Monday, 20 April 2026

ਚੰਡੀਗੜ੍ਹ, : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਸਰਜਨਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰਾਂ ਨਾਲ ਸੂਬਾ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਜਿੱਥੇ ਸੂਬਾ ਸਰਕਾਰ ਦੇ ਪ੍ਰਮੁੱਖ ਸਿਹਤ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ 'ਤੇ ਲਾਗੂਕਰਨ ਦੀ ਸਮੀਖਿਆ ਕੀਤੀ, ਉੱਥੇ ਪ੍ਰਾਇਮਰੀ ਤੇ ਸੈਕੰਡਰੀ ਸਿਹਤ ਸੰਭਾਲ ਸੇਵਾਵਾਂ ਵਿੱਚ ਸੁਧਾਰਾਂ ਦੇ ਅਗਲੇ ਪੜਾਅ ਦੀ ਰੂਪ-ਰੇਖਾ ਉਲੀਕੀ। ਸਮੀਖਿਆ ਮੀਟਿੰਗ ਦੌਰਾਨ ਮਰੀਜ਼ਾਂ ਨੂੰ ਦੇਖਭਾਲ ਸੇਵਾ ਪ੍ਰਦਾਨ ਕਰਨ, ਡਿਜੀਟਲ ਸੁਧਾਰਾਂ, ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਅਤੇ ਜ਼ਿਲ੍ਹਿਆਂ ਵਿੱਚ ਸਖ਼ਤ ਨਿਗਰਾਨ ਵਿਧੀਆਂ 'ਤੇ ਜ਼ੋਰ ਦਿੱਤਾ ਗਿਆ।

ਸੂਬੇ ਦੀ ਮੁੱਢਲੀ ਸਿਹਤ ਸੰਭਾਲ ਦੀ ਰੀੜ੍ਹ ਦੀ ਹੱਡੀ ਵਜੋਂ ਜਾਣ ਜਾਂਦੇ ਆਮ ਆਦਮੀ ਕਲੀਨਿਕਾਂ ‘ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ ਇੱਥੇ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਹੀ ਇਹਨਾਂ ਕਲੀਨਿਕਾਂ ਵਿੱਚ ਗਰਭਵਤੀ ਔਰਤਾਂ ਦੀ ਆਮਦ ਵਿੱਚ ਲਗਭਗ 30 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕਲੀਨਿਕਾਂ ਵਿੱਚ ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਵਜੋਂ ਸ਼ਨਾਖਤ ਕੀਤੇ ਗਏ ਮਾਮਲੇ ਸੂਬੇ ਪੱਧਰ 'ਤੇ 29 ਫ਼ੀਸਦ ਤੱਕ ਪਹੁੰਚ ਗਏ ਹਨ, ਜਿਸ ਨਾਲ ਸ਼ੁਰੂਆਤੀ ਡਾਕਟਰੀ ਇਲਾਜ ਸੰਭਵ ਹੋ ਰਿਹਾ ਹੈ ਅਤੇ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਰਹੀ ਹੈ।

ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਛੇਤੀ ਹੀ 243 ਨਵੇਂ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ ਜਦਕਿ 308 ਉਪ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਸੇਵਾਵਾਂ ਵਿੱਚ ਨਵਜਾਤ ਅਤੇ ਬਾਲ ਦੇਖਭਾਲ, ਰੁਟੀਨ ਟੀਕਾਕਰਨ ਅਤੇ ਮੂੰਹ ਤੇ ਪ੍ਰੋਸਟੇਟ ਕੈਂਸਰ ਲਈ ਸਕ੍ਰੀਨਿੰਗ ਸ਼ਾਮਲ ਹੋਵੇਗੀ। ਉਨ੍ਹਾਂ ਨੇ ਬਲਾਕ ਪੱਧਰ ਉੱਤੇ ਰੈਫਰ ਕਰਨ ਦੇ ਮਾਮਲਿਆਂ ਨੂੰ ਘਟਾਉਣ ਅਤੇ ਜ਼ਿਆਦਾ ਇਲਾਜ ਪ੍ਰਦਾਨ ਕਰਨ ਦੇ ਉਦੇਸ਼ ਲਈ ਬਲਾਕ ਪੱਧਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਦਵਾਈਆਂ ਦੀ ਉਪਲਬਧਤਾ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਸਟਾਕ ਦੀ ਘਾਟ ਪ੍ਰਤੀ ਜ਼ੀਰੋ ਟੋਲਰੈਂਸ ਬਰਕਰਾਰ ਰੱਖਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ 14 ਜ਼ਿਲ੍ਹਿਆਂ ਨੇ ਆਮ ਆਦਮੀ ਕਲੀਨਿਕਾਂ 'ਤੇ 102 ਜ਼ਰੂਰੀ ਦਵਾਈਆਂ ਵਿੱਚੋਂ ਘੱਟੋ-ਘੱਟ 97 ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਟਾਕ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਹੋਣ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਕੇਂਦਰ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਨਿਰਧਾਰਤ ਦਵਾਈਆਂ ਅਤੇ ਜਾਂਚ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਈ-ਔਸ਼ਧੀ ਅਤੇ ਜ਼ਿਲ੍ਹਾ ਪੱਧਰੀ ਡੈਸ਼ਬੋਰਡਾਂ ਰਾਹੀਂ ਨਿਗਰਾਨੀ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

ਮੁੱਖ ਮੰਤਰੀ ਸਿਹਤ ਯੋਜਨਾ ਦੀ ਸਮੀਖਿਆ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਕੀਮ ਤਹਿਤ ਪ੍ਰਤੀ ਪਰਿਵਾਰ ਸਾਲਾਨਾ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਮੈਡੀਕਲ ਐਮਰਜੈਂਸੀ ਦੌਰਾਨ ਪਰਿਵਾਰਾਂ ਦੇ ਵਿੱਤੀ ਬੋਝ ਨੂੰ ਬਿਲਕੁੱਲ ਘੱਟ ਕਰਨਾ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਸੂਚੀਬੱਧ ਹਸਪਤਾਲਾਂ ਵਿੱਚ ਨਿਰਵਿਘਨ ਰਜਿਸਟ੍ਰੇਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਲਾਜ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਅਤੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਸੀ.ਐਸ.ਸੀ., ਆਸ਼ਾ ਅਤੇ ਪੀ.ਆਰ.ਆਈ. ਨੁਮਾਇੰਦਿਆਂ ਨਾਲ ਨਜ਼ਦੀਕੀ ਤਾਲਮੇਲ ਬਣਾਉਣ ਲਈ ਵੀ ਕਿਹਾ।

ਕੈਬਨਿਟ ਮੰਤਰੀ ਨੇ ਮੈਡੀਕਲ ਕਾਨੂੰਨੀ ਨਿਰੀਖਣ ਅਤੇ ਪੋਸਟ ਮਾਰਟਮ ਰਿਪੋਰਟਿੰਗ ਪ੍ਰਣਾਲੀ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ, ਜਿਸ ਨਾਲ ਕੇਸਾਂ ਵਿੱਚ ਪਾਰਦਰਸ਼ਤਾ ਆਉਣ ਸਣੇ ਪ੍ਰਕਿਰਿਆ ਵਿੱਚ ਵੀ ਤੇਜ਼ੀ ਆਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ ਸਾਰੀਆਂ 22 ਜ਼ਿਲ੍ਹਾ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਾਂ ਅਤੇ 22 ਕ੍ਰਿਟੀਕਲ ਕੇਅਰ ਬਲਾਕਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 7 ਲੈਬਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਹ ਲੈਬਾਂ ਇੱਕੋ ਛੱਤ ਹੇਠ ਮੌਲੀਕਿਊਲਰ ਬਾਇਓਲੋਜੀ ਅਤੇ ਵਾਇਰੋਲੋਜੀ ਟੈਸਟਿੰਗ ਸਮੇਤ ਏਕੀਕ੍ਰਿਤ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਹਸਪਤਾਲਾਂ ਨੂੰ ਸੌਂਪੀਆਂ ਜਾ ਰਹੀਆਂ ਹਨ।

