Wednesday, 24 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਕੁਝ ਦਿਨ ਪਹਿਲਾਂ ਤੱਕ ਦੁਨੀਆ ਭਰ ਵਿੱਚ ਇਹ ਚਿੰਤਾ ਸੀ ਕਿ ਜੇ ਮੱਧ ਪੂਰਬ ਵਿੱਚ ਜੰਗ ਹੋਰ ਵੱਧ ਗਈ ਤਾਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀ ਜਾਵੇਗੀ। ਹੁਣ ਹਾਲਾਤ ਕੁਝ ਬਦਲੇ ਹੋਏ ਨਜ਼ਰ ਆ ਰਹੇ ਹਨ। ਦੁਨੀਆ ਦੀ ਪ੍ਰਮੁੱਖ ਨਿਵੇਸ਼ ਬੈਂਕ ਗੋਲਡਮੈਨ ਸੇਕਸ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆਪਣਾ ਅਨੁਮਾਨ ਘਟਾ ਦਿੱਤਾ ਹੈ। ਬੈਂਕ ਦੇ ਮੁਤਾਬਕ, ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਅੰਤਰਿਮ ਸਮਝੌਤੇ ਅਤੇ ਹੋਰਮੁਜ਼ ਜਲਡੰਡੀ ਦੇ ਮੁੜ ਖੁੱਲ੍ਹਣ ਦੀ ਉਮੀਦ ਕਾਰਨ ਤੇਲ ਬਾਜ਼ਾਰ ਨੂੰ ਕੁਝ ਰਾਹਤ ਮਿਲੀ ਹੈ। ਇਸ ਕਾਰਨ ਨਿਵੇਸ਼ਕਾਂ ਦੀਆਂ ਚਿੰਤਾਵਾਂ ਵੀ ਘੱਟ ਹੋਈਆਂ ਹਨ ਅਤੇ ਕੀਮਤਾਂ ’ਤੇ ਦਬਾਅ ਘਟਿਆ ਹੈ। ਹਾਲਾਂਕਿ ਗੋਲਡਮੈਨ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਜੇ ਖੇਤਰ ਵਿੱਚ ਤਣਾਅ ਦੁਬਾਰਾ ਵੱਧਦਾ ਹੈ ਜਾਂ ਤੇਲ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਜਾ ਸਕਦੀ ਹੈ। ਬੈਂਕ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਬਾਜ਼ਾਰ ਨੂੰ ਰਾਹਤ ਮਿਲੀ ਹੋਈ ਹੈ, ਪਰ ਮੱਧ ਪੂਰਬ ਦੀ ਸਥਿਤੀ ’ਤੇ ਨਜ਼ਰ ਬਣਾਈ ਰੱਖਣ ਦੀ ਲੋੜ ਹੈ ਕਿਉਂਕਿ ਕੋਈ ਵੀ ਵੱਡੀ ਭੂ-ਰਾਜਨੀਤਿਕ ਘਟਨਾ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਲਿਆ ਸਕਦੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਵਿੱਚ ਮਈ ਮਹੀਨੇ ਦੌਰਾਨ ਸੋਨੇ ਦੀ ਆਯਾਤ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਵਪਾਰ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸੋਨੇ ਦੀ ਆਯਾਤ ਸਾਲਾਨਾ ਆਧਾਰ ’ਤੇ 34 ਫੀਸਦੀ ਵਧ ਕੇ 3.41 ਅਰਬ ਡਾਲਰ ਤੱਕ ਪਹੁੰਚ ਗਈ। ਦੂਜੇ ਪਾਸੇ, ਚਾਂਦੀ ਦੀ ਆਯਾਤ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮਈ ਮਹੀਨੇ ਵਿੱਚ ਚਾਂਦੀ ਦੀ ਆਯਾਤ 86.65 ਫੀਸਦੀ ਘਟ ਕੇ ਕੇਵਲ 75.57 ਮਿਲੀਅਨ ਡਾਲਰ ਰਹਿ ਗਈ। ਮਾਹਿਰਾਂ ਦੇ ਅਨੁਸਾਰ, ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਆਯਾਤ ਟੈਕਸ ਵਿੱਚ ਕੀਤੇ ਗਏ ਬਦਲਾਵਾਂ ਦਾ ਇਸ ’ਤੇ ਅਸਰ ਪਿਆ ਹੈ। ਕੇਂਦਰ ਸਰਕਾਰ ਨੇ 13 ਮਈ ਤੋਂ ਸੋਨੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ’ਤੇ ਆਯਾਤ ਟੈਕਸ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਸੀ। ਸੋਨੇ ਦੀ ਆਯਾਤ ਵਿੱਚ ਹੋਏ ਇਸ ਵਾਧੇ ਦਾ ਪ੍ਰਭਾਵ ਦੇਸ਼ ਦੇ ਵਪਾਰ ਘਾਟੇ ’ਤੇ ਵੀ ਪਿਆ ਹੈ। ਮਈ ਮਹੀਨੇ ਵਿੱਚ ਭਾਰਤ ਦਾ ਵਪਾਰ ਘਾਟਾ ਵਧ ਕੇ 28.21 ਅਰਬ ਡਾਲਰ ਤੱਕ ਪਹੁੰਚ ਗਿਆ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇ ਸੋਨੇ ਦੀ ਮੰਗ ਇਸੇ ਤਰ੍ਹਾਂ ਬਣੀ ਰਹੀ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਆਯਾਤ ਬਿੱਲ ਅਤੇ ਵਪਾਰ ਘਾਟੇ ’ਤੇ ਹੋਰ ਦਬਾਅ ਪੈ ਸਕਦਾ ਹੈ।   

