Friday, 17 April 2026

ਚੰਡੀਗੜ੍ਹ, : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਹਾਲ ਹੀ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਸਮੇਤ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਈ ਤੁਰੰਤ ਇੱਕ ਉੱਚ ਪੱਧਰੀ ਟੀਮ ਭੇਜਣ ਦੀ ਅਪੀਲ ਕੀਤੀ ਹੈ।

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੇ ਪੱਤਰ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਾਲ ਹੀ ਵਿੱਚ ਖ਼ਰਾਬ ਮੌਸਮ ਕਰਕੇ ਸੂਬੇ ਵਿੱਚ ਕਣਕ ਦੀ ਫ਼ਸਲ 'ਤੇ ਪਏ ਪ੍ਰਤੀਕੂਲ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ 35 ਲੱਖ ਹੈਕਟੇਅਰ 'ਤੇ ਕਣਕ ਦੀ ਬਿਜਾਈ ਕੀਤੀ ਕੀਤੀ ਗਈ ਸੀ ਅਤੇ ਇਸ ਵਾਰ ਫ਼ਸਲ ਦਾ ਬੰਪਰ ਝਾੜ ਹੋਣ ਦੀ ਉਮੀਦ ਲਾਈ ਜਾ ਰਹੀ ਸੀ, ਪਰ ਲਗਾਤਾਰ ਮੀਂਹ ਅਤੇ ਗੜੇਮਾਰੀ ਕਰਕੇ ਫ਼ਸਲਾਂ ਦੇ ਨੁਕਸਾਨ ਨੇ ਕਿਸਾਨ ਭਾਈਚਾਰੇ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ।

ਸ. ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਮੁੱਢਲੇ ਮੁਲਾਂਕਣ ਅਨੁਸਾਰ 1.30 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾ ਰੁਕਣ ਕਰਕੇ ਨੁਕਸਾਨ ਵੀ ਵਧਦਾ ਜਾ ਰਿਹਾ ਹੈ ਅਤੇ ਅੰਕੜਾ ਹੋਰ ਵੀ ਵੱਧ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਨੁਕਸਾਨ ਸਿਰਫ਼ ਕਣਕ ਤੱਕ ਸੀਮਤ ਨਹੀਂ ਹੈ ਕਿਉਂਕਿ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਮੋਗਾ ਅਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਬਜ਼ੀਆਂ, ਹਰੇ ਚਾਰੇ ਅਤੇ ਹਾੜੀ ਦੀਆਂ ਹੋਰ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਨੁਕਸਾਨ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਰਾਜ ਦੀ ਖੇਤੀਬਾੜੀ ਆਰਥਿਕਤਾ ਨੂੰ ਗੰਭੀਰ ਖ਼ਤਰਾ ਦਰਪੇਸ਼ ਕਰ ਰਿਹਾ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਰਾਜ ਨੇ ਪਹਿਲਾਂ ਹੀ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ।

ਨੁਕਸਾਨ ਦੇ ਪੈਮਾਨੇ ਅਤੇ ਕਿਸਾਨਾਂ ‘ਤੇ ਪੈ ਰਹੇ ਵਿੱਤੀ ਬੋਝ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਕੇਂਦਰ ਤੋਂ ਇਸ ਸਬੰਧੀ ਤੁਰੰਤ ਰਾਹਤ ਅਤੇ ਮੁਆਵਜ਼ਾ ਮੰਗਿਆ ਹੈ। ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਤ੍ਰਿਤ ਮੁਲਾਂਕਣ ਲਈ ਤੁਰੰਤ ਕੇਂਦਰੀ ਟੀਮ ਭੇਜਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਰਾਜ ਸਰਕਾਰ ਕਿਸਾਨਾਂ ਦੇ ਸਮਰਥਨ ਲਈ ਵਚਨਬੱਧ ਹੈ ਅਤੇ ਕੇਂਦਰੀ ਟੀਮ ਨੂੰ ਹਰ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ।

ਬਿਕਰਮ ਮਜੀਠੀਆ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਵਿਚ ਪਿਛਲੇ ਦਿਨੀਂ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਗੰਭੀਰ ਇਲਜ਼ਾਮ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਸਰਕਾਰ ਨੇ ਲਾਲਜੀਤ ਸਿੰਘ ਭੁੱਲਰ ਕੋਲੋਂ ਮੰਤਰੀ ਅਹੁਦਾ ਵਾਪਸ ਲੈ ਲਿਆ ਸੀ ਅਤੇ ਪੁਲਿਸ ਨੇ ਲਾਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ ਸੀ। ਇਸ ਦੇ ਚੱਲਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਗਗਨਦੀਪ ਸਿੰਘ ਰੰਧਾਵਾ ਦੇ ਘਰ ਪੁੱਜੇ ਅਤੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਦਾ ਹਾਲਚਾਲ ਜਾਣਿਆ। ਇਸ ਤੋਂ ਬਾਅਦ ਮਜੀਠੀਆ ਨੇ ਮੀਡੀਆ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦਾ ਧਿਆਨ ਰੱਖਣਾ ਸਾਡਾ ਹਰੇਕ ਦਾ ਫਰਜ਼ ਬਣਦਾ ਹੈ। ਮਜੀਠੀਆ ਨੇ ਕਿਹਾ ਕਿ ਗਗਨਦੀਪ ਦੇ ਪਰਿਵਾਰ ਦੀ ਪਹਿਲਾਂ ਵੀ ਤੇ ਅੱਜ ਵੀ ਇਕ ਹੀ ਮੰਗ ਹੈ ਕਿ ਖ਼ੁਦਕੁਸ਼ੀ ਮਾਮਲੇ ਦੀ ਸੀ.ਬੀ.ਆਈ. ਪਾਸੋਂ ਜਾਂਚ ਕਰਵਾਈ ਜਾਵੇ। ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਦੋਸ਼ੀ ਲਾਲਜੀਤ ਸਿੰਘ ਭੁੱਲਰ ਨੂੰ ਜੇਲ੍ਹ ਵਿਚ ਕਥਿਤ ਤੌਰ ’ਤੇ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।  

ਚੰਡੀਗੜ੍ਹ : ਪੰਜਾਬ ਦੇ ਆੜ੍ਹਤੀਆਂ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨਾਲ ਮੀਟਿੰਗ ਤੋਂ ਬਾਅਦ ਹਫ਼ਤੇ ਤੋਂ ਚੱਲ ਰਹੀ ਹੜਤਾਲ ਵਾਪਸ ਲੈ ਲਈ ਹੈ। ਹੜਤਾਲ ਵਾਪਸ ਹੋਣ ਨਾਲ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਨਿਰਵਿਘਨ ਖਰੀਦ ਮੁੜ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਸ. ਖੁੱਡੀਆਂ ਅਤੇ ਸ੍ਰੀ ਗੋਇਲ ਨੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਦੇ ਵਫ਼ਦ ਨਾਲ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ। ਸਰਕਾਰ ਵੱਲੋਂ ਆੜ੍ਹਤੀਆਂ ਦੇ ਜਾਇਜ਼ ਮਸਲਿਆਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਹੱਲ ਕਰਨ ਦੇ ਭਰੋਸੇ ਤੋਂ ਬਾਅਦ ਫੈਡਰੇਸ਼ਨ ਨੇ ਹੜਤਾਲ ਤੁਰੰਤ ਵਾਪਸ ਲੈਣ ਦਾ ਐਲਾਨ ਕੀਤਾ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਮੌਸਮ ਦੀ ਖਰਾਬੀ ਨੇ ਸਾਡੇ ਕਿਸਾਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਸਰਕਾਰ ਹੋਵੇ ਜਾਂ ਆੜ੍ਹਤੀਏ ਜਾਂ ਕੋਈ ਹੋਰ ਭਾਈਵਾਲ, ਅਸੀਂ ਸਾਰੇ ਕਿਸਾਨਾਂ ਕਰਕੇ ਹੀ ਵਸਦੇ ਹਾਂ। ਕੁਦਰਤੀ ਆਫ਼ਤਾਂ ਨਾਲ ਕੋਈ ਵੀ ਇਕੱਲਿਆਂ ਨਹੀਂ ਨਜਿੱਠ ਸਕਦਾ, ਇਸ ਲਈ ਅਜਿਹੇ ਸਮੇਂ ਸਾਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ।”
ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਅੱਗੇ ਕਿਹਾ, “ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਹਮੇਸ਼ਾ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਵੱਡੀ ਰਸਮੀ ਮੀਟਿੰਗ ਕਰੀਏ। ਛੋਟੀ ਪਰ ਸੁਹਿਰਦ ਗੱਲਬਾਤ ਵੀ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ। ਜੇਕਰ ਕਿਸੇ ਆੜ੍ਹਤੀਏ ਜਾਂ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਨੂੰ ਦੱਸੋ। ਅਸੀਂ ਇਕੱਠੇ ਬੈਠ ਕੇ ਹੱਲ ਲੱਭਾਂਗੇ।”
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਦਾ ਸਵਾਗਤ ਕਰਦਿਆਂ ਵਿਜੇ ਕਾਲੜਾ ਨੇ ਕਿਹਾ ਕਿ ਅਸੀਂ ਇੱਕ ਪਰਿਵਾਰ ਹਾਂ। ਪਰਿਵਾਰ ਵਿੱਚ ਗੱਲਬਾਤ ਰਾਹੀਂ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਕਿਸਾਨ ਸਾਡੀ ਪ੍ਰਮੁੱਖ ਤਰਜੀਹ ਹਨ ਤੇ ਹਮੇਸ਼ਾ ਰਹਿਣਗੇ।

