Tuesday, 23 June 2026

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਹਨ ਮਹਿੰਦਰ ਭਗਤ

ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਮਹਿੰਦਰ ਭਗਤ ਨੇ ਅੱਜ ਵਿਧਾਇਕ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਵਿਧਾਇਕ ਵਜੋਂ ਸਹੁੰ ਚੁਕਾਈ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਤੋਂ ਪਹਿਲਾਂ ਮਹਿੰਦਰ ਭਗਤ ਨੇ ਆਪਣੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਲੰਘੀ 10 ਜੁਲਾਈ ਨੂੰ ਵੋਟਾਂ ਪਾਈਆਂ ਗਈਆਂ ਸਨ। 13 ਜੁਲਾਈ ਨੂੰ ਐਲਾਨੇ ਗਏ ਨਤੀਜੇ ਅਨੁਸਾਰ ਮਹਿੰਦਰ ਭਗਤ ਨੇ 55,246 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਜਦਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ’ਤੇ ਰਹੇ ਸਨ। ਜਲੰਧਰ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਖਾਲੀ ਹੋਈ ਸੀ।

ਕਿਸਾਨੀ ਮੰਗਾਂ ਸਬੰਧੀ ਸੰਸਦ ’ਚ ਆਵਾਜ਼ ਉਠਾਉਣ ਦੀ ਕੀਤੀ ਮੰਗ

ਬਰਨਾਲਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਦੇ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਅੱਜ ਮੰਗ ਪੱਤਰ ਸੌਂਪਿਆ ਗਿਆ ਅਤੇ ਉਨ੍ਹਾਂ ਕੋਲੋਂ ਮੰਗ ਕੀਤੀ ਗਈ ਹੈ ਕਿ ਉਹ ਸੰਸਦ ਅੰਦਰ ਕਿਸਾਨੀ ਮੰਗਾਂ ਸਬੰਧੀ ਆਪਣੀ ਆਵਾਜ਼ ਨੂੰ ਬੁਲੰਦ ਕਰਨ। ਮੰਗ ਪੱਤਰ ਵਿਚ ਐਮਐਸਪੀ ਗਰੰਟੀ ਕਾਨੂੰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਬਿਜਲੀ ਬਿਲ 2020 ਨੂੰ ਰੱਦ ਕਰਨਾ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ, ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਥਾਂ ਅਲਾਟ ਕਰਨਾ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।

 

2020 ਤੋਂ ਬੰਦ ਹੈ ਪਵਿੱਤਰ ਕੈਲਾਸ਼ ਮਾਨ ਸਰੋਵਰ ਦਾ ਰਸਤਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਲ 2020 ਤੋਂ ਬਾਅਦ ਇਹ ਲਗਾਤਾਰ ਪੰਜਵਾਂ ਸਾਲ ਹੈ ਜਦੋਂ ਚੀਨ ਭਾਰਤੀਆਂ ਨੂੰ ਕੈਲਾਸ਼ ਮਾਨਸਰੋਵਰ ਜਾਣ ਤੋਂ ਰੋਕ ਰਿਹਾ ਹੈ। ਭਾਰਤ ਤੋਂ ਪਵਿੱਤਰ ਕੈਲਾਸ਼ ਮਾਨਸਰੋਵਰ ਦੇ ਦਰਸ਼ਨਾਂ ਲਈ ਜਾਣ ਵਾਸਤੇ ਦੋ ਰਸਤੇ ਹਨ ਅਤੇ ਫਿਲਹਾਲ ਇਹ ਦੋਵੇਂ ਰਸਤੇ ਬੰਦ ਹਨ। ਲੰਘੀ 15 ਜੁਲਾਈ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਆਰਟੀਆਈ ਦੇ ਜਵਾਬ ’ਚ ਕਿਹਾ ਸੀ ਕਿ ਪਵਿੱਤਰ ਧਾਰਮਿਕ ਅਸਥਾਨ ਦਾ ਰਸਤਾ ਰੋਕ ਕੇ ਚੀਨ ਨੇ ਦੋ ਅਹਿਮ ਸਝੌਤਿਆਂ ਨੂੰ ਤੋੜਿਆ ਹੈ। ਚੀਨ ਵੱਲੋਂ ਇਸ ਇਲਾਕੇ ਵਿਚ ਮਿਜ਼ਾਇਲ ਸਾਈਟ ਬਣਾਈ ਜਾ ਰਹੀ ਹੈ। ਧਿਆਨ ਰਹੇ ਕਿ ਕੈਲਾਸ਼ ਮਾਨ ਸਰੋਵਰ ਦਾ ਵੱਡਾ ਹਿੱਸਾ ਚੀਨ ਦੇ ਕਬਜ਼ੇ ਵਿਚ ਹੈ ਇਸ ਲਈ ਇਥੇ ਜਾਣ ਦੇ ਲਈ ਚੀਨ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਜਦਕਿ ਹਿੰਦੂ ਧਰਮ ਅਨੁਸਾਰ ਕੈਲਾਸ਼ ਮਾਨਸਰੋਵਰ ਨੂੰ ਬੇਹੱਦ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਭਗਵਾਨ ਸ਼ਿਵ ਆਪਣੀ ਪਤਨੀ ਪਾਰਵਤੀ ਦੇ ਨਾਲ ਕੈਲਾਸ਼ ਪਰਬਤ ’ਤੇ ਨਿਵਾਸ ਕਰਦੇ ਹਨ।

 

ਭਾਰਤੀ ਰਿਜ਼ਰਵ ਬੈਂਕ ਨੇ ਵੀ ਵਿਕਾਸ ਦਰ ’ਚ ਕੀਤਾ ਸੀ ਵਾਧਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਚਾਲੂ ਵਿੱਤੀ ਵਰ੍ਹੇ 2024-25 ਲਈ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦੀ ’ਤੇ ਬਰਕਰਾਰ ਰੱਖਿਆ ਹੈ। ਏਡੀਬੀ ਦਾ ਇਹ ਅਨੁਮਾਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਲਈ ਆਪਣੀ ਜੀਡੀਪੀ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੋਧ ਕੇ 7 ਫ਼ੀਸਦੀ ਕਰ ਦਿੱਤਾ ਹੈ। ਆਈਐੱਮਐੱਫ ਨੇ ਅਪ੍ਰੈਲ ਵਿੱਚ ਇਸ ਦੇ 6.8 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਆਪਣੇ ਵਿਕਾਸ ਅਨੁਮਾਨ ਨੂੰ 7 ਫ਼ੀਸਦੀ ਤੋਂ ਵਧਾ ਕੇ 7.2 ਕਰ ਦਿੱਤਾ ਸੀ। ਏਸ਼ੀਅਨ ਡਿਵੈਲਪਮੈਂਟ ਆਊਟਲੁੱਕ ਦੇ ਜੁਲਾਈ ਐਡੀਸ਼ਨ ਮੁਤਾਬਕ, ਭਾਰਤੀ ਅਰਥਚਾਰਾ ਵਿੱਤੀ ਵਰ੍ਹੇ 2024-25 (31 ਮਾਰਚ 2025 ਨੂੰ ਸਮਾਪਤ) ਵਿੱਚ ਸੱਤ ਫ਼ੀਸਦ ਦੀ ਦਰ ਨਾਲ ਵਧੇਗਾ। ਵਿੱਤੀ ਵਰ੍ਹੇ 2025-26 ਵਿੱਚ 7.2 ਫ਼ੀਸਦੀ ਦੀ ਦਰ ਨਾਲ ਵਧਣ ਦੀ ਰਾਹ ’ਤੇ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.