Friday, 17 April 2026

ਚੰਡੀਗੜ੍ਹ, 7 ਅਪ੍ਰੈਲ : ਸੂਬੇ ਵਿੱਚ ਰੁਜ਼ਗਾਰ ਉਤਪਤੀ ਅਤੇ ਪ੍ਰਸ਼ਾਸਕੀ ਕੁਸ਼ਲਤਾ ਨੂੰ ਵੱਡਾ ਹੁਲਾਰਾ ਦਿੰਦਿਆਂ, ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਯੋਜਨਾਬੰਦੀ ਵਿਭਾਗ ਵਿੱਚ 70 ਅਸਾਮੀਆਂ ਲਈ ਸਿੱਧੀ ਭਰਤੀ ਪ੍ਰਕਿਰਿਆ ਨੂੰ ਰਸਮੀ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਭਾਗੀ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਭਾਰਤੀ ਕਰ ਰਹੀ ਹੈ। ਉਨ੍ਹਾਂ ਦੱਸਿਆ, "ਦੋ ਪ੍ਰਮੁੱਖ ਸੰਸਥਾਵਾਂ: ਅੰਕੜਾ ਡਾਇਰੈਕਟੋਰੇਟ, ਅਤੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਅਧੀਨ ਆਉਂਦੀਆਂ ਵੱਖ-ਵੱਖ ਗਰੁੱਪ ਏ, ਬੀ ਅਤੇ ਸੀ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਸ਼ੁਰੂ ਕਰਨ ਲਈ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ।"

ਪ੍ਰਵਾਨਿਤ ਅਸਾਮੀਆਂ ਦਾ ਸ਼੍ਰੇਣੀਵਾਰ ਵੇਰਵਾ ਸਾਂਝਾ ਕਰਦਿਆਂ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੁੱਲ 70 ਖਾਲੀ ਅਸਾਮੀਆਂ ਵਿੱਚੋਂ 68 ਅਸਾਮੀਆਂ ਅੰਕੜਾ ਡਾਇਰੈਕਟੋਰੇਟ ਵਿੱਚ ਭਰੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿੱਚ 14 ਸਹਾਇਕ ਖੋਜ ਅਫ਼ਸਰਾਂ, 4 ਸੀਨੀਅਰ ਸਹਾਇਕਾਂ ਅਤੇ 50 ਇਨਵੈਸਟੀਗੇਟਰਾਂ ਦੀ ਸਿੱਧੀ ਭਰਤੀ ਸ਼ਾਮਲ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ, "ਬਾਕੀ ਦੋ ਅਸਾਮੀਆਂ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਨੂੰ ਅਲਾਟ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਗਰੁੱਪ-ਏ ਪ੍ਰੋਗਰਾਮਰ ਅਤੇ ਇੱਕ ਸੀਨੀਅਰ ਸਹਾਇਕ ਦੀ ਭਰਤੀ ਸ਼ਾਮਲ ਹੋਵੇਗੀ।"

ਇਸ ਫੈਸਲੇ ਦੇ ਪਿਛੋਕੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੰਜਾਬ ਕੈਬਨਿਟ ਅੱਗੇ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਇਨ੍ਹਾਂ ਦੋਵਾਂ ਸੰਸਥਾਵਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਅਧੀਨ 140 ਅਧਿਕਾਰੀਆਂ ਦੀ ਭਰਤੀ ਦੀ ਤਜਵੀਜ਼ ਰੱਖੀ ਗਈ ਸੀ। ਉਨ੍ਹਾਂ ਅੱਗੇ ਕਿਹਾ, "29 ਮਾਰਚ, 2026 ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਪ੍ਰਸਤਾਵਿਤ ਅਸਾਮੀਆਂ ਵਿੱਚੋਂ ਪੰਜਾਹ ਫੀਸਦੀ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਨਾਲ ਮੌਜੂਦਾ ਭਰਤੀ ਮੁਹਿੰਮ ਲਈ ਮਨਜ਼ੂਰਸ਼ੁਦਾ ਅਸਾਮੀਆਂ ਦੀ ਕੁੱਲ ਗਿਣਤੀ 70 ਹੋ ਗਈ।"

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸੋਧੀ ਹੋਈ ਤਜਵੀਜ਼ ਦੀ ਰਸਮੀ ਪ੍ਰਵਾਨਗੀ ਤੋਂ ਬਾਅਦ ਹੁਣ ਰਸਮੀ ਪੱਤਰ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਬੀ) ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਸ.ਐਸ.ਬੀ ਵੱਲੋਂ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਅਹਿਮ ਅਸਾਮੀਆਂ ਨੂੰ ਜਲਦ ਤੋਂ ਜਲਦ ਪਾਰਦਰਸ਼ੀ ਢੰਗ ਨਾਲ ਭਰਿਆ ਜਾ ਸਕੇ।

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਨਤਕ ਰੈਲੀ ਵਿੱਚ ਬਿਜਲੀ ਚੋਰੀ ਕਰਦੇ ਫੜੇ ਗਏ ਅਕਾਲੀ ਆਗੂਆਂ ਨੇ ਪੰਜਾਬ ਨੂੰ ਲੁੱਟਣ ਦੀ ਆਪਣੀ ਆਦਤ ਅਜੇ ਤੱਕ ਨਹੀਂ ਛੱਡੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸੱਤਾ ਤੋਂ ਬਾਹਰ ਹੋ ਕੇ ਵੀ ਉਹ ਅਜਿਹੀਆਂ ਘਟੀਆ ਕਾਰਵਾਈਆਂ ਕਰ ਰਹੇ ਹਨ ਤਾਂ ਫਿਰ ਸੱਤਾ 'ਚ ਆ ਕੇ ਤਾਂ ਉਹ ਜੋ ਨੁਕਸਾਨ ਪੰਜਾਬ ਨੂੰ ਪਹੁੰਚਾਉਣਗੇ, ਉਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ, ਜੋ ਗੰਭੀਰ ਸ਼ੰਕੇ ਖੜ੍ਹੇ ਕਰਦਾ ਹੈ। ਅਕਾਲੀਆਂ ਨੂੰ ਆਦਤਨ ਅਪਰਾਧੀ ਆਖਦਿਆਂ ਜਿਨ੍ਹਾਂ ਨੇ ਪਹਿਲਾਂ ਰੇਤਾ ਅਤੇ ਬੱਸਾਂ ਲੁੱਟੀਆਂ ਅਤੇ ਹੁਣ ਬਿਜਲੀ ਚੋਰੀ ਤੱਕ ਆ ਗਏ ਹਨ, ਉਨ੍ਹਾਂ ਕਿਹਾ ਕਿ ਅਜਿਹਾ ਘਟੀਆ ਵਿਵਹਾਰ ਸਰਕਾਰੀ ਸਰੋਤਾਂ ਦਾ ਸ਼ੋਸ਼ਣ ਕਰਨ ਦੀ ਉਨ੍ਹਾਂ ਦੀ ਦ੍ਰਿੜ੍ਹ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਇਸ ਦੇ ਆਧਾਰ 'ਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਬੇਅਦਬੀ ਅਤੇ ਲੋਕਾਂ 'ਤੇ ਅੱਤਿਆਚਾਰ ਢਾਹੁਣ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਪਟਿਆਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਜਾਜ਼ਤ ਦੇ ਕੇ ਹਰੇਕ ਆਮ ਆਦਮੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ। ਇਨ੍ਹਾਂ ਗੱਦਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਦੇ ਹੱਥ ਮਾਸੂਮ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਮਤਲਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਮਾਸੂਮ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਅਤੇ ਆਮ ਆਦਮੀ 'ਤੇ ਅੱਤਿਆਚਾਰਾਂ ਦਾ ਯੁੱਗ ਵਾਪਸ ਲਿਆਉਣ ਲਈ ਆਪਣੀ ਸਹਿਮਤੀ ਦੇਣਾ ਹੈ।

ਅਜਿਹੇ ਆਗੂਆਂ ਖਿਲਾਫ਼ ਸਖ਼ਤ ਜਨਤਕ ਕਾਰਵਾਈ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੂਬੇ ਦੀਆਂ ਕਈ ਪੀੜ੍ਹੀਆਂ ਨੂੰ ਬਰਬਾਦ ਕੀਤਾ ਹੈ ਅਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਕਿਸੇ ਵੀ ਹੀਲੇ ਮੁਆਫ਼ੀ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਆਗੂਆਂ ਦਾ ਸਮਾਜਿਕ ਬਾਈਕਾਟ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਸੂਬੇ ਅਤੇ ਇਸ ਦੇ ਲੋਕਾਂ ਨੂੰ ਹੋਰ ਨੁਕਸਾਨ ਨਾ ਪਹੁੰਚਾ ਸਕਣ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥੀ ਹਿੱਤਾਂ ਲਈ ਅਜਿਹੇ ਆਗੂਆਂ ਦੀਆਂ ਘਟੀਆ ਕਾਰਵਾਈਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਹਨ, ਜੋ ਬਹੁਤ ਮੰਦਭਾਗਾ ਹੈ।  

ਅਕਾਲੀ ਲੀਡਰਸ਼ਿਪ ਦੇ ਰਾਜਨੀਤਿਕ ਕੰਮਕਾਜ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਲੋਕ ਆਪਣੇ ਸਵਾਰਥਾਂ ਲਈ ਹਮੇਸ਼ਾ ਰਾਜਨੀਤੀ ਅਤੇ ਧਰਮ ਨੂੰ ਮਿਲਾ ਕੇ ਚੱਲੇ ਹਨ, ਜਿਨ੍ਹਾਂ ਨੇ ਸਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਰਵਉੱਚ ਅਥਾਰਟੀ ਦੀ ਦਾ ਅਪਮਾਨ ਕੀਤਾ ਹੈ। ਇਸ ਸਬੰਧੀ ਉਦਾਹਰਣਾਂ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਅਕਾਲੀ ਲੀਡਰਸ਼ਿਪ ਦੀ ਮਰਜ਼ੀ ਅਤੇ ਇੱਛਾ ਅਨੁਸਾਰ ਲਾਏ ਅਤੇ ਹਟਾਏ ਜਾਂਦੇ ਹਨ, ਜੋ ਜਥੇਦਾਰ ਦੀ ਪਦਵੀ ਦਾ ਵੱਡਾ ਅਪਮਾਨ ਹੈ।

