Tuesday, 23 June 2026

ਹਾਈਕਮਾਨ ਕਿਸੇ ਕਿਸਮ ਦੀ ਢਿੱਲ ਨਹੀਂ ਦੇਣੀ ਚਾਹੁੰਦੀ ਇਸ ਵਾਰ 

ਚੰਡੀਗੜ੍ਹ : ਪੰਜਾਬ ਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਵੱਡੇ ਵੱਡੇ ਕੇਂਦਰੀ ਮੰਤਰੀ ਤੇ ਦੀਗਰ ਪਾਰਟੀ ਨੇਤਾਵਾਂ ਨੇ ਪੰਜਾਬ ਦੇ ਦੌਰੇ ਆਰੰਭ ਕਰ ਦਿੱਤੇ ਹਨ। ਕੱਲ੍ਹ ਦੀ ਹੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਹੈ ਤੇ ਵੋਟਰਾਂ ਨੂੰ ਲੁਭਾਉਣ ਲਈ ਇਹ ਨਾਰਾ ਦਿੱਤਾ ਕਿ ਹੁਣ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁੜ ਕੇ ਲਿਆਵੇਗੀ। ਇਸੇ ਦੌਰਾਨ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਅਜਿਹੇ ਨੇਤਾਵਾਂ ਨੂੰ ਅੱਗੇ ਲੈਕੇ ਆਉਣ ਦੇ ਰੌਂ ਵਿੱਚ ਹਨ ਜੋ ਆਉਣ ਵਾਲੀਆਂ  ਚੋਣਾਂ ਵਿੱਚ ਪਾਰਟੀ ਨੂੰ ਕਾਮਯਾਬੀ ਦੁਆ ਸਕਣ। ਤੇ ਹੁਣ ਕਾਂਗਰਸ ਪਾਰਟੀ ਨੇ ਵੀ ਪੰਜਾਬ ਵਿੱਚ ਨਵਾਂ ਪਾਰਟੀ ਪ੍ਰਧਾਨ ਚੁਣਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। 

ਇਸੇ ਸੰਦਰਭ ਵਿੱਚ ਕੇਂਦਰ ਵਿੱਚ ਪਿਛਲੇ ਐਤਵਾਰ ਨੂੰ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਸਿਰਕੱਢ ਕਾਂਗਰਸੀ ਨੇਤਾਵਾਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਹਾਲਾਂਕਿ ਇਹ ਮਿਲਣੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਨਿਵਾਸ 10 ਜਨਪਥ ਤੇ ਸਾਂਝੀ ਵਾਰਤਾ ਦੇ ਰੂਪ ਵਿੱਚ  ਹੋਈ ਪਰ ਸੂਤਰਾਂ ਮੁਤਾਬਕ ਸ਼੍ਰੀ ਗਾਂਧੀ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਗਏ ਨੇਤਾਵਾਂ ਨਾਲ ਵੱਖੋ ਵੱਖ ਰੂਪ ਵਿਚ ਵੀ ਮੁਲਾਕਾਤ ਵੀ ਕੀਤੀ। ਇਸ ਵੇਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ. ਪ੍ਰਤਾਪ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਿਲ ਸਨ। 

ਜਿਵੇਂ ਕਿ ਪੰਜਾਬ ਦੇ ਲੋਕ ਜਾਣਦੇ ਹੀ ਹਨ ਕਿ ਪੰਜਾਬ ਕਾਂਗਰਸ ਦੀ ਸਭਤੋਂ ਪੁਰਾਣੀ ਬਿਮਾਰੀ ਹੈ ਹੰਕਾਰ ਅਤੇ ਆਪਹੁਦਰਾਪਣ। ਵਾਰ ਵਾਰ ਚੋਣਾਂ ਹਾਰਨ ਦੇ ਬਾਵਜੂਦ ਪੰਜਾਬ ਦੇ ਕਾਂਗਰਸੀ ਨੇਤਾ ਇੱਕਜੁਟ ਨਹੀਂ ਹੋ ਸਕੇ। ਸੁਣਿਐ ਕਿ ਰਾਹੁਲ ਗਾਂਧੀ ਨੇ ਇਸੇ ਵਿਸ਼ੇ ਤੇ ਪੰਜਾਬੀ ਕਾਂਗਰਸੀ ਨੇਤਾਵਾ ਨੂੰ ਨਾਲੇ ਤਾਂ ਖ਼ਰੀ ਖ਼ਰੀ ਸੁਣਾਈ ਤੇ ਨਾਲ ਹੀ ਸਾਵਧਾਨ ਕੀਤਾ ਕਿ ਜੇਕਰ ਹੁਣ ਵੀ ਨਾ ਸੁਧਰੇ ਤਾਂ ਫੇਰ ਵੇਲਾ ਹੱਥ ਨਹੀਂ ਆਉਣਾ। ਰਾਹੁਲ ਨੇ ਸਾਫ ਤੌਰ ਤੇ ਕਿਹਾ ਕਿ ਉਹ ਵੇਲਾ ਬੀਤ ਚੁਕਾ ਹੈ ਜਦੋਂ ਲੋਕ ਵਾਰ ਵਾਰ ਮੌਕਾ ਦਿੰਦੇ ਸਨ, ਇਸ ਵੇਲੇ ਮੁਕਾਬਲਾ ਕਿਸੇ ਇੱਕ ਪਾਰਟੀ ਨਾਲ ਨਹੀਂ ਹੈ, ਕਾਂਗਰਸ ਨੂੰ ਸਿਰਫ ਇੱਕਜੁਟਤਾ ਹੀ ਬਚਾ ਸਕਦੀ ਹੈ। 

