ਐਗਜਾਮ ਵਿਚ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ ਅਤੇ ਵਿਦਿਆਰਥੀ ਰੀ-ਐਗਜਾਮ ਵਿਚ ਆਪਣੀ ਪਸੰਦ ਦਾ ਸੈਂਟਰ ਚੁਣ ਸਕਣਗੇ। ਇਸ ਤੋਂ ਪਹਿਲਾਂ 3 ਮਈ ਨੂੰ ਇਹ ਪ੍ਰੀਖਿਆ ਭਾਰਤ ਦੇ 551 ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿਚ ਹੋਈ ਸੀ। ਇਸਦੇ ਲਈ 5400 ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਗਏ ਸਨ।

4 ਸਾਲਾਂ ਬਾਅਦ ਟੁੱਟਿਆ ਤੇਲ ਕੀਮਤਾਂ ਦਾ ‘ਫਰੀਜ਼’
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਵਲੋਂ ਕੀਮਤਾਂ ਦੀ ਸਮੀਖਿਆ ਵਿਚ ਚਾਰ ਸਾਲਾਂ ਦੇ ਰਿਕਾਰਡ ਵਕਫੇ ਨੂੰ ਖਤਮ ਕਰਨ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਉਦਯੋਗਿਕ ਸੂਤਰਾਂ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 94 ਰੁਪਏ 77 ਪੈਸੇ ਤੋਂ ਵਧ ਕੇ 97 ਰੁਪਏ 77 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ ਹੁਣ ਪਹਿਲਾਂ ਦੇ 89 ਰੁਪਏ 67 ਪੈਸੇ ਦੇ ਮੁਕਾਬਲੇ 90 ਰੁਪਏ 67 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਇਹ ਵਾਧਾ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਵਿਸ਼ਵ ਪੱਧਰੀ ਊਰਜਾ ਦਰਾਂ ਵਿਚ ਆਏ ਉਛਾਲ ਦੇ ਮੁਕਾਬਲੇ  ਲੋੜੀਂਦੇ ਵਾਧੇ ਦਾ ਸਿਰਫ ਦਸਵਾਂ ਹਿੱਸਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਲਾਗਤ ਵਧਣ ਦੇ ਬਾਵਜੂਦ 11 ਹਫਤਿਆਂ ਤੱਕ ਕੀਮਤਾਂ ਸਥਿਰ ਰੱਖੀਆਂ ਸਨ।

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨਾਲ ਮੁਲਾਕਾਤ ਦੌਰਾਨ ਪੰਜਾਬ ਵਿੱਚ ਮਜ਼ਬੂਤ ਸਿਵਲ-ਮਿਲਟਰੀ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਦੋਵੇਂ ਧਿਰਾਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਰਹੱਦੀ ਸੂਬੇ ਪੰਜਾਬ ਵਿੱਚ ਸਰਹੱਦੀ ਪ੍ਰਬੰਧਨ, ਅੰਦਰੂਨੀ ਸੁਰੱਖਿਆ, ਰਾਹਤ ਕਾਰਜ ਅਤੇ ਆਪਰੇਸ਼ਨਲ ਤਿਆਰੀਆਂ ਬਾਰੇ ਤਾਲਮੇਲ ਮਜ਼ਬੂਤ ਕਰਨ 'ਤੇ ਸਹਿਮਤ ਹੋਈਆਂ। ਚੰਡੀਗੜ੍ਹ ਵਿੱਚ ਹੋਈ ਇਸ ਮੀਟਿੰਗ ਵਿੱਚ ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਅਤੇ ਉੱਭਰ ਰਹੀਆਂ ਸੁਰੱਖਿਆ ਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਤਾਲਮੇਲ ਵਾਲਾ ਢਾਂਚਾ ਵਿਕਸਤ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।

ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਵੱਲੋਂ ਪੱਛਮੀ ਫੌਜ ਦੀ ਕਮਾਂਡ ਸੰਭਾਲਣ ਤੋਂ ਬਾਅਦ ਫੌਜ ਕਮਾਂਡਰ ਅਤੇ ਮੁੱਖ ਮੰਤਰੀ ਵਿਚਕਾਰ ਪਹਿਲੀ ਮੁਲਾਕਾਤ ਦੌਰਾਨ ਕੌਮੀ ਮਹੱਤਵ ਦੇ ਕਈ ਮੁੱਦਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਆਪਰੇਸ਼ਨਲ ਸਮਰੱਥਾ ਨੂੰ ਹੋਰ ਵਧਾਇਆ ਜਾ ਸਕੇ ਅਤੇ ਕੌਮੀ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।