ਅਕਾਲੀ ਦਲ ਦੀ ਅਖੌਤੀ 'ਪੰਜਾਬ ਬਚਾਓ ਯਾਤਰਾ' 'ਤੇ ਚੁਟਕੀ ਲੈਂਦਿਆਂ ਉਨ੍ਹਾਂ ਟਿੱਪਣੀ ਕੀਤੀ ਕਿ ਅਖੌਤੀ ਪੰਜਾਬ ਬਚਾਓ ਯਾਤਰਾ ਅਸਲ ਵਿੱਚ ਇੱਕ 'ਪਰਿਵਾਰ ਬਚਾਓ ਯਾਤਰਾ' ਹੈ। ਉਨ੍ਹਾਂ ਕਿਹਾ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਅਕਾਲੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ, ਪੰਜਾਬੀਆਂ ਦੀ ਮਾਨਸਿਕਤਾ ਨੂੰ ਭਾਵਨਾਤਮਕ ਤੌਰ 'ਤੇ ਠੇਸ ਪਹੁੰਚਾਈ ਅਤੇ ਸੂਬੇ ਵਿੱਚ ਵੱਖ-ਵੱਖ ਮਾਫੀਆ ਨੂੰ ਸਰਪ੍ਰਸਤੀ ਦਿੱਤੀ। ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸੂਬੇ ਦੀਆਂ ਕਈ ਪੀੜ੍ਹੀਆਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਕੁਸ਼ਾਸਨ ਦੌਰਾਨ ਹੀ ਇਹ ਵਧਿਆ-ਫੁੱਲਿਆ।

ਸੁਖਬੀਰ ਸਿੰਘ ਬਾਦਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ 'ਆਪ' ਵਰਕਰਾਂ ਨੂੰ ਅਕਸਰ ਬਦਨਾਮ ਕਰਦੇ ਰਹਿੰਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਆਮ ਆਦਮੀ ਲਈ ਆਉਂਦੇ ਫੰਡਾਂ ਦਾ ਪੈਸਾ ਹੜੱਪ ਕੇ ਅਮੀਰ ਬਣ ਹਨ ਅਤੇ ਇਨ੍ਹਾਂ ਨੇ ਵੱਡੀ ਦੌਲਤ ਇਕੱਠੀ ਕਰ ਲਈ ਹੈ। ਸਾਬਕਾ ਉਪ ਮੁੱਖ ਮੰਤਰੀ ਭੁੱਲ ਗਏ ਹਨ ਕਿ ਉਨ੍ਹਾਂ ਦੇ ਲੰਬੇ ਕੁਸ਼ਾਸਨ ਜਦੋਂ ਮਾਫੀਆ ਰਾਜ ਚਲਦਾ ਸੀ, ਦੌਰਾਨ ਹੀ ਸੂਬੇ ਦੀ ਦੁਰਦਸ਼ਾ ਹੋਈ। ਉਨ੍ਹਾਂ ਅੱਗੇ ਕਿਹਾ ਕਿ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਬੀਰ ਨੂੰ ਕਦੇ ਵੀ ਰਾਜ ਦਾ ਮੁਖੀ ਨਹੀਂ ਬਣਾਇਆ ਕਿਉਂਕਿ ਉਹ ਜਾਣਦੇ ਸਨ ਕਿ ਸਾਬਕਾ ਉਪ ਮੁੱਖ ਮੰਤਰੀ ਸੂਬੇ ਨੂੰ ਬਰਬਾਦੀ ਵੱਲ ਲੈ ਜਾਏਗਾ।

ਵਿਰੋਧੀ ਧਿਰ ਦੀਆਂ ਗੱਲਾਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਅਤੇ ਭਲਾਈ ਯੋਜਨਾਵਾਂ ਬਾਰੇ ਗੱਲ ਕਰਨ ਦੀ ਬਜਾਏ, ਸੁਖਬੀਰ ਮੱਝਾਂ ਬਾਰੇ ਗੱਲ ਕਰ ਰਹੇ ਹਨ, ਜੋ ਉਨ੍ਹਾਂ ਦੀ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸੂਬੇ ਦੇ ਨੌਜਵਾਨ ਅਫਸਰ ਬਣਨ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਆਗੂ ਲੋਕਾਂ ਤੋਂ ਇੱਕ ਮੌਕਾ ਮੰਗ ਰਹੇ ਹਨ, ਪਰ ਸ਼ਾਇਦ ਉਹ ਭੁੱਲ ਗਏ ਹਨ ਕਿ ਉਨ੍ਹਾਂ ਨੂੰ ਪੰਜ ਵਾਰ ਮੌਕਾ ਦਿੱਤਾ ਗਿਆ ਸੀ। ਲੋਕਾਂ ਦੀ ਸੇਵਾ ਕਰਨ ਦੀ ਬਜਾਏ, ਉਨ੍ਹਾਂ ਨੇ ਜਨਤਾ ਅਤੇ ਸੂਬੇ ਨੂੰ ਲੁੱਟਿਆ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ।

ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਮਾਗਮ ਵਿੱਚ ਅਕਾਲੀ ਲੀਡਰਸ਼ਿਪ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਸੀ ਅਤੇ ਸੂਬਾ ਸਰਕਾਰ ਉਨ੍ਹਾਂ ਵਿਰੁੱਧ ਕੇਸ ਦਰਜ ਕਰੇਗੀ। ਉਨ੍ਹਾਂ ਸਵਾਲ ਪੁੱਛਿਆ ਕਿ ਅਜਿਹੇ ਲੋਕਾਂ ਤੋਂ ਭਲਾਈ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਬਿਜਲੀ ਚੋਰੀ ਵਰਗੇ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਹਨ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਖ਼ਤ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਸੁਖਬੀਰ ਸਿੰਘ ਬਾਦਲ ਇੱਕ ਕਾਨਵੈਂਟ ਸਕੂਲ ਤੋਂ ਪੜ੍ਹੇ ਸਿਆਸੀ ਨੇਤਾ ਹਨ ਜੋ ਪੰਜਾਬ ਦੀ ਭੂਗੋਲਿਕ ਸਥਿਤੀ ਤੋਂ ਵੀ ਜਾਣੂ ਨਹੀਂ ਹਨ ਪਰ ਉਹ ਸੂਬੇ ਵਿੱਚ ਸਿਆਸੀ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ। ਇਨ੍ਹਾਂ ਆਗੂਆਂ ਨੇ ਸੱਤਾ ਵਿੱਚ ਰਹਿੰਦੀਆਂ ਸੂਬੇ ਨੂੰ ਬਹੁਤ ਬੇਰਹਿਮੀ ਨਾਲ ਲੁੱਟਿਆ ਅਤੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਇਆ। ਉਹ ਕਿਸੇ ਵੀ ਰਹਿਮ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੂਬੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।”

ਉਨ੍ਹਾਂ ਅੱਗੇ ਕਿਹਾ, “ਅਜਿਹੇ ਸਿਆਸੀ ਆਗੂ ਲੋਕਾਂ ਨੂੰ ਪੈਸਾ ਦੇਣ ਦੀ ਬਜਾਏ ਉਨ੍ਹਾਂ ਤੋਂ ਗੈਰ-ਕਾਨੂੰਨੀ ਤਰੀਕਿਆਂ ਨਾਲ ਪ੍ਰਾਪਤ ਕਰਦੇ ਹਨ। ਸਾਬਕਾ ਉਪ ਮੁੱਖ ਮੰਤਰੀ ਨੇ ਹੜ੍ਹਾਂ ਦੌਰਾਨ ਗੋਲਕਾਂ ਤੋਂ ਪੈਸਾ ਵੰਡਿਆ।” ਉਨ੍ਹਾਂ ਅੱਗੇ ਟਿੱਪਣੀ ਕੀਤੀ, “ਸਾਬਕਾ ਉਪ ਮੁੱਖ ਮੰਤਰੀ ਸੂਬੇ ਦੇ ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਤੋਂ ਬਿਲਕੁਲ ਅਣਜਾਣ ਹਨ ਅਤੇ ਉਹ ਫ਼ਸਲਾਂ ਵਿਚਕਾਰ ਫਰਕ ਵੀ ਨਹੀਂ ਕਰ ਸਕਦੇ।”

ਰਵਾਇਤੀ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਜ਼ਾਦੀ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ, ਜਿਸ ਕਾਰਨ ਪੰਜਾਬ ਵਿਕਾਸ ਵਿੱਚ ਪਛੜ ਗਿਆ। ਉਨ੍ਹਾਂ ਨੇ ਸੂਬੇ ਨੂੰ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਵੀ ਨੁਕਸਾਨ ਪਹੁੰਚਾਇਆ, ਪਰ ਸਾਡੀ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਕਾਰਨ ਪੰਜਾਬ ਹੁਣ ਵਿਕਾਸ ਦੀ ਸਹੀ ਰਾਹ 'ਤੇ ਹੈ।”

ਪਿਛਲੀਆਂ ਨੀਤੀਆਂ ਦੇ ਸਮਾਜਿਕ ਪ੍ਰਭਾਵ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਨਸ਼ਿਆਂ ਦੇ ਆਦੀ ਹੋ ਗਏ ਅਤੇ ਰੋਜ਼ਗਾਰ ਦੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਦੇਸ਼ ਛੱਡ ਕੇ ਚਲੇ ਗਏ। ਇਹ ਪਾਰਟੀਆਂ ਸਿਰਫ਼ ਸੂਬੇ ਦੀ ਦੌਲਤ ਲੁੱਟਣ ਲਈ ਸੱਤਾ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ। ਉਨ੍ਹਾਂ ਨੇ ਕਦੇ ਵੀ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਅਤੇ ਸਿਰਫ਼ ਸੱਤਾ ਦੀ ਲਾਲਸਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਮੰਚ ਤੋਂ ਅਸੀਂ ਸਿੱਖਿਆ, ਸਿਹਤ, ਬਿਜਲੀ, ਖੇਤੀ ਅਤੇ ਹੋਰ ਖੇਤਰਾਂ ਬਾਰੇ ਗੱਲ ਕਰਦੇ ਹਾਂ, ਜਦੋਂ ਕਿ ਦੂਜੀਆਂ ਪਾਰਟੀਆਂ ਸਿਰਫ਼ ਸੱਤਾ ਹਥਿਆਉਣ 'ਤੇ ਧਿਆਨ ਕੇਂਦਰਤ ਕਰਦੀਆਂ ਹਨ। ਇਹ ਮੌਕਾਪ੍ਰਸਤ ਆਗੂ ਹੈਰਾਨ ਹਨ ਕਿਉਂਕਿ ਲੋਕ ਉਨ੍ਹਾਂ ਨੂੰ ਸਮਰਥਨ ਨਹੀਂ ਦੇ ਰਹੇ ਕਿਉਂਕਿ ਇਨ੍ਹਾਂ ਆਗੂਆਂ ਦਾ ਏਜੰਡਾ ਜਨਤਾ ਦੀ ਭਲਾਈ ਦੀ ਬਜਾਏ ਸਿਰਫ਼ ਆਪਣੇ ਪਰਿਵਾਰਾਂ ਤੱਕ ਸੀਮਤ ਹੈ।” ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੀ ਅਯੋਗਤਾ ਅਤੇ ਕੁਸ਼ਾਸਨ ਕਾਰਨ 'ਆਪ' ਸਰਕਾਰ ਨੂੰ ਚੁਣਿਆ ਸੀ।

ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਰਵਾਇਤੀ ਪਾਰਟੀਆਂ ਕਦੇ ਵੀ ਪੰਜਾਬ ਅਤੇ ਇਸਦੇ ਲੋਕਾਂ ਪ੍ਰਤੀ ਵਫ਼ਾਦਾਰ ਨਹੀਂ ਰਹੀਆਂ। ਉਹ ਈਰਖਾ ਕਰਦੇ ਹਨ ਕਿਉਂਕਿ 'ਆਪ' ਨੇ ਆਮ ਲੋਕਾਂ ਦੀ ਭਲਾਈ ਦਾ ਏਜੰਡਾ ਤਿਆਰ ਕੀਤਾ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਦੀਆਂ ਰੈਲੀਆਂ ਵਿੱਚ ਵਰਕਰਾਂ ਨਾਲੋਂ ਸਟੇਜ 'ਤੇ ਜ਼ਿਆਦਾ ਆਗੂ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਕੋਲ ਪੰਜਾਬ ਲਈ ਦੂਰਦਰਸ਼ੀ ਦ੍ਰਿਸ਼ਟੀ ਦੀ ਘਾਟ ਹੈ।

ਲੰਬੇ ਸਮੇਂ ਦੇ ਹੱਲਾਂ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, " ਗਰੀਬੀ ਜਾਂ ਸਮਾਜਿਕ ਬੁਰਾਈ ਨੂੰ ਕਿਸੇ ਵੀ ਮੁਫ਼ਤ ਸਹੂਲਤ ਜਾਂ ਰਿਆਇਤ ਨਾਲ ਖਤਮ ਨਹੀਂ ਕੀਤਾ ਜਾ ਸਕਦਾ; ਸਿੱਖਿਆ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾ ਕੇ ਉਨ੍ਹਾਂ ਨੂੰ ਇਸ ਚੱਕਰ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੁੰਦੀ ਹੈ।" ਉਨ੍ਹਾਂ ਅੱਗੇ ਕਿਹਾ, "ਸਿੱਖਿਆ ਉਹ ਰੌਸ਼ਨੀ ਹੈ ਜੋ ਹਨੇਰੇ ਨੂੰ ਦੂਰ ਕਰਦੀ ਹੈ ਅਤੇ ਇਸੇ ਲਈ ਸਰਕਾਰ ਸਰਕਾਰੀ ਸਕੂਲਾਂ ਨੂੰ ਬਦਲਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ।"

ਬਿਜਲੀ ਅਤੇ ਖੇਤੀਬਾੜੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ, ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਦੇ ਟਿਊਬਵੈੱਲਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਕੀਤੀ ਗਈ ਅਤੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਵੀ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਬੇਮਿਸਾਲ ਬਦਲਾਅ ਦੇਖਣ ਨੂੰ ਮਿਲ ਰਹੇ ਹਨ।" ਉਨ੍ਹਾਂ ਦੁਹਰਾਇਆ ਕਿ ਜਨਤਾ ਦਾ ਇੱਕ-ਇੱਕ ਪੈਸਾ ਉਨ੍ਹਾਂ ਦੀ ਹੀ ਭਲਾਈ ਲਈ ਸਮਝਦਾਰੀ ਨਾਲ ਵਰਤਿਆ ਜਾ ਰਿਹਾ ਹੈ।

ਨਿਵੇਸ਼ ਅਤੇ ਸਿਹਤ ਸੰਭਾਲ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, " ਨਿਵੇਸ਼ ਕਾਨੂੰਨ ਵਿਵਸਥਾ ਦਾ ਸਭ ਤੋਂ ਵਧੀਆ ਮਾਪਦੰਡ ਹੈ ਅਤੇ ਟਾਟਾ ਸਟੀਲ ਵੱਲੋਂ ਪੰਜਾਬ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕਰਨਾ ਉਨ੍ਹਾਂ ਦਾ ਰਾਜ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ।" ਉਨ੍ਹਾਂ ਅੱਗੇ ਕਿਹਾ, "ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਉਹ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਹੱਕਦਾਰ ਹਨ, ਜਿਸ ਵਿੱਚ 30 ਲੱਖ ਤੋਂ ਵੱਧ ਲਾਭਪਾਤਰੀ ਪਹਿਲਾਂ ਹੀ ਸ਼ਾਮਲ ਹਨ।"

ਉਨ੍ਹਾਂ ਅੱਗੇ ਕਿਹਾ, "ਇਸ ਯੋਜਨਾ ਤਹਿਤ ਲਗਭਗ 1.65 ਲੱਖ ਲੋਕ ਪਹਿਲਾਂ ਹੀ ਮੁਫ਼ਤ ਇਲਾਜ ਪ੍ਰਾਪਤ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਇਨ੍ਹਾਂ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਟੈਕਸ ਤੋਂ ਇੱਕਤਰ ਹੋਇਆ ਪੈਸਾ ਲੋਕਾਂ ਦਾ ਹੈ ਅਤੇ ਜਿਸ ਨੂੰ ਸੂਬੇ ਦੇ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਉਨ੍ਹਾਂ ਦੀ ਭਲਾਈ 'ਤੇ ਖਰਚ ਕੀਤਾ ਜਾ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ, ਬਿਨਾਂ ਭ੍ਰਿਸ਼ਟਾਚਾਰ ਤੋਂ ਪਾਰਦਰਸ਼ੀ ਢੰਗ ਨਾਲ 65,000 ਤੋਂ ਵੱਧ ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਹਨ, ਸੜਕਾਂ ਵਿੱਚ ਸੁਧਾਰ ਕੀਤਾ ਹੈ, ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 70 ਲੱਖ ਰੁਪਏ ਦੀ ਬਚਤ ਕੀਤੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਸਮਾਜ ਭਲਾਈ ਦੇ ਉਪਾਵਾਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰ ਔਰਤ ਦੇ ਬੈਂਕ ਖਾਤੇ ਵਿੱਚ ਸਿੱਧੇ ਟ੍ਰਾਂਸਫਰ ਰਾਹੀਂ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ 1,500 ਰੁਪਏ ਪ੍ਰਾਪਤ ਕਰਨਗੀਆਂ। ਪਹਿਲਾਂ ਤੋਂ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਵੀ ਇਸ ਲਾਭ ਦੇ ਯੋਗ ਹੋਣਗੀਆਂ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਲਗਭਗ 97 ਫ਼ੀਸਦ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਇਸ ਮੰਤਵ ਲਈ ਬਜਟ ਵਿੱਚ 9,300 ਕਰੋੜ ਰੁਪਏ ਅਲਾਟ ਕੀਤੇ ਗਏ ਹਨ।”

ਆਲੋਚਕਾਂ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜੋ ਲੋਕ ਇਸ ਯੋਜਨਾ ਦਾ ਮਜ਼ਾਕ ਉਡਾਉਂਦੇ ਹਨ ਜਾਂ ਬੇਬੁਨਿਆਦ ਸਵਾਲ ਉਠਾਉਂਦੇ ਹਨ, ਉਹ ਇੱਕ ਆਮ ਵਿਅਕਤੀ ਲਈ 1,000 ਰੁਪਏ ਦੀ ਕੀਮਤ ਨੂੰ ਨਹੀਂ ਸਮਝਦੇ। ਜੋ ਲੋਕ ਗੈਰ-ਕਾਨੂੰਨੀ ਢੰਗ ਨਾਲ ਕਮਾਏ ਪੈਸੇ ਤੋਂ ਹਰੇਕ ਸਮੇਂ ਦੇ ਭੋਜਨ ‘ਤੇ 5,000 ਰੁਪਏ ਤੋਂ ਵੱਧ ਖਰਚ ਕਰਦੇ ਹਨ, ਉਹ ਇਸ ਸਹਾਇਤਾ ਦੀ ਕਦਰ ਨਹੀਂ ਕਰ ਸਕਦੇ, ਜਦੋਂ ਕਿ ਇਹ ਰਾਸ਼ੀ ਉਨ੍ਹਾਂ ਸੰਘਰਸ਼ ਕਰਨ ਵਾਲੇ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ, ਜੋ ਤਿਉਹਾਰਾਂ ਦੌਰਾਨ ਵੀ ਆਪਣਾ ਗੁਜ਼ਾਰਾ ਬਹੁਤ ਮੁਸ਼ਕਲ ਢੰਗ ਨਾਲ ਚਲਾਉਂਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਅਮੀਰ ਆਗੂ ਆਮ ਪਰਿਵਾਰਾਂ ਦੀਆਂ ਹਕੀਕਤਾਂ ਤੋਂ ਕੋਹਾਂ ਦੂਰ ਹਨ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈ.ਟੀ.ਓ., ਬਰਿੰਦਰ ਗੋਇਲ, ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਪੁਸ਼ਪਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।

ਮੰਡੀ ਗੋਬਿੰਦਗੜ੍ਹ, 7 ਅਪ੍ਰੈਲ: ਦੇਸ਼ ਭਗਤ ਯੂਨੀਵਰਸਿਟੀ ਅਧੀਨ ਸਰਦਾਰ ਲਾਲ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਮਾਤਾ ਜਰਨੈਲ ਕੌਰ ਕਾਲਜ ਆਫ ਫਾਰਮੇਸੀ ਅਤੇ ਸਕੂਲ ਆਫ ਫਾਰਮੇਸੀ ਦੇ ਪਲੇਸੀਬੋ ਕਲੱਬ ਨੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (IIC) ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (IQAC) ਦੇ ਸਹਿਯੋਗ ਨਾਲ “ਮੈਡੀਕਲ ਡਿਵਾਈਸਜ਼ ਵਿੱਚ ਨਿਯਮਕ ਦਿਸ਼ਾ-ਨਿਰਦੇਸ਼” ਵਿਸ਼ੇ ’ਤੇ ਇੱਕ ਵਰਚੁਅਲ ਵਿਸ਼ੇਸ਼ ਗਿਆਨ ਲੈਕਚਰ ਕਰਵਾਇਆ ਗਿਆ।

