Tuesday, 23 June 2026

ਕਿਹਾ : ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ’ਚ ਨਸ਼ਿਆਂ ਨਾਲ ਹੋਈਆਂ 587 ਮੌਤਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਅੱਜ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 28 ਮਹੀਨਿਆਂ ਦੇ ਕਾਰਜਕਾਲ ਦੌਰਾਨ ਨਸ਼ਿਆਂ ਕਾਰਨ ਪੰਜਾਬ ਦੇ 587 ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜੋਸ਼ੀ ਨੇ ਆਖਿਆ ਕਿ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਚੋਣ ਵਾਅਦੇ ਨਾਲ ਸੱਤਾ ’ਚ ਆਈ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚੋਂ ਨਸ਼ਾ ਤਾਂ ਕੀ ਖਤਮ ਕਰਨਾ ਸੀ, ਸਗੋਂ ਉਨ੍ਹਾਂ ਦੇ ਰਾਜ ’ਚ ਨਸ਼ਾ ਹੁਣ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ 26 ਜੂਨ 2022, 2023 ਅਤੇ 2024 ਨੂੰ ਤਿੰਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਆਏ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਇਕ ਵੀ ਸੂਬਾ ਪੱਧਰੀ ਪ੍ਰੋਗਰਾਮ ਨਹੀਂ ਕਰਵਾਇਆ ਗਿਆ।

 

ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਸਕੂਲ ਪਿ੍ਰੰਸੀਪਲਾਂ ਨੂੰ ਪੱਤਰ ਕੀਤਾ ਗਿਆ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਰਜਿਸਟਰ ’ਤੇ ਨਹੀਂ ਬਲਕਿ ਆਨਲਾਈਨ ਲੱਗਿਆ ਕਰੇਗੀ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਪਿ੍ਰੰਸੀਪਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਹਾਜ਼ਰੀ ਰਜਿਸਟਰ ’ਤੇ ਲਗਾ ਕੇ ਫਿਰ ਉਸ ਨੂੰ ਪੋਰਟਲ ’ਤੇ ਅਪਲੋਡ ਕੀਤਾ ਜਾਂਦਾ ਸੀ। ਇਸ ਤਰ੍ਹਾਂ ਕਰਨ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਸੀ ਅਤੇ ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਇਲ ਐਪ    ਵਿਚ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣ ਦਾ ਫੀਚਰ ਐਡ ਕਰ ਦਿੱਤਾ ਗਿਆ ਹੈ। ਇਸ ਵਿਚ ਸਟੂਡੈਂਟ ਅਟੈਂਡੈਂਸ ਦੇ ਆਪਸ਼ਨ ’ਤੇ ਟੈਪ ਕਰਕੇ ਵਿਦਿਆਰਥੀਆਂ ਦੀ ਜ਼ਮਾਤ ਸਿਲੈਕਟ ਕਰਨੀ ਹੋਵੇਗੀ। ਜਮਾਤ ਚੁਣਦਿਆਂ ਹੀ ਵਿਦਿਆਰਥੀਆਂ ਦੀ ਸੂਚੀ ਆ ਜਾਵੇਗੀ ਅਤੇ ਅਧਿਆਪਕਾਂ ਨੂੰ ਇਨ੍ਹਾਂ ਵਿਚੋਂ ਸਿਰਫ਼ ਗੈਰਹਾਜ਼ਰ ਵਿਦਿਆਰਥੀਆਂ ਦੇ ਨਾਂ ਸਲੈਕਟ ਕਰਨਗੇ ਹੋਣਗੇ ਅਤੇ ਕਲਾਸ ’ਚ ਹਾਜ਼ਰ ਵਿਦਿਆਰਥੀਆਂ ਦੀ ਹਾਜ਼ਰੀ ਲੱਗ ਜਾਵੇਗੀ।

  

