Tuesday, 23 June 2026

ਕਿਹਾ : 23 ਜੁਲਾਈ ਤੋਂ ਬਾਅਦ ਸਿੱਟ ਅੱਗੇ ਹੋਵਾਂਗਾ ਪੇਸ਼

ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅੱਜ ਸ਼ਨੀਵਾਰ ਨੂੰ ਵੀ ਸਿੱਟ ਅੱਗੇ ਪੇਸ਼ ਨਹੀਂ ਹੋਏ। ਇਸ ਸਬੰਧੀ ਜਾਣਕਾਰੀ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਸਿੱਟ ਨੂੰ ਲਿਖੇ ਪੱਤਰ ਤੋਂ ਪ੍ਰਾਪਤ ਹੋਈ ਹੈ। ਸਿੱਟ ਨੂੰ ਭੇਜੇ ਗਏ ਪੱਤਰ ’ਚ ਲਿਖਿਆ ਗਿਆ ਕਿ 23 ਜੁਲਾਈ ਨੂੰ ਸੁਪਰੀਮ ਕੋਰਟ ਵਿਚ ਪੇਸ਼ ਹੋਣ ਕਰਕੇ ਮਜੀਠੀਆ ਆਪਣੇ ਵਕੀਲਾਂ ਦੀ ਟੀਮ ਨਾਲ ਸਲਾਹ ਕਰਨ ਲਈ ਦਿੱਲੀ ਪੁੱਜੇ ਹੋਏ ਹਨ। ਇਸ ਲਈ ਅੱਜ ਉਹ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਜਿਸ ਦੇ ਚਲਦਿਆਂ ਉਨ੍ਹਾਂ ਕਿਹਾ ਕਿ ਉਹ 23 ਜੁਲਾਈ ਤੋਂ ਬਾਅਦ ਸਿੱਟ ਅੱਗੇ ਪੇਸ਼ ਹੋਣਗੇ। ਮਜੀਠੀਆ ਨੇ ਐਸਆਈਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਕਠਪੁਤਲੀ ਦੱਸਿਆ। ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਪਟਿਆਲਾ ਸਿੱਟ ਅੱਗੇ ਪੇਸ਼ ਨਾ ਹੋਣ ਤੋਂ ਬਾਅਦ ਸਿੱਟ ਵੱਲੋਂ ਨਵਾਂ ਸੰਮਨ ਭੇਜ ਕੇ ਉਨ੍ਹਾਂ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

  

ਕਿਹਾ : ਸਹੀ ਡਾਈਟ ਨਾ ਲੈਣ ਕਰਕੇ ਘਟਿਆ ਹੈ ਕੇਜਰੀਵਾਲ ਦਾ ਵਜਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਐਲਜੀ ਵੀ ਕੇ ਸਕਸੈਨਾ ਨੇ ਸ਼ਰਾਬ ਘੁਟਾਲਾ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਹੀ ਤਰੀਕੇ ਨਾਲ ਡਾਈਟ ਨਾ ਲੈਣ ਦਾ ਆਰੋਪ ਲਗਾਇਆ ਹੈ। ਵੀ ਕੇ ਸਕਸੈਨਾ ਨੇ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਘੱਟ ਕੈਲੋਰੀ ਲੈ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਵਜਨ ਘਟਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਕੇਜਰੀਵਾਲ ਨੇ 6 ਜੂਨ ਤੋਂ 13 ਜੁਲਾਈ ਤੱਕ ਤਿੰਨ ਵਾਰ ਖਾਣੇ ਘੱਟ ਕੈਲੋਰੀ ਵਾਲੀ ਡਾਈਟ ਲਈ ਹੈ। ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਲਜੀ ਵੱਲੋਂ ਲਿਖੀ ਚਿੱਠੀ ਨੂੰ ਮਜ਼ਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਖੁਦ ਦੀ ਸ਼ੂਗਰ ਨੂੰ ਘੱਟ ਕਿਉਂ ਕਰੇਗਾ। ਜਦਕਿ ਇਸ ਨੂੰ ਘੱਟ ਕਰਨਾ ਬਹੁਤ ਖਤਰਨਾਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਐਲਜੀ ਸਾਬ ਜੇਕਰ ਤੁਹਾਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਅਜਿਹੀ ਚਿੱਠੀ ਨਹੀਂ ਲਿਖਣੀ ਚਾਹੀਦੀ। ਜ਼ਿਕਰਯੋਗ ਹੈ ਕਿ ਸ਼ਰਾਬ ਨੀਤੀ ਮਾਮਲੇ ’ਚ ਈਡੀ ਲੰਘੀ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗਿ੍ਰਫ਼ਤਾਰ ਕੀਤਾ ਸੀ।