ਇਹ ਸੈਸ਼ਨ ਸ਼੍ਰੀ ਗੌਰਵ ਕਪਿਲਾ, ਯੂ.ਐਸ. ਹੈਡ, ਰੈਗੂਲੇਟਰੀ ਅਫੇਅਰਜ਼ (ਲੈਬ ਇੰਸਟਰੂਮੈਂਟਸ ਅਤੇ ਸਾਫਟਵੇਅਰ ਭਾਗ), ਰੋਸ਼ ਡਾਇਗਨੋਸਟਿਕਸ, ਇੰਡੀਆਨਾਪੋਲਿਸ (ਅਮਰੀਕਾ) ਵੱਲੋਂ ਦਿੱਤਾ ਗਿਆ। ਇਸ ਲੈਕਚਰ ਦਾ ਮੁੱਖ ਉਦੇਸ਼ ਵਿਸ਼ਵ ਪੱਧਰੀ ਨਿਯਮਕ ਢਾਂਚਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨਾ ਸੀ, ਜਿਸ ਵਿੱਚ ਮਨਜ਼ੂਰੀ ਪ੍ਰਕਿਰਿਆਵਾਂ, ਅਨੁਕੂਲਤਾ ਦੀਆਂ ਲੋੜਾਂ ਅਤੇ ਦਸਤਾਵੇਜ਼ੀ ਮਿਆਰਾਂ ’ਤੇ ਧਿਆਨ ਦਿੱਤਾ ਗਿਆ, ਖਾਸ ਕਰਕੇ ਅਮਰੀਕਾ ਅਤੇ ਯੂਰਪ ਦੇ ਮਹੱਤਵਪੂਰਨ ਬਾਜ਼ਾਰਾਂ ਲਈ।
ਸੈਸ਼ਨ ਵਿੱਚ ਨਿਯਮਕ ਮਾਮਲਿਆਂ ਨੂੰ ਇੱਕ ਉਭਰਦੇ ਕਰੀਅਰ ਖੇਤਰ ਵਜੋਂ ਦਰਸਾਇਆ ਗਿਆ, ਜਿਸ ਵਿੱਚ ਉਦਯੋਗਿਕ ਪ੍ਰਥਾਵਾਂ, ਨਵੇਂ ਰੁਝਾਨਾਂ ਅਤੇ ਲਾਜ਼ਮੀ ਹੁਨਰਾਂ ਬਾਰੇ ਚਰਚਾ ਕੀਤੀ ਗਈ। ਹਕੀਕਤੀ ਜੀਵਨ ਦੇ ਕੇਸ ਸਟਡੀਜ਼ ਰਾਹੀਂ ਭਾਗੀਦਾਰਾਂ ਨੂੰ ਸਿਧਾਂਤਕ ਗਿਆਨ ਨੂੰ ਪ੍ਰਯੋਗਾਤਮਕ ਵਰਤੋਂ ਨਾਲ ਜੋੜਨ ਵਿੱਚ ਮਦਦ ਮਿਲੀ।

ਇਸ ਪ੍ਰੋਗਰਾਮ ਵਿੱਚ ਬੀ. ਫਾਰਮੇਸੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਰਗਰਮ ਹਿੱਸਾ ਲਿਆ। ਅੰਤ ਵਿੱਚ ਹੋਏ ਪ੍ਰਸ਼ਨ-ਉੱਤਰ ਸੈਸ਼ਨ ਨੇ ਮੁੱਖ ਧਾਰਣਾਵਾਂ ਅਤੇ ਕਰੀਅਰ ਸੰਭਾਵਨਾਵਾਂ ਨੂੰ ਹੋਰ ਸਪਸ਼ਟ ਕੀਤਾ।

ਇਸ ਵਿਸ਼ੇਸ਼ ਗਿਆਨ ਲੈਕਚਰ ਦੇ ਮੁੱਖ ਨਤੀਜੇ ਇਹ ਰਹੇ ਕਿ ਭਾਗੀਦਾਰਾਂ ਨੇ ਵਿਸ਼ਵ ਪੱਧਰੀ ਨਿਯਮਕ ਢਾਂਚਿਆਂ ਅਤੇ ਅਨੁਕੂਲਤਾ ਮਿਆਰਾਂ ਦੀ ਮਜ਼ਬੂਤ ਸਮਝ ਵਿਕਸਿਤ ਕੀਤੀ; ਦਸਤਾਵੇਜ਼ੀ ਪ੍ਰਕਿਰਿਆਵਾਂ ਅਤੇ ਕੁਆਲਿਟੀ ਪ੍ਰਥਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ; ਮੌਜੂਦਾ ਉਦਯੋਗਕ ਰੁਝਾਨਾਂ ਅਤੇ ਚੁਣੌਤੀਆਂ ਨਾਲ ਜਾਣ-ਪਛਾਣ ਹੋਈ; ਨਿਯਮਕ ਖੇਤਰ ਵਿੱਚ ਕਰੀਅਰ ਮੌਕਿਆਂ ਬਾਰੇ ਜਾਗਰੂਕਤਾ ਵਧੀ ਅਤੇ ਅਕਾਦਮਿਕ ਸਿੱਖਿਆ ਅਤੇ ਉਦਯੋਗਕ ਅਭਿਆਸ ਵਿੱਚ ਸਬੰਧ ਮਜ਼ਬੂਤ ਹੋਇਆ। ਇਸ ਮੌਕੇ ਖੁਸ਼ਪਾਲ ਕੌਰ ਅਤੇ ਡਾ. ਸ਼ੈਲੇਸ਼ ਕੁਮਾਰ ਵੀ ਮੌਜੂਦ ਸਨ।

ਅੰਤ ਵਿੱਚ ਡਾਇਰੈਕਟਰ, ਸਕੂਲ ਆਫ ਫਾਰਮੇਸੀ ਡਾ. ਪੂਜਾ ਗੁਲਾਟੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਵਕਤਾ, ਆਯੋਜਕਾਂ, ਅਧਿਆਪਕਾਂ, ਵਿਦਿਆਰਥੀਆਂ ਸਮੇਤ ਸਭ ਦਾ ਧੰਨਵਾਦ ਕੀਤਾ।

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਿਖੇ 250 ਨਵੀਆਂ ਪੀ.ਆਰ.ਟੀ.ਸੀ. ਬੱਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਇਸਨੂੰ ਜਨਤਕ ਆਵਾਜਾਈ ਦੀ ਮਜ਼ਬੂਤੀ, ਰੋਜ਼ਗਾਰ ਉਤਪਤੀ ਅਤੇ ਪੰਜਾਬ ਭਰ 'ਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਵੱਲ ਇੱਕ ਵੱਡਾ ਕਦਮ ਦੱਸਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਲੋਕ-ਕੇਂਦ੍ਰਿਤ ਸ਼ਾਸਨ ਵੱਲ ਆਪਣੀ ਸਰਕਾਰ ਦੀ ਦੋਹਰੀ ਪਹੁੰਚ ਨੂੰ ਉਜਾਗਰ ਕੀਤਾ।

ਬੱਸ ਫਲੀਟ ਵਿਚ ਵਾਧੇ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪਟਿਆਲਾ ਵਿੱਚ 250 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਪੀ.ਆਰ.ਟੀ.ਸੀ. ਫਲੀਟ ਵਿੱਚ ਸ਼ਾਮਲ ਕੀਤਾ ਗਿਆ। ਇਹ ਸਿਰਫ਼ ਆਵਾਜਾਈ ਸਹੂਲਤਾਂ ਵਿੱਚ ਸੁਧਾਰ ਨਹੀਂ, ਸਗੋਂ ਲੋਕਾਂ ਨੂੰ ਬਿਹਤਰ, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਜਨਤਕ ਆਵਾਜਾਈ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਆਉਣ ਵਾਲੇ ਦਿਨਾਂ ਵਿੱਚ 300 ਤੋਂ ਵੱਧ ਹੋਰ ਬੱਸਾਂ ਪੀ.ਆਰ.ਟੀ.ਸੀ. ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਸਰਕਾਰ ਜਨਤਕ ਸਹੂਲਤ ਦੇ ਵਿਸਥਾਰ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਵਿਸਥਾਰ ਦੇ ਪੈਮਾਨੇ ਦੀ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਮਈ 2026 ਦੇ ਅੰਤ ਤੱਕ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 254 ਸਧਾਰਨ ਅਤੇ 100 ਮਿੰਨੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ 309 ਹੋਰ ਬੱਸਾਂ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸੂਬੇ ਦੇ ਟਰਾਂਸਪੋਰਟ ਨੈੱਟਵਰਕ ਨੂੰ ਵੱਡੀ ਮਜ਼ਬੂਤੀ ਮਿਲੇਗੀ।
ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਇਸ ਨਾਲ 681 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰਾਹ ਵੀ ਪੱਧਰਾ ਹੋਵੇਗਾ,। ” ਉਨ੍ਹਾਂ ਕਿਹਾ, “2024 ਦੌਰਾਨ ਪੀਆਰਟੀਸੀ ਦੇ ਬੇੜੇ ਵਿੱਚ ਲਗਭਗ 110 ਬੱਸਾਂ ਸ਼ਾਮਲ ਕੀਤੀਆਂ ਗਈਆਂ, ਜਿਸ ਨਾਲ 165 ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਸੀ।” ਉਨ੍ਹਾਂ ਅੱਗੇ ਕਿਹਾ, “309 ਹੋਰ ਬੱਸਾਂ ਨੂੰ ਸ਼ਾਮਲ ਕਰਨ ਲਈ ਵੀ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ 928 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।’’”

ਨਿਗਮ ਦੀ ਸੁਧਰੀ ਵਿੱਤੀ ਹਾਲਤ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੀ.ਆਰ.ਟੀ.ਸੀ. ਨੇ ਕੁੱਲ ਮਾਲੀਏ ਵਿੱਚ 53 ਫੀਸਦੀ ਵਾਧਾ ਦਰਜ ਕੀਤਾ ਹੈ, ਜੋ ਵਿੱਤੀ ਸਾਲ 2021-22 ਵਿੱਚ 607.09 ਕਰੋੜ ਰੁਪਏ ਦੇ ਮੁਕਾਬਲੇ 2024-25 ਵਿੱਚ ਵੱਧ ਕੇ 927.83 ਕਰੋੜ ਰੁਪਏ ਹੋ ਗਿਆ ਹੈ।” ਉਨ੍ਹਾਂ ਅੱਗੇ ਕਿਹਾ,“ਮੌਜੂਦਾ ਵਿੱਤੀ ਸਾਲ 2025-26 ਵਿੱਚ, ਪੀ.ਆਰ.ਟੀ.ਸੀ. ਦੇ ਕੁੱਲ ਮਾਲੀਏ ਵਿੱਚ 950 ਕਰੋੜ ਰੁਪਏ ਨੂੰ ਪਾਰ ਕਰਨ ਦੀ ਆਸ ਹੈ, ਜੋ ਲਗਭਗ 57 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ।”