ਫਿਲਹਾਲ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਛੁਟੀ ਹੋਣ ਦੀਆਂ ਕਿਆਸਅਰਾਈਆਂ ਜਾਰੀ ਹਨ। ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਭ ਤੋਂ ਅੱਗੇ ਹਨ ਜਦੋਂ ਕਿ ਚਰਨਜੀਤ ਸਿੰਘ ਚੰਨੀ ਦੂਜੇ ਅਤੇ ਵਿਜੈ ਇੰਦਰ ਸਿੰਗਲਾ ਤੀਜੇ ਥਾਂ ਤੇ ਦੱਸੇ ਜਾ ਰਹੇ ਹਨ। ਸ. ਪ੍ਰਤਾਪ ਸਿੰਘ ਬਾਜਵਾ ਜੋਕਿ ਮੌਜੂਦਾ ਰੂਪ ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਸੁਣਿਐ ਉਹ ਆਪਣੇ ਮੌਜੂਦਾ  ਰੂਪ ਵਿਚ ਕਾਇਮ ਰਹਿਣਗੇ, ਜ਼ਾਹਿਰ ਹੈ ਕਿ ਉਹ ਵੀ ਕਾਂਗਰਸ ਪ੍ਰਧਾਨ ਦੀ ਦੌੜ ਤੋਂ ਤਕਰੀਬਨ ਬਾਹਰ ਹੀ ਹਨ। ਉਹਨਾਂ ਤੋਂ ਅਲਾਵਾ ਵੱਡੇ ਕਦ ਦੇ ਦੂਜੇ ਨੇਤਾਵਾਂ ਨੂੰ ਕੁਝ ਖਾਸ ਓਹਦੇ ਦੇਕੇ ਵੀ ਸੰਤੁਸ਼ਟ ਕਰਨ ਦੀਆਂ ਕੋਸ਼ਿਸ਼ਾਂ ਹਨ। ਉੱਧਰ ਰਾਹੁਲ  ਗਾਂਧੀ ਨੇ ਸਾਰਿਆਂ ਨੂੰ ਲਗਭਗ ਤਾੜਨਾ ਦਿੰਦੇ ਹੋਏ ਇਹ ਸੁਨੇਹਾ ਤਾਂ ਦੇ ਹੀ ਦਿੱਤਾ ਹੈ ਕਿ ਹੁਣ ਸਭਨਾਂ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ  ਕਰਨਾ ਹੀ ਪਵੇਗਾ। 

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਦੇ ਨੇਤਾਂਵਾਂ ਦਾ ਸਿਆਸੀ ਕੱਦ ਜਾਨਣ ਲਈ ਪਹਿਲਾਂ ਹੀ ਸਰਵੇ ਕਰਵਾ ਚੁਕੀ ਹੈ। ਇਸਦੇ ਲਈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਪੰਜਾਬ ਦਾ ਆਬਜ਼ਰਵਰ ਨਿਯੁਕਤ ਕੀਤਾ ਜਾ ਚੁਕਾ ਹੈ। ਇਹ ਟੀਮ ਪੰਜਾਬ ਦੇ ਕਈ ਖੇਤਰਾਂ ਦਾ ਦੌਰਾ ਕਰਕੇ ਤੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜਾ ਨੇਤਾ ਕਿੰਨੇ ਕੁ ਪਾਣੀ `ਚ ਹੈ। ਕੁਝ ਵੀ ਹੋਵੇ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਅੱਜ ਯਾਨੀ ਸੋਮਵਾਰ ਦੇਰ ਸ਼ਾਮ ਤਕ ਹੋਣ ਦੀ ਪੂਰੀ ਸੰਭਾਵਨਾ ਹੈ, ਇਸਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੰਜਾਬ ਦੀ ਸਿਆਸਤ ਦਾ ਅਸਲੀ ਸਰਦਾਰ ਬਣਨ ਲਈ ਕੌਣ ਨਿੱਤਰਦਾ ਹੈ।