ਓਟਵਾ/ਬਿਊਰੋ ਨਿਊਜ਼ : ਪੰਜਾਬ ਦੀ ਧੀ ਜੈਸਿਕਾ ਕੈਨੇਡਾ ਵਲੋਂ ਉਲੰਪਿਕ ਖੇਡੇਗੀ, ਉਸਦੀ ਚੋਣ ਉਲੰਪਿਕ ਖੇਡਾਂ 2024 ਲਈ ਕੈਨੇਡਾ ਦੀ ਵਾਟਰ ਪੋਲੋ ਟੀਮ ਲਈ ਹੋਈ ਹੈ। ਇੰਝ ਪੰਜਾਬ ਦੀ ਇਕ ਹੋਰ ਧੀ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦਾ ਸਿੱਕਾ ਜਮਾਇਆ ਹੈ। ਕੈਨੇਡਾ ਦੇ ਓਟਾਵਾ ਦੀ ਜੰਮਪਲ ਪੰਜਾਬਣ ਜੈਸਿਕਾ ਓਲੰਪਿਕ 2024 ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਟੋਕੀਓ 2020 ਓਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿੱਚ ਇੱਕ ਬਦਲ ਵਜੋਂ ਵੀ ਮੌਜੂਦ ਰਹੀ ਸੀ। ਜਦੋਂ ਕਿ ਇਸ ਵਾਰ ਜੈਸਿਕਾ ਨੇ ਇਕ ਹੋਰ ਪੁਲਾਂਘ ਪੁੱਟਦਿਆਂ ਕੈਨੇਡਾ ਵਲੋਂ ਪੈਰਿਸ ਉਲੰਪਿਕ 2024 ਖੇਡਣ ਵਾਲੀ ਵਾਟਰ ਪੋਲੋ ਟੀਮ ਵਿਚ ਮੁੱਖ ਸਥਾਨ ਬਣਾਇਆ ਹੈ, ਜੋ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। 

ਜ਼ਿਕਰਯੋਗ ਹੈ ਕਿ ਜੈਸਿਕਾ ਦਾ ਜਨਮ ਬੇਸ਼ੱਕ ਕੈਨੇਡਾ ਦੀ ਧਰਤੀ ’ਤੇ ਹੋਇਆ, ਪਰ ਉਸਦੀਆਂ ਜੜ੍ਹਾਂ ਸਿੱਧੀਆਂ ਪੰਜਾਬ ਨਾਲ ਜੁੜੀਆਂ ਹਨ। ਜੈਸਿਕਾ ਕੈਨੇਡਾ ਦੀ ਆਰ.ਸੀ.ਐਮ.ਪੀ. ਅਧਿਕਾਰੀ ਅਜੀਤ ਕੌਰ ਟਿਵਾਣਾ ਦੀ ਧੀ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੀ ਜੰਮਪਲ ਅਜੀਤ ਕੌਰ ਟਿਵਾਣਾ ਕੈਨੇਡਾ ਵਿਚ ਏਸ਼ੀਆ ਦੀ ਪਹਿਲੀ ਉਹ ਲੜਕੀ ਹੈ, ਜੋ ਆਰ.ਸੀ.ਐਮ.ਪੀ. ਅਧਿਕਾਰੀ ਵਜੋਂ ਤਾਇਨਾਤ ਹੋਈ ਸੀ। ਹੁਣ ਉਸਦੀ ਬੇਟੀ ਅਤੇ ਰਿਟਾ. ਫੌਜ ਅਧਿਕਾਰੀ ਤੇ ਨਾਮਵਰ ਲੇਖਕ ਸ. ਅਮਰਜੀਤ ਸਿੰਘ ਸਾਥੀ ਦੀ ਦੋਹਤੀ ਜੈਸਿਕਾ ਨੇ ਕੈਨੇਡਾ ’ਚ ਵੱਡੀ ਮੱਲ ਮਾਰ ਕੇ ਪੰਜਾਬ ਦਾ ਨਾਮ ਹੋਰ ਰੌਸ਼ਨ ਕੀਤਾ ਹੈ। 

ਕੈਨੇਡਾ ਦੀ ਉਲੰਪਿਕ ਵਾਟਰ ਪੋਲੋ ਟੀਮ ’ਚ ਜੈਸਿਕਾ ਦੇ ਸ਼ਾਮਲ ਹੋਣ ’ਤੇ ਪਰਿਵਾਰ ਦੇ ਨਾਲ-ਨਾਲ ਪੰਜਾਬ ਲਈ ਵੀ ਫਖ਼ਰ ਦੀ ਗੱਲ ਹੈ ਅਤੇ ਅਨੇਕ ਪੰਜਾਬੀ ਬੱਚਿਆਂ ਲਈ ਉਹ ਪ੍ਰੇਰਣਾ ਸਰੋਤ ਬਣ ਗਈ ਹੈ। 