ਇਸ ਦੌਰਾਨ ਸੈਕੰਡਰੀ ਦੇਖਭਾਲ ਸੁਵਿਧਾਵਾਂ ਵਿੱਚ ਜ਼ਰੂਰੀ ਦਵਾਈਆਂ ਦੇ ਸਟਾਕ, ਬਾਇਓਮੈਡੀਕਲ ਉਪਕਰਣਾਂ ਦੀ ਉਪਬੱਧਤਾ, ਸੈਨੀਟੇਸ਼ਨ ਕੰਟਰੈਕਟ, ਲਿਫਟ ਮੇਨਟੇਨੈਂਸ, ਫਾਇਰ ਸੇਫਟੀ ਸਬੰਧੀ ਪਾਲਣਾ ਅਤੇ ਪਾਵਰ ਬੈਕਅਪ ਸਿਸਟਮ ਬਾਰੇ ਵਿਚਾਰ-ਚਰਚਾ ਕੀਤੀ ਗਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਬੁਨਿਆਦੀ ਢਾਂਚੇ ਸਬੰਧੀ ਤਿਆਰੀਆਂ ਅਤੇ ਸਫਾਈ ਸਿੱਧੇ ਤੌਰ 'ਤੇ ਲੋਕਾਂ ਦੇ ਭਰੋਸੇ ਵਿੱਚ ਵਾਧਾ ਕਰਦੀਆਂ ਹੈ। ਇਸ ਦੌਰਾਨ ਖਰੀਦ ਮਾਪਦੰਡਾਂ ਦੀ ਪਾਲਣਾ ਅਤੇ ਵਰਤੋਂ ਸਬੰਧੀ ਸਰਟੀਫਿਕੇਟਾਂ ਦੀ ਵੀ ਸਮੀਖਿਆ ਕੀਤੀ ਗਈ।

ਕਾਨਫਰੰਸ ਦੌਰਾਨ ਸਥਾਈ ਵਿਕਾਸ ਟੀਚਿਆਂ ਤਹਿਤ ਜੱਚਾ-ਬੱਚਾ ਮੌਤ ਦਰ ਵਿੱਚ ਕਮੀ, ਨਵਜਾਤਾਂ ਦੇ ਬਚਾਅ, ਟੀਕਾਕਰਨ ਮੁਹਿੰਮ ਅਤੇ ਤਪਦਿਕ ਦਾ ਪਤਾ ਲਗਾਉਣ ਸਬੰਧੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਜੱਚਾ-ਬੱਚਾ ਮੌਤ ਦਰ ਦੇ ਅਨੁਪਾਤ ਵਿੱਚ ਸੁਧਾਰ ਅਤੇ ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦਾ ਪਤਾ ਲਗਾਉਣ ਬਾਰੇ ਵੀ ਚਰਚਾ ਕੀਤੀ ਗਈ ਅਤੇ ਨਾਲ ਹੀ ਸਟੀਕ ਐਚ.ਐਮ.ਆਈ.ਐਸ. ਰਿਪੋਰਟਿੰਗ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਮੀਟਿੰਗ ਦੌਰਾਨ ਸਾਰੇ 23 ਜ਼ਿਲ੍ਹਿਆਂ ਵਿੱਚ ਪੰਜਾਬ ਸਟੈਮੀ ਅਤੇ ਸਟ੍ਰੋਕ ਪ੍ਰੋਜੈਕਟਾਂ ਦੇ ਵਿਸਤਾਰ ਦੀ ਵੀ ਸਮੀਖਿਆ ਕੀਤੀ ਗਈ ਤਾਂ ਜੋ ਟੈਲੀ ਈਸੀਜੀ ਗਾਈਡਡ ਥ੍ਰੋਮੋਲਾਈਸਿਸ ਅਤੇ ਹੱਬ ਅਤੇ ਸਪੋਕ ਸਟ੍ਰੋਕ ਪ੍ਰਬੰਧਨ ਨੂੰ ਮਜ਼ਬੂਤ ਕੀਤਾ ਜਾ ਸਕੇ। ਐਮਰਜੈਂਸੀ ਹਾਲਤਾਂ ਨਾਲ ਨਜਿੱਠਣ ਅਤੇ ਪਰਿਵਾਰਾਂ 'ਤੇ ਵਿੱਤੀ ਬੋਝ ਨੂੰ ਘਟਾਉਣ ਲਈ ਅਛੂਤ ਦੀਆਂ ਬਿਮਾਰੀਆਂ ਲਈ ਬਿਹਤਰ ਸਕ੍ਰੀਨਿੰਗ ਅਤੇ ਕੈਂਸਰ ਦੀ ਸ਼ੁਰੂਆਤੀ ਪਛਾਣ ਦੀ ਮਹੱਤਤਾ ‘ਤੇ ਚਾਨਣਾ ਪਾਇਆ ਗਿਆ।

ਸਿਹਤ ਮੰਤਰੀ ਨੇ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ 2.0’  ’ਤੇ ਚਰਚਾ ਕਰਦਿਆਂ ਦੱਸਿਆ ਕਿ ਪ੍ਰਮੁੱਖ ਮੈਡੀਕਲ ਕਾਲਜਾਂ ਦੇ ਕਲੱਸਟਰ ਰਿਸੋਰਸ ਸੈਂਟਰਾਂ ਵਿੱਚ ਇਲਾਜ ਅਤੇ ਮੁੜ ਵਸੇਬੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਨਸ਼ੇ ਦੀ ਆਦਤ ਤੋਂ ਮੁਕਤ ਹੋ ਰਹੇ ਪੀੜਤਾਂ ਲਈ ਜਲਦ ਹੀ ਸੂਰਮਾ ਪ੍ਰੋਗਰਾਮ ਤਹਿਤ ‘ ਅੰਬੈਸਡਰਜ਼ ਆਫ਼ ਰਿਕਵਰੀ’  ਸ਼ੂਰੂ ਕੀਤਾ ਜਾਵੇਗਾ, ਜਿਸ ਤਹਿਤ ਡਿਜੀਟਲ ਓਟ ਪ੍ਰਣਾਲੀਆਂ ਅਤੇ ਲੋਕ ਸ਼ਮੂਲੀਅਤ ਰਾਹੀਂ ਸਮਰਥਿਤ ਪੀਅਰ ਸਹਾਇਤਾ ਅਤੇ ਢਾਂਚਾਗਤ ਮੁੜ ਵਸੇਬੇ ਦੁਆਰਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕੀਤੀ ਜਾਵੇਗੀ।