   

  

ਕਰਨਪ੍ਰਯਾਗ ਵਿਚ ਨਿਹੰਗ ਸਿੰਘਾਂ ਅਤੇ ਸਥਾਨਕ ਵਪਾਰੀਆਂ ਵਿਚਾਲੇ ਹੋ ਗਿਆ ਸੀ ਤਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼  
ਉਤਰਾਖੰਡ ਦੇ ਕਰਨਪ੍ਰਯਾਗ ਵਿਚ ਨਿਹੰਗ ਸਿੰਘਾਂ ਅਤੇ ਸਥਾਨਕ ਵਪਾਰੀਆਂ ਵਿਚਾਲੇ ਹੋਏ ਵਿਵਾਦ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਉਥੋਂ ਦੇ ਹਾਲਾਤ ਨੂੰ ਜਲਦ ਸ਼ਾਂਤ ਕਰਨ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਦੋਵਾਂ ਸੂਬਿਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ’ਤੇ ਜ਼ੋਰ ਦਿੱਤਾ ਹੈ। ਸੀਐਮ ਮਾਨ ਨੇ ਉਤਰਾਖੰਡ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਵਿਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਦੋਵਾਂ ਪੱਖਾਂ ਦੀ ਗੱਲ ਨੂੰ ਪੂਰੀ ਨਿਰਪੱਖਤਾ ਅਤੇ ਪਾਰਦਸ਼ਤਾ ਨਾਲ ਸੁਣਿਆ ਜਾਵੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਜਾਂ ਕਾਨੂੰਨੀ ਫੈਸਲਾ ਲੈਣ ਤੋਂ ਪਹਿਲਾਂ ਦੋਵਾਂ ਧਿਰਾਂ ਦਾ ਪੱਖ ਸੁਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਅਸਲ ਇਨਸਾਫ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਲੰਘੀ 16 ਜੂਨ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਨਿਹੰਗ ਸਿੰਘਾਂ ਅਤੇ ਕਰਨਪ੍ਰਯਾਗ ਵਿਚ ਸਥਾਨਕ ਵਪਾਰੀਆਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਮਾਮਲੇ ਵਿਚ ਉਤਰਾਖੰਡ ਦੀ ਪੁਲਿਸ ਨੇ ਚਾਰ ਨਿਹੰਗ ਸਿੰਘਾਂ ਖਿਲਾਫ ਪਰਚਾ ਦਰਜ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਬਿਨਾ ਦਸਤਾਰ ਦੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਤਰਾਖੰਡ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ।

