Wednesday, 24 June 2026

ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੌਰਾਨ ਬਾਗੀ ਮੈਂਬਰਾਂ ਨੂੰ ਕੱਢੀਆਂ ਗਾਲਾਂ
ਮੁੰਬਈ/ਬਿਊਰੋ ਨਿਊਜ਼  
ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂ.ਬੀ.ਟੀ.) ਨੂੰ ਇਕ ਹੋਰ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ। ਊਧਵ ਠਾਕਰੇ ਦੀ ਪਾਰਟੀ ਦੇ 9 ਵਿਚੋਂ 6 ਲੋਕ ਸਭਾ ਸੰਸਦ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਲਈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਵਿਚ ਨਾਗੇਸ਼ ਪਾਟਿਲ ਆਸ਼ਟੀਕਰ ਅਤੇ ਸੰਜੇ ਦੀਨਾ ਪਾਟਿਲ ਦੇ ਨਾਮ ਵੀ ਸ਼ਾਮਲ ਹਨ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰ੍ਹੇਆਮ ਗਾਲਾਂ ਕੱਢੀਆਂ। ਬਾਅਦ ਵਿਚ ਜਦੋਂ ਮੀਡੀਆ ਨੇ ਇਸ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਹਨ।  

ਲੰਮੀ ਰੇਂਜ ਅਤੇ ਨਵੇਂ ਫੀਚਰਾਂ ਨਾਲ ਈ.ਵੀ. ਬਾਜ਼ਾਰ ਵਿੱਚ ਮਚਾਏਗੀ ਧਮਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਇਲੈਕਟਿ੍ਰਕ ਵਾਹਨ ਬਾਜ਼ਾਰ ਵਿੱਚ ਇੱਕ ਹੋਰ ਨਵਾਂ ਬਦਲ ਸ਼ਾਮਲ ਹੋ ਗਿਆ ਹੈ। ਫਰਾਂਸੀਸੀ ਆਟੋਮੋਬਾਈਲ ਕੰਪਨੀ ਸਿਟਰੋਇਨ ਨੇ ਆਪਣੀ ਅਪਡੇਟ ਕੀਤੀ ਇਲੈਕਟਿ੍ਰਕ ਕਾਰ  ਸਿਟਰੋਇਨ ਈ-ਸੀ3ਐਕਸ ਫੇਸਲਿਫਟ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਨਵੇਂ ਡਿਜ਼ਾਇਨ, ਬਿਹਤਰ ਫੀਚਰਾਂ ਅਤੇ ਆਕਰਸ਼ਕ ਕੀਮਤ ਨਾਲ  ਲਾਂਚ ਕੀਤਾ ਹੈ। ਇਹ ਇਲੈਕਟਿ੍ਰਕ ਕਾਰ ਸਿੱਧੇ ਤੌਰ ’ਤੇ ਟਾਟਾ ਪੁੰਚ ਈ.ਵੀ.  ਅਤੇ ਹੋਰ ਇਲੈਕਟਿ੍ਰਕ ਵਾਹਨਾਂ ਨੂੰ ਟੱਕਰ ਦੇਵੇਗੀ। ਪਿਛਲੇ ਕੁਝ ਸਮੇਂ ਤੋਂ ਸਿਟਰੋਇਨ ਇਸ ਕਾਰ ਦਾ ਟੀਜ਼ਰ ਜਾਰੀ ਕਰਕੇ ਪ੍ਰਚਾਰ ਕਰ ਰਹੀ ਸੀ ਅਤੇ ਹੁਣ ਆਖਰਕਾਰ ਇਸ ਦਾ ਫੇਸਲਿਫਟ ਮਾਡਲ ਬਾਜ਼ਾਰ ਵਿੱਚ ਉਤਾਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਈ-ਸੀ3ਐਕਸ ਪਹਿਲਾਂ ਨਾਲੋਂ ਵੱਧ ਪ੍ਰੀਮੀਅਮ, ਸੁਰੱਖਿਅਤ ਅਤੇ ਤਕਨੀਕੀ ਤੌਰ ’ਤੇ ਹੋਰ ਆਧੁਨਿਕ ਬਣਾਈ ਗਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਜਿਓ ਫਾਇਨੈਨਸ਼ੀਅਲ ਅਤੇ ਬਲੈਕਰਾਕ ਦੀ ਭਾਗੀਦਾਰੀ ਵਾਲੀ ਕੰਪਨੀ ਜਿਓ-ਬਲੈਕਰਾਕ ਐਸੈੱਟ ਮੈਨੇਜਮੈਂਟ ਨੇ ਨਿਵੇਸ਼ਕਾਂ ਲਈ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ ਆਪਣੇ ਜਿਓ-ਬਲੈਕਰਾਕ ਓਵਰਨਾਈਟ ਫੰਡ ਨੂੰ ਜਿਓ ਪੇਮੈਂਟਸ ਬੈਂਕ ਦੇ ‘ਸੇਵਿੰਗਜ਼ ਪਰੋ’ ਫੀਚਰ ਨਾਲ ਜੋੜ ਦਿੱਤਾ ਹੈ। ਇਹ ਸਹੂਲਤ ਜਿਓ-ਫਾਇਨੈਂਸ ਐਪ ’ਤੇ ਉਪਲਬਧ ਹੋਵੇਗੀ ਅਤੇ ਇਸ ਦਾ ਮਕਸਦ ਲੋਕਾਂ ਲਈ ਨਿਵੇਸ਼ ਨੂੰ ਪਹਿਲਾਂ ਨਾਲੋਂ ਹੋਰ ਆਸਾਨ ਬਣਾਉਣਾ ਹੈ। ਹੁਣ ਜਿਓ ਪੇਮੈਂਟਸ ਬੈਂਕ ਦੇ ਗਾਹਕ ਆਪਣੇ ਬਚਤ ਖਾਤੇ ਵਿੱਚ ਪਿਆ ਵਾਧੂ ਪੈਸਾ ਆਸਾਨੀ ਨਾਲ ਓਵਰਨਾਈਟ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰ ਸਕਣਗੇ। ਇਸ ਸਬੰਧੀ ਪੂਰੀ ਪ੍ਰਕਿਰਿਆ ਡਿਜ਼ੀਟਲ ਹੋਵੇਗੀ, ਜਿਸਦਾ ਅਰਥ ਹੈ ਕਿ ਨਿਵੇਸ਼ ਕਰਨ ਲਈ ਕਿਸੇ ਬੈਂਕ ਜਾਂ ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਗਾਹਕ ਘਰ ਬੈਠੇ ਹੀ ਐਪ ਰਾਹੀਂ ਆਪਣਾ ਨਿਵੇਸ਼ ਕਰ ਸਕਣਗੇ।   

