Wednesday, 24 June 2026

21 ਜੂਨ ਨੂੰ ਨੀਟ ਦੀ ਪ੍ਰੀਖਿਆ ਅਤੇ 22 ਜੂਨ ਤੱਕ ਐਪ ਕੰਮ ਨਹੀਂ ਕਰੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ ’ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਉਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਦਮ ਨੀਟ ਦੇ ਪੇਪਰ ਕਾਰਨ ਚੁੱਕਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69 ਦੇ ਤਹਿਤ ਭਾਰਤ ਵਿਚ ਟੈਲੀਗ੍ਰਾਮ ਦੀ ਵਰਤੋਂ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਇਕ ਆਦੇਸ਼ ਜਾਰੀ ਕੀਤਾ ਹੈ। ਇਹ ਪਾਬੰਦੀ 22 ਜੂਨ, 2026 ਤੱਕ ਲਾਗੂ ਰਹੇਗੀ, ਜਿਸ ਵਿਚ ਨੀਟ, ਯੂ.ਜੀ. 2026 ਦੀ ਮੁੜ-ਪ੍ਰੀਖਿਆ ਅਤੇ ਉਸ ਤੋਂ ਬਾਅਦ ਦੀ ਮਿਆਦ ਸ਼ਾਮਲ ਹੈ। ਐਨ.ਟੀ.ਏ. ਦੇ ਅਨੁਸਾਰ ਟੈਲੀਗ੍ਰਾਮ ਨੂੰ 30 ਜੂਨ, 2026 ਤੱਕ ਭਾਰਤ ਵਿਚ ਪਹਿਲਾਂ ਤੋਂ ਭੇਜੇ ਗਏ ਸੰਦੇਸ਼ਾਂ ਨੂੰ ਸੰਪਾਦਿਤ ਕਰਨ ਦੀ ਯੋਗਤਾ ਨੂੰ ਅਯੋਗ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਕੁਝ ਵਿਅਕਤੀ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਪੇਪਰ ਲੀਕ ਦੇ ਝੂਠੇ ਸਬੂਤ ਬਣਾਉਣ ਲਈ ਇਸ ਵਿਸ਼ੇਸ਼ਤਾ ਦੀ ਵਰਤੋਂ ਕਰ ਰਹੇ ਹਨ। ਇਹ ਕਦਮ ਅਜਿਹੇ ਮਾਮਲਿਆਂ ਨੂੰ ਰੋਕਣ ਅਤੇ ਪ੍ਰੀਖਿਆ ਦੀ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੀਟ ਦਾ ਪੇਪਰ ਲੀਕ ਹੋ ਗਿਆ ਸੀ ਅਤੇ ਹੁਣ ਇਹ ਪ੍ਰੀਖਿਆ ਆਉਂਦੀ 21 ਜੂਨ ਨੂੰ ਹੋ ਰਹੀ ਹੈ।

ਬਹੁਤ ਦੇਰ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਸੀਐਮ ਨਾਇਬ ਸਿੰਘ ਸੈਣੀ ਨੇ
 