21 ਜੂਨ ਨੂੰ ਨੀਟ ਦਾ ਪੇਪਰ ਅਤੇ ਟੈਲੀਗਰਾਮ 22 ਜੂਨ ਤੱਕ ਪੂਰੇ ਭਾਰਤ ’ਚ ਰਹੇਗੀ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼  
ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈਕੋਰਟ ਨੇ ਟੈਲੀਗ੍ਰਾਮ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਅਜਿਹੀ ਵੱਡੀ ਰਾਸ਼ਟਰੀ ਪ੍ਰੀਖਿਆ ਦੀ ਸੁਰੱਖਿਆ ਲਈ ਐਮਰਜੈਂਸੀ ਉਪਾਅ ਕਰਨ ਅਤੇ ਅਸਥਾਈ ਪਾਬੰਦੀ ਲਗਾਉਣ ਦਾ ਪੂਰਾ ਕਾਨੂੰਨੀ ਅਧਿਕਾਰ ਹੈ। ਟੈਲੀਗ੍ਰਾਮ ਹੁਣ 22 ਜੂਨ ਤੱਕ ਪੂਰੇ ਭਾਰਤ ਵਿਚ ਬੰਦ ਰਹੇਗਾ। ਅਦਾਲਤ ਨੇ ਕਿਹਾ ਕਿ ਸਾਰੀਆਂ ਦਲੀਲਾਂ ’ਤੇ ਵਿਚਾਰ ਕਰਨ ਤੋਂ ਬਾਅਦ, ਦੇਖਿਆ ਗਿਆ ਕਿ ਇਤਰਾਜ਼ਯੋਗ ਨਿਰਦੇਸ਼ਾਂ ਦੀ ਐਮਰਜੈਂਸੀ ਪ੍ਰਕਿਰਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਫੈਸਲਾ ਸਮਾਨਤਾ ਦੀ ਕਸੌਟੀ ’ਤੇ ਪੂਰਾ ਉਤਰਦਾ ਹੈ। ਅਦਾਲਤ ਦਾ ਕਹਿਣਾ ਹੈ ਕਿ ਦੇਸ਼ ਵਿਆਪੀ ਮੈਡੀਕਲ ਦਾਖਲਾ ਪ੍ਰੀਖਿਆ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਕਾਰਵਾਈ ਜਾਇਜ਼ ਹੈ, ਕਿਉਂਕਿ ਇਹ ਇਕ ਜਾਇਜ਼ ਉਦੇਸ਼ ਦੀ ਪੂਰਤੀ ਕਰਦੀ ਹੈ ਅਤੇ ਸਰਕਾਰ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਸਭ ਤੋਂ ਘੱਟ ਪਾਬੰਦੀਸ਼ੁਦਾ ਉਪਾਅ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਨੀਟ ਦਾ ਜਿਹੜਾ ਪੇਪਰ ਪਹਿਲਾਂ ਲੀਕ ਹੋ ਗਿਆ ਸੀ, ਉਹ ਪੇਪਰ ਹੁਣ ਆਉਂਦੀ 21 ਜੂਨ ਨੂੰ ਹੋਣਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਬਜਾਜ ਆਟੋ ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ ਪਲਸਰ 220 ਐਫ ਨੂੰ ਨਵੇਂ ਅਪਡੇਟ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਬਾਈਕ ਵਿੱਚ ਸਭ ਤੋਂ ਵੱਡਾ ਬਦਲਾਅ ਐਲ.ਈ.ਡੀ. ਹੈੱਡਲਾਈਟ ਯੂਨਿਟ ਦੇ ਰੂਪ ਵਿੱਚ ਕੀਤਾ ਹੈ, ਜਿਸ ਵਿੱਚ ਇੰਟੀਗ੍ਰੇਟਿਡ  ‘ਡੇਅ-ਟਾਈਮ ਰਨਿੰਗ ਲਾਈਟਸ’ ਵੀ ਦਿੱਤੀਆਂ ਗਈਆਂ ਹਨ। ਨਵੇਂ ਅਪਡੇਟ ਤੋਂ ਬਾਅਦ ਪਲਸਰ 220 ਐਫ ਦੀ ਸ਼ੁਰੂਆਤੀ ਐਕਸ-ਸ਼ੋਅ ਰੂਮ ਕੀਮਤ 1 ਲੱਖ 36 ਹਜ਼ਾਰ ਰੁਪਏ ਰੱਖੀ ਗਈ ਹੈ। ਇਹ ਮਾਡਲ ਪਹਿਲਾਂ ਦੇ ਮੁਕਾਬਲੇ ਕਰੀਬ 8,000 ਰੁਪਏ ਮਹਿੰਗਾ ਹੋ ਗਿਆ ਹੈ। ਕੀਮਤ ਵਿੱਚ ਵਾਧੇ ਦੇ ਬਾਵਜੂਦ ਪਲਸਰ 220 ਐਫ ਦੀ ਲੋਕਪਿ੍ਰਯਤਾ ਵਿੱਚ ਕੋਈ ਕਮੀ ਨਹੀਂ ਆਈ। ਇਹ ਬਜਾਜ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਬਾਈਕਾਂ ਵਿੱਚੋਂ ਇੱਕ ਹੈ। ਇਸ ਦਾ ਸਪੋਰਟੀ ਡਿਜ਼ਾਈਨ, ਸ਼ਕਤੀਸ਼ਾਲੀ ਇੰਜਣ ਅਤੇ ਭਰੋਸੇਯੋਗ ਪਰਫਾਰਮੈਂਸ ਇਸ ਨੂੰ ਅੱਜ ਵੀ ਰਾਈਡਰਾਂ ਦੀ ਪਹਿਲੀ ਪਸੰਦ ਬਣਾਉਂਦੇ ਹਨ। ਨਵੇਂ ਐਲ.ਈ.ਡੀ. ਹੈੱਡਲੈਂਪ ਅਤੇ ‘ਡੇਅ-ਟਾਈਮ ਰਨਿੰਗ ਲਾਈਟਸ’ ਨਾਲ ਬਾਈਕ ਦਾ ਲੁੱਕ ਹੋਰ ਵੀ ਆਕਰਸ਼ਕ ਹੋ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਅਪਡੇਟ ਨੌਜਵਾਨ ਗਾਹਕਾਂ ਨੂੰ ਖਾਸ ਤੌਰ ’ਤੇ ਆਕਰਸ਼ਿਤ ਕਰੇਗਾ। ਪਲਸਰ 220 ਐਫ ਨੇ ਭਾਰਤੀ ਦੋਪਹੀਆ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੋਈ ਹੈ ਅਤੇ ਨਵੇਂ ਅਪਡੇਟ ਨਾਲ ਇਸ ਦੀ ਲੋਕਪਿ੍ਰਯਤਾ ਹੋਰ ਵੱਧਣ ਦੀ ਉਮੀਦ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.