ਜ਼ਿਲ੍ਹਾ ਮੁਖੀਆਂ ਨੂੰ ਨਤੀਜਾ-ਮੁਖੀ ਪਹੁੰਚ ਅਪਣਾਉਣ ਦੀ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰੇਕ ਮਰੀਜ਼ ਦਾ ਸਮੇਂ ਸਿਰ ਇਲਾਜ ਅਤੇ ਦੇਖਭਾਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿਵਲ ਸਰਜਨਾਂ ਨੂੰ ਸਿਹਤ ਸੰਸਥਾਵਾਂ ਦਾ ਅਚਨਚੇਤ ਨਿਰੀਖਣ ਕਰਨ ਅਤੇ ਮਰੀਜ਼ਾਂ ਪ੍ਰਤੀ ਹਮਦਰਦੀ ਭਰਪੂਰ ਵਿਹਾਰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਕਾਨਫਰੰਸ ਦੌਰਾਨ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਪੀਐਚਐਸਸੀ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ,  ਐਨ.ਐਚ.ਐਮ. ਦੇ  ਸਕੱਤਰ-ਕਮ-ਮੈਨੇਜਿੰਗ ਡਾਇਰੈਕਟਰ ਘਣਸ਼ਿਆਮ ਥੋਰੀ, ਪੀਐਚਐਸਸੀ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਤਲਵਾਰ, ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦੀ ਡਾਇਰੈਕਟਰ ਡਾ. ਅਦਿਤੀ ਸਲਾਰੀਆ, ਡਾਇਰੈਕਟਰ (ਈ.ਐਸ.ਆਈ.) ਡਾ. ਅਨਿਲ ਕੁਮਾਰ ਗੋਇਲ, ਡਾਇਰੈਕਟਰ (ਪੀ.ਐਚ.ਐਸ.ਸੀ.) ਡਾ. ਐਸ.ਜੇ. ਸਿੰਘ ਸਮੇਤ ਵਿਭਾਗ ਦੇ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਸੀਨੀਅਰ ਸਿਹਤ ਅਧਿਕਾਰੀ ਸ਼ਾਮਲ ਹੋਏ।

ਕਿਹਾ : ਨਸ਼ਿਆਂ ਦੇ ਖਿਲਾਫ ਦੂਜੇ ਪੜ੍ਹਾਅ ਦੀ ਹੋਈ ਸ਼ੁਰੂਆਤ

ਅੰਮਿ੍ਰਤਸਰ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੰਮਿ੍ਰਤਸਰ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਸੀ, ਬਲਕਿ ਨਸ਼ਿਆਂ ਦੇ ਖਿਲਾਫ ਜਨਤਾ ਦੀ ਲੜਾਈ ਦਾ ਪ੍ਰਤੀਕ ਸੀ। ਧਾਲੀਵਾਲ ਨੇ ਕਿਹਾ ਕਿ ਮੋਗਾ ਰੈਲੀ ਦੇ ਨਾਲ ਹੀ ਪੰਜਾਬ ਵਿਚ ਨਸ਼ਿਆਂ ਦੇ ਖਿਲਾਫ ਦੂਜੇ ਪੜ੍ਹਾਅ ਦੀ ਸ਼ੁਰੂਆਤ ਹੋ ਗਈ ਹੈ ਅਤੇ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਵਿਚ ਵਿਲੇਜ਼ ਡਿਫੈਂਸ ਕਮੇਟੀਆਂ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਮੋਗਾ ਰੈਲੀ ਇਕ ਸਰਕਾਰੀ ਸਮਾਗਮ ਸੀ, ਜਿਸ ਵਿਚ ਚੀਫ ਸੈਕਟਰੀ ਅਤੇ ਡੀਜੀਪੀ ਨੇ ਵੀ ਭਾਗ ਲੈ ਕੇ ਆਪਣੀ-ਆਪਣੀ ਰਿਪੋਰਟ ਪੇਸ਼ ਕੀਤੀ ਹੈ।


ਚੰਡੀਗੜ੍ਹ, : 
ਸ੍ਰੀ ਗੁਰਸ਼ਰਨ ਸਿੰਘ ਛੀਨਾ ਨੇ ਮੰਗਲਵਾਰ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਕਾਰਜਭਾਰ ਸੰਭਾਲਿਆ।

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸੂਬੇ ਦੇ ਜਨਤਕ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰਨਗੇ।

ਸ੍ਰੀ ਛੀਨਾ, ਜੋ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਰਹੇ ਹਨ, ਰਾਜਾਸਾਂਸੀ ਹਲਕੇ ਵਿੱਚ ਇੱਕ ਪ੍ਰਮੁੱਖ ਜਨਤਕ ਚਿਹਰਾ ਮੰਨੇ ਜਾਂਦੇ ਹਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣੀ ਸਰਗਰਮ ਭੂਮਿਕਾ ਲਈ ਜਾਣੇ ਜਾਂਦੇ ਹਨ।

ਡਾ. ਬਲਬੀਰ ਸਿੰਘ ਨੇ ਸ੍ਰੀ ਛੀਨਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਸਿਹਤ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨਗੇ। ਉਨ੍ਹਾਂ ਨਵੇਂ ਚੇਅਰਮੈਨ ਨੂੰ ਅਪੀਲ ਕੀਤੀ ਕਿ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਦਿਖਾਈ ਗਈ ਊਰਜਾ ਅਤੇ ਵਚਨਬੱਧਤਾ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਵੀ ਜਾਰੀ ਰੱਖਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਸਮੇਂ ਸਿਰ ਪਹੁੰਚੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਲੰਬੇ ਤੱਕ ਕਾਰਗਰ ਰਹਿਣ ਵਾਲੀ ਯੋਜਨਾ ਹੈ ਅਤੇ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਦਕਿ ਵਿਰੋਧੀ ਪਾਰਟੀਆਂ ਚੋਣਾਂ ਦੇ ਹਿਸਾਬ–ਕਿਤਾਬ ਵਿੱਚ ਰੁੱਝੀਆਂ ਹੋਈਆਂ ਹਨ।

ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਦਾਖਲੇ ਤੋਂ ਲੈ ਕੇ ਛੁੱਟੀ ਤੱਕ ਨਗਦੀ ਰਹਿਤ ਇਲਾਜ ਦੀ ਸੁਵਿਧਾ ਮਿਲਦੀ ਹੈ। ਰਾਜ ਵਿੱਚ 23 ਹਸਪਤਾਲਾਂ ਵਿੱਚ ਗੰਭੀਰ ਦੇਖਭਾਲ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਸ ਨਾਲ ਜੀਵਨ ਰੱਖਿਆ ਸੇਵਾਵਾਂ ਦੀ ਪਹੁੰਚ ਵਿੱਚ ਵੱਡਾ ਵਾਧਾ ਹੋਇਆ ਹੈ।

ਇਸ ਮੌਕੇ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਅਹਲੂਵਾਲੀਆ, ਐਮ ਡੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ  ਅਮਿਤ ਤਲਵਾਰ, ਉਪ ਚੇਅਰਮੈਨ ਪੀ ਐਚ ਐਸ ਸੀ ਮਨਿੰਦਰਜੀਤ ਸਿੰਘ ਵਿਕੀ ਘਨੌਰ, ਸੋਨੀਆ ਮਾਨ ਅਤੇ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ।

