Tuesday, 23 June 2026

ਕਿਹਾ : ਸਾਬਕਾ ਪਤੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਦੇ ਰਿਹਾ ਹੈ ਧਮਕੀ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਸੂਫੀ ਗਾਇਕਾ ਦੇ ਤੌਰ ’ਤੇ ਮਸ਼ਹੁਰ ਨੂਰਾਂ ਸਿਸਟਰਜ਼ ਇਕ ਵਾਰ ਫਿਰ ਤੋਂ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਚਰਚਾ ਵਿਚ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਯੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਕੁਣਾਲ ਪਾਸੀ ਨਾਲ ਫਿਰ ਤੋਂ ਵਿਵਾਦ ਹੋ ਗਿਆ ਹੈ। ਜਯੋਤੀ ਅਤੇ ਕੁਣਾਲ ਨੇ ਇਕ ਦੂਜੇ ’ਤੇ ਵਿਧੀਪੁਰ ਫਲਾਈ ਓਵਰ ਦੇ ਕੋਲ ਬੁਲਾ ਕੇ ਮਾਰਕੁੱਟ ਕਰਨ ਦਾ ਆਰੋਪ ਲਗਾਇਆ ਹੈ। ਜਯੋਤੀ ਨੇ ਆਰੋਪ ਲਗਾਇਆ ਕਿ ਕੁਣਾਲ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਨ੍ਹਾਂ ਧਮਕੀ ਦਿੱਤੀ ਕਿ ਉਹ ੳਸਦੀ ਅਸ਼ਲੀਲ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਉਧਰ ਜਯੋਤੀ ਦੇ ਸਾਬਕਾ ਪਤੀ ਕੁਣਾਲ ਪਾਸੀ ਨੇ ਕਿਹਾ ਕਿ ਜਯੋਤੀ ਨੇ ਉਸ ਨੂੰ ਵਿਧੀਪੁਰ ਰੇਲਵੇ ਕਰਾਸਿੰਗ ’ਤੇ ਬੁਲਾਇਆ ਸੀ। ਉਸ ਦੇ ਨਾਲ ਉਸ ਦਾ ਪਤੀ ਅਤੇ ਹੋਰ ਸਾਥੀ ਵੀ ਮੌਜੂਦ ਸਨ ਅਤੇ ਉਨ੍ਹਾਂ ਸਾਰਿਆਂ ਨੇ ਮਿਲ ਕੇ ਮੇਰੇ ਨਾਲ ਮਾਰਕੁੱਟ ਕੀਤੀ। ਦੋਵੇਂ ਧਿਰਾਂ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਸਿਟੀ ਦੇ ਰਾਮਾ ਮੰਡੀ ਥਾਣੇ ’ਚ ਦਰਜ ਕਰਵਾ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

  

ਸਰਬੱਤ ਦੇ ਭਲੇ ਲਈ ਮੀਕਾ ਸਿੰਘ ਨੇ ਕੀਤੀ ਅਰਦਾਸ

ਅੰਮਿ੍ਰਤਸਰ/ਬਿਊਰੋ ਨਿਊਜ਼ : ਬੌਲੀਵੁੱਡ ਗਾਇਕ ਮੀਕਾ ਸਿੰਘ ਅੱਜ ਸ਼ੁੱਕਰਵਾਰ ਨੂੰ ਅੰਮਿ੍ਰਤਸਰ ਵਿਖੇ ਪਹੁੰਚੇ। ਸਭ ਤੋਂ ਪਹਿਲਾਂ ਮੀਕਾ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਉਪਰੰਤ ਉਨ੍ਹਾਂ ਇਲਾਹੀ ਗੁਰਬਾਣੀ ਅਤੇ ਕੀਰਤਨ ਸਰਵਣ ਕੀਤਾ। ਮੀਕਾ ਸਿੰਘ ਨੇ ਪਰਿਕਰਮਾ ਦੌਰਾਨ ਨਾ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਕੋਈ ਤਸਵੀਰ ਲਈ ਅਤੇ ਨਾ ਹੀ ਉਨ੍ਹਾਂ ਮੀਡੀਆ ਨੂੰ ਅਜਿਹਾ ਕਰਨ ਦਿੱਤਾ। ਧਿਆਨ ਰਹੇ ਕਿ ਲੰਘੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ’ਤੇ ਤਸਵੀਰਾਂ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਮੀਕਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਸੱਚਖੰਡੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਦਾ ਕਾਫ਼ੀ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਦਾ ਮਨ ਸੀ। ਪਰ ਗੁਰੂ ਸਾਹਿਬਾਨ ਦੀ ਆਗਿਆ ਤੋਂ ਬਿਨਾ ਕੋਈ ਇਨਸਾਨ ਇਥੇ ਕਿਵੇਂ ਆ ਸਕਦਾ ਹੈ। ਮੀਕਾ ਸਿੰਘ ਨੇ ਆਪਣੇ ਨਵੇਂ ਪ੍ਰੋਜੈਕਟ ਸਬੰਧੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਉਨ੍ਹਾਂ ਇਸ਼ਾਰਾ ਕੀਤਾ ਕਿ ਉਹ ਜਲਦੀ ਹੀ ਕੁੱਝ ਨਵਾਂ ਕਰਨ ਜਾ ਰਹੇ ਹਨ। ਜਿਸ ਦੀ ਜਾਣਾਕਾਰੀ ਉਹ ਜਲਦੀ ਹੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕਰਨਗੇ।