ਚੰਡੀਗੜ੍ਹ : ਇਹ ਖ਼ਬਰ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਵਿੱਚ ਬਹੁਤ ਉਤਸ਼ਾਹ ਨਾਲ ਪੜ੍ਹੀ ਜਾਵੇਗੀ ਕਿ ਹਰਿਆਣਾ ਨੇ ਮੌਜੂਦਾ ਅਕਾਦਮਿਕ ਸੈਸ਼ਨ ਤੋਂ, ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵੀ ਸ਼ਾਮਿਲ ਕਰ ਲਿਆ ਹੈ। ਇਹ ਫ਼ੈਸਲਾ ਪਿਛਲੇ ਸਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਸਮੇਂ, ਸਮਾਗਮਾਂ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਨਾਇਬ ਸਿੰਘ ਸੈਣੀ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਜਿੱਥੇ ਪੰਜਾਬ ਵਿੱਚ ਪੰਜਾਬੀ ਨੂੰ ਹੀ ਸਹੀ ਸਨਮਾਨ ਨਾ ਦੇ ਕੇ ਕੇਂਦਰ ਸਰਕਾਰ ਨੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਉਥੇ ਗਵਾਂਢੀ ਸੂਬੇ ਨੇ ਨਾ ਸਿਰਫ ਗੁਰੂ ਸਾਹਿਬਾਨ ਬਲਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵੀ 8ਵੀਂ ਸ਼੍ਰੇਣੀ ਦੀ ਇਤਿਹਾਸ ਦੀ ਪੁਸਤਕ ਵਿੱਚ ਮਾਕੂਲ ਥਾਂ ਦਿਤੀ ਹੈ। ਇਹ ਵੀ ਦੱਸ ਦਈਏ ਕਿ ਪੰਜਾਬ ਰਾਜ ਦੇ ਕੇਂਦਰੀ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਤੇ  ਹੁਣ ਸੰਸਕਿ੍ਰਤ ਪੜ੍ਹਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਐਨਾ ਹੀ ਨਹੀਂ ਪੰਜਾਬ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਬਹੁਤ ਜ਼ਿਆਦਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ’ਤੇ ਰੋਕ ਲਗਾਉਣ ਦੇ ਲਈ ਸਮਾਜਸੇਵੀ ਸਰਦਾਰ ਬਲਦੇਵ ਸਿੰਘ ਸਿਰਸਾ ਪਿਛਲੇ ਕਰੀਬ ਪੰਜ ਸਾਲ ਤੋਂ ਵਾਰ ਵਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਭਰੋਸਾ ਦਿੱਤਾ ਸੀ ਕਿ ਸਿੱਖ ਇਤਿਹਾਸ, ਸਿੱਖਿਆਵਾਂ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਰਸਮੀ ਤੌਰ ’ਤੇ ਸਕੂਲ ਸਿੱਖਿਆ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ। ਉਹਨਾਂ ਕਿਹਾ ਸੀ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਨੌਜਵਾਨ ਪੀੜ੍ਹੀਆਂ ਸਿੱਖ ਧਰਮ ਦੀ ਅਮੀਰ ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਨ। ਐਲਾਨ ਤੋਂ ਤੁਰੰਤ ਬਾਅਦ, ਹਰਿਆਣਾ ਸਕੂਲ ਸਿੱਖਿਆ ਬੋਰਡ ਹਰਕਤ ਵਿੱਚ ਆਇਆ ਅਤੇ ਫੈਸਲੇ ਨੂੰ ਲਾਗੂ ਕਰਨ ਲਈ ਕਦਮ ਚੁੱਕੇ।
ਇਸ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਪਾਠ ਸਮੱਗਰੀ ਨੂੰ ਅੰਤਿਮ ਰੂਪ ਦੇਣ ਲਈ ਇੱਕ ਮਾਹਰ ਖੋਜ ਕਮੇਟੀ ਬਣਾਈ ਗਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਪਾਠਕ੍ਰਮ ਹੁਣ ਵਿਆਪਕ ਅਕਾਦਮਿਕ ਸਲਾਹ-ਮਸ਼ਵਰੇ ਤੋਂ ਬਾਅਦ ਲਾਗੂ ਕੀਤਾ ਗਿਆ ਹੈ। ਬੋਰਡ ਦੇ ਚੇਅਰਮੈਨ ਸ਼ੰਕਰ ਲਾਲ ਧੋਪਰਾ ਨੇ ਕਿਹਾ ਕਿ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸਮਰਪਿਤ ਲਗਭਗ 16 ਪੰਨੇ ਹਨ, ਜੋ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਮੁੱਖ ਪੜਾਵਾਂ ਨੂੰ ਕਵਰ ਕਰਦੇ ਹਨ। ਉਹਨਾਂ ਕਿਹਾ, ‘‘ਸਿੱਖ ਇਤਿਹਾਸ ਨੂੰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਸੇਵਾ, ਸਮਾਜਿਕ ਸਦਭਾਵਨਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਮੁੱਲਾਂ ਨੂੰ ਗ੍ਰਹਿਣ ਕਰਨ ਵਿੱਚ ਮਦਦ ਮਿਲੇਗੀ।’’
ਸਰਕਾਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਿਲੇਬਸ ਵਿੱਚ ‘‘ਸਿੱਖ ਧਰਮ ਦੀ ਨੀਂਹ’’ ਭਾਗ ਅਧੀਨ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾਵਾਂ ਤੋਂ ਸ਼ੁਰੂ ਹੋ ਕੇ ਸਿੱਖ ਧਰਮ ਦੇ ਵਿਕਾਸ ਦਾ ਜ਼ਿਕਰ ਹੈ, ਜਿਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਧਰਮ ਦਾ ਵਿਕਾਸ ਹੁੰਦਾ ਹੈ। ਸੰਗਤ ਅਤੇ ਪੰਗਤ ਵਰਗੇ ਮੁੱਖ ਸਿੱਖ ਸਿਧਾਂਤਾਂ, ਗੁਰਮੁਖੀ ਲਿਪੀ ਦਾ ਵਿਕਾਸ ਅਤੇ ਲੰਗਰ ਦੀ ਸੰਸਥਾ, ਜੋ ਸਮਾਨਤਾ ਅਤੇ ਭਾਈਚਾਰਕ ਸੇਵਾ ਦਾ ਪ੍ਰਤੀਕ ਹੈ, ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਕਦਮ ਨੂੰ ਸਕੂਲ ਸਿੱਖਿਆ ਵਿੱਚ ਸਮਾਵੇਸ਼ੀ ਇਤਿਹਾਸਕ ਪ੍ਰਤੀਨਿਧਤਾ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜੋ ਸਮਾਜਿਕ ਨਿਆਂ, ਸਮਾਨਤਾ ਅਤੇ ਫਿਰਕੂ ਸਦਭਾਵਨਾ ਦੇ ਮੁੱਲਾਂ ਨੂੰ ਮਜ਼ਬੂਤ ਕਰਦਾ ਹੈ, ਜਦੋਂ ਕਿ ਭਾਰਤ ਦੀ ਸੱਭਿਆਚਾਰਕ ਅਤੇ ਰਾਸ਼ਟਰੀ ਵਿਰਾਸਤ ਵਿੱਚ ਸਿੱਖ ਧਰਮ ਦੇ ਡੂੰਘੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ।