ਪੰਜਾਬ ਦੀ ਰਣਨੀਤਕ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਸ ਦੀ ਲਗਪਗ 550 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਹੈ ਅਤੇ ਇਸ ਲਈ ਇਸ ਖੇਤਰ ਵਿੱਚ ਸਿਵਲ-ਮਿਲਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਬਹੁਤ ਮਹੱਤਵਪੂਰਨ ਹੈ।" ਉਨ੍ਹਾਂ ਨੇ ਤਾਲਮੇਲ ਆਧਾਰਿਤ ਨੀਤੀ ਨਿਰਮਾਣ ਅਤੇ ਮਜ਼ਬੂਤ ਅੰਦਰੂਨੀ ਸੁਰੱਖਿਆ ਵਿਧੀਆਂ ਰਾਹੀਂ ਵਿਸ਼ਵਾਸ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਕੁਦਰਤੀ ਆਫ਼ਤਾਂ, ਬਾਹਰੀ ਖ਼ਤਰਿਆਂ ਅਤੇ ਹੋਰ ਸੰਕਟਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਪੁਖ਼ਤਾ ਰਣਨੀਤੀ ਵਿਕਸਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਹਥਿਆਰਬੰਦ ਸੈਨਾਵਾਂ ਵਿਚਕਾਰ ਮਜ਼ਬੂਤ ਸਹਿਯੋਗ ਕੌਮੀ ਹਿੱਤਾਂ ਦੀ ਰਾਖੀ ਅਤੇ ਐਮਰਜੈਂਸੀ ਦੌਰਾਨ ਤੇਜ਼ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਜ਼ਰੂਰੀ ਹੈ।

ਮੀਟਿੰਗ ਵਿੱਚ ਸਰਹੱਦੀ ਮੈਨੇਜਮੈਂਟ, ਅੰਦਰੂਨੀ ਸੁਰੱਖਿਆ, ਯੁਵਾ ਸ਼ਕਤੀਕਰਨ, ਅਗਨੀਵੀਰਾਂ ਦੇ ਮੁੜ-ਵਸੇਬੇ ਅਤੇ ਆਪਰੇਸ਼ਨਲ ਤਿਆਰੀ ਨਾਲ ਜੁੜੇ ਅਹਿਮ ਜ਼ਮੀਨ ਐਕੁਆਇਰ ਕਰਨ ਦੇ ਮਾਮਲਿਆਂ 'ਤੇ ਵੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਹਤ ਕਾਰਜ, ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਅਤੇ ਸੇਵਾ ਨਿਭਾ ਰਹੇ ਫੌਜ ਦੇ ਕਰਮਚਾਰੀਆਂ ਅਤੇ ਸਾਬਕਾ ਸੈਨਿਕਾਂ ਲਈ ਰਿਹਾਇਸ਼ੀ ਪ੍ਰੋਜੈਕਟਾਂ ਸਮੇਤ ਭਲਾਈ ਦੇ ਕਦਮਾਂ ਬਾਰੇ ਵੀ ਚਰਚਾ ਕੀਤੀ ਗਈ।

ਹਥਿਆਰਬੰਦ ਸੈਨਾਵਾਂ ਦਾ ਸਹਿਯੋਗ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੂੰ ਭਾਰਤੀ ਫੌਜ ਵੱਲੋਂ ਦੇਸ਼ ਦੀ ਸੇਵਾ ਵਿੱਚ ਕੀਤੀ ਜਾਣ ਵਾਲੀ ਹਰ ਪਹਿਲਕਦਮੀ ਲਈ ਸੂਬੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਬ੍ਰਿਗੇਡੀਅਰ ਸਮੀਰ ਠੱਕਰ, ਕਰਨਲ ਜਸਦੀਪ ਸੰਧੂ, ਹੈੱਡਕੁਆਰਟਰ ਪੱਛਮੀ ਕਮਾਂਡ ਦੇ ਸਿਵਲ ਮਿਲਟਰੀ ਮਾਮਲਿਆਂ ਦੇ ਸਲਾਹਕਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੁਣ ਸਫਰ ਕਰਨਾ ਕੁਝ ਮਹਿੰਗਾ ਹੋ ਗਿਆ ਹੈ। ਮਹਾਨਗਰ ਗੈਸ ਲਿਮਿਟਡ ਨੇ ਸੀ.ਐਨ.ਜੀ. ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਅੱਜ 14 ਮਈ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਬਾਅਦ ਮੁੰਬਈ ਮਹਾਂਨਗਰ ਖੇਤਰ ਵਿੱਚ ਸੀ.ਐਨ.ਜੀ. ਦਾ ਨਵਾਂ ਰੇਟ 84 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸ ਤੋਂ ਪਹਿਲਾਂ ਸੀ.ਐਨ.ਜੀ. 82 ਰੁਪਏ ਪ੍ਰਤੀ ਕਿਲੋ ਮਿਲ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਰੁਪਏ ਦੀ ਕਮਜ਼ੋਰੀ ਕਾਰਨ ਗੈਸ ਖਰੀਦਣ ਦੀ ਲਾਗਤ ਕਾਫੀ ਵੱਧ ਗਈ ਹੈ।    

 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.