ਜੈਸਿਕਾ ਬਚਪਨ ਤੋਂ ਹੀ ਇਸ ਖੇਡ ਨੂੰ ਸਮਰਪਿਤ ਰਹੀ ਹੈ। ਜੈਸਿਕਾ ਨੇ 2008 ਵਿੱਚ 14 ਸਾਲ ਦੀ ਉਮਰ ਵਿੱਚ ਵਾਟਰ ਪੋਲੋ ਖੇਡਣਾ ਸ਼ੁਰੂ ਕੀਤਾ। ਇਸਦੀ ਚੇਟਕ ਉਸ ਨੂੰ ਉਦੋਂ ਲੱਗੀ ਜਦੋਂ ਉਸਦਾ ਪਰਿਵਾਰ ਕਿਸੇ ਨਜ਼ਦੀਕੀ ਨੂੰ ਇਹ ਗੇਮ ਖੇਡਦਿਆਂ ਦੇਖਣ ਲਈ ਗਿਆ ਸੀ। ਜੈਸਿਕਾ ਦੇ ਮਾਤਾ-ਪਿਤਾ ਨੇ ਉਸ ਨੂੰ ਸਮਰ ਕੈਂਪ ਲਈ ਉਸੇ ਸਮੇਂ ਅਤੇ ਉੱਥੇ ਹੀ ਦਾਖਲ ਕਰਵਾ ਦਿੱਤਾ। ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਸ ਦੀਆਂ ਪ੍ਰਾਪਤੀਆਂ ਦਾ ਗ੍ਰਾਫ਼ ਕਾਫ਼ੀ ਉੱਪਰ ਹੈ ਜਿਸ ਨੇ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਉਂਦਿਆਂ ਉਲੰਪਿਕ ਖੇਡਣ ਦਾ ਮੌਕਾ ਦਿੱਤਾ। 

ਸੰਨ 2012 ਵਿੱਚ ਜੈਸਿਕਾ ਨੇ ਪਹਿਲੀ ਐੱਫਆਈਐੱਨਏ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਕੈਨੇਡਾ ਨੂੰ ਪੰਜਵੇਂ ਸਥਾਨ ’ਤੇ ਲਿਆਉਣ ਵਿੱਚ ਯੋਗਦਾਨ ਪਾਇਆ। 2017 ਵਿੱਚ ਉਸ ਨੇ ਕੈਨੇਡਾ ਨੂੰ ਐੱਫਆਈਐੱਨਏ ਵਿਸ਼ਵ ਲੀਗ ਸੁਪਰ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਮਦਦ ਕੀਤੀ ਜਿੱਥੇ ਉਸ ਨੂੰ ਟੂਰਨਾਮੈਂਟ ਦੀ ਸਭ ਤੋਂ ਬਿਹਤਰੀਨ ਗੋਲਚੀ ਚੁਣਿਆ ਗਿਆ। ਕੈਪੀਟਲ ਵੇਵ ਸਵੀਮਿੰਗ ਅਤੇ ਵਾਟਰ ਪੋਲੋ ਕਲੱਬ ਦੀ ਇਸ ਪ੍ਰਤੀਨਿਧੀ ਨੇ ਟੋਰਾਂਟੋ 2015, ਲੀਮਾ 2019 ਅਤੇ ਸੈਂਟੀਆਗੋ 2023 ਪੈਨ ਅਮਰੀਕਨ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਯੂਨੀਵਰਸਿਟੀ ਪੱਧਰ ’ਤੇ ਜੈਸਿਕਾ ਨੇ ਇੰਡੀਆਨਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਜਿੱਥੇ ਉਸ ਨੂੰ 2013, 2014 ਅਤੇ 2018 ਵਿੱਚ ਆਲ-ਕਾਨਫਰੰਸ ਫਸਟ ਆਲ-ਸਟਾਰ ਟੀਮ ਨਾਮ ਦਿੱਤਾ ਗਿਆ ਸੀ। ਇੰਡੀਆਨਾ ਯੂਨੀਵਰਸਿਟੀ ਵਿੱਚ ਆਪਣੇ ਅੰਤਿਮ ਸਾਲ ਵਿੱਚ ਉਸ ਨੂੰ ਆਲ-ਅਮਰੀਕਨ ਐੱਨਸੀਏਏ ਮਹਿਲਾ ਵਾਟਰ ਪੋਲੋ ਡਿਵੀਜ਼ਨ 1 ਵਿੱਚ ‘ਮਾਣਯੋਗ ਆਲ-ਸਟਾਰ ਟੀਮ’ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਉਸ ਨੇ 2019 ਵਿੱਚ ਇੰਡੀਆਨਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। 2022 ਵਿੱਚ, ਉਹ ਕੋਚ ਦੇ ਰੂਪ ਵਿੱਚ ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਗਈ। ਇਸ ਨਾਲ ਉਹ ਐੱਨਸੀਏਏ ਵਿੱਚ ਕੋਚ ਬਣਨ ਵਾਲੀ ਏਸ਼ੀਅਨ-ਭਾਰਤੀ ਮੂਲ ਦੀ ਪਹਿਲੀ ਔਰਤ ਬਣ ਗਈ। ਆਪਣੇ ਐਥਲੈਟਿਕਸ ਕਰੀਅਰ ਵਿੱਚ ਇੰਨੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਬਾਅਦ ਵੀ ਉਹ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ, ਖ਼ਾਸ ਕਰਕੇ ਉਸ ਨੂੰ ਬੁਣਾਈ ਕਰਨ ਦਾ ਬਹੁਤ ਸ਼ੌਕ ਹੈ। ਉਹ ਡਰਾਇੰਗ ਦਾ ਵੀ ਸ਼ੌਕ ਰੱਖਦੀ ਹੈ। 