ਕਿਹਾ : ਗੈਰਕਾਨੂੰਨੀ ਏਲੀਅਨ ਹੜੱਪ ਰਹੇ ਨੇ ਅਮਰੀਕਾ ਦੀਆਂ 107 ਫੀਸਦੀ ਨੌਕਰੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਜੁਲਾਈ ਨੂੰ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪਹਿਲੀ ਵਾਰ ਭਾਸ਼ਣ ਦਿੱਤਾ। ਟਰੰਪ ਨੇ ਵਿਸਕਾਂਸਨ ਸੂਬੇ ’ਚ ਹੋ ਰਹੀ ਪਾਰਟੀ ਕਨਵੈਨਸ਼ਨ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਜਮ ਕੇ ਗੈਰਕਾਨੂੰਨੀ ਪ੍ਰਵਾਸੀਆਂ ’ਤੇ ਹਮਲੇ ਕੀਤੇ ਅਤੇ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਨਾ ਏਲੀਅਨਾਂ ਨਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਨੌਕਰੀਆਂ ਕਿਸ ਨੂੰ ਮਿਲ ਰਹੀਆਂ ਹਨ, ਅਮਰੀਕਾਂ ਦੀਆਂ 107 ਫੀਸਦੀਆਂ ਨੌਕਰੀਆਂ ਗੈਰਕਾਨੂੰਨੀ ਏਲੀਅਨ ਭਾਵ ਪ੍ਰਵਾਸੀ ਹੜੱਪ ਰਹੇ ਹਨ। ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਨਾ ਫਿਲਮੀ ਦੁਨੀਆ ਦੇ ਮੌਨਸਟਰਜ਼ ਨਾਲ ਕਰਦੇ ਹੋਏ ਕਿਹਾ ਕਿ ਇਹ ਤੁਹਾਨੂੰ ਖਾ ਜਾਣਗੇ। ਧਿਆਨ ਰਹੇ ਕਿ ਜਿਸ ਦਿਨ ਡੋਨਾਲਡ ਟਰੰਪ ’ਤੇ ਹਮਲਾ ਹੋਇਆ ਸੀ ਉਸ ਦਿਨ ਵੀ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ਼ ਬੋਲ ਰਹੇ ਸਨ।

 

5 ਵਿਅਕਤੀਆਂ ਦੀ ਹੋਈ ਮੌਤ, ਕਈ ਗੰਭੀਰ ਰੂਪ ’ਚ ਹੋਏ ਜ਼ਖਮੀ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਯੂਪੀ ਦੇ ਗੋਂਡਾ ’ਚ ਹਾਦਸਾਗ੍ਰਸਤ ਹੋ ਗਈ। ਇਸ ਰੇਲ ਗੱਡੀ ਦੇ 15 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਦੇ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਵਾਲੇ ਸਥਾਨ ’ਤੇ ਰਾਹਤ ਕਾਰਜ ਜਾਰੀ ਹਨ ਅਤੇ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।  ਇਹ ਰੇਲ ਗੱਡੀ ਰਾਤੀਂ 11 ਵਜ ਕੇ 40 ਮਿੰਟ ’ਤੇ ਚੰਡੀਗੜ੍ਹ ਤੋਂ ਡਿਬਰੂਗੜ੍ਹ ਲਈ ਰਵਾਨਾ ਹੋਈ ਸੀ ਅਤੇ ਰਸਤੇ ਵਿਚ ਝਿਲਾਹੀ ਰੇਲਵੇ ਸਟੇਸ਼ਨ ਦੇ ਕੋਲ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ। ਉਧਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂਪੀ ’ਚ ਵਾਪਰੇ ਰੇਲ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਦੀ ਅਤੇ ਜ਼ਖਮੀਆਂ ਦੀ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.