ਜਦੋਂ ਇਸ ਬਾਰੇ ਸਰਦਾਰ ਬਲਦੇਵ ਸਿੰਘ ਸਿਰਸਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ, ‘‘ਦੇਰ ਆਯਦ ਦੁਰੁਸਤ ਆਯਦ, ਨਾਇਬ ਸਿੰਘ ਸੈਣੀ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਹਰਿਆਣੇ ਦੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਅਜਿਹੇ ਐਲਾਨ ਆਮ ਹੁੰਦੇ ਹਨ ਪਰ ਮੈਂ ਉਮੀਦ ਕਰਾਂਗਾ ਕਿ ਉਹ ਆਪਣੇ ਵਾਅਦੇ ਨੂੰ ਨੇਪਰੇ ਚਾੜ੍ਹਣਗੇ, ਮੇਰੀ ਇੱਕੋ ਗ਼ੁਜ਼ਾਰਿਸ਼ ਹੈ ਕਿ ਇਤਿਹਾਸ ਸਿਰਫ਼ ਉਹਨਾਂ ਇਤਿਹਾਸਕਾਰਾਂ ਤੋਂ ਹੀ ਲਿਖਵਾਇਆ ਜਾਵੇ ਜੋ ਸਿੱਖੀ ਅਤੇ ਸਿੱਖ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਹੋਣ, ਉਸ ਤਰ੍ਹਾਂ ਨਾ ਹੋਵੇ ਜਿਵੇਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ।”
 