  

ਕਿਹਾ : ਪੂਜਾ ਖੇਡਕਰ ਵਿਵਾਦ ਨਾਲ ਮੇਰਾ ਕੋਈ ਸਬੰਧ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੇ ਚੇਅਰਮੈਨ ਮਨੋਜ ਸੋਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਦਿੱਤੇ ਗਏ ਅਸਤੀਫ਼ੇ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਜਦਕਿ ਮਨੋਜ ਸੋਨੀ ਦਾ ਕਾਰਜਕਾਲ ਮਈ 2029 ਤੱਕ ਦਾ ਸੀ ਅਤੇ ਉਨ੍ਹਾਂ ਆਪਣੇ ਅਹੁਦੇ ਤੋਂ 5 ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨੀ ਆਈਏਐਸ ਪੂਜਾ ਖੇਡਕਰ ਨਾਲ ਜੁੜੇ ਵਿਵਾਦਾਂ ਅਤੇ ਆਰੋਪਾਂ ਦਾ ਮੇਰੇ ਅਸਤੀਫੇ ਨਾਲ ਕੋਈ ਸਬੰਧ ਨਹੀਂ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਪੀਐਸਸੀ ਦੇ ਚੇਅਰਮੈਨ ਨੇ ਕੁੱਝ ਦਿਨ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਦਕਿ ਉਨ੍ਹਾਂ ਦੇ ਅਸੀਤਫ਼ੇ ਨੂੰ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ। ਮਨੋਜ ਸੋਨੀ ਨੇ 28 ਜੂਨ 2017 ਨੂੰ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ 16 ਮਈ 2023 ਨੂੰ ਯੂਪੀਐਸਸੀ ਦੇ ਚੇਅਰਮੈਨ ਵਜੋਂ ਅਹੁਦੇ ਦੀ ਸਹੁੰ ਚੁੱਕੀ ਸੀ।

ਅੰਮਿ੍ਰਤਸਰ ਦੇ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਮਾਡਲ

ਅੰਮਿ੍ਰਤਸਰ/ਬਿਊਰੋ ਨਿਊਜ਼ : 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਜਲਦੀ ਆਸਟਰੇਲੀਆ ਦੇ ਮਿਊਜ਼ੀਅਮ ਵਿਚ ਸੁਸ਼ੋਭਿਤ ਕੀਤਾ ਜਾਵੇਗਾ। ਲੰਘੇ ਜੂਨ ਮਹੀਨੇ ’ਚ ਆਸਟਰੇਲੀਆ ਦੀ ਸਰਕਾਰ ਨੇ ਅੰਮਿ੍ਰਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਮਾਡਲ ਤਿਆਰ ਕਰਨ ਲਈ ਕਿਹਾ ਸੀ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੋ ਮਾਡਲ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿਚ ਜੂਨ 1984 ਤੋਂ ਪਹਿਲਾਂ ਬਣੇ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਅਤੇ ਦੂਜਾ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਡਲ ਨੂੰ ਤਿਆਰ ਕਰਨ ਦਾ ਉਦੇਸ਼ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਦੇ ਨਿਆਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਬਿਆਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਮਾਡਲ ਸੂਰਬੀਰਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤੇ ਗਏ ਮਾਡਲ ਇੰਗਲੈਂਡ, ਕੈਨੇਡਾ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੇ ਜਾ ਚੁੱਕੇ ਹਨ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.