ਓਟਾਵਾ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਸਿਕਾ ਦੇ ਨਾਨਾ ਅਮਰਜੀਤ ਸਿੰਘ ਸਾਥੀ, ਮਾਤਾ ਅਜੀਤ ਕੌਰ ਟਿਵਾਣਾ ਅਤੇ ਪਿੰਡ ਚਨਾਰਥਲ ਕਲਾਂ ਤੋਂ ਨਵਤੇਜ ਸਿੰਘ ਟਿਵਾਣਾ, ਗੁਰਤੇਜ ਸਿੰਘ ਟਿਵਾਣਾ ਨੇ ਕਿਹਾ ਕਿ ਜੈਸਿਕਾ ਨੂੰ ਜਿੱਥੇ ਉਲੰਪਿਕ ਟੀਮ ਵਿਚ ਚੁਣੇ ਜਾਣ ਦੀ ਖੁਸ਼ੀ ਹੈ, ਉਥੇ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਲਈ ਮੈਡਲ ਜਿੱਤ ਕੇ ਲਿਆਵੇਗੀ, ਇਸ ਨਾਲ ਪੰਜਾਬ ਦਾ ਵੀ ਸਿਰ ਹੋਰ ਉਚਾ ਹੋਵੇਗਾ। 

ਡਰੱਗ ਤਸਕਰੀ ਮਾਮਲੇ ’ਚ ਪੇਸ਼ ਹੋਣ ਲਈ ਐਸਆਈਟੀ ਨੇ ਜਾਰੀ ਕੀਤਾ ਸੀ ਸੰਮਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗ ਮਾਮਲੇ ਵਿਚ ਪਟਿਆਲਾ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਐਸਆਈਟੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਅੱਜ ਅੰਮਿ੍ਰਤਸਰ ਕੋਰਟ ’ਚ ਉਨ੍ਹਾਂ ਦੇ ਇਕ ਕੇਸ ਦੀ ਸੁਣਵਾਈ ਹੈ। ਜਦਕਿ 23 ਜੁਲਾਈ ਨੂੰ ਡਰੱਗ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਹੋਣੀ ਹੈ। ਜਿਸ ਦੇ ਚਲਦਿਆਂ ਮਜੀਠੀਆ ਨੇ ਐਸਆਈਟੀ ਨੂੰ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ 23 ਜੁਲਾਈ ਤੋਂ ਬਾਅਦ ਦੀ ਹੀ ਤਰੀਕ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਚਿੱਠੀ ਵਿਚ ਐਸਆਈਟੀ ’ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੇਸ ਦਾ ਪੱਖ ਮਜ਼ਬੂਤੀ ਨਾਲ ਰੱਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਸਆਈਟੀ ਨੇ ਸੰਮਨ ਜਾਰੀ ਕਰਕੇ ਬਿਕਰਮ ਮਜੀਠੀਆ ਨੂੰ ਅੱਜ ਪਟਿਆਲਾ ਐਸਆਈਟੀ ਦੇ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਸੀ। ਧਿਆਨ ਰਹੇ ਕਿ ਮਜੀਠੀਆ ਖਿਲਾਫ਼ ਪੁਲਿਸ ਵੱਲੋਂ ਡਰੱਗ ਤਸਕਰੀ ਦਾ ਇਹ ਮਾਮਲਾ 3 ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਦਰਜ ਕੀਤਾ ਗਿਆ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.