ਮਨੀ ਲਾਂਡਰਿੰਗ ਦੇ ਮਾਮਲੇ ਵਿਚ ਘਿਰੇ ਹਨ ਦੀਪਕ ਸਿੰਗਲਾ
ਚੰਡੀਗੜ੍ਹ/ਬਿਊਰੋ ਨਿਊਜ਼  
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਚੰਡੀਗੜ੍ਹ ਯੂਨਿਟ ਨੇ ਅੱਜ ‘ਮੈਸਰਜ਼ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ’ ਕੰਪਨੀ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਸਿੰਗਲਾ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਈਡੀ ਦੀਆਂ ਟੀਮਾਂ ਵਲੋਂ ਇਹ ਛਾਪੇ ਹਰਿਆਣਾ ਦੇ ਕਰਨਾਲ, ਨਵੀਂ ਦਿੱਲੀ ਅਤੇ ਗੋਆ ਵਿਚ ਸਥਿਤ ਅਸ਼ੋਕ ਮਿੱਤਲ, ਸੌਰਭ ਢੀਂਗਰਾ, ਭਾਰਤ ਭੂਸ਼ਣ ਮਿੱਤਲ, ਰਮਨ ਸਿੰਗਲਾ ਅਤੇ ਹੋਰਨਾਂ ਦੇ ਵਪਾਰਕ ਤੇ ਨਿੱਜੀ ਟਿਕਾਣਿਆਂ ’ਤੇ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਪੂਰਾ ਮਾਮਲਾ ਸੀਬੀਆਈ ਵਲੋਂ ‘ਮੈਸਰਜ਼ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ’ ਅਤੇ ਉਸਦੇ ਡਾਇਰੈਕਟਰਾਂ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ. ’ਤੇ ਅਧਾਰਿਤ ਹੈ। ਕੰਪਨੀ ’ਤੇ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਹੋਰ ਬੈਂਕਾਂ ਦੇ ਸਮੂਹ ਨਾਲ ਕਰੀਬ 155.21 ਕਰੋੜ ਰੁਪਏ ਦੀ ਵਿੱਤੀ ਧੋਖਾਧੜੀ  ਕਰਨ ਦੇ ਗੰਭੀਰ ਇਲਜ਼ਾਮ ਹਨ। ਈਡੀ ਮੁਤਾਬਕ ‘ਆਪ’ ਦੇ ਗੋਆ ਤੋਂ ਇੰਚਾਰਜ ਦੀਪਕ ਸਿੰਗਲਾ, ਉਨ੍ਹਾਂ ਦੇ ਭਰਾ ਰਮਨ ਸਿੰਗਲਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਪਸ ਵਿਚ ਜੁੜੀਆਂ ਫਰਜ਼ੀ ਕੰਪਨੀਆਂ ਦਾ ਇਕ ਵੱਡਾ ਨੈਟਵਰਕ ਤਿਆਰ ਕੀਤਾ ਹੋਇਆ ਸੀ, ਜਿਸ ਰਾਹੀਂ ਇਸ ਘੁਟਾਲੇ ਨੂੰ ਅੰਜ਼ਾਮ ਦਿੱਤਾ ਗਿਆ।  

 

 

ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਦੋਆਬਾ ਖੇਤਰ ਲਈ ਇਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿਚ ਸਥਿਤ ਆਦਮਪੁਰ ਏਅਰਪੋਰਟ ਦਾ ਨਾਮ ਹੁਣ ਅਧਿਕਾਰਤ ਤੌਰ ’ਤੇ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ’ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਨਵੇਂ ਨਾਮ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ’ਤੇ ਕੀਤਾ ਸੀ।  ਇਹ ਹਵਾਈ ਅੱਡਾ ਜਲੰਧਰ ਅਤੇ ਹੁਸ਼ਿਆਰਪੁਰ ਸਣੇ ਪੂਰੇ ਦੋਆਬਾ ਇਲਾਕੇ ਲਈ ਹਵਾਈ ਸੇਵਾਵਾਂ ਦਾ ਮੁੱਖ ਕੇਂਦਰ ਹੈ। ਭਾਰਤ ਸਰਕਾਰ ਮੁਤਾਬਕ ਇਹ ਫੈਸਲਾ ਮਹਾਨ ਸੰਤ ਅਤੇ ਸੁਧਾਰਕ ਸ੍ਰੀ ਗੁਰੂ ਰਵਿਦਾਸ ਜੀ ਦੀ ਮਨੁੱਖਤਾ, ਸਮਾਨਤਾ ਅਤੇ ਸਨਮਾਨ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇਕ ਸ਼ਰਧਾਂਜਲੀ ਹੈ। ਇਸ ਫੈਸਲੇ ਮਗਰੋਂ ਦੇਸ਼-ਵਿਦੇਸ਼  ਅਤੇ ਇਲਾਕਾ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਧਿਆਨ ਰਹੇ ਕਿ ਭਾਰਤ ਸਰਕਾਰ ਵਲੋਂ ਲੰਘੀ 12 ਜੂਨ ਨੂੰ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਨੇ ਇਸ ਫੈਸਲੇ ਨੂੰ ਅੰਤਿਮ ਰੂਪ ਦਿੱਤਾ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.