ਪੰਜਾਬੀਅਤ ਅਤੇ ਪੰਥਕ ਮੁੱਦਿਆਂ ’ਤੇ ਹੋਈ ਚਰਚਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਵਿੱਤਰ ਸ਼ਹਿਰ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕੈਨੇਡੀਅਨ ਸੰਸਦ ਮੈਂਬਰਾਂ ਦੇ ਇਕ ਵਫਦ ਦੀ ਨਾਸ਼ਤੇ ’ਤੇ ਮੇਜ਼ਬਾਨੀ ਕੀਤੀ ਹੈ। ਇਸ ਵਫਦ ਦੀ ਅਗਵਾਈ ਕੈਨੇਡੀਅਨ ਐਮ.ਪੀ. ਜਸਰਾਜ ਸਿੰਘ ਹੱਲਣ ਅਤੇ ਅਮਨਪ੍ਰੀਤ ਸਿੰਘ ਗਿੱਲ ਵਲੋਂ ਕੀਤੀ ਗਈ। ਇਸ ਮੁਲਾਕਾਤ ਦੌਰਾਨ ਪੰਥ, ਪੰਥਕ ਅਤੇ ਪੰਜਾਬੀਅਤ ਨਾਲ ਸਬੰਧਤ ਅਹਿਮ ਵਿਸ਼ਿਆਂ ’ਤੇ ਪ੍ਰੇਰਨਾਦਾਇਕ ਵਿਚਾਰ ਵਟਾਂਦਰਾ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਦਵਿੰਦਰ ਸਿੰਘ ਗਿੱਲ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਹੈ, ਜੋ ਸਿਹਤ ਖਰਾਬ ਹੋਣ ਕਾਰਨ ਇਸ ਮਿਲਣੀ ਵਿਚ ਨਿੱਜੀ ਤੌਰ ’ਤੇ ਸ਼ਾਮਲ ਨਹੀਂ ਹੋ ਸਕੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੂਰੇ ਵਿਸ਼ਵਾਸ ਨਾਲ ਵਫਦ ਨੂੰ ਭਰੋਸਾ ਦਿਵਾਇਆ ਕਿ ਸ਼ੋ੍ਰਮਣੀ ਅਕਾਲੀ ਦਲ ਹਰ ਪੰਜਾਬੀ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀਆਂ ਕੋਈ ਸਰਹੱਦਾਂ ਨਹੀਂ ਹੁੰਦੀਆਂ ਅਤੇ ਸਾਡੇ ਆਪਸੀ ਰਿਸ਼ਤੇ ਸਦੀਵੀ ਹਨ। ਉਨ੍ਹਾਂ ਨੇ ਵਿਸ਼ਵ ਭਰ ਵਿਚ ਉਚੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਪੰਜਾਬੀਆਂ ’ਤੇ ਮਾਣ ਮਹਿਸੂਸ ਕਰਦਿਆਂ ‘ਪੰਜਾਬੀਅਤ ਜ਼ਿੰਦਾਬਾਦ’ ਦਾ ਨਾਅਰਾ ਦਿੱਤਾ।

 

ਚੰਡੀਗੜ੍ਹ, 17 ਫਰਵਰੀ:

ਸੂਬੇ ਦੇ ਵਿਦਿਅਕ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਦੋ-ਰੋਜ਼ਾ "ਅਧਿਆਪਕ ਮੇਲਾ 2025-26" ਕਰਵਾਇਆ ਗਿਆ। ਇਸ ਮੈਗਾ ਈਵੈਂਟ ਵਿੱਚ 8,000 ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ, ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਨੂੰ ਸਿਰਜਣਾਤਮਕਤਾ, ਤਕਨਾਲੋਜੀ ਅਤੇ ਸਿੱਖਿਆ ਸ਼ਾਸਤਰੀ ਉੱਤਮਤਾ ਦੇ ਇੱਕ ਜੀਵੰਤ ਕੇਂਦਰ ਵਿੱਚ ਬਦਲਣਾ ਸੀ।

ਇਸ ਸਮਾਗਮ ਨੂੰ ਸੂਬੇ ਦੇ ਅਧਿਆਪਕ ਭਾਈਚਾਰੇ ਦੀ ਨਵੀਨਤਮ ਸੋਚ ਦੇ ਪ੍ਰਮਾਣ ਦੱਸਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਅਧਿਆਪਕ ਮੇਲਾ ਰਵਾਇਤੀ ਕਲਾਸਰੂਮ ਸਿੱਖਿਆ ਵਿੱਚ ਬਦਲਾਅ ਲਿਆਉਣ ਅਤੇ ਇੱਕ ਗਤੀਸ਼ੀਲ ਮੰਚ ਪ੍ਰਦਾਨ ਕਰਨ ਲਈ ਕਰਵਾਇਆ ਗਿਆ ਸੀ ਜਿੱਥੇ ਸਿੱਖਿਆ ਸ਼ਾਸਤਰ ਵਿੱਚ ਨਵੀਨਤਾ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਾਡੇ ਅਧਿਆਪਕਾਂ ਨੂੰ ਰਵਾਇਤੀ ਤਰੀਕਿਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਉਤਸ਼ਾਹਿਤ ਕਰਕੇ, ਅਸੀਂ ਸਿੱਧੇ ਤੌਰ 'ਤੇ ਪੰਜਾਬ ਦੇ ਹਰ ਬੱਚੇ ਦੇ ਭਵਿੱਖ ਵਿੱਚ ਨਿਵੇਸ਼ ਕਰ ਰਹੇ ਹਾਂ। ਸਮਾਗਮ ਦੌਰਾਨ ਦਿਖਾਈ ਗਈ ਊਰਜਾ ਅਤੇ ਰਚਨਾਤਮਕਤਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਉੱਤਮਤਾ ਦੇ ਇੱਕ ਨਵੇਂ ਯੁੱਗ ਵੱਲ ਵੱਧਣ ਲਈ ਪੂਰੀ ਤਰ੍ਹਾਂ ਤਿਆਰ ਹੈ।"

ਮੰਤਰੀ ਨੇ ਕਿਹਾ, "ਅਧਿਆਪਕ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹਨ।" ਸ. ਬੈਂਸ ਨੇ ਕਿਹਾ ਕਿ ਇਸ ਅਧਿਆਪਕ ਮੇਲਾ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿਸ਼ਾ ਅਧਿਆਪਕਾਂ ਨੇ ਦਸ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਤਿ-ਆਧੁਨਿਕ ਸਿਖਲਾਈ ਐਪਸ ਅਤੇ ਆਈਟੀ ਟੂਲ ਵਿਕਸਤ ਕਰਨ ਤੋਂ ਲੈ ਕੇ ਵਨ-ਐਕਟ ਨਾਟਕਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕਰਨ ਅਤੇ ਬਿਹਤਰ ਮਾਈਕ੍ਰੋ-ਟੀਚਿੰਗ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਤੱਕ, ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹੋਰ ਸ਼੍ਰੇਣੀਆਂ ਵਿੱਚ ਮਨੋਰੰਜਕ ਗਤੀਵਿਧੀਆਂ ਜਿਵੇਂ ਕਿ ਪਹੇਲੀਆਂ ਅਤੇ ਕਵਿਜ਼, ਵਿਸ਼ੇਸ਼ ਸਿੱਖਿਆ ਕਿੱਟਾਂ, ਹੱਥ ਲਿਖਤ ਅਤੇ ਕੈਲੀਗ੍ਰਾਫੀ, ਦਸਤੀ ਮਾਡਲ ਅਤੇ ਫਲੈਸ਼ਕਾਰਡ ਅਤੇ ਸਿੱਖਣ ਲਈ ਤਿਆਰ ਕੀਤੇ ਗਏ ਮੈਨੂਅਲ ਅਤੇ ਵੀਡੀਓ ਗੇਮਾਂ, ਵਿਸ਼ੇ ਦੇ ਗਿਆਨ ਨੂੰ ਅਸਲ-ਜੀਵਨ ਵਿੱਚ ਅਪਣਾਉਣਾ ਸ਼ਾਮਲ ਸੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਲਾਕ ਪੱਧਰ 'ਤੇ 8,000 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ, ਜਿਸ ਵਿੱਚੋਂ ਹਰੇਕ ਬਲਾਕ ਵਿੱਚੋਂ ਚੋਟੀ ਦੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਜ਼ਿਲ੍ਹਾ ਪੱਧਰ 'ਤੇ ਮੁਕਾਬਲੇ ਲਈ ਚੁਣਿਆ ਗਿਆ। ਫਿਰ ਹਰੇਕ ਸ਼੍ਰੇਣੀ ਦੇ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੇ ਫਤਿਹਗੜ੍ਹ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਫਾਈਨਲ ਵਿੱਚ ਹਿੱਸਾ ਲਿਆ। ਜੇਤੂਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਨਵੀਨਤਾਕਾਰੀ ਯੋਗਦਾਨ ਨੂੰ ਮਾਨਤਾ ਦੇਣ ਦੇ ਨਾਲ-ਨਾਲ ਸਰਟੀਫਿਕੇਟ, ਟਰਾਫੀਆਂ ਅਤੇ ਵਿਸ਼ੇਸ਼ ਸੰਗ੍ਰਹਿ ਨਾਲ ਸਨਮਾਨਿਤ ਕੀਤਾ ਗਿਆ।