’ਆਪ’ ਸਰਕਾਰ ਦੀ ਭਲਾਈ ਪ੍ਰਤੀ ਵਚਨਬੱਧਤਾ ਦ੍ਰਿੜਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘2022 ਤੋਂ, ਪੀਆਰਟੀਸੀ ਨੇ 1574 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀਆਂ 34.63 ਕਰੋੜ ਮਹਿਲਾ ਯਾਤਰੀਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ, ਪੀ.ਆਰ.ਟੀ.ਸੀ. ਨੇ 2.21 ਕਰੋੜ ਦੀ ਮੁਫ਼ਤ ਐਚ.ਵੀ.ਏ.ਸੀ. ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ , ਜਿਸ ਨਾਲ 9,529 ਯਾਤਰੀਆਂ ਨੂੰ ਪੰਜਾਬ ਵਿਚਲੇ ਅਤੇ ਬਾਹਰਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਮੌਕਾ ਮਿਲਿਆ ।’’

ਆਵਾਜਾਈ ਦੇ ਵਿਸਥਾਰ ਨੂੰ ਵਿਆਪਕ ਵਿਕਾਸ ਨਾਲ ਜੋੜਦਿਆਂ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਬੱਸ ਬੇੜੇ ਦੇ ਵਿਸਥਾਰ ਨਾਲ, ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੇ ਲੋਕ ਸੁਰੱਖਿਅਤ ਅਤੇ ਅਰਾਮਦਾਇਕ ਯਾਤਰਾ ਕਰ ਸਕਣਗੇ।’’ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਅਤੇ ਸਰਕਾਰ ਦਹਾਕਿਆਂ ਦੇ ਪਾੜੇ ਨੂੰ ਪੂਰਨ ਲਈ ਯਤਨਾਂ ਵਿੱਚ ਹੋਰ ਤੇਜ਼ੀ  ਲਿਆ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਸਾਡੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਇਸਦੀ ਪੁਰਾਣੀ ਸ਼ਾਨ ਬਹਾਲੀ ਲਈ ਬਹੁ-ਆਯਾਮੀ ਵਿਕਾਸ ਕਰ ਰਹੀ ਹੈ।’’

ਖੇਤਰ ਵਿੱਚ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਪਟਿਆਲਾ ਦਿਹਾਤੀ ਹਲਕੇ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਵਿਕਾਸ ਕਾਰਜਾਂ ’ਤੇ ਲਗਭਗ 400 ਕਰੋੜ ਰੁਪਏ ਖਰਚ ਕੀਤੇ, ਜਿਸ ਨਾਲ ਇਸਦੀ  ਸਮੁੱਚੀ ਨੁਹਾਰ ਹੀ ਬਦਲ ਗਈ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਾਲ 2022 ਤੋਂ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਨਿਵੇਸ਼ ਨਿਰੰਤਰ ਕੀਤੇ ਗਏ ਹਨ।

ਖੇਤੀਬਾੜੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਤੀ ਖੇਤਰ ਨੂੰ ਮੁੜ ਲਾਹੇਵੰਦ ਬਣਾਉਣ ਲਈ ਸਾਡੀ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰਾਹੀਂ ਵੱਖ-ਵੱਖ ਪਹਿਲਕਦਮੀਆਂ ’ਤੇ 60 ਕਰੋੜ ਰੁਪਏ ਖਰਚ ਕੀਤੇ ਹਨ।’’”

ਸਿਹਤ ਸੰਭਾਲ ਵਿੱਚ ਸੁਧਾਰਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਪਿਛਲੇ ਚਾਰ ਸਾਲਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਹੀਂ ਤਿੰਨ ਪ੍ਰਾਜੈਕਟਾਂ ’ਤੇ 7.91 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦੋਂ ਕਿ ਇਸ ਸਮੇਂ ਸਿਹਤ ਸੰਭਾਲ ਸੇਵਾਵਾਂ ਦੇ ਵਿਸਥਾਰ ’ਤੇ ਵਾਧੂ 14.54 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।"

ਸਿੱਖਿਆ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਰਕਾਰ ਨੇ ਸਾਲ 2022 ਅਤੇ ਸਾਲ 2026 ਵਿਚਕਾਰ ਸਕੂਲ ਸਿੱਖਿਆ ਵਿਭਾਗ ਰਾਹੀਂ ਅੱਠ ਪ੍ਰੋਜੈਕਟਾਂ 'ਤੇ 825.22 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤੋਂ ਇਲਾਵਾ ਇਸ ਸਮੇਂ 80.92 ਕਰੋੜ ਰੁਪਏ ਦੇ ਕਈ ਹੋਰ ਪ੍ਰੋਜੈਕਟ ਚੱਲ ਰਹੇ ਹਨ।”

ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕ ਨਿਰਮਾਣ ਵਿਭਾਗ ਰਾਹੀਂ 17 ਕੰਮਾਂ 'ਤੇ 6.71 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦੋਂ ਕਿ 21.02 ਕਰੋੜ ਰੁਪਏ ਦੀ ਲਾਗਤ ਨਾਲ 11 ਹੋਰ ਕੰਮ ਚਲ ਰਹੇ ਹਨ। ਇਸ ਤੋਂ ਇਲਾਵਾ 21 ਹੋਰ ਪ੍ਰੋਜੈਕਟਾਂ 'ਤੇ 23.03 ਕਰੋੜ ਰੁਪਏ ਖਰਚ ਕੀਤੇ ਜਾਣਗੇ।”

ਪੇਂਡੂ ਬੁਨਿਆਦੀ ਢਾਂਚੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਮੰਡੀ ਬੋਰਡ ਰਾਹੀਂ ਅੱਠ ਕੰਮਾਂ 'ਤੇ 12.98 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੁਰੰਮਤ, ਨਵੀਂ ਉਸਾਰੀ ਅਤੇ ਮੰਡੀ ਬੁਨਿਆਦੀ ਢਾਂਚੇ ਦਾ ਵਿਸਥਾਰ ਸ਼ਾਮਲ ਹੈ। ਇਸ ਤੋਂ ਕੰਮ ਪ੍ਰਗਤੀ ਅਧੀਨ ਹਨ।”

ਹੜ੍ਹ ਰੋਕਥਾਮ ਦੇ ਉਪਾਵਾਂ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਾਲ 2022 ਤੋਂ ਦਰਿਆਵਾਂ ਦੀ ਸਫਾਈ ਅਤੇ ਹੜ੍ਹ ਕੰਟਰੋਲ ਕਾਰਜਾਂ 'ਤੇ 1.27 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਕਈ ਹੋਰ ਪ੍ਰੋਜੈਕਟ ਚੱਲ ਰਹੇ ਹਨ।"

ਸ਼ਹਿਰੀ ਅਤੇ ਸੀਵਰੇਜ ਬੁਨਿਆਦੀ ਢਾਂਚੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੀਵਰੇਜ ਬੋਰਡ ਰਾਹੀਂ ਦੋ ਕੰਮਾਂ 'ਤੇ 1.34 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦੋਂ ਕਿ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 366 ਕਰੋੜ ਰੁਪਏ ਦੇ ਦੋ ਵੱਡੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ।"

ਸ਼ਹਿਰੀ ਵਿਕਾਸ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, "ਪਿਛਲੇ ਚਾਰ ਸਾਲਾਂ ਵਿੱਚ ਨਗਰ ਨਿਗਮ ਰਾਹੀਂ ਵਾਰਡਾਂ ਵਿੱਚ 114 ਕੰਮਾਂ 'ਤੇ 42.16 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਪ੍ਰੋਜੈਕਟ ਚੱਲ ਰਹੇ ਹਨ ਅਤੇ ਕਈ ਪ੍ਰਗਤੀ ਅਧੀਨ ਹਨ।"

ਪਾਣੀ ਦੀ ਸੰਭਾਲ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਭੂਮੀ ਸੰਭਾਲ ਵਿਭਾਗ ਰਾਹੀਂ ਭੂਮੀਗਤ ਪਾਈਪਲਾਈਨਾਂ ਅਤੇ ਪਾਣੀ ਦੀ ਸੰਭਾਲ ਕਾਰਜਾਂ 'ਤੇ 1.24 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਦੇ ਨਾਲ ਹੀ ਚੱਲ ਰਹੇ ਅਤੇ ਨਵੇਂ ਪ੍ਰੋਜੈਕਟਾਂ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੇਗੀ।"

ਉਨ੍ਹਾਂ ਨੇ ਪੇਂਡੂ ਵਿਕਾਸ, ਪਟਿਆਲਾ ਵਿਕਾਸ ਅਥਾਰਟੀ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ, ਪੰਚਾਇਤੀ ਰਾਜ, ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਸਮੇਤ ਵਿਭਾਗਾਂ ਵਿੱਚ ਨਿਵੇਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜੀਵਨ ਗੁਣਵੱਤਾ ਵਿੱਚ ਸੁਧਾਰ ਲਈ ਵਿਆਪਕ ਪੱਧਰ ‘ਤੇ ਕੰਮ ਚੱਲ ਰਹੇ ਹਨ।

ਲੋਕਾਂ ਤੋਂ ਸਮਰਥਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, "ਇਨ੍ਹਾਂ ਵਿਕਾਸ ਕਾਰਜਾਂ ਨੂੰ ਉਸੇ ਰਫ਼ਤਾਰ ਨਾਲ ਜਾਰੀ ਰੱਖਣ ਲਈ, ਸਾਨੂੰ ਤੁਹਾਡੇ ਸਾਰਿਆਂ ਦੇ ਸਮਰਥਨ ਅਤੇ ਸਹਿਯੋਗ ਦੀ ਲੋੜ ਹੈ।" ਉਨ੍ਹਾਂ ਅੱਗੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਜਿਵੇਂ ਤੁਸੀਂ  ਪਿਛਲੀਆਂ ਚੋਣਾਂ ਵਿੱਚ ਸਾਡੀ ਪਾਰਟੀ ਨੂੰ ਦਿਲੋਂ ਸਮਰਥਨ ਦਿੱਤਾ ਸੀ, ਉਸੇ ਤਰ੍ਹਾਂ 2027 ਦੀਆਂ ਚੋਣਾਂ ਵਿੱਚ ਵੀ ਦੇਵੋਗੇ।"