- ਅਮਰਜੀਤ ਸਿੰਘ

 

 

ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਭਾਰਤ ਵਿਚ ਥੋਕ ਮਹਿੰਗਾਈ ਦਰ ਲੰਘੇ ਮਈ ਮਹੀਨੇ ਵਿਚ ਛਾਲ ਮਾਰ ਕੇ 9.68 ਫੀਸਦੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ਵਿਚ ਇਹ 8.26 ਫੀਸਦੀ ’ਤੇ ਸੀ। ਲੰਘੇ ਮਈ ਮਹੀਨੇ ਵਿਚ ਦਰਜ ਕੀਤੀ ਗਈ ਇਹ ਮਹਿੰਗਾਈ ਪਿਛਲੇ 43 ਮਹੀਨਿਆਂ ਵਿਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਤੰਬਰ 2022 ਵਿਚ ਥੋਕ ਮਹਿੰਗਾਈ ਦਾ ਅੰਕੜਾ 10.70 <:10.70਼ ਫੀਸਦੀ ’ਤੇ ਪਹੁੰਚਿਆ ਸੀ। ਕੇਂਦਰੀ ਵਣਜ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਨੇ ਸਰਕਾਰ ਅਤੇ ਆਰਥਿਕ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਆਰਥਿਕ ਮਾਹਿਰਾਂ ਮੁਤਾਬਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਅਤੇ ਫਿਊਲ ਦੀਆਂ ਕੀਮਤਾਂ ਵਿਚ ਹੋਇਆ ਭਾਰੀ ਵਾਧਾ ਹੈ। ਇਸ ਤੋਂ ਇਲਾਵਾ ਅਨਾਜ ਅਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਸਥਿਤੀ ਆਮ ਵਾਂਗ ਨਾ ਹੋਈ ਤਾਂ ਮਹਿੰਗਾਈ ਦਾ ਇਹ ਗਰਾਫ ਹੋਰ ਉਪਰ ਜਾ ਸਕਦਾ ਹੈ।

ਬਿੱਟੂੁ ਦੇ ਵਕੀਲ ਨੇ ਜ਼ਰੂਰੀ ਦਸਤਾਵੇਜ਼ ਕਰਵਾਏ ਜਮ੍ਹਾਂ
ਚੰਡੀਗੜ੍ਹ/ਬਿਊਰੋ ਨਿਊਜ਼  
ਭਾਜਪਾ ਆਗੂ ਅਤੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਅੱਜ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ  ਅੱਗੇ ਉਨ੍ਹਾਂ ਦੀ ਪੇਸ਼ੀ ਸੀ। ਅੱਜ ਤੈਅ ਸਮੇਂ ’ਤੇ ਬਿੱਟੂ ਖੁਦ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਵਲੋਂ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਿਆ। ਬਿੱਟੂ ਦੇ ਵਕੀਲ ਨੇ ਕੇਸ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਕੋਲ ਜਮ੍ਹਾ ਕਰਵਾਇਆ ਹੈ। ਕਮਿਸ਼ਨ ਦੇ ਮੁਤਾਬਕ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 24 ਜੂਨ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੰਘੀ 4 ਜੂਨ ਨੂੰ ਰਵਨੀਤ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਨਹੀਂ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਖੁਦ ਹੀ ਪੇਸ਼ ਹੋਣ ਲਈ 15 ਜੂਨ ਦਾ ਸਮਾਂ ਮੰਗਿਆ ਸੀ। ਧਿਆਨ ਰਹੇ ਕਿ ਰਵਨੀਤ ਸਿੰਘ ਬਿੱਟੂ ਖਿਲਾਫ ਪੁਲਿਸ ਮੁਲਾਜ਼ਮਾਂ ਖਿਲਾਫ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਟਿੱਪਣੀਆਂ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਸਨ। ਇਸ ਸਬੰਧੀ ਐਸ.ਸੀ. ਕਮਿਸ਼ਨ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕਾਨੂੰੂਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਕਿਸੇ ਵੀ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.