ਇਸ ਅਧਿਆਪਕ ਮੇਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਇੱਕ ਅਮੀਰ ਭਾਈਚਾਰਕ-ਸਿਖਲਾਈ ਮਾਹੌਲ ਬਣ ਗਿਆ। ਐਸਸੀਈਆਰਟੀ ਦੀ ਡਾਇਰੈਕਟਰ ਕਿਰਨ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੈਗਾ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਹਾਜ਼ਰੀਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਦਿਅਕ ਉੱਤਮਤਾ ਵਿੱਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ।

ਲੋਕਾਂ ’ਚ ਦਹਿਸ਼ਤ ਦਾ ਮਾਹੌਲ ਅਤੇ ਪੁਲਿਸ ਨੇ ਵਧਾਈ ਚੌਕਸੀ

ਮੁਹਾਲੀ/ਬਿਊਰੋ ਨਿਊਜ਼  

ਮੁਹਾਲੀ ਵਿਚ ਅੱਜ ਮੰਗਲਵਾਰ ਸਵੇਰੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਮਿਲਨੀਅਮ ਸਕੂਲ ਸਣੇ ਕਈ ਵਿਦਿਅਕ ਅਦਾਰਿਆਂ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਲੰਘੇ ਕੱਲ੍ਹ ਸ਼ਾਮ ਨੂੰ ਦੁਬਾਰਾ ਸਿਹਤ ਵਿਗੜਨ ਕਾਰਨ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਸ ਕਰਕੇ ਇਹ ਧਮਕੀ ਵਧੇਰੇ ਸੰਵੇਦਨਸ਼ੀਲ ਮੰਨੀ ਗਈ ਹੈ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਹਸਪਤਾਲ ਦੀ ਚੈਕਿੰਗ ਕੀਤੀ ਅਤੇ ਸੁਰੱਖਿਆ ਘੇਰਾ ਵੀ ਸਖਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਧਮਕੀਆਂ ਦੇ ਮਾਮਲੇ ਵਧੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਨਾਮੀ ਸਕੂਲਾਂ, ਮੁਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਇੱਥੋਂ ਤੱਕ ਕਿ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪੁਲਿਸ ਇਨ੍ਹਾਂ ਧਮਕੀ ਭਰੀਆਂ ਈਮੇਲਾਂ ਦੇ ਸਰੋਤ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਹੈ।  

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ ਵਿਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸਦਾ ਉਦਘਾਟਨ ਅੱਜ ਮੰਗਲਵਾਰ ਨੂੰ ਦੁਪਹਿਰੇ 12 ਵਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕੀਤਾ ਗਿਆ। ਪਹਿਲੇ ਫੇਸ ਵਿਚ 28 ਬੈਲ ਗੱਡੀਆਂ ਦੀ ਦੌੜ 7 ਪੜ੍ਹਾਵਾਂ ਵਿਚ ਕਰਵਾਈ ਗਈ। ਹਰ ਫੇਸ ਦੀ ਵਿਜੇਤਾ ਬੈਲ ਗੱਡੀ ਭਲਕੇ ਸੈਕਿੰਡ ਰਾਊਂਡ ਵਿਚ ਹਿੱਸਾ ਲਵੇਗੀ। ਇਨ੍ਹਾਂ ਖੇਡਾਂ ਨੂੰ ਦੇਖਣ ਪਹੁੰਚੇ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ 11 ਸਾਲਾਂ ਤੋਂ ਇਨ੍ਹਾਂ ਦੌੜਾਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਪ੍ਰਤੀਯੋਗਤਾ ਵਿਚ ਕਰੀਬ 72 ਬੈਲ ਗੱਡੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਹ ਦੌੜਾਂ 19 ਫਰਵਰੀ ਤੱਕ ਤਿੰਨ ਦਿਨ ਚੱਲਣੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ 2014 ਵਿਚ ਕਿਲ੍ਹਾ ਰਾਏਪੁਰ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ਵਿਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਇਨ੍ਹਾਂ ਦੌੜਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਰਸਤਾ ਸਾਫ ਕੀਤਾ ਸੀ।  

ਮਜੀਠੀਆ ਨੇ ਕਿਹਾ : ਕੁਰਸੀ ਬਚਾਉਣ ਲਈ ਨਿਯਮ ਹੀ ਭੁੱਲ ਗਏ ਅਫਸਰ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਪ੍ਰਸ਼ਾਸਨਿਕ ਵਿਵਸਥਾ ’ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਲੰਘੇ ਕੱਲ੍ਹ ਮੋਗਾ ਵਿਚ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਸੰਬੋਧਨ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਸੇਵਾ ਨਿਯਮਾਂ ਦੇ ਖਿਲਾਫ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਸੀਨੀਅਰ ਅਫਸਰ ਹੀ ਸੱਤਾਧਾਰੀ ਦਲ ਦੀ ਖੁਸ਼ਾਮਦ ਕਰਨ ਲੱਗ ਪੈਣ ਤਾਂ ਆਮ ਲੋਕਾਂ ਨੂੰ ਇਨਸਾਫ ਕਿਸ ਤਰ੍ਹਾਂ ਮਿਲੇਗਾ। ਮਜੀਠੀਆ ਨੇ ਕਿਹਾ ਕਿ ਅਫਸਰਾਂ ਦਾ ਕੰਮ ਨਿਰਪੱਖ ਹੋ ਕੇ ਕੰਮ ਕਰਨਾ ਹੈ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿਚ ਪ੍ਰਸ਼ਾਸਨਿਕ ਗਿਰਾਵਟ ਦੀ ਸਭ ਤੋਂ ਵੱਡੀ ਮਿਸਾਲ ਹੈ। ਅਕਾਲੀ ਆਗੂ ਨੇ ਕਿਹਾ ਕਿ ਆਪਣੀ ਕੁਰਸੀ ਬਚਾਉਣ ਲਈ ਇਹ ਅਫਸਰ ਕਾਨੂੰਨ ਹੀ ਭੁੱਲ ਗਏ ਹਨ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਹੋਰ ਵੀ ਕਈ ਆਗੂਆਂ ਨੇ ਡੀਜੀਪੀ ਅਤੇ ਮੁੱਖ ਸਕੱਤਰ ਦੇ ਭਾਸ਼ਣਾਂ ’ਤੇ ਸਵਾਲ ਚੁੱਕੇ ਹਨ। 