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸੂਬੇ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ ਅਤੇ ਜਿਨ੍ਹਾਂ ਨਿਗਮਾਂ ਦੀ ਮਿਆਦ ਖ਼ਤਮ ਹੋ ਰਹੀ ਹੈ, ਉਨ੍ਹਾਂ ਵਿਚ ਪ੍ਰਸ਼ਾਸਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਣਾਂ ਦੀ ਤਰੀਕ ਦਾ ਐਲਾਨ ਇਸੇ ਮਹੀਨੇ ਦੇ ਅਖੀਰ ਵਿਚ ਕੀਤਾ ਜਾਣਾ ਹੈ ਅਤੇ ਚੋਣਾਂ ਮਈ ਵਿਚ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ, ਹੁਸ਼ਿਆਰਪੁਰ, ਮੋਗਾ, ਬਠਿੰਡਾ, ਬਟਾਲਾ, ਕਪੂਰਥਲਾ, ਅਬੋਹਰ ਅਤੇ ਪਠਾਨਕੋਟ ਨਿਗਮਾਂ ਦੀ ਮਿਆਦ ਇਸੇ ਮਹੀਨੇ ਖਤਮ ਹੋਣ ਵਾਲੀ ਹੈ, ਜਦੋਂ ਕਿ ਨਵੀਂ ਬਣੀ ਬਰਨਾਲਾ ਨਿਗਮ ਦੀਆਂ ਚੋਣਾਂ ਪਹਿਲੀ ਵਾਰ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ‘ਵੱਡੀ ਸਿਆਸੀ ਜੰਗ’ ਤੋਂ ਪਹਿਲਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ‘ਪੰਜਾਬ ਬਚਾਓ ਰੈਲੀ’ ਦੌਰਾਨ ਕੀਤਾ ਐਲਾਨ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਵਲੋਂ ਪੰਜਾਬ ਵਿਚ ਗੜੇਮਾਰੀ ਕਾਰਨ ਤਬਾਹ ਹੋਈਆਂ ਫਸਲਾਂ ਕਾਰਨ ਨੁਕਸਾਨ ਝੱਲ ਰਹੇ ਕਿਸਾਨਾਂ ਦੀ ਮੱਦਦ ਕੀਤੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਵਿਖੇ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬਾਦਲ ਨੇ ਕਿਹਾ ਕਿ ਅਸੀਂ ਪਾਰਟੀ ਦੇ ਵਰਕਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਕੇ ਕਿਸਾਨਾਂ ਦੀ ਮੱਦਦ ਕਰਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਹੜ੍ਹਾਂ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ, ਪਰ ਸੂਬੇ ਦੀ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਇਸੇ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ ਹਨ।

ਪੰਜਾਬ ਨੂੰ ‘ਗੋਲਡਨ ਸਟੇਟ’ ਬਣਾਉਣ ਦਾ ਕੀਤਾ ਵਾਅਦਾ
ਚੰਡੀਗੜ੍ਹ/ਬਿਊਰੋ ਨਿਊਜ਼  
ਸਾਬਕਾ ਕਿ੍ਰਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਨਵੀਂ ਸਿਆਸੀ ਪਾਰਟੀ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਬਣਾਉਣ ਦਾ ਐਲਾਨ ਕਰ ਦਿੱਤਾ। ਅਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਨੇ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਧਿਆਨ ਰਹੇ ਕਿ ਇਹ ਐਲਾਨ ਡਾ. ਸਿੱਧੂ ਦੇ ਕਾਂਗਰਸ ਵਿੱਚੋਂ ਮੁਅੱਤਲੀ ਦੇ ਮਹਿਜ਼ ਦੋ ਮਹੀਨੇ ਬਾਅਦ ਆਇਆ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਡਾ. ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਸ ਫੈਸਲੇ ਨੂੰ ‘ਰੱਬੀ ਫੁਰਮਾਨ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਗੁਆਚੀ ਹੋਈ ਸ਼ਾਨ ਬਹਾਲ ਕਰਕੇ ਇਸ ਨੂੰ ਮੁੜ ‘ਸੁਨਹਿਰੀ ਰਾਜ’ ਬਣਾਉਣ ਲਈ ਕੰਮ ਕਰੇਗੀ। ਇਸ ਨਵੀਂ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਅਜੇ ਵੀ ਰਹੱਸ ਬਣੀ ਹੋਈ ਹੈ।

ਚੰਡੀਗੜ੍ਹ, 6 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟੈਕਸ ਚੋਰੀ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ, ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਵਿੱਚ ਇਨਫੋਰਸਮੈਂਟ ਦੇ ਖੇਤਰ ਵਿੱਚ ਰਿਕਾਰਡ ਨਤੀਜੇ ਪ੍ਰਾਪਤ ਕੀਤੇ ਹਨ, ਜੋ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਅਤੇ ਮਾਲੀਏ ਦੀ ਮਜ਼ਬੂਤ ਸੁਰੱਖਿਆ ਵੱਲ ਇੱਕ ਨਿਰਣਾਇਕ ਬਦਲਾਅ ਨੂੰ ਦਰਸਾਉਂਦਾ ਹੈ।

ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਫੋਕਸਡ ਅਤੇ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ ਸਦਕਾ, ਸੂਬੇ ਦੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਦੌਰਾਨ 1,383.11 ਕਰੋੜ ਰੁਪਏ ਦੇ ਭਾਰੀ ਜੁਰਮਾਨੇ ਲਗਾਏ। ਇਸ ਲਗਾਏ ਗਏ ਜੁਰਮਾਨੇ ਵਿੱਚੋਂ 1,137.85 ਕਰੋੜ ਰੁਪਏ ਪਹਿਲਾਂ ਹੀ ਵਸੂਲ ਕੀਤੇ ਜਾ ਚੁੱਕੇ ਹਨ, ਜੋ ਇਨਫੋਰਸਮੈਂਟ ਦੀ ਕੁਸ਼ਲਤਾ ਅਤੇ ਮਾਲੀਆ ਵਸੂਲੀ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਨੂੰ ਦਰਸਾਉਂਦਾ ਹੈ।"

ਇਸ ਸਫਲਤਾ ਦੀ ਰੀੜ੍ਹ ਦੀ ਹੱਡੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, “ਨਿਰੀਖਣ-ਅਧਾਰਤ ਇਨਫੋਰਸਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ 1,215.95 ਕਰੋੜ ਰੁਪਏ ਦਾ ਜੁਰਮਾਨਾ ਅਤੇ 972.15 ਕਰੋੜ ਰੁਪਏ ਦੀ ਅਸਲ ਵਸੂਲੀ ਸ਼ਾਮਲ ਹੈ। ਇਸ ਦੇ ਨਾਲ ਹੀ, ਸੜਕੀ ਚੈਕਿੰਗ ਮੁਹਿੰਮਾਂ ਨੇ 165.71 ਕਰੋੜ ਰੁਪਏ ਦਾ ਠੋਸ ਯੋਗਦਾਨ ਪਾਇਆ। ਇਹ ਕਾਰਗੁਜ਼ਾਰੀ ਵਿੱਤੀ ਸਾਲ 2024-25 ਦੇ ਮੁਕਾਬਲੇ ਕਈ ਗੁਣਾ ਸੁਧਾਰ ਨੂੰ ਦਰਸਾਉਂਦੀ ਹੈ। ਸਾਲ 2024-25 ਦੌਰਾਨ ਨਿਰੀਖਣ ਇਨਫੋਰਸਮੈਂਟ ਦੇ ਨਤੀਜੇ ਵਜੋਂ 147.28 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ 41.53 ਕਰੋੜ ਰੁਪਏ ਵਸੂਲੇ ਗਏ ਸੀ, ਅਤੇ ਸੜਕੀ ਚੈਕਿੰਗ ਦੀ ਵਸੂਲੀ 157.14 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2025-26 ਵਿੱਚ ਇਹ ਭਾਰੀ ਵਾਧਾ ਸੂਬੇ ਦੀ ਖੋਜ, ਇਨਫੋਰਸਮੈਂਟ ਅਤੇ ਅਸਲ ਵਿੱਤੀ ਵਸੂਲੀ ਦੀ ਸਮਰੱਥਾ ਵਿੱਚ ਇੱਕ ਵੱਡੇ ਬਦਲਾਅ ਨੂੰ ਉਜਾਗਰ ਕਰਦਾ ਹੈ।"

ਧੋਖੇਬਾਜ਼ ਨੈੱਟਵਰਕਾਂ 'ਤੇ ਸਖ਼ਤੀ ਦਾ ਜ਼ਿਕਰ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਟੈਕਸ ਵਿਭਾਗ ਨੇ ਸਾਲ ਭਰ ਵਿੱਚ 8 ਐਫ.ਆਈ.ਆਰ. ਅਤੇ 15 ਗ੍ਰਿਫਤਾਰੀਆਂ ਕੀਤੀਆਂ। ਦੋ ਸਭ ਤੋਂ ਪ੍ਰਮੁੱਖ ਐਫ.ਆਈ.ਆਰਜ਼ ਵਿੱਚ ਸੱਤ ਵਿਅਕਤੀ ਸ਼ਾਮਲ ਸਨ ਅਤੇ 385 ਕਰੋੜ ਰੁਪਏ ਦੇ ਧੋਖੇਬਾਜ਼ ਲੈਣ-ਦੇਣ ਦਾ ਪਰਦਾਫਾਸ਼ ਹੋਇਆ। ਇਹਨਾਂ ਟੀਚਾਗਤ ਕਾਰਵਾਈਆਂ ਨੇ ਮਾਲ ਦੀ ਅਸਲ ਸਪਲਾਈ ਤੋਂ ਬਿਨਾਂ ਇਨਵੌਇਸ ਜਾਰੀ ਕਰਨ ਵਾਲੀਆਂ ਫਰਮਾਂ ਦੁਆਰਾ ਕੀਤੀ ਗਈ 69.57 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ।"

ਉਨ੍ਹਾਂ ਅੱਗੇ ਕਿਹਾ, “ਮਾਲ ਦੀ ਗੈਰ-ਕਾਨੂੰਨੀ ਢੋਆ-ਢੁਆਈ ਅਤੇ ਧੋਖੇਬਾਜ਼ ਬਿਲਿੰਗ ਨੈੱਟਵਰਕਾਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਬਠਿੰਡਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਹੋਰ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਇੱਕ ਬਹੁਤ ਹੀ ਮਹੱਤਵਪੂਰਨ ਕਾਰਵਾਈ ਵਿੱਚ 9 ਕਰੋੜ ਰੁਪਏ ਤੋਂ ਵੱਧ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਪਾਸ ਕਰਨ ਲਈ ਲੁਧਿਆਣਾ ਸਥਿਤ ਇੱਕ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ।”