ਰਾਜ ਸਭਾ ਮੈਂਬਰ ਵਜੋਂ ਖੜਗੇ ਨੂੰ ਦੂਜੇ ਕਾਰਜਕਾਲ ਲਈ ਦਿੱਤੀ ਵਧਾਈ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਤੋਂ ਕਾਂਗਰਸ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਹੈ। ਇਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ, ਡਾ. ਧਰਮਵੀਰ ਗਾਂਧੀ ਅਤੇ ਡਾ. ਅਮਰ ਸਿੰਘ ਨੇ ਖੜਗੇ ਨੂੰ ਰਾਜ ਸਭਾ ਦੇ ਦੂਜੇ ਕਾਰਜਕਾਲ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਖੜਗੇ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਖੜਗੇ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲਗਾਤਾਰ ਅਤੇ ਜ਼ੋਰਦਾਰ ਢੰਗ ਨਾਲ ਜਨਤਕ ਹਿੱਤਾਂ ਦੇ ਮੁੱਦੇ ਉਠਾ ਰਹੀ ਹੈ ਅਤੇ ਦੇਸ਼ ਦੀਆਂ ਲੋਕਤੰਤਰੀ ਸੰਸਥਾਵਾਂ ਅਤੇ ਸੰਵਿਧਾਨ ਦੀ ਭਾਵਨਾ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਖੜਗੇ ਦੀ ਅਗਵਾਈ ਹੇਠ, ਪਾਰਟੀ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦੀ ਆਵਾਜ਼ ਬਣ ਕੇ ਹੋਰ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਲਈ ਵੀ ਥੋੜ੍ਹਾ ਸਮਾਂ ਰਹਿ ਗਿਆ ਹੈ ਅਤੇ ਇਸ ਮੀਟਿੰਗ ਨੂੰ ਇਨ੍ਹਾਂ ਚੋਣਾਂ ਨਾਲ ਵੀ ਜੋੜ ਦੇ ਦੇਖਿਆ ਜਾ ਰਿਹਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.