ਚੰਡੀਗੜ੍ਹ, 17 ਫਰਵਰੀ:

ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਸਬ-ਤਹਿਸੀਲ ਮਹਿਤਪੁਰ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ 20,000 ਰੁਪਏ  ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੁਰੂ ਤੇਗ ਬਹਾਦਰ ਨਗਰ, ਨਕੋਦਰ, ਜ਼ਿਲ੍ਹਾ ਜਲੰਧਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ, ਇੱਕ ਖੇਤੀਬਾੜੀ ਕਰਨ ਵਾਲਾ ਸ਼ਖਸ ਹੈ ਅਤੇ ਕਾਰ ਖਰੀਦ - ਫਰੋਖਤ ਦਾ ਕਾਰੋਬਾਰ ਵੀ ਕਰਦਾ ਹੈ, ਨੇ ਪਿੰਡ ਹਰੀਪੁਰ ਵਿੱਚ 12 ਮਰਲੇ ਦਾ ਘਰ ਖਰੀਦਿਆ ਸੀ।  ਕਿਉਂਕਿ ਇਸ ਦੀ ਕੋਈ ਸੇਲ ਡੀਡ ਨਹੀਂ ਬਣਾਈ ਗਈ ਸੀ, ਇਸ ਲਈ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਗਿਆ , ਜਿਸਦਾ ਫੈਸਲਾ ਸ਼ਿਕਾਇਤਕਰਤਾ ਦੇ ਹੱਕ ਵਿੱਚ ਹੋਇਆ ਸੀ। ਫਿਰ ਉਕਤ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ ਜਿਸਨੂੰ ਮਾਣਯੋਗ ਅਦਾਲਤ ਨੇ ਖਾਰਜ ਕਰ ਦਿੱਤਾ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ  ਸ਼ਿਕਾਇਤਕਰਤਾ ਦੇ ਹੱਕ ਵਿੱਚ ਸੇਲ ਡੀਡ ਦਰਜ ਕੀਤੀ ਗਈ।

 ਬੁਲਾਰੇ ਨੇ ਅੱਗੇ ਦੱਸਿਆ ਕਿ ਘਰ ਦਾ ਕਬਜ਼ਾ ਦੇਣ ਲਈ, ਉਕਤ ਕਾਨੂੰਗੋ ਨੂੰ ਇੱਕ ਅਰਜ਼ੀ ਦਿੱਤੀ ਗਈ ਸੀ। ਇਸ ਸਬੰਧ ਵਿੱਚ, ਕੰਪਿਊਟਰਾਈਜ਼ਡ ਹੱਦਬੰਦੀ ਦੇ ਨਾਮ 'ਤੇ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਕਮ ਵਸੂਲੀ ਗਈ ਸੀ। ਇਸ ਤੋਂ ਬਾਅਦ, ਕਾਨੂੰਗੋ ਵੱਲੋਂ ਘਰ ਖਾਲੀ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ । ਦੋਸ਼ੀ ਕਾਨੂੰਗੋ ਜਤਿੰਦਰ ਸਿੰਘ, ਨੇ ਘਰ ਦਾ ਕਬਜ਼ਾ ਦੇਣ ਲਈ ਸ਼ਿਕਾਇਤਕਰਤਾ ਤੋਂ ਤਹਿਸੀਲਦਾਰ ਦੇ ਨਾਮ 'ਤੇ 1,00,000  ਰੁਪਏ ਦੀ ਰਿਸ਼ਵਤ ਮੰਗੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ, ਕਾਨੂੰਗੋ ਨੇ ਤਹਿਸੀਲਦਾਰ ਦੇ ਨਾਮ 'ਤੇ ਰਿਸ਼ਵਤ ਲਈ ਜ਼ੋਰ ਪਾਇਆ। 10,000  ਰੁਪਏ  ਰਿਸ਼ਵਤ ਮੌਕੇ 'ਤੇ ਹੀ ਲੈ ਲਈ ਗਈ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਅਦਾ ਕਰਨੀ ਤੈਅ ਕੀਤੀ ਗਈ।  ਸ਼ਿਕਾਇਤਕਰਤਾ ਨੇ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ।

ਬੁਲਾਰੇ ਨੇ ਖੁਲਾਸਾ ਕੀਤਾ ਕਿ ਦੋਸ਼ੀ ਕਾਨੂੰਗੋ ਜਤਿੰਦਰ ਸਿੰਘ ਨੇ ਸ਼ਿਕਾਇਤਕਰਤਾ 'ਤੇ ਰਿਸ਼ਵਤ ਦੀ ਅਗਲੀ ਕਿਸ਼ਤ ਦੇਣ ਲਈ ਦੁਬਾਰਾ ਦਬਾਅ ਪਾਇਆ। ਕਿਉਂਕਿ ਸ਼ਿਕਾਇਤਕਰਤਾ ਬਿਨਾਂ ਰਿਸ਼ਵਤ ਦਿੱਤੇ ਆਪਣਾ ਕੰਮ  ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ।

ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ  ਮੁੱਖ ਦੋਸ਼ੀ ਜਤਿੰਦਰ ਸਿੰਘ ਕਾਨੂੰਗੋ ਦੇ ਭਰਾ ਪਰਮਿੰਦਰ ਸਿੰਘ, ਜਿਸਨੂੰ ਉਸ ਨੇ ਰਿਸ਼ਵਤ ਲੈਣ ਲਈ ਭੇਜਿਆ ਸੀ, ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ  ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਮੁੱਖ ਦੋਸ਼ੀ ਕਾਨੂੰਗੋ ਜਤਿੰਦਰ ਸਿੰਘ, ਇਸ ਸਮੇਂ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਇਨ੍ਹਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ  ਹੋਰ ਜਾਂਚ ਜਾਰੀ ਹੈ।