ਉਨ੍ਹਾਂ ਅੱਗੇ ਦੱਸਿਆ, "ਵਿਭਾਗ ਦੇ ਆਧੁਨਿਕ ਖੁਫੀਆ ਨੈੱਟਵਰਕ ਨੇ ਕਈ ਵੱਡੇ ਪਰਦਾਫਾਸ਼ ਕੀਤੇ, ਜਿਨ੍ਹਾਂ ਵਿੱਚ ਲੁਧਿਆਣਾ ਵਿੱਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਮੋਹਾਲੀ, ਖਰੜ ਅਤੇ ਕੋਟਕਪੂਰਾ ਵਿੱਚ ਨਜਾਇਜ਼ ਕੋਲੇ ਦੇ ਲੈਣ-ਦੇਣ ਵਿੱਚ 226 ਕਰੋੜ ਰੁਪਏ, ਅਤੇ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰ ਰਹੇ 423 ਕਰੋੜ ਰੁਪਏ ਦੇ ਬੋਗਸ ਬਿਲਿੰਗ ਨੈੱਟਵਰਕ ਸ਼ਾਮਲ ਹਨ। ਇਸ ਤੋਂ ਇਲਾਵਾ, ਗੁੰਝਲਦਾਰ ਜਾਂਚ ਦੌਰਾਨ 'ਪੇਟ ਪੂਜਾ ਐਪ' ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ, ਜੋ ਆਧੁਨਿਕ ਟੈਕਸ ਚੋਰੀ ਨੈੱਟਵਰਕਾਂ ਦੇ ਵੱਡੇ ਪੱਧਰ ਅਤੇ ਗੁੰਝਲਦਾਰ ਸੁਭਾਅ ਨੂੰ ਉਜਾਗਰ ਕਰਦਾ ਹੈ।"

ਵੈਰੀਫਿਕੇਸ਼ਨ ਮੁਹਿੰਮਾਂ ਬਾਰੇ ਵਿੱਤ ਮੰਤਰੀ ਨੇ ਕਿਹਾ, “ਫੋਕਸਡ ਵੈਰੀਫਿਕੇਸ਼ਨ ਅਭਿਆਸਾਂ ਦੌਰਾਨ 1,579 ਸ਼ੱਕੀ ਡੀਲਰਾਂ ਦੀ ਪਛਾਣ ਕੀਤੀ ਗਈ। ਸਖ਼ਤ ਚੈਕਿੰਗ ਤੋਂ ਬਾਅਦ, ਇਹਨਾਂ ਵਿੱਚੋਂ 922 ਸੰਸਥਾਵਾਂ ਦੀ ਕੋਈ ਹੋਂਦ ਹੀ ਨਹੀਂ ਪਾਈ ਗਈ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ।”

ਆਈ.ਟੀ.ਸੀ. ਬਚਾਅ ਉਪਾਵਾਂ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ, “ਮਜ਼ਬੂਤ ਇਨਪੁਟ ਟੈਕਸ ਕ੍ਰੈਡਿਟ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ 244.82 ਕਰੋੜ ਰੁਪਏ ਨੂੰ ਸਰਗਰਮੀ ਨਾਲ ਬਲਾਕ ਕੀਤਾ ਗਿਆ ਅਤੇ 206.64 ਕਰੋੜ ਰੁਪਏ ਦੀ ਵਾਪਸੀ ਸੁਨਿਸ਼ਚਿਤ ਕੀਤੀ ਗਈ। ਇਹਨਾਂ ਸਰਗਰਮ ਕਦਮਾਂ ਨੇ ਸਿੱਧੀ ਨਕਦ ਵਸੂਲੀ ਰਾਹੀਂ ਪ੍ਰਾਪਤ ਕੀਤੇ ਵਾਧੂ 19.08 ਕਰੋੜ ਰੁਪਏ ਦੇ ਨਾਲ-ਨਾਲ ਸੂਬੇ ਦੇ ਫੰਡਾਂ ਵਿੱਚ 451.46 ਕਰੋੜ ਰੁਪਏ ਨੂੰ ਸਫਲਤਾਪੂਰਵਕ ਬਚਾਇਆ।”

ਫੀਲਡ ਇਨਫੋਰਸਮੈਂਟ ਵਿੱਚ ਤੇਜ਼ੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਖੇ ਇੱਕੋ ਸਮੇਂ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ, ਇੱਕ ਦਿਨ ਵਿੱਚ ਰਿਕਾਰਡ 141 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਵਿਭਾਗ ਨੇ ਆਇਰਨ ਐਂਡ ਸਟੀਲ, ਸੀਮੈਂਟ, ਆਟੋ ਪਾਰਟਸ, ਤੰਬਾਕੂ ਅਤੇ ਧਾਤਾਂ ਵਰਗੇ ਉੱਚ-ਜੋਖਮ ਵਾਲੇ ਸੈਕਟਰਾਂ 'ਤੇ ਵਿਸ਼ੇਸ਼ ਨਜ਼ਰ ਰੱਖਦਿਆਂ ਰੇਲਵੇ ਸਟੇਸ਼ਨਾਂ ਅਤੇ ਪ੍ਰਮੁੱਖ ਟਰਾਂਜ਼ਿਟ ਪੁਆਇੰਟਾਂ 'ਤੇ ਵੀ ਇਨਫੋਰਸਮੈਂਟ ਨੂੰ ਮਜ਼ਬੂਤ ਕੀਤਾ।"

ਸੰਸਥਾਗਤ ਅਤੇ ਤਕਨੀਕੀ ਕਾਰਜ਼ਕੁਸ਼ਲਤਾ ਨੂੰ ਸਫਲਤਾ ਦਾ ਸਿਹਰਾ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ, ਟੈਕਸ ਇੰਟੈਲੀਜੈਂਸ ਯੂਨਿਟ, ਅਤੇ 'ਬਿੱਲ ਲਿਆਓ ਇਨਾਮ ਪਾਓ' ਸਕੀਮ ਦੀ ਭੂਮਿਕਾ ਅਹਿਮ ਰਹੀ। ਇਹਨਾਂ ਇਨਫੋਰਸਮੈਂਟ ਉਪਾਵਾਂ ਦੀ ਵੱਡੀ ਸਫਲਤਾ ਆਧੁਨਿਕ ਡਾਟਾ ਵਿਸ਼ਲੇਸ਼ਣ, ਰੀਅਲ-ਟਾਈਮ ਈ-ਵੇਅ ਬਿੱਲ ਟ੍ਰੈਕਿੰਗ, ਨਿਰੰਤਰ ਖੁਫੀਆ ਜਾਣਕਾਰੀ, ਅਤੇ ਨਵੇਂ ਵਿਕਸਤ ਡਿਜੀਟਲ ਇਨਫੋਰਸਮੈਂਟ ਪੋਰਟਲਾਂ ਸਦਕਾ ਸੰਭਵ ਹੋਈ। ਇਨ੍ਹਾਂ ਤਕਨੀਕੀ ਤਰੱਕੀਆਂ ਨੇ ਜ਼ਮੀਨੀ ਪੱਧਰ 'ਤੇ ਤੇਜ਼ ਅਤੇ ਬਹੁਤ ਤਾਲਮੇਲ ਵਾਲੀ ਕਾਰਵਾਈ ਨੂੰ ਸਮਰੱਥ ਬਣਾਇਆ ਹੈ।"

ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਵਿੱਤੀ ਸਾਲ 2025-26 ਦੀ ਕਾਰਗੁਜ਼ਾਰੀ ਪੰਜਾਬ ਭਰ ਵਿੱਚ ਟੈਕਸ ਅਦਾਇਗੀ ਅਤੇ ਮਾਲੀਆ ਜੁਟਾਉਣ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰਦੇ ਹੋਏ, ਖੁਫੀਆ-ਅਗਵਾਈ ਵਾਲੀ ਇਨਫੋਰਸਮੈਂਟ ਵੱਲ ਇੱਕ ਤਬਦੀਲੀ ਵਾਲੇ ਬਦਲਾਅ ਨੂੰ ਦਰਸਾਉਂਦੀ ਹੈ। ਧੋਖੇਬਾਜ਼ ਨੈੱਟਵਰਕਾਂ ਨੂੰ ਪੱਕੇ ਤੌਰ 'ਤੇ ਖਤਮ ਕਰਨ, ਇਮਾਨਦਾਰ ਵਪਾਰਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ, ਇਮਾਨਦਾਰ ਟੈਕਸ ਦਾਤਿਆਂ ਦੀ ਰੱਖਿਆ ਕਰਨ ਅਤੇ ਸੂਬੇ ਦੇ ਮਹੱਤਵਪੂਰਨ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਰੋਕਥਾਮ ਕਾਰਵਾਈਆਂ ਹੋਰ ਵੀ ਤੇਜ਼ੀ ਨਾਲ ਜਾਰੀ ਰਹਿਣਗੀਆਂ।"

ਸੁਖਬੀਰ ਸਿੰਘ ਬਾਦਲ ਨੇ ਬਰਾੜ ਦਾ ਪਾਰਟੀ ’ਚ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ ਮਰਹੂਮ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਅੱਜ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਰਸਮੀ ਤੌਰ ’ਤੇ ਘਰ ਵਾਪਸੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮੱਖਣ ਬਰਾੜ ਨੇ ਅਜੇ ਸਿਰਫ ਤਿੰਨ ਦਿਨ ਪਹਿਲਾਂ ਹੀ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ। ਮੱਖਣ ਬਰਾੜ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ’ਤੇ ਗੰਭੀਰ ਇਲਜ਼ਾਮ ਲਗਾ ਕੇ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਇਥੋਂ ਤੱਕ ਵੀ ਕਿਹਾ ਸੀ ਕਿ ਏਜੰਸੀਆਂ ਦੇ ਨੁਮਾਇੰਦੇ ਬਣ ਕੇ ਕੁਝ ਲੋਕ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।

ਮੰਡੀ ਗੋਬਿੰਦਗੜ੍ਹ, 6 ਅਪ੍ਰੈਲ: ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਉਤਸ਼ਾਹ, ਖੁਸ਼ੀ ਅਤੇ ਸਕਾਰਾਤਮਕਤਾ ਨਾਲ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਗਿਆ ਅਤੇ ਰਾਗੀ ਸਿੰਘਾਂ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ। ਪ੍ਰਿੰਸੀਪਲ ਇੰਦੂ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮ ਦੌਰਾਨ ਸਕੂਲ ਕੈਂਪਸ ਵਿੱਚ ਸ਼ਾਂਤ ਅਤੇ ਸੁਹਾਵਣਾ ਮਾਹੌਲ ਭਗਤੀ ਦਾ ਅਹਿਸਾਸ ਕਰਵਾ ਰਿਹਾ ਸੀ। ਵਿਦਿਆਰਥੀਆਂ ਅਤੇ ਸਟਾਫ ਵਿੱਚ ਪ੍ਰਸਾਦ ਵਰਤਾਇਆ ਗਿਆ ਅਤੇ ਆਉਣ ਵਾਲੇ ਸਾਲ ਦੀ ਕਾਮਯਾਬੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ।

ਇਸ ਸ਼ੁਭ ਮੌਕੇ ‘ਤੇ ਸਕੂਲ ਪਰਿਵਾਰ ਨੇ ਗੁਣਵੱਤਾਪੂਰਨ ਸਿੱਖਿਆ ਦੇਣ, ਉੱਚ ਨੈਤਿਕ ਮੁੱਲਾਂ ਨੂੰ ਵਧਾਉਣ ਅਤੇ ਹਰ ਵਿਦਿਆਰਥੀ ਦਾ ਚੰਗਾ ਭਵਿੱਖ ਤਿਆਰ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਵਿਦਿਆਰਥੀਆਂ ਨੇ ਵੀ ਨਵੇਂ ਜਜ਼ਬੇ, ਊਰਜਾ ਅਤੇ ਸਮਰਪਣ ਨਾਲ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਦਾ ਸੰਕਲਪ ਕੀਤਾ। ਨਵੇਂ ਸੈਸ਼ਨ ਦੌਰਾਨ ਨਵੇਂ ਅਤੇ ਪੁਰਾਣੇ ਸਾਰੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ, ਜਿਸ ਨਾਲ ਆਪਣੇਪਣ ਅਤੇ ਖੁਸ਼ੀ ਦਾ ਮਾਹੌਲ ਬਣਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ, ਜਨਰਲ ਸਕੱਤਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਸਮੇਤ ਦੇਸ਼ ਭਗਤ ਗਲੋਬਲ ਸਕੂਲ ਦੇ ਅਧਿਆਪਕਾਂ ਤੇ ਸਟਾਫ ਨੇ ਆਪਣੇ ਅਸ਼ੀਰਵਾਦ ਦਿੱਤੇ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ, ਇਮਾਨਦਾਰ ਅਤੇ ਆਪਣੇ ਅਧਿਐਨ ‘ਤੇ ਕੇਂਦ੍ਰਿਤ ਰਹਿਣ ਲਈ ਪ੍ਰੇਰਿਤ ਕੀਤਾ।

ਚੰਡੀਗੜ੍ਹ : ਸੂਬੇ ਦੇ ਖੇਤੀਬਾੜੀ ਖੇਤਰ ਦੀ ਦਸ਼ਾ ਨੂੰ ਬਦਲਣ ਲਈ ਇੱਕ ਵੱਡਾ ਕਦਮ ਚੁੱਕਦਿਆਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਲਈ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ 1,388 ਕਰੋੜ ਰੁਪਏ ਦੀ ਸਾਲਾਨਾ ਐਕਸ਼ਨ ਪਲਾਨ (ਕਾਰਜ ਯੋਜਨਾ) ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ।
ਸੋਮਵਾਰ ਨੂੰ ਇੱਥੇ ਆਪਣੇ ਦਫ਼ਤਰ ਵਿੱਚ ਪ੍ਰੋਜੈਕਟਾਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਇਹ ਐਕਸ਼ਨ ਪਲਾਨ, ਜੋ ਪਹਿਲਾਂ ਹੀ ਪ੍ਰਵਾਨਗੀ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਭੇਜੀ ਜਾ ਚੁੱਕੀ ਹੈ, ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਨਿਬੇੜੇ, ਜਲ ਸੰਭਾਲ, ਫ਼ਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨਿਬੇੜਾ (CRM) ਸਕੀਮ ਤਹਿਤ 600 ਕਰੋੜ ਰੁਪਏ ਦਾ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਹੈ। ਉਹਨਾਂ ਕਿਹਾ, "ਸਾਡਾ ਟੀਚਾ ਕਿਸਾਨਾਂ ਨੂੰ ਸਬਸਿਡੀ 'ਤੇ ਇਨ-ਸਿਟੂ (ਖੇਤ ਦੇ ਅੰਦਰ) ਅਤੇ ਐਕਸ-ਸਿਟੂ (ਖੇਤ ਦੇ ਬਾਹਰ) ਮਸ਼ੀਨਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਰਾਲੀ ਸਾੜਨ ਦਾ ਪੱਕਾ ਹੱਲ ਯਕੀਨੀ ਬਣਾਇਆ ਜਾ ਸਕੇ।"
ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ, 'ਪ੍ਰਤੀ ਬੂੰਦ ਵਧੇਰੇ ਫ਼ਸਲ' ਕੰਪੋਨੈਂਟ ਲਈ 33.33 ਕਰੋੜ ਰੁਪਏ ਰੱਖੇ ਗਏ ਹਨ, ਜੋ ਡਰਿੱਪ, ਸਪ੍ਰਿੰਕਲਰ ਅਤੇ ਰੇਨ ਗੰਨ ਵਰਗੇ ਪਾਣੀ ਦੀ ਬਚਤ ਕਰਨ ਵਾਲੇ ਉਪਕਰਣਾਂ ਨੂੰ ਉਤਸ਼ਾਹਿਤ ਕਰੇਗਾ। ਇਸ ਦੌਰਾਨ, ਬੀਜ ਸੁਧਾਰ ਅਤੇ ਕਪਾਹ ਪ੍ਰਦਰਸ਼ਨੀ ਪ੍ਰੋਜੈਕਟਾਂ 'ਤੇ 51.85 ਕਰੋੜ ਰੁਪਏ ਖਰਚੇ ਜਾਣਗੇ, ਅਤੇ ਖੇਤੀਬਾੜੀ ਮਸ਼ੀਨੀਕਰਨ ਸਬ-ਮਿਸ਼ਨ ਤਹਿਤ ਖੇਤੀ ਦੀ ਮੁਹਾਰਤ ਨੂੰ ਵਧਾਉਣ ਲਈ 95 ਕਰੋੜ ਰੁਪਏ ਰੱਖੇ ਗਏ ਹਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਵੱਧ ਪਾਣੀ ਪੀਣ ਵਾਲੇ ਝੋਨੇ ਦੀ ਥਾਂ ਮੱਕੀ, ਦਾਲਾਂ ਅਤੇ ਤੇਲ ਬੀਜਾਂ ਵੱਲ ਪ੍ਰੇਰਿਤ ਕਰਨ ਲਈ ਫ਼ਸਲੀ ਵਿਭਿੰਨਤਾ ਲਈ 50.30 ਕਰੋੜ ਰੁਪਏ ਰੱਖੇ ਗਏ ਹਨ। ਰਸਾਇਣ ਮੁਕਤ ਖੇਤੀ ਲਈ ਰਾਸ਼ਟਰੀ ਮੁਹਿੰਮ ਦੇ ਅਨੁਸਾਰ, ਕੁਦਰਤੀ ਖੇਤੀ ਲਈ 8.25 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਦਾਲਾਂ ਵਿੱਚ 'ਆਤਮਨਿਰਭਰਤਾ' ਨੂੰ ਉਤਸ਼ਾਹਿਤ ਕਰਨ ਲਈ 4.17 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਹੋਰ ਪ੍ਰਮੁੱਖ ਅਲਾਟਮੈਂਟਾਂ ਵਿੱਚ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਪ੍ਰਬੰਧਨ ਲਈ 20 ਕਰੋੜ ਰੁਪਏ, ਅਤੇ ਖੇਤੀਬਾੜੀ ਪਸਾਰ (ਐਕਸਟੈਂਸ਼ਨ) ਗਤੀਵਿਧੀਆਂ ਲਈ 60.59 ਕਰੋੜ ਰੁਪਏ ਸ਼ਾਮਲ ਹਨ। ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਏਕੀਕ੍ਰਿਤ ਉਪਰਾਲੇ ਨਾ ਸਿਰਫ਼ ਖੇਤੀ ਆਮਦਨ ਵਿੱਚ ਵਾਧਾ ਕਰਨਗੇ ਸਗੋਂ ਪੰਜਾਬ ਦੇ ਵਾਤਾਵਰਣਕ ਭਵਿੱਖ ਨੂੰ ਵੀ ਸੁਰੱਖਿਅਤ ਕਰਨਗੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਗਾਮੀ ਸਾਉਣੀ (ਖਰੀਫ਼) ਸੀਜ਼ਨ ਲਈ ਤਿਆਰੀਆਂ ਖਿੱਚਣ ਦੇ ਨਿਰਦੇਸ਼ ਦਿੰਦਿਆਂ ਯੋਜਨਾਵਾਂ ਨੂੰ ਸਮੇਂ ਸਿਰ ਤਿਆਰ ਕਰਨ ਅਤੇ ਲਾਗੂ ਕਰਨ 'ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਪਿਛਲੇ ਇੱਕ ਹਫਤੇ ਦੌਰਾਨ ਹੋਈ ਬੇਮੌਸਮੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਸਲਾਂ ਦੇ ਹੋਏ ਖਰਾਬੇ ਨੂੰ ਦੇਖਦਿਆਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਨੇ ਫਸਲੀ ਨੁਕਸਾਨ ਦੇ ਮੱਦੇਨਜ਼ਰ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਮੁਆਵਜ਼ਾ ਦੇਵੇਗੀ । ਦੱਸਣਯੋਗ ਹੈ ਕਿ ਪੰਜਾਬ ਦੇ ਖ਼ਾਸ ਕਰਕੇ ਮਾਲਵਾ ਖਿੱਤੇ ਵਿੱਚ 30 ਅਤੇ 31 ਮਾਰਚ ਨੂੰ ਮੀਂਹ ਅਤੇ ਗੜ੍ਹੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਇਸੇ ਤਰ੍ਹਾਂ ਮਾਝੇ ਅਤੇ ਦੁਆਬਾ ਖੇਤਰ ਵਿੱਚ ਵੀ ਕੁਦਰਤ ਨੇ ਫਸਲਾਂ ਨੂੰ ਮਾਰ ਪਾਈ ਹੈ । ਖੇਤੀ ਮਹਿਕਮੇ ਅਨੁਸਾਰ ਪੰਜਾਬ ਵਿੱਚ ਕਰੀਬ ਇਕ ਲੱਖ ਏਕੜ ਤੋਂ ਵੱਧ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.