ਅਧਿਕਾਰੀਆਂ ਨੂੰ ਕਣਕ ਦੀ ਸੁਚਾਰੂ, ਪਾਰਦਰਸ਼ੀ ਅਤੇ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਸ. ਖੁੱਡੀਆਂ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਵਚਨਬੱਧਤਾ ਦੁਹਰਾਈ ਅਤੇ ਆੜ੍ਹਤੀਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਬੁੱਧਵਾਰ ਨੂੰ ਉਮੀਦ ਅਨੁਸਾਰ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਫੈਸਲਾ ਅਮਰੀਕਾ-ਇਜ਼ਰਾਈਲ ਦੀ ਇਰਾਨ ਵਿਰੁੱਧ ਛੇ ਹਫਤਿਆਂ ਦੀ ਲੜਾਈ ਤੋਂ ਬਾਅਦ ਹੋਈ ਜੰਗਬੰਦੀ ਅਤੇ ਦੁਨੀਆ ਭਰ ਦੇ ਹਾਲਾਤ ਸੁਧਰਨ ਦੀ ਉਮੀਦ ਨੂੰ ਦੇਖਦੇ ਹੋਏ ਲਿਆ ਗਿਆ ਹੈ। ਪਿਛਲੇ ਮਹੀਨੇ ਸਰਕਾਰ ਵੱਲੋਂ ਆਰਬੀਆਈ ਲਈ ਮਹਿੰਗਾਈ ਦਾ ਨਵਾਂ ਟੀਚਾ ਐਲਾਨੇ ਜਾਣ ਤੋਂ ਬਾਅਦ ਇਹ ਪਹਿਲੀ ਮੁਦਰਾ ਨੀਤੀ ਸਮੀਖਿਆ ਹੈ। ਸਰਕਾਰ ਨੇ ਆਰਬੀਆਈ ਨੂੰ ਮਾਰਚ 2031 ਤੱਕ ਅਗਲੇ ਪੰਜ ਸਾਲਾਂ ਲਈ ਪ੍ਰਚੂਨ ਮਹਿੰਗਾਈ ਨੂੰ 4 ਫੀਸਦੀ ’ਤੇ ਰੱਖਣ ਲਈ ਕਿਹਾ ਹੈ। ਵਿਆਜ ਦਰਾਂ ਵਿੱਚ ਕਟੌਤੀ ਨਾ ਕਰਨ ਦਾ ਇਹ ਫੈਸਲਾ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਕਾਰਨ ਲਿਆ ਗਿਆ ਹੈ, ਜੋ ਫਰਵਰੀ ਵਿੱਚ 3.21 ਫੀਸਦੀ ਰਹੀ ਸੀ ਅਤੇ ਆਰਬੀਆਈ ਦੇ 4 ਫੀਸਦੀ ਦੇ ਤੈਅ ਕੀਤੇ ਹੋਏ ਟੀਚੇ ਦੇ ਨੇੜੇ ਪਹੁੰਚ ਗਈ ਸੀ।

ਚੰਡੀਗੜ੍ਹ : ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ’ਚ ਪੈਂਦੇ ਪਿੰਡ ਫਿੱਡੇ ਕਲਾਂ ਵਿਖੇ ਕਰਵਾਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 170 ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਸਰਟੀਫੀਕੇਟ ਸੌਂਪੇ। ਇਹ ਸਕੀਮ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਾਇਦਾਦ ਮਾਲਕੀ ਅਧਿਕਾਰ ਪ੍ਰਦਾਨ ਕਰਨ ਦੇ ਮੱਦੇਨਜ਼ਰ ਚਲਾਈ ਜਾ ਰਹੀ ਹੈ।

ਹੁਣ ਤੋਂ ਪਹਿਲੋਂ, ਇਲਾਕੇ ਦੇ ਬਹੁਤੇ ਲੋਕ ਆਪਣੇ ਘਰਾਂ ਵਿੱਚ ਰਹਿਣ ਦੇ ਬਾਵਜੂਦ ਕਾਨੂੰਨੀ ਦਸਤਾਵੇਜ਼ਾਂ ਜਾਂ ਮਾਲਕੀ ਅਧਿਕਾਰਾਂ ਤੋਂ ਵਾਂਝੇ ਸਨ। ਜਿਸ ਕਾਰਨ ਉਨ੍ਹਾਂ ਨੂੰ ਬੈਂਕ ਕਰਜ਼ਾ ਲੈਣ ਜਾਂ ਘਰ ਦੀ ਖ਼ਰੀਦ-ਫ਼ਰੋਖ਼ਤ ਕਰਨ ਸਮੇਂ ਕਈ ਕਿਸਮ ਦੀਆਂ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਕੀਮ ਰਾਹੀਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਨਾ ਸਿਰਫ਼ ਆਪਣੇ ਘਰਾਂ ਦੇ ਮੁਕੰਮਲ ਕਾਨੂੰਨੀ ਅਧਿਕਾਰ ਮਿਲਣਗੇ ਸਗੋਂ ਉਨ੍ਹਾਂ ਦੇ ਜੀਵਨ ਵਿੱਚ ਸੁਰੱਖਿਆ ਅਤੇ ਸਥਿਰਤਾ ਵੀ ਆਵੇਗੀ।

ਕੋਟਕਪੂਰਾ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਸਾਡਾ ਅਧੂਰਾ ਸੁਪਨਾ ਪੂਰਾ ਕੀਤਾ ਹੈ। ਸਪੀਕਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤਾਂ ਜੋ ਉਹ ਆਪਣੀ ਜ਼ਿੰਦਗੀ ਬੜੇ ਮਾਣ -ਸਤਿਕਾਰ ਨਾਲ ਬਸਰ ਕਰ ਸਕਣ।

ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਤਿੱਖਾ ਜਵਾਬ
ਅੰਮਿ੍ਰਤਸਰ/ਬਿਊਰੋ ਨਿਊਜ਼  
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਫੈਸਲੇ ਨੂੰ ਇਕ ਸਾਜਿਸ਼ ਦੱਸਿਆ ਸੀ। ਇਸਦੇ ਚੱਲਦਿਆਂ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੀ ਇਸ ਗੱਲ ਨੂੰ ਚੁਣੌਤੀ ਦਿੱਤੀ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਆ ਕੇ ਕਹਿਣ ਅਤੇ ਸੰਗਤ ਦੇ ਸਾਹਮਣੇ ਸਾਬਤ ਕਰ ਦੇਣ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਵਾਸਤੇ ਤਿਆਰ ਹਨ। ਗਿਆਨੀ ਰਘਬੀਰ ਸਿੰਘ ਨੇ ਇਹ ਪ੍ਰਤੀਕਰਮ ਇੱਕ ਵੀਡੀਓ ਸੁਨੇਹੇ ਰਾਹੀਂ ਜਾਰੀ ਕੀਤਾ। ਹਾਲ ਹੀ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ ਸੀ। ਇਸ ਸਬੰਧੀ ਲਾਏ ਗਏ ਇਲਜ਼ਾਮ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਜਥੇਦਾਰ ਨੇ ਆਖਿਆ ਕਿ 2 ਦਸੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸੰਗਤ ਦੀ ਹਾਜ਼ਰੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖਾਹ ਨੂੰ ਸਾਜਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆ ਪਰੰਪਰਾਵਾਂ ਅਤੇ ਮਰਿਆਦਾ ਦੀ ਘੋਰ ਉਲੰਘਣਾ ਹੈ।

ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਆਪਣੀ ਨਵੀਂ ਪਾਰਟੀ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਦਾ ਏਜੰਡਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ ਅਤੇ  ਸਾਡਾ ਮੁੱਖ ਮੁੱਦਾ ਕਿਸਾਨੀ ਹੀ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦਿੱਤੀ ਜਾਵੇਗੀ ਅਤੇ ਸਰਕਾਰੀ ਦੇਖ ਰੇਖ ਹੇਠ ਅਫੀਮ ਦੀ ਖੇਤੀ ਹੋਵੇਗੀ। ਡਾ. ਨਵਜੋਤ ਕੌਰ ਸਿੱਧੂ ਨੇ ਵੱਡੀਆਂ ਸਿਆਸੀ ਪਾਰਟੀਆਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਵੱਡੀਆਂ ਪਾਰਟੀਆਂ ਵਿਚ ਚੋਣ ਲੜਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਪਰ ਮੈਂ ਕਿਉਂ ਪੈਸੇ ਦਿਆਂਗੀ, ਮੈਂ ਆਪਣੇ ਪੈਸੇ ਨੂੰ ਹੋਰ ਉਦੇਸ਼ਾਂ ਲਈ ਵਰਤਣਾ ਪਸੰਦ ਕਰਾਂਗੀ। ਉਨ੍ਹਾਂ ਕਿਹਾ ਕਿ ਮੈਨੂੰ ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ, ਜੋ ਮੇਰਾ ਸਮਰਥਨ ਕਰਨ ਲਈ ਤਿਆਰ ਹਨ। ਧਿਆਨ ਰਹੇ ਕਿ ਡਾ. ਨਵਜੋਤ ਕੌਰ ਸਿੱਧੂ ਨੇ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਬਣਾਈ ਹੈ।  

ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ  ਅੱਜ ਹੁਸ਼ਿਆਰਪੁਰ ਵਿੱਚ 516 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸ਼ਾਮ ਚੌਰਾਸੀ ਵਿਧਾਨ ਸਭਾ ਹਲਕੇ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ‘ਤੇ ਵਿਸਥਾਰ ਅਤੇ ਜ਼ਮੀਨੀ ਪੱਧਰ 'ਤੇ ਨਵੇਂ ਪ੍ਰੋਜੈਕਟ ਸ਼ਾਮਲ ਹਨ। ਰਾਜ ਪੱਧਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੋ ਸਾਲਾਂ ਦੇ ਅੰਦਰ ਪੂਰਾ ਹੋ ਜਾਵੇਗਾ, ਜਿੱਥੇ ਸਾਲਾਨਾ 100 ਐਮਬੀਬੀਐਸ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓਪੀਡੀ, ਐਮਆਰਆਈ, ਸੀਟੀ ਸਕੈਨ ਅਤੇ ਵਿਸ਼ੇਸ਼ ਵਿਭਾਗਾਂ ਸਮੇਤ ਉੱਨਤ ਸਹੂਲਤਾਂ ਨਾਲ ਲੈਸ 300 ਬਿਸਤਰਿਆਂ ਵਾਲਾ ਹਸਪਤਾਲ ਵੀ ਬਣਾਇਆ ਜਾਵੇਗਾ।

ਜ਼ਮੀਨੀ ਪੱਧਰ 'ਤੇ ਸਿਹਤ ਸੰਭਾਲ ਨੂੰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਾਮ ਚੌਰਾਸੀ ਵਿੱਚ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ, ਜੋ ਆਧੁਨਿਕ ਆਪ੍ਰੇਸ਼ਨ ਥੀਏਟਰ, ਲੈਬ, ਐਕਸ-ਰੇ, ਟੀਕਾਕਰਨ ਅਤੇ ਜਣੇਪਾ ਸੰਭਾਲ ਸੇਵਾਵਾਂ ਨਾਲ ਲੈਸ ਹੈ, ਜਿਸ ਨਾਲ 40 ਤੋਂ ਵੱਧ ਪਿੰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਹਰ ਕੋਨੇ ਤੱਕ ਸਿਹਤ ਸੰਭਾਲ ਪਹੁੰਚ ਦੇ ਵਿਸਥਾਰ ਲਈ ਹਲਕੇ ਵਿੱਚ ਸੱਤ ਵਾਧੂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਦੇ ਨੇੜੇ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਆਖਰੀ ਪੱਧਰ ਤੱਕ ਸਿਹਤ ਸੰਭਾਲ ਪ੍ਰਦਾਨ ਕਰਨ ਨੂੰ ਮਜ਼ਬੂਤ ਕਰਦੇ ਹੋਏ ਉਨ੍ਹਾਂ ਨੇ ਹਲਕੇ ਵਿੱਚ ਸੱਤ ਹੋਰ ਹੈਲਥ ਤੇ ਵੈਲਨੈੱਸ ਕੇਂਦਰਾਂ ਦੇ ਨਾਲ-ਨਾਲ 40 ਤੋਂ ਵੱਧ ਪਿੰਡਾਂ ਨੂੰ ਲਾਭ ਪਹੁੰਚਾਉਣ ਲਈ 9.18 ਕਰੋੜ ਰੁਪਏ ਦੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 99 ਕਰੋੜ ਰੁਪਏ ਦੇ ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਸੜਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜੋ 105 ਕਿਲੋਮੀਟਰ ਲੰਬਾ ਕੋਰੀਡੋਰ ਹੈ, ਜੋ ਚੰਡੀਗੜ੍ਹ, ਪਠਾਨਕੋਟ ਅਤੇ ਜੰਮੂ-ਕਸ਼ਮੀਰ ਵਿਚਕਾਰ ਸੰਪਰਕ ਵਧਾਉਣ, ਜੰਮੂ ਅਤੇ ਦਿੱਲੀ ਵਿਚਕਾਰ ਯਾਤਰਾ ਦੇ ਸਮੇਂ ਨੂੰ ਘਟਾਉਣ ਅਤੇ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਅਤੇ ਮਾਤਾ ਜਵਾਲਾ ਜੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਸੁਚਾਰੂ ਪਹੁੰਚ ਦੀ ਸਹੂਲਤ ਪ੍ਰਦਾਨ ਕਰੇਗਾ।

ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਤੋਂ ਵੱਧ ਸਮੇਂ ਤੱਕ ਰਵਾਇਤੀ ਵਿਰੋਧੀ ਪਾਰਟੀਆਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਇਨ੍ਹਾਂ ਪਾਰਟੀਆਂ ਦੀਆਂ ਪਿਛਾਖੜੀ ਅਤੇ ਵੰਡਪਾਊ ਨੀਤੀਆਂ ਕਾਰਨ ਸੂਬਾ ਵਿਕਾਸ ਦੀ ਰਫ਼ਤਾਰ ਤੋਂ ਪਛੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਸੀ। ਹਾਲਾਂਕਿ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਦਾ ਸੰਪੂਰਨ ਵਿਕਾਸ ਯਕੀਨੀ ਬਣਾਇਆ ਗਿਆ ਹੈ ਅਤੇ ਪਹਿਲੀ ਵਾਰ ਸੂਬਾ ਸਰਕਾਰ ਨੇ ਇੰਨੇ ਘੱਟ ਸਮੇਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬੇ ਦੇ ਵਿਕਾਸ ਨੂੰ ਸਹੀ ਰਾਹ ਤੇ ਪਾਇਆ ਗਿਆ ਹੈ ਅਤੇ ਹੁਣ ਪੰਜਾਬ ਸਰਕਾਰ ਹਰ ਲੰਘੇ ਦਿਨ ਨਾਲ ਆਪਣੀ ਰਫ਼ਤਾਰ ਵਧਾ ਰਹੀ ਹੈ। ਸੂਬਾ ਸਰਕਾਰ ਨੇ 70 ਸਾਲਾਂ ਦੇ ਪਾੜੇ ਨੂੰ ਭਰ ਦਿੱਤਾ ਹੈ ਅਤੇ ਹੁਣ ਰੰਗਲਾ ਪੰਜਾਬ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ‘ਆਪ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਲਈ ਚੋਣ ਮਨੋਰਥ ਪੱਤਰ ਲਾਗੂ ਕੀਤਾ ਹੈ ਕਿਉਂਕਿ ਲੋਕਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।"

ਵੱਡੀਆਂ ਵਿਕਾਸ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ, “ਅੱਜ ਸ਼ਾਮ ਚੁਰਾਸੀ ਵਿਖੇ 385 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਜੋ ਇਸ ਖੇਤਰ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣਗੇ।” ਉਨ੍ਹਾਂ ਅੱਗੇ ਕਿਹਾ, “ਹੁਸ਼ਿਆਰਪੁਰ ਵਿਖੇ 268 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ 300 ਬਿਸਤਰਿਆਂ ਵਾਲਾ ਹਸਪਤਾਲ ਬਣੇਗਾ, ਜੋ ਆਮ ਲੋਕਾਂ ਲਈ ਵੱਡਾ ਤੋਹਫ਼ਾ ਹੋਵੇਗਾ। ਇਹ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸੂਬੇ ਨੂੰ ਡਾਕਟਰੀ ਸਿੱਖਿਆ ਦੇ ਕੇਂਦਰ ਵਜੋਂ ਉਭਾਰਨ ਵਿੱਚ ਬਹੁਤ ਮਦਦ ਕਰੇਗਾ।”

ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਵਿਰੋਧੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਈਰਖਾ ਕਰਦੀਆਂ ਹਨ। ਇਹ ਆਗੂ ਇਕ ਦੂਜੇ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ ਅਤੇ ਸੱਤਾ ਵਿੱਚ ਰਹਿੰਦਿਆਂ ਇਕ ਦੂਜੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਵਾਰੀ-ਵਾਰੀ ਰਾਜ ਕਰਨ ਦੀਆਂ ਖੇਡਾਂ ਖੇਡਦੇ ਸਨ ਪਰ ‘ਆਪ ਸਰਕਾਰ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕਰ ਕੇ ਇਸ ਖੇਡ ਨੂੰ ਬੰਦ ਕਰ ਦਿੱਤਾ, ਜਿਸ ਨਾਲ ਆਮ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਹਨ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਚੰਡੀਗੜ੍ਹ ਵਿੱਚ ਮੁੱਖ ਮੰਤਰੀਆਂ ਲਈ ਬਣੇ ਸਰਕਾਰੀ ਨਿਵਾਸ ਵਿੱਚ ਨਹੀਂ ਰਹੇ। ਇਸ ਦੀ ਬਜਾਏ ਇਹ ਆਗੂ ਆਪਣੇ ਹੀ ਮਹਿਲਾਂ ਵਰਗੇ ਘਰਾਂ ਵਿੱਚ ਰਹਿੰਦੇ ਸਨ, ਜੋ ਚੰਡੀਗੜ੍ਹ ਵਿੱਚ ਬਣਾਏ ਗਏ ਹਨ ਕਿਉਂਕਿ ਉਹ ਸਰਕਾਰੀ ਘਰਾਂ ਵਿੱਚ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਸਨ। ਅਕਾਲੀਆਂ ਨੂੰ ਸੂਬੇ ਵਿੱਚ ਸ਼ਾਸਨ ਕਰਨ ਦੇ ਪੰਜ ਮੌਕੇ ਮਿਲੇ ਪਰ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ਨੇ ਲੋਕਾਂ ਅਤੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ।"

ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਇਹੀ ਨਹੀਂ ਅਕਾਲੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਧਰਮ ਨੂੰ ਵਰਤ ਕੇ ਲੋਕਾਂ ਨਾਲ ਧੋਖਾ ਕੀਤਾ। ਸਰਵਉੱਚ ਤਖ਼ਤਾਂ ਦੇ ਜਥੇਦਾਰ ਅਕਾਲੀ ਆਗੂਆਂ ਦੀਆਂ ਜੇਬਾਂ ‘ਚੋਂ ਚੁਣੇ ਜਾਂਦੇ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਸੂਬੇ ਦਾ ਵੱਡਾ ਵਿਕਾਸ ਹੋਇਆ ਪਰ ਕੋਟਕਪੁਰਾ, ਬਹਿਬਲ ਕਲਾਂ ਅਤੇ ਹੋਰ ਥਾਵਾਂ 'ਤੇ ਉਹ ਅੱਖਾਂ ਮੀਟ ਲੈਂਦੇ ਹਨ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਕਸੂਰ ਮਾਰੇ ਗਏ।

ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੀ ਇਸ ਚਾਲ ਦਾ ਅਸਲ ਨਾਮ ਪਰਿਵਾਰ ਬਚਾਓ ਯਾਤਰਾ ਹੈ। ਉਨ੍ਹਾਂ ਕਿਹਾ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ? ਅਕਾਲੀ ਦਲ ਪੰਜਾਬੀਆਂ ਦੀ ਮਾਨਸਿਕਤਾ ਨੂੰ ਭਾਵਨਾਤਮਕ ਤੌਰ 'ਤੇ ਕੁਚਲਣ ਅਤੇ ਸੂਬੇ ਵਿੱਚ ਵੱਖ-ਵੱਖ ਮਾਫੀਆ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ ਸੂਬੇ ਦੀਆਂ ਕਈ ਪੀੜ੍ਹੀਆਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ। ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸੂਬੇ ਦੀਆਂ ਕਈ ਪੀੜ੍ਹੀਆਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਕੁਸ਼ਾਸਨ ਦੌਰਾਨ ਇਹ ਵਧਿਆ-ਫੁੱਲਿਆ।

ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੌਕਾਪ੍ਰਸਤ ਆਗੂ ਹਨ ਜੋ ਆਪਣੀ ਸੁੱਖ-ਸਹੂਲਤ ਅਤੇ ਨਿੱਜੀ ਰਾਜਨੀਤਿਕ ਹਿੱਤਾਂ ਅਨੁਸਾਰ ਗਿਰਗਿਟ ਵਾਂਗ ਆਪਣੇ ਰੰਗ ਅਤੇ ਸਟੈਂਡ ਬਦਲਦੇ ਹਨ। ਹਰ ਕੋਈ ਜਾਣਦਾ ਹੈ ਕਿ ਇਹ ਅਕਾਲੀਆਂ ਦਾ ਇੱਕ ਕੁਨਬਾ ਅੰਗਰੇਜ਼ਾਂ ਦੀ ਕਠਪੁਤਲੀ ਬਣ ਕੇ ਕੰਮ ਕਰਦਾ ਰਿਹਾ ਹੈ ਅਤੇ ਦੇਸ਼ ਲਈ ਲੜਨ ਵਾਲੇ ਦੇਸ਼ ਭਗਤਾਂ ਵਿਰੁੱਧ ਅੰਗਰੇਜ਼ਾਂ ਦਾ ਸਾਥ ਦੇਣ ਲਈ ਇਸ ਕੁਨਬੇ ਨੂੰ ਸਰ ਦੀ ਉਪਾਧੀ ਨਾਲ ਨਿਵਾਜ਼ਿਆ ਗਿਆ ਸੀ। ਅਕਾਲੀਆਂ ਨਾਲ ਸਬੰਧਤ ਇੱਕ ਪਰਿਵਾਰ ਨੇ ਹੀ 13 ਅਪ੍ਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਲਈ ਇਸ ਘਿਨਾਉਣੀ ਘਟਨਾ ਤੋਂ ਬਾਅਦ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ।

ਉਨ੍ਹਾਂ ਅੱਗੇ ਕਿਹਾ ਕਿ ਇਸ ਘਿਨਾਉਣੀ ਕਾਰਵਾਈ ਨੇ ਅਕਾਲੀਆਂ ਦੀ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਮਾਨਸਿਕਤਾ ਅਤੇ ਚਰਿੱਤਰ ਨੂੰ ਨੰਗਾ ਕਰ ਦਿੱਤਾ ਸੀ। ਇਸ ਕੁਨਬੇ ਨੇ ਅੰਗਰੇਜ਼ਾਂ ਵਿਰੁੱਧ ਡਟ ਕੇ ਖੜ੍ਹਨ ਵਾਲੇ ਲੱਖਾਂ ਆਜ਼ਾਦੀ ਘੁਲਾਟੀਆਂ ਨਾਲ ਧੋਖਾ ਕੀਤਾ। ਇੰਨਾ ਹੀ ਨਹੀਂ ਇਸ ਪਰਿਵਾਰ ਨੇ ਜਨਰਲ ਡਾਇਰ ਨੂੰ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਅਤੇ ਮੁਆਫ਼ੀ ਦਿੱਤੇ ਜਾਣ ਨੂੰ ਵੀ ਯਕੀਨੀ ਬਣਾਇਆ। ਇਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਥੇਦਾਰ ਅਰੂੜ ਸਿੰਘ, ਜਿਨ੍ਹਾਂ ਨੇ ਇਹ ਸਿਰੋਪਾ ਦਿੱਤਾ ਸੀ, ਉਹ ਸਾਬਕਾ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਤਿਹਾਸ ਨੂੰ ਮਿਟਾਇਆ ਨਹੀਂ ਜਾ ਸਕਦਾ ਅਤੇ ਬਾਦਲ ਦੇ ਪੁਰਖਿਆਂ ਦੇ ਸ਼ੱਕੀ ਕਿਰਦਾਰ ਇਤਿਹਾਸ ਦੇ ਪੰਨਿਆਂ 'ਤੇ ਉੱਕਰੇ ਹੋਏ ਹਨ। ਇਸ ਪਰਿਵਾਰ ਦੇ ਹੱਥ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਰਾਸ਼ਟਰਵਾਦੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਿੱਚ ਇਨ੍ਹਾਂ ਗੱਦਾਰਾਂ ਦੀ ਭੂਮਿਕਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੇਰੇ ਕੋਲ ਇਸ ਗੱਲ ਦੇ ਢੁਕਵੇਂ ਸਬੂਤ ਹਨ ਕਿ ਇਨ੍ਹਾਂ ਲੋਕਾਂ ਨੇ ਸੂਬੇ ਅਤੇ ਇਥੋਂ ਦੇ ਲੋਕਾਂ ਨੂੰ ਕਿਵੇਂ ਲੁੱਟਿਆ।

ਵਿਰੋਧੀ ਆਗੂਆਂ 'ਤੇ ਆਪਣੇ ਹਮਲੇ ਨੂੰ ਹੋਰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਜ਼ਮੀਨੀ ਹਕੀਕਤਾਂ ਤੋਂ ਬਿਲਕੁਲ ਅਣਜਾਣ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਐਸ਼ੋ-ਆਰਾਮ ਵਾਲੇ ਮਾਹੌਲ ਵਿੱਚ ਬਿਤਾਈ ਹੈ। ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਹ ਆਗੂ ਹਨ, ਜੋ ਕਾਨਵੈਂਟ ਸਕੂਲਾਂ ‘ਚ ਪੜ੍ਹੇ-ਲਿਖੇ ਅਤੇ ਸੂਬੇ ਦੀ ਮੂਲ ਭੂਗੋਲਿਕ ਸਥਿਤੀ ਤੋਂ ਪੂਰੀ ਤਰ੍ਹਾਂ ਅਣਜਾਣ ਹਨ, ਪਰ ਫਿਰ ਵੀ ਪੰਜਾਬ ਵਿੱਚ ਸੱਤਾ ਹਥਿਆਉਣਾ ਲੋਚਦੇ ਹਨ। ਜੇ ਆਪਾਂ ਇਹ ਸਭ ਕੁਝ ਛੱਡ ਕੇ ਸੂਬੇ ਦੀਆਂ ਆਮ ਫਸਲਾਂ ਦੀ ਗੱਲ ਵੀ ਕਰੀਏ ਤਾਂ ਉਪ ਮੁੱਖ ਮੰਤਰੀ ਉਨ੍ਹਾਂ ਵਿੱਚ ਵੀ ਫ਼ਰਕ ਨਹੀਂ ਦੱਸ ਸਕਦੇ ਕਿਉਂਕਿ ਉਨ੍ਹਾਂ ਨੂੰ ਸੂਬੇ ਦੇ ਆਮ ਮੁੱਦਿਆਂ ਬਾਰੇ ਵੀ ਘੱਟ ਹੀ ਜਾਣਕਾਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੰਜਾਬ ਨੂੰ ਧੋਖਾ ਦੇਣ ਦਾ ਸ਼ੱਕੀ ਰਿਕਾਰਡ ਹੈ, ਕਿਉਂਕਿ ਉਨ੍ਹਾਂ ਨੇ ਸੂਬੇ ਦੀ ਦੁਸ਼ਮਣ ਹਰ ਤਾਕਤ, ਭਾਵੇਂ ਉਹ ਮੁਗਲ ਹੋਵੇ, ਅੰਗਰੇਜ਼ ਹੋਵੇ ਜਾਂ ਹੁਣ ਭਾਜਪਾ, ਨਾਲ ਖੜ੍ਹੇ ਹੋ ਕੇ ਕੰਮ ਕੀਤਾ। ਜਦੋਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਪੂਰੇ ਕਾਰਜਕਾਲ ਦੌਰਾਨ ਆਪਣੇ ਮਹਿਲ ‘ਚੋਂ ਹੀ ਨਹੀਂ ਨਿਕਲੇ, ਉਨ੍ਹਾਂ ਨੇ ਮਸਾਂ ਸਿਰਫ਼ 10 ਕੁ ਵਾਰ ਸੂਬੇ ਦਾ ਦੌਰਾ ਕੀਤਾ। ਜਿਹੜੇ ਖੁਦ ਨੂੰ ਸੂਬੇ ਦੇ ਪਾਣੀਆਂ ਦਾ ਰਾਖਾ ਅਖਵਾਉਂਦੇ ਰਹੇ ਉਨ੍ਹਾਂ ਨੇ ਹੀ ਸੂਬੇ ਦੇ ਪਾਣੀਆਂ ਨੂੰ ਤਬਾਹ ਕਰ ਦਿੱਤਾ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਾਣੀ ਰਾਖੇ ਵਜੋਂ ਪੇਸ਼ ਕੀਤਾ, ਉਹ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇ ਸਕੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਉਹ ਸਿਉਂਕ ਹਨ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸੂਬੇ ਨੂੰ ਬਰਬਾਦ ਕਰ ਦਿੱਤਾ, ਜਿਸ ਕਰਕੇ ਪੰਜਾਬ ਤਰੱਕੀ ਦੇ ਰਾਹ ਵਿੱਚ ਪਛੜ ਗਿਆ। ਇਨ੍ਹਾਂ ਪਾਰਟੀਆਂ ਦੇ ਆਗੂ ਕਦੇ ਵੀ ਇੱਕ ਦੂਜੇ ਵਿਰੁੱਧ ਨਹੀਂ ਬੋਲਦੇ ਪਰ ਮੇਰੇ ਵਿਰੁੱਧ ਰੋਜ਼ਾਨਾ ਜ਼ਹਿਰ ਉਗਲਦੇ ਰਹਿੰਦੇ ਹਨ ਕਿਉਂਕਿ ਮੈਂ ਉਨ੍ਹਾਂ ਦਾ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਕੀਤਾ ਹੈ। ਇਹ ਉਹ ਗੱਦਾਰ ਹਨ ਜੋ ਕਦੇ ਵੀ ਸੂਬੇ ਅਤੇ ਇਸਦੇ ਲੋਕਾਂ ਪ੍ਰਤੀ ਵਫ਼ਾਦਾਰ ਨਹੀਂ ਰਹੇ।

ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਕਾਂਗਰਸ ਵਿੱਚ ਹਰੇਕ ਆਗੂ ਸੂਬੇ ਦਾ ਮੁਖੀ ਬਣਨਾ ਚਾਹੁੰਦਾ ਹੈ। ਕਾਂਗਰਸ ਕੋਲ ਚੋਣਾਂ ਵਿੱਚ ਕੰਮ ਕਰਨ ਲਈ ਪਾਰਟੀ ਵਰਕਰਾਂ ਨਾਲੋਂ ਵੱਧ ਤਾਂ ਮੁੱਖ ਮੰਤਰੀ ਹਨ। ਇਸ ਕਾਰਨ ਹਾਲ ਹੀ ਵਿੱਚ ਹੋਈ ਇੱਕ ਰੈਲੀ ਦੌਰਾਨ ਪਾਰਟੀ ਦੇ ਸਿਖ਼ਰਲੇ ਆਗੂ ਨੇ ਇਨ੍ਹਾਂ ਅਖੌਤੀ ਦਾਅਵੇਦਾਰਾਂ ਨੂੰ ਮੁੱਢੋਂ  ਨਜ਼ਰਅੰਦਾਜ਼ ਕੀਤਾ। ਕਾਂਗਰਸ ਪਾਟੋ-ਧਾੜੋ ਦਾ ਸ਼ਿਕਾਰ ਹੈ, ਜੋ ਅੰਦਰੂਨੀ ਖਿੱਚੋ-ਤਾਣ ਕਰਕੇ ਢਹਿ-ਢੇਰੀ ਹੋਣ ਕਿਨਾਰੇ ਹੈ। ’’

ਉਨ੍ਹਾਂ ਅੱਗੇ ਕਿਹਾ, ‘‘ਇਹ ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸੀਆਂ ਨੂੰ ਇਕਜੁੱਟ ਕਰਨ ਲਈ ਆਏ ਸਿਖ਼ਰਲੇ ਆਗੂ ਸਹੀ ਢੰਗ ਨਾਲ ਉਨ੍ਹਾਂ ਦੇ ਨਾਮ ਤੱਕ ਵੀ ਨਹੀਂ ਲੈਣਾ ਜਾਣਦੇ।  ਇਸ ਦੇ ਉਲਟ ਸਾਡੀ ਸਟੇਜ ਤੋਂ ਸਿੱਖਿਆ, ਸਿਹਤ, ਬਿਜਲੀ, ਖੇਤੀਬਾੜੀ ਅਤੇ ਹੋਰ ਖੇਤਰਾਂ ’ਤੇ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਦੂਜੀਆਂ ਪਾਰਟੀਆਂ ਦੀਆਂ ਸਟੇਜਾਂ ’ਤੇ ਸੱਤਾ ਹਥਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਮੌਕਾਪ੍ਰਸਤ ਆਗੂ ਬੜੇ ਹੈਰਾਨ ਹਨ ਕਿ ਲੋਕ ਉਨ੍ਹਾਂ ਨੂੰ ਕੋਈ ਜਵਾਬ ਕਿਉਂ ਨਹੀਂ ਦੇ ਰਹੇ ਅਤੇ ਉਨ੍ਹਾਂ ਦਾ ਏਜੰਡਾ ਲੋਕਾਂ ਦੀ ਬਜਾਏ ਆਪਣੇ ਪਰਿਵਾਰਾਂ ਦੀ ਭਲਾਈ ਤੱਕ ਮਹਿਦੂਦ ਹੈ।’’

ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀਆਂ ਤਰਜੀਹਾਂ ਹਵਾਲਾ ਦਿੰਦਿਆਂ ਕਿਹਾ, ‘‘ਕੋਈ ਵੀ ਮੁਫ਼ਤ ਜਾਂ ਰਿਆਇਤੀ ਕਾਰਡ ਸੂਬੇ ਵਿੱਚੋਂ ਗਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦੇ ,ਪਰ ਸਿੱਖਿਆ ਹੀ ਅਜਿਹਾ ਸੋਮਾ ਹੈ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਖੁਸ਼ਹਾਲੀ ਲਿਆ ਸਕਦਾ ਹੈ। ਸਿੱਖਿਆ ਉਹ ਚਾਨਣ ਹੈ ਜੋ ਹਨੇਰੇ ਨੂੰ ਦੂਰ ਕਰਕੇ ਦੁਨੀਆ ਨੂੰ ਰੌਸ਼ਨ ਕਰਦੀ ਹੈ ਅਤੇ ਸੂਬਾ ਸਰਕਾਰ ਇਸ ’ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਸਰਕਾਰ ਸਰਕਾਰੀ ਸਕੂਲਾਂ ਨੂੰ ਬਦਲਣ ਲਈ ਸਖ਼ਤ ਯਤਨ ਕਰ ਰਹੀ ਹੈ ਜਿਸ ਕਾਰਨ ਵਿਦਿਆਰਥੀ ਹਰ ਖੇਤਰ ਵਿੱਚ ਅੱਗੇ ਆ ਰਹੇ ਹਨ।’’

ਖੇਤੀਬਾੜੀ ਅਤੇ ਬਿਜਲੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈੱਲਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਕੀਤੀ ਗਈ ਹੈ। ਕਿਸਾਨਾਂ ਨੂੰ ਹੁਣ ਪਹਿਲੀ ਵਾਰ ਸਿੰਚਾਈ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੀ ਹੈ। ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਸਰਕਾਰੀ ਖਜ਼ਾਨੇ ਦੇ ਇੱਕ-ਇੱਕ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰ ਰਹੀ ਹੈ।’’

ਲੋਕ ਭਲਾਈ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਹੱਕਦਾਰ ਹੈ ਅਤੇ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪਹਿਲਾਂ ਹੀ ਸਿਹਤ ਕਾਰਡ ਮਿਲ ਚੁੱਕੇ ਹਨ। ਇਸ ਯੋਜਨਾ ਤਹਿਤ 1.65 ਲੱਖ ਲੋਕਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਾ ਹੈ ਅਤੇ ਮੈਂ ਲੋਕਾਂ ਨੂੰ ਇਨ੍ਹਾਂ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਾ ਹਾਂ।”’’

ਉਨ੍ਹਾਂ ਅੱਗੇ ਕਿਹਾ, “ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਅਤੇ ਇਹ ਲੋਕਾਂ ਦੀ ਭਲਾਈ ’ਤੇ ਖਰਚ ਕੀਤਾ ਜਾ ਰਿਹਾ ਹੈ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਆ ਰਿਹਾ ਹੈ। ਸੂਬਾ ਸਰਕਾਰ ਨੇ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ, ਭ੍ਰਿਸ਼ਟਾਚਾਰ ਤੋਂ ਬਿਨਾਂ 65000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ, ਬਿਹਤਰ ਸੜਕਾਂ,  ਟੋਲ ਪਲਾਜ਼ੇ ਬੰਦ ਹੋਣ ਨਾਲ ਰੋਜ਼ਾਨਾ 70 ਲੱਖ ਰੁਪਏ ਦੀ ਬੱਚਤ ਅਤੇ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਵਰਗੇ ਲੋਕਪੱਖੀ ਪ੍ਰੋਗਰਾਮ ਨੇ ਸੂਬੇ ਵਿੱਚ ਨਸ਼ਿਆਂ ਦਾ ਲੱਕ ਤੋੜਿਆ ਹੈ।”

ਹੋਰ ਯੋਜਨਾਵਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰ ਔਰਤ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ 1500 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਦੀ ਹੱਕਦਾਰ ਹੋਵੇਗੀ। ਫੰਡ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਅਤੇ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਵੀ ਇਸ ਸਕੀਮ ਲਈ ਯੋਗ ਹੋਣਗੀਆਂ। ਪੰਜਾਬ ਦੀਆਂ 97 ਫੀਸਦ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਸੂਬਾ ਸਰਕਾਰ ਨੇ ਬਜਟ ਵਿੱਚ 9300 ਕਰੋੜ ਰੁਪਏ ਅਲਾਟ ਕੀਤੇ ਹਨ।”

ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਵੀ ਮੌਜੂਦ ਸਨ।

ਚੰਡੀਗੜ੍ਹ, 8 ਅਪ੍ਰੈਲ 2026:

ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਇਲਾਜ ਬਾਰੇ ਸੋਚੋ, ਨਾ ਕਿ ਬਿੱਲ ਬਾਰੇ। ਸਰਕਾਰ ਤੁਹਾਡੇ ਇਲਾਜ ਦਾ ਖ਼ਰਚਾ ਚੁੱਕੇਗੀ। ਅਬੋਹਰ ਵਿੱਚ ਰਸ਼ਪ੍ਰੀਤ ਕੌਰ ਅਤੇ ਭਰਤ ਕੁਮਾਰ ਦੇ ਘਰ ਜੰਮੀ ਚਾਰ ਮਹੀਨੇ ਦੀ ਦਿਲਜੋਤ ਵਰਗੇ ਪਰਿਵਾਰਾਂ ਲਈ ਇਹ ਸ਼ਬਦ ਬਹੁਤ ਮਾਇਨੇ ਰੱਖਦੇ ਹਨ।

ਦਿਲਜੋਤ ਨੂੰ ਗੰਭੀਰ ਸੰਕਰਮਣ ਅਤੇ ਵੈਂਟ੍ਰਿਕਿਊਲਰ ਸੈਪਟਲ ਡਿਫੈਕਟ (ਦਿਲ ਵਿੱਚ ਛੇਦ) ਦੀ ਬੀਮਾਰੀ ਪਾਈ ਗਈ, ਜੋ ਜਨਮ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦੀ ਹੈ। ਉਸਦੇ ਮਾਪੇ ਉਸਨੂੰ ਇਲਾਜ ਲਈ ਬਠਿੰਡਾ ਲੈ ਗਏ, ਉਨ੍ਹਾਂ ਦਾ ਇੱਕੋ ਮਕਸਦ ਸੀ—ਉਸਦੀ ਜ਼ਿੰਦਗੀ ਬਚਾਉਣਾ। ਗੰਭੀਰ ਇਲਾਜ ਦਾ ਖਰਚਾ ਬਹੁਤ ਵੱਧ ਸੀ, ਪਰ ਮੁੱਖ ਮੰਤਰੀ ਸਿਹਤ ਯੋਜਨਾ ਉਨ੍ਹਾਂ ਲਈ ਵਰਦਾਨ ਬਣ ਕੇ ਆਈ। ਦਿਲਜੋਤ ਨੂੰ ਵਿਸ਼ੇਸ਼ ਚਿਕਿਤਸਕ ਦੇਖਭਾਲ ਮਿਲੀ, ਜਿਸ ਵਿੱਚ 24 ਘੰਟੇ ਨਿਗਰਾਨੀ ਸ਼ਾਮਲ ਸੀ, ਅਤੇ ਉਸਦੇ ਪਰਿਵਾਰ ਨੂੰ ਇੱਕ ਦਿਨ ਵੀ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਪਈ।

ਭਰਤ ਕੁਮਾਰ, ਜੋ ਅਬੋਹਰ ਵਿੱਚ ਇੱਕ ਛੋਟਾ ਸੈਲੂਨ ਚਲਾਉਂਦੇ ਹਨ, ਨੇ ਕਿਹਾ ਕਿ ਉਸਨੂੰ ਡਾਕਟਰਾਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਧੀ ਦੇ ਦਿਲ ਵਿੱਚ ਛੇਦ ਹੈ। ਉਨ੍ਹਾਂ ਦੀ ਬੱਚੀ ਦਾ ਇਲਾਜ ਦੋ ਵੱਖ-ਵੱਖ ਹਸਪਤਾਲਾਂ ਵਿੱਚ ਹੋਇਆ ਅਤੇ ਸਿਹਤ ਕਾਰਡ ਹੇਠ 2.77 ਲੱਖ ਰੁਪਏ ਦਾ ਸਾਰਾ ਖਰਚਾ ਕਵਰ ਹੋ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਕਿਸੇ ਵੀ ਪਰਿਵਾਰ ਨੂੰ ਸਿਹਤ ਅਤੇ ਆਰਥਿਕ ਮੁਸ਼ਕਲਾਂ ਵਿੱਚੋਂ ਕਿਸੇ ਇੱਕ ਦੀ ਚੋਣ ਨਾ ਕਰਨੀ ਪਵੇ। ਇਸ ਯੋਜਨਾ ਹੇਠ ਹਰ ਮਾਂ ਅਤੇ ਨਵਜਾਤ ਬੱਚੇ ਨੂੰ ਸਾਲਾਨਾ 10 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮਿਲ ਸਕਦਾ ਹੈ—ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਸੂਚੀਬੱਧ ਨਿੱਜੀ ਹਸਪਤਾਲ—ਅਤੇ ਇਹ ਸਹੂਲਤ ਬੱਚੇ ਦੇ ਜਨਮ ਦੇ ਪਹਿਲੇ ਘੰਟਿਆਂ ਤੋਂ ਹੀ ਉਪਲਬਧ ਹੁੰਦੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਪਿੰਡਾਂ ਵਿੱਚ ਪ੍ਰੋਗਰਾਮ ਚਲਾ ਰਹੇ ਹਾਂ ਤਾਂ ਜੋ ਪਰਿਵਾਰ ਸਮੇਂ 'ਤੇ ਜਾਂਚ ਕਰਵਾਉਣ ਅਤੇ ਇਲਾਜ ਵਿੱਚ ਦੇਰੀ ਨਾ ਕਰਨ। ਪਿਛਲੇ ਤਿੰਨ ਮਹੀਨਿਆਂ ਵਿੱਚ ਹੀ 6,000 ਤੋਂ ਵੱਧ ਨਵਜਾਤ ਬੱਚਿਆਂ ਦਾ ਇਲਾਜ ਇਸ ਯੋਜਨਾ ਹੇਠ ਕੀਤਾ ਗਿਆ ਹੈ, ਜੋ ਨਵਜੰਮੇ ਬੱਚਿਆਂ ਨੂੰ ਸਮੇਂ ਸਿਰ ਚਿਕਿਤਸਕ ਸੇਵਾ ਦੇਣ ਵਿੱਚ ਯੋਜਨਾ ਦੀ ਵਧ ਰਹੀ ਪਹੁੰਚ ਨੂੰ ਦਰਸਾਉਂਦਾ ਹੈ। ਇਹ ਯੋਜਨਾ ਜਨਮ ਦੇ ਸਮੇਂ ਘੱਟ ਵਜ਼ਨ, ਸਮੇਂ ਤੋਂ ਪਹਿਲਾਂ ਜਨਮ, ਸੰਕਰਮਣ ਅਤੇ ਹੋਰ ਨਵਜਾਤ ਜਟਿਲਤਾਵਾਂ ਦੇ ਇਲਾਜ ਵਿੱਚ ਮਦਦ ਕਰਦੀ ਹੈ ਅਤੇ ਮਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਤੋਂ ਬਾਅਦ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ।

ਦਿਲਜੋਤ ਦਾ ਕੇਸ ਇਕੱਲਾ ਨਹੀਂ ਹੈ। ਸਾਰੇ ਪੰਜਾਬ ਵਿੱਚ ਹੁਣ ਪਰਿਵਾਰ ਨਵਜਾਤ ਬੱਚਿਆਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਹੀ ਇਲਾਜ ਲਈ ਹਸਪਤਾਲ ਲੈ ਕੇ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਲਾਜ ਦਾ ਖਰਚਾ ਉਨ੍ਹਾਂ ਨੂੰ ਨਹੀਂ ਝੱਲਣਾ ਪਵੇਗਾ।

ਬਠਿੰਡਾ ਦੇ ਅੱਗਰਵਾਲ ਹਸਪਤਾਲ ਵਿੱਚ ਇੱਕ ਨਵਜਾਤ, ਜਿਸ ਨੂੰ ਗੰਭੀਰ ਪੀਲੀਆ ਅਤੇ ਸਾਂਹ ਲੈਣ ਵਿੱਚ ਦਿੱਕਤ ਸੀ, ਦਾ ਲਗਭਗ 1 ਲੱਖ ਰੁਪਏ ਦਾ ਇਲਾਜ ਪੂਰੀ ਤਰ੍ਹਾਂ ਇਸ ਯੋਜਨਾ ਹੇਠ ਕਵਰ ਕੀਤਾ ਗਿਆ।

ਪਟਿਆਲਾ ਦੇ ਗਢਾਇਆ ਪਿੰਡ ਦੇ ਮਨਕੀਰਤ ਸਿੰਘ ਨੂੰ ਜਨਮ ਤੋਂ ਕੁਝ ਦਿਨਾਂ ਬਾਅਦ ਪੀਲੀਆ ਅਤੇ ਸਾਂਹ ਦੀ ਸਮੱਸਿਆ ਲਈ ਇਲਾਜ ਦੀ ਲੋੜ ਪਈ। ਉਸਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਦਾ ਜਨਮ 25 ਮਾਰਚ ਨੂੰ ਹੋਇਆ ਸੀ ਅਤੇ ਉਸਨੂੰ ਕੁਝ ਸਮੱਸਿਆਵਾਂ ਸਨ। ਅਸੀਂ ਉਸਦੀ ਸਿਹਤ ਲਈ ਚਿੰਤਿਤ ਸੀ, ਪਰ ਇਸ ਤੋਂ ਵੱਧ ਚਿੰਤਾ ਸਾਨੂੰ ਖਰਚੇ ਦੀ ਸੀ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਜਨਾ ਦਾ  ਧੰਨਵਾਦ ਕਰਦੇ ਹਾਂ, ਜਿਸ ਤਹਿਤ ਸਾਡਾ ਸਾਰਾ ਖਰਚਾ ਕਵਰ ਹੋ ਗਿਆ।

ਫਰੀਦਕੋਟ ਦੇ ਕੋਟਕਪੂਰਾ ਦੀ ਬਿਮਲਾ ਰਾਣੀ ਨੇ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸਨੂੰ ਨਵਜਾਤ ਦੇਖਭਾਲ ਦੀ ਲੋੜ ਸੀ। ਪਰਿਵਾਰ ਦੇ ਇੱਕ ਮੈਂਬਰ ਮੁਤਾਬਕ ਉਸਦਾ ਅਠਾਰਾਂ ਦਿਨਾਂ ਦਾ ਬੱਚਾ ਹੁਣ ਸੁਰੱਖਿਅਤ ਤਰੀਕੇ ਨਾਲ ਇਸ ਯੋਜਨਾ ਹੇਠ ਇਲਾਜ ਲੈ ਰਿਹਾ ਹੈ।

ਇਹ ਮਾਮਲੇ ਇਸ ਯੋਜਨਾ ਪ੍ਰਤੀ ਲੋਕਾਂ ਦੇ ਹਾਂ-ਪੱਖੀ ਹੁੰਗਾਰੇ ਨੂੰ ਦਰਸਾਉਂਦੇ ਹਨ। ਯੋਜਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਹੀ ਪੰਜਾਬ ਭਰ ਵਿੱਚ ਵੱਧ ਤੋਂ ਵੱਧ ਪਰਿਵਾਰ ਮਾਂਵਾਂ ਅਤੇ ਨਵਜੰਮੇ ਬੱਚਿਆਂ ਨੂੰ ਪਹਿਲੇ 72 ਘੰਟਿਆਂ ਵਿੱਚ ਹੀ ਹਸਪਤਾਲ ਲੈ ਕੇ ਆ ਰਹੇ ਹਨ, ਜਿਸ ਨਾਲ ਸਿਹਤ ਨਤੀਜੇ ਬਿਹਤਰ ਹੋ ਰਹੇ ਹਨ ਅਤੇ ਦੇਰੀ ਹੋਣ ਕਰਕੇ ਵਧਣ ਵਾਲੀਆਂ ਜਟਿਲਤਾਵਾਂ ਘੱਟ ਰਹੀਆਂ ਹਨ।

ਪੰਜਾਬ ਸਰਕਾਰ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੀ ਹੈ ਕਿ ਉਹ ਨਿਰਧਾਰਤ ਕੇਂਦਰਾਂ ਅਤੇ ਜ਼ਮੀਨੀ ਪੱਧਰ ਦੇ ਕੈਂਪਾਂ ਰਾਹੀਂ ਸਿਹਤ ਕਾਰਡ ਲਈ ਰਜਿਸਟਰ ਕਰਵਾਉਣ ਤਾਂ ਜੋ ਉਹ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਨਕਦੀ ਰਹਿਤ ਇਲਾਜ ਦਾ ਲਾਭ ਲੈ ਸਕਣ।

ਚੰਡੀਗੜ੍ਹ :  ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਹਾਲ ਹੀ ਵਿੱਚ ਖਰਾਬ ਮੌਸਮ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਰਾਜ ਦੇ ਸੱਤ ਜ਼ਿਲ੍ਹਿਆਂ ਦੇ ਪ੍ਰਭਾਵਿਤ ਖੇਤਰਾਂ ਵਿੱਚ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ।

ਇਸ ਸਬੰਧੀ ਵੇਰਵੇ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਕਾਰਜ ‘ਚ ਲਗਾਏ ਗਏ ਇਨ੍ਹਾਂ ਮੁਲਾਜ਼ਮਾਂ ਵਿੱਚ ਗਰੁੱਪ-ਏ ਦੇ 145 ਅਫ਼ਸਰ ਵੀ ਸ਼ਾਮਲ ਹਨ, ਜੋ ਪ੍ਰਭਾਵਿਤ ਜ਼ਿਲ੍ਹਿਆਂ-ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਮੋਗਾ ਵਿੱਚ ਮੁਲਾਂਕਣ ਕਾਰਜਾਂ ਦੀ ਵਿਸ਼ੇਸ਼ ਤੌਰ 'ਤੇ ਨਿਗਰਾਨੀ ਕਰ ਰਹੇ ਹਨ। ਇਨ੍ਹਾਂ ਟੀਮਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ'ਵਿਸ਼ੇਸ਼ ਗਿਰਦਾਵਰੀ' (ਫਸਲਾਂ ਦੇ ਨੁਕਸਾਨ ਦਾ ਮੁਲਾਂਕਣ) ਦੇ ਕੀਤੇ ਗਏ ਐਲਾਨ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਮਾਲ ਵਿਭਾਗ ਨਾਲ ਤਾਲਮੇਲ ਜ਼ਰੀਏ ਕੰਮ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

ਇਹ ਕਦਮ ਮੁੱਖ ਮੰਤਰੀ ਵੱਲੋਂ ਖਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਬਾਰੇ ਕੀਤੇ ਗਏ ਐਲਾਨ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ, ਜੋ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਸੂਬਾ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਾ ਹੈ।
ਕੁਦਰਤੀ ਆਫ਼ਤ ਦੇ ਪ੍ਰਭਾਵ ਬਾਰੇ ਦਸਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਪਏ ਮੀਂਹ ਅਤੇ ਗੜੇਮਾਰੀ ਕਾਰਨ ਸੱਤ ਜ਼ਿਲ੍ਹਿਆਂ ਵਿੱਚ 1.25 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

ਸ. ਖੁੱਡੀਆਂ ਨੇ ਕਿਹਾ,"ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈI”

ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਨਿਰਧਾਰਤ ਨਿਯਮਾਂ ਅਨੁਸਾਰ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰਾਂ ਵੱਲੋਂ ਅੰਤਿਮ ਰਿਪੋਰਟਾਂ ਸੌਂਪਣ ਤੋਂ ਬਾਅਦ ਹਰੇਕ ਪ੍ਰਭਾਵਿਤ ਕਿਸਾਨ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਖੇਤੀਬਾੜੀ ਮੰਤਰੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪ੍ਰਭਾਵਿਤ ਖੇਤਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਭਾਗ ਮੁਲਾਂਕਣ ਨੂੰ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਨੂੰ ਕਿਸਾਨ ਭਾਈਚਾਰੇ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਫ਼ਸਲਾਂ ਨੂੰ ਬਚਾਉਣ ਲਈ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ।

ਮੰਡੀ ਗੋਬਿੰਦਗੜ੍ਹ, 8 ਅਪ੍ਰੈਲ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਕਈ ਜਾਗਰੂਕਤਾ ਕੇਂਦ੍ਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਸਮਾਜ ਵਿੱਚ ਸਿਹਤ ਅਤੇ ਭਲਾਈ ਦੇ ਮਹੱਤਵ ਨੂੰ ਮਜ਼ਬੂਤ ਕੀਤਾ ਗਿਆ। ਇਹ ਦਿਨ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਸਥਾ ਦੀ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਵਿਸ਼ਵ ਪੱਧਰੀ ਸਿਹਤ ਸੰਬੰਧੀ ਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਇਹ ਪ੍ਰੋਗਰਾਮ ਨਰਸਿੰਗ, ਡੈਂਟਲ ਅਤੇ ਫਾਰਮੇਸੀ ਵਿਭਾਗਾਂ ਵੱਲੋਂ ਸੰਸਥਾ ਦੇ ਇਨੋਵੇਸ਼ਨ ਕੌਂਸਲ (IIC) ਅਤੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (IQAC) ਦੇ ਸਹਿਯੋਗ ਨਾਲ “ਸਿਹਤ ਲਈ ਇਕੱਠੇ: ਵਿਗਿਆਨ ਦੇ ਨਾਲ ਖੜ੍ਹੋ” ਥੀਮ ਹੇਠ ਆਯੋਜਿਤ ਕੀਤਾ ਗਿਆ। ਵਿਦਿਆਰਥੀ ਕਲੱਬਾਂ ਜਿਵੇਂ ਕਿ ਪਲੇਸਬੋ ਕਲੱਬ, ਡੈਂਟਿਸਟਰੀ ਕਲੱਬ ਅਤੇ ਕਮਿਊਨਿਟੀ ਕਲੱਬ ਨੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਮੌਕੇ ‘ਤੇ ਈ-ਪੋਸਟਰ ਪ੍ਰਜ਼ੈਂਟੇਸ਼ਨ ਮੁਕਾਬਲਾ, ਮਾਡਲ ਪ੍ਰਦਰਸ਼ਨੀ, ਸਿਹਤ ਜਾਗਰੂਕਤਾ ਮੁਹਿੰਮਾਂ, ਕਇਜ਼ ਮੁਕਾਬਲੇ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਉਤਸ਼ਾਹਪੂਰਵਕ ਭਾਗੀਦਾਰੀ ਵੇਖੀ ਗਈ।

ਕੈਂਪਸ ਤੋਂ ਬਾਹਰ ਵੀ ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਬੀ.ਐਸਸੀ. ਨਰਸਿੰਗ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਸਿਵਲ ਹਸਪਤਾਲ ਖੰਨਾ ਅਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ। ਉਨ੍ਹਾਂ ਨੇ ਜਾਣਕਾਰੀਭਰਪੂਰ ਭਾਸ਼ਣਾਂ ਅਤੇ ਸਕਿੱਟਾਂ ਰਾਹੀਂ ਲੋਕਾਂ ਨੂੰ ਜ਼ਰੂਰੀ ਸਿਹਤ ਆਦਤਾਂ ਬਾਰੇ ਸਿੱਖਿਆ ਦਿੱਤੀ।
ਡਾ. ਜੋਰਾ ਸਿੰਘ ਚਾਂਸਲਰ, ਤਜਿੰਦਰ ਕੌਰ ਪ੍ਰੋ-ਚਾਂਸਲਰ ਅਤੇ ਡਾ. ਹਰਸ਼ ਸਦਾਵਰਤੀ ਵਾਈਸ ਚਾਂਸਲਰ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਵਿਭਾਗਾਂ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਉਣ ਦੀ ਪ੍ਰਸ਼ੰਸਾ ਕੀਤੀ।
ਇਸ ਪ੍ਰੋਗਰਾਮ ਦੀ ਸਮਾਪਤੀ ਜੇਤੂਆਂ ਨੂੰ ਸਨਮਾਨਿਤ ਕਰਨ ਨਾਲ ਹੋਇਆ, ਜਿਸ ਨਾਲ ਇਹ ਸਮਾਰੋਹ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਬਣ ਗਿਆ।

ਪੰਜਾਬ ਦਾ ਮਾਣ: *
 
•*ਇੰਸਟੀਚਿਊਟ ਦੇ ਇੱਕ ਹੋਰ ਕੈਡਿਟ ਨੇ ਪੰਜਵੀਂ ਵਾਰ ਹਾਸਲ ਕੀਤਾ ਆਲ-ਇੰਡੀਆ ਟਾਪ ਰੈਂਕ*

*•ਚੌਥਾ ਆਲ ਇੰਡੀਆ ਰੈਂਕ ਹਾਸਲ ਕਰਨ ਵਾਲਾ ਰੋਪੜ ਦਾ ਸੁਖਰਾਜ ਸਿੰਘ ਹੀਰਾ ਜਾਵੇਗਾ ਇੰਡੀਅਨ ਮਿਲਟਰੀ ਅਕੈਡਮੀ*

*•ਜਸਨੂਰ ਅਤੇ ਸੁਖਰਾਜ ਦੀ ਪ੍ਰਾਪਤੀ ’ਤੇ ਪੰਜਾਬ ਨੂੰ ਮਾਣ : ਅਮਨ ਅਰੋੜਾ*

ਚੰਡੀਗੜ੍ਹ, 7 ਅਪ੍ਰੈਲ:


ਰੱਖਿਆ ਬਲਾਂ ਲਈ ਤਿਆਰੀ ਸਬੰਧੀ ਸਿੱਖਿਆ ਵਿੱਚ ਪੰਜਾਬ ਦੇ ਵਧਦੇ ਦਬਦਬੇ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਇੱਕ ਵਾਰ ਫਿਰ ਕੌਮੀ ਪੱਧਰ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਇੰਸਟੀਚਿਊਟ ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਏਅਰ ਫੋਰਸ ਸੂਚੀ ਵਿੱਚ ਆਲ ਇੰਡੀਆ ਰੈਂਕ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ।

ਪਠਾਨਕੋਟ ਦੇ ਇੱਕ ਕਾਰੋਬਾਰੀ ਦਾ ਪੁੱਤਰ, ਜਸਨੂਰ ਸਿੰਘ ਹੁਣ ਪ੍ਰੀ-ਫਲਾਇੰਗ ਸਿਖਲਾਈ ਕੋਰਸ ਲਈ ਹੈਦਰਾਬਾਦ ਵਿੱਚ ਏਅਰ ਫੋਰਸ ਅਕੈਡਮੀ ਜਾਵੇਗਾ। ਜਸਨੂਰ ਦੀ ਇਸ ਪ੍ਰਾਪਤੀ ਨਾਲ ਸੰਸਥਾ ਨੇ ਦੇਸ਼ ਭਰ ਵਿੱਚ ਪੰਜਵੀਂ ਵਾਰ ਸਿਖਰਲਾ ਰੈਂਕ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਸੰਸਥਾ ਦਾ ਇਹ ਤੀਜਾ ਸਨਮਾਨ ਹੈ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਪਨੇ ਸਾਕਾਰ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਦਾ ਪ੍ਰਤੱਖ ਪ੍ਰਮਾਣ ਹੈ।

ਇਸ ਤੋਂ ਇਲਾਵਾ ਰੋਪੜ ਤੋਂ  ਕੈਡਿਟ ਸੁਖਰਾਜ ਸਿੰਘ ਹੀਰਾ ਨੇ ਚੌਥਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ ਅਤੇ ਸੁਖਰਾਜ ਹੁਣ ਜੂਨ 2026 ਵਿੱਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਦੇਹਰਾਦੂਨ ਵਿੱਚ ਸ਼ਾਮਲ ਹੋਵੇਗਾ।

ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਦੋਵਾਂ ਕੈਡਿਟਾਂ ਨੂੰ ਦਿਲੋਂ ਵਧਾਈਆਂ ਦਿੰਦੇ ਹੋਏ ਕਿਹਾ, ‘‘ਇਹ ਭਾਰਤ ਦੇ ਰੱਖਿਆ ਬਲਾਂ ਦੇ ਭਵਿੱਖੀ ਅਧਿਕਾਰੀ ਬਣਨ ਲਈ ਉਨ੍ਹਾਂ ਦੇ ਸਫ਼ਰ ਦਾ ਆਗਾਜ਼ ਹੈ। ਮੈਂ ਉਨ੍ਹਾਂ ਨੂੰ ਪੂਰੇ ਸਮਰਪਣ ਅਤੇ ਸੰਜੀਦਗੀ ਨਾਲ ਆਪਣੀ ਸਿਖਲਾਈ ਪੂਰੀ ਕਰਨ ਲਈ ਸ਼ੁਭਇੱਛਾਵਾਂ ਦਿੰਦਾ ਹਾਂ। ਪੰਜਾਬ ਨੂੰ ਇਨ੍ਹਾਂ ਹੋਣਹਾਰ ਨੌਜਵਾਨਾਂ ਦੀ ਪ੍ਰਾਪਤੀ ’ਤੇ ਸੱਚਮੁੱਚ ਮਾਣ ਹੈ।’’

ਇੰਸਟੀਟਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਕੈਡਿਟ ਜਸਨੂਰ ਅਤੇ ਸੁਖਰਾਜ ਨੂੰ ਸੰਸਥਾ  ਅਤੇ ਪੰਜਾਬ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ ਅਤੇ ਕਿਹਾ,‘‘ਅਸੀਂ ਐਨਡੀਏ-156 ਕੋਰਸ ਦੀ ਮੈਰਿਟ ਸੂਚੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਜਿਸ ਤੋਂ ਸਾਨੂੰ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।"

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.