ਕਾਂਗਰਸ ਪਾਰਟੀ ਨੇ ਡਾ. ਸਿੱਧੂ ਨੂੰ ਪਾਰਟੀ ’ਚੋਂ ਕੀਤਾ ਹੋਇਆ ਹੈ ਮੁਅੱਤਲ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਨਾਲ ਸਿਆਸਤ ਵਿਚ ਫਿਰ ਤੋਂ ਚਰਚਾ ਛਿੜ ਗਈ ਹੈ। ਕਾਂਗਰਸ ਪਾਰਟੀ ਵਿਚੋਂ ਮੁਅੱਤਲ ਡਾ. ਨਵਜੋਤ ਕੌਰ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ। ਤਾਮਿਲਨਾਡੂ ਦੇ ਕੋਇੰਬਟੂਰ ਵਿਚ ਇਕ ਸਮਾਗਮ ਦੌਰਾਨ ਡਾ. ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਆਤਮਕ ਸੁਭਾਅ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਇਹ ਖਾਸੀਅਤ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਸਾਫ ਝਲਕਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਉਹ ਹਰ  ਸਥਿਤੀ ਵਿਚ ਸੰਤੁਲਣ ਬਣਾਈ ਰੱਖਦੇ ਹਨ। ਡਾ. ਸਿੱਧੂ ਨੇ ਆਪਣੇ ਬਿਆਨ ਵਿਚ ਰਾਹੁਲ ਗਾਂਧੀ ਦੀ ਤੁਲਣਾ ਵਿਚ ਮੋਦੀ ਨੂੰ ਜ਼ਿਆਦਾ ਸਮਝਦਾਰ ਦੱਸਿਆ ਹੈ। ਡਾ. ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਅਜੇ ਵੀ ਗਾਂਧੀ ਪਰਿਵਾਰ ਦੀ ਸੋਚ ਅਤੇ ਪਰੰਪਰਾਵਾਂ ਨਾਲ ਬੱਝੇ ਹੋਏ ਹਨ ਅਤੇ ਜੋ ਵਿਅਕਤੀ ਸੱਚੇ ਮਨ ਨਾਲ ਉਨ੍ਹਾਂ ਨੂੰ ਸਲਾਹ ਦੇਣੀ ਚਾਹੁੰਦੇ ਹਨ, ਉਨ੍ਹਾਂ ਦੇ ਲਈ ਉਹ ਸਮਾਂ ਨਹੀਂ ਕੱਢ ਸਕਦੇ। ਡਾ. ਸਿੱਧੂ ਦੀਆਂ ਇਨ੍ਹਾਂ ਗੱਲਾਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਭਾਰਤੀ ਜਨਤਾ ਪਾਰਟੀ ਵਿਚ ਜਾ ਸਕਦੇ ਹਨ। 

ਗਿਆਨੀ ਹਰਪ੍ਰੀਤ ਸਿੰਘ ਨੇ ਅੰਮਿ੍ਰਤਸਰ ’ਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਹੋਲਾ ਮਹੱਲਾ ਮੌਕੇ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਕਾਨਫਰੰਸ ਕੀਤੀ ਜਾਵੇਗੀ। ਅੰਮਿ੍ਰਤਸਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਕਿੰਗ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸੁਝਾਅ ਦਿੱਤੇ ਹਨ। ਇਨ੍ਹਾਂ ਸੁਝਾਵਾਂ ਵਿਚ ਇਸਤਰੀ ਅਕਾਲੀ ਦਲ ਬਣਾਉਣਾ ਅਤੇ ਫੈਡਰੇਸ਼ਨ ਵਿੰਗ ਨੂੰ ਮਜ਼ਬੂਤ ਕਰਨਾ ਵੀ ਸ਼ਾਮਲ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਅਤੇ ਪੰਥ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸਿੱਖ ਸਿਧਾਂਤਾਂ ਅਤੇ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। 

*ਅਸੀਂ ਪੰਜਾਬ ‘ਤੇ ਚਿੱਟੇ ਦਾ ਕਲੰਕ ਲਾਹੁਣ ਦਾ ਵਾਅਦਾ ਕੀਤਾ ਸੀ, ਜੋ ਅਸੀਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਰਾਹੀਂ ਪੂਰਾ ਕਰ ਰਹੇ ਹਾਂ-ਭਗਵੰਤ ਸਿੰਘ ਮਾਨ*
 
ਮੋਗਾ : ਮੋਗਾ ਵਿੱਚ ਪਿੰਡ ਰੱਖਿਆ ਕਮੇਟੀ (ਵੀ.ਡੀ.ਸੀ.) ਦੇ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਸੂਬੇ ਨੂੰ ਨਸ਼ਿਆਂ ਵਿੱਚ ਡੁੱਬਣ ਦਿੱਤਾ, ਉਥੇ ਹੀ 'ਆਪ' ਦੀ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਰ ਕਿਸੇ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।

'ਆਪ' ਸੁਪਰੀਮੋ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ 2,000 ਕਿਲੋ ਨਸ਼ੇ ਦੀ ਬਰਾਮਦਗੀ, ਵੱਡੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਡੱਕਣ ਅਤੇ ਉਨ੍ਹਾਂ ਦੇ ਮਹਿਲਨੁਮਾ ਘਰਾਂ 'ਤੇ ਬੁਲਡੋਜ਼ਰ ਚਲਾਉਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਮੀਨੀ ਪੱਧਰ 'ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਪਿਛਲੀਆਂ ਸਰਕਾਰ ਸੱਤਾ ਵਿੱਚ ਆਉਣਗੀਆਂ ਤਾਂ ਪੰਜਾਬ ਨੂੰ ਮੁੜ ਨਸ਼ਿਆਂ ਦੀ ਦਲਦਲ ਵਿੱਚ ਜਾਣ ਤੋਂ ਕੋਈ ਬਚਾ ਨਹੀਂ ਸਕਦਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਆਪ ਦੀ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ 'ਤੇ 'ਚਿੱਟੇ' ਦੇ ਦਾਗ ਨੂੰ ਮਿਟਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਰਣਨੀਤੀ ਇਸ ਮੁਹਿਮ ਦੇ ਸਖ਼ਤੀ ਨਾਲ ਲਾਗੂ ਰਾਹੀਂ ਨਸ਼ਾ ਮੁਕਤ ਪੰਜਾਬ ਸਿਰਜਣ ਵੱਲ ਸੇਧਿਤ ਹੈ, ਜਿਸ ਤਹਿਤ ਹਰ ਪਿੰਡ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਜ਼ਗਾਰ ਦੇ ਮੌਕੇ ਸਿਰਜਣਾ ਸ਼ਾਮਲ ਹੈ।

ਆਪ ਦੇ ਦੋਵੇਂ ਸੀਨੀਅਰ ਆਗੂਆਂ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਪੰਜਾਬ ਦੇ ਸ਼ਾਸਨ ਵਿੱਚ ਇੱਕ ਨਿਰਣਾਇਕ ਪੜਾਅ ਐਲਾਨਦਿਆਂ ਇਸਨੂੰ ਕਾਨੂੰਨ ਲਾਗੂ ਕਰਨ ਵਾਲਾ ਮਿਸ਼ਨ ਅਤੇ ਸੂਬੇ ਭਰ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਸੇਧਿਤ ਇੱਕ ਵਿਆਪਕ ਯਤਨ ਕਰਾਰ ਦਿੱਤਾ।

ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਅੱਜ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ 1 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਸਾਲ ਪਹਿਲਾਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਸੀ ਤਾਂ ਲੋਕਾਂ 'ਚ ਇਸ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਹੀਂ ਸੀ ਕਿਉਂ ਕਿ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਨੂੰ ਵੱਡੇ-ਵੱਡੇ ਦਾਅਵੇ ਕਰਦੇ ਅਤੇ ਜ਼ਮੀਨੀ ਪੱਧਰ 'ਤੇ ਕੁਝ ਨਾ ਕਰਦੇ ਦੇਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਜਦੋਂ ਅਸੀਂ ਨਸ਼ਿਆਂ ਵਿਰੁੱਧ ਇਹ ਜੰਗ ਸ਼ੁਰੂ ਕੀਤੀ ਤਾਂ ਉਸ ਵੇਲੇ ਲੋਕਾਂ ਵਿੱਚ ਕਿਤੇ ਨਾ ਕਿਤੇ ਸਹਿਮ ਤੇ ਝਿਜਕ ਦਾ ਮਾਹੌਲ ਸੀ ਅਤੇ ਕੋਈ ਵੀ ਨਸ਼ਾ ਤਸਕਰਾਂ ਅਤੇ ਨਸ਼ਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਅੱਗੇ ਆਉਣ ਲਈ ਤਿਆਰ ਨਹੀਂ ਸੀ ਕਿਉਂ ਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਉਹ ਅਜਿਹਾ ਕਰਨਗੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾਇਆ-ਧਮਕਾਇਆ ਅਤੇ ਤੰਗ-ਪਰੇਸ਼ਾਨ ਕੀਤਾ ਜਾਵੇਗਾ।

ਪਿਛਲੇ ਸਾਲ ਕੀਤੀ ਗਈ ਕਾਰਵਾਈ 'ਤੇ ਚਾਨਣਾ ਪਾਉਂਦਿਆਂ 'ਆਪ' ਸੁਪਰੀਮੋ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ, ਜਿਸ ਤਰ੍ਹਾਂ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ, ਜਿਸ ਵਿੱਚ 2,000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਨਸ਼ਾ ਵੇਚਣ ਵਾਲਿਆਂ ਦੇ ਸ਼ਾਨਦਾਰ ਬੰਗਲਿਆਂ 'ਤੇ ਬੁਲਡੋਜ਼ਰ ਚਲਾਉਣਾ, ਨਸ਼ਿਆਂ ਦੇ ਵੱਡੇ ਤਸਕਰਾਂ, ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਤੇ ਕੰਬਦੇ ਸਨ, ਨੂੰ ਜੇਲ੍ਹਾਂ 'ਚ ਡੱਕਣਾ ਸ਼ਾਮਲ ਹੈ, ਤਾਂ ਹੌਲੀ ਹੌਲੀ ਲੋਕਾਂ ਨੂੰ ਵਿਸ਼ਵਾਸ ਹੋਣ ਲੱਗਾ ਕਿ ਇਹ 'ਆਪ' ਦੀ ਸਰਕਾਰ, ਇਹ ਭਗਵੰਤ ਮਾਨ ਦੀ ਸਰਕਾਰ ਹੈ, ਜੋ ਕਿਸੇ ਤੋਂ ਨਹੀਂ ਡਰਦੀ।  

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਅਜਿਹੀ ਜ਼ੋਰਦਾਰ ਮੁਹਿੰਮ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ 'ਯੁੱਧ' ਵਿੱਚ ਹਿੱਸਾ ਲੈਣ ਲਈ ਅੱਜ ਦਾ ਵਿਸ਼ਾਲ ਇਕੱਠ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਜਨਤਾ ਦਾ ਵਿਸ਼ਵਾਸ ਵਧ ਰਿਹਾ ਹੈ ਅਤੇ ਲੋਕਾਂ ਦੇ ਦਿਲਾਂ ਤੋਂ ਡਰ ਉੱਠ ਰਿਹਾ ਹੈ, ਜਿਸ ਦੇ ਚਲਦਿਆਂ ਲੋਕ ਅੱਗੇ ਆ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ ਵਿੱਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੋ ਰਿਹਾ ਹੈ।

ਇਸ ਮੁਹਿੰਮ ਤਹਿਤ ਸਿਰਜੇ ਜਾ ਰਹੇ ਢਾਂਚੇ ਬਾਰੇ ਦੱਸਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਹਰ ਪਿੰਡ ਅਤੇ ਹਰ ਵਾਰਡ ਵਿੱਚ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਤਹਿਤ ਪਿੰਡ ਰੱਖਿਆ ਕਮੇਟੀਆਂ (ਵੀ.ਡੀ.ਸੀਜ਼.) ਬਣਾਈਆਂ ਜਾ ਰਹੀਆਂ ਹਨ ਅਤੇ ਹਰੇਕ ਵਾਰਡ ਅਤੇ ਪਿੰਡ ਦੇ ਸਤਿਕਾਰਯੋਗ ਅਤੇ ਪ੍ਰਭਾਵਸ਼ਾਲੀ ਲੋਕਾਂ ਜਿਵੇਂ ਕਿ ਸੇਵਾਮੁਕਤ ਅਧਿਆਪਕ, ਸੇਵਾਮੁਕਤ ਫੌਜੀ ਅਧਿਕਾਰੀ, ਨੌਜਵਾਨ, ਸਰਪੰਚ ਅਤੇ ਹੋਰਾਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦੀਆਂ ਮੁੱਖ ਤੌਰ 'ਤੇ ਦੋ ਜ਼ਿੰਮੇਵਾਰੀਆਂ ਹਨ, ਜਿਸ ਵਿੱਚ ਪਹਿਲੀ ਜ਼ਿੰਮੇਵਾਰੀ ਸਰਕਾਰ ਨੂੰ ਉਨ੍ਹਾਂ ਲੋਕਾਂ ਬਾਰੇ ਸੂਚਿਤ ਕਰਨਾ ਜੋ ਪਿੰਡ ਜਾਂ ਵਾਰਡ ਵਿੱਚ ਨਸ਼ੇ ਵੇਚ ਰਹੇ ਹਨ ਅਤੇ ਅਜਿਹੇ ਲੋਕਾਂ ਬਾਰੇ ਜਿਨ੍ਹਾਂ ਤੋਂ ਉਹ ਅੱਗਿਓਂ ਇਹ ਨਸ਼ਾ ਖਰੀਦਦੇ ਹਨ।

ਸੁਰੱਖਿਆ ਸਬੰਧੀ ਸ਼ੰਕਿਆਂ ਬਾਰੇ ਗੱਲ ਕਰਦਿਆਂ 'ਆਪ' ਮੁਖੀ ਨੇ ਅੱਗੇ ਕਿਹਾ ਕਿ  ਬਹੁਤੇ ਲੋਕ ਅਜੇ ਵੀ ਇਹ ਸੋਚਦੇ ਹਨ ਕਿ ਜੇ ਉਹ ਜਾਣਕਾਰੀ ਦੇਣਗੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇਗਾ ਜਾਂ ਪਰੇਸ਼ਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਐਪ ਬਣਾਇਆ ਹੈ ਅਤੇ ਇਹ ਐਪ ਹਰ ਪਿੰਡ ਰੱਖਿਆ ਕਮੇਟੀ ਮੈਂਬਰ ਦੇ ਫੋਨ 'ਚ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਹਰ ਮੈਂਬਰ ਇਸ ਇਸ ਐਪ ਰਾਹੀਂ ਜਾਣਕਾਰੀ ਦੇ ਸਕਦਾ ਹੈ, ਜਿਸਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਇਹ ਪਤਾ ਨਹੀਂ ਚੱਲੇਗਾ ਕਿ ਤੁਸੀਂ ਕੋਈ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤੀਆਂ ਪਿੰਡ ਰੱਖਿਆ ਕਮੇਟੀਆਂ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਰਹੀਆਂ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਪਿੰਡ ਰੱਖਿਆ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਉਹ ਕਿਸੇ ਤੋਂ ਨਹੀਂ ਡਰਦੇ ਅਤੇ ਉਹ ਇਸ ਯੁੱਧ ਵਿੱਚ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰਾ ਪੰਜਾਬ ਇੱਕਜੁੱਟ ਹੋ ਰਿਹਾ ਹੈ, ਲੋਕਾਂ ਦੇ ਮਨਾਂ ਵਿੱਚੋਂ ਡਰ ਨਿਕਲ ਰਿਹਾ ਹੈ ਅਤੇ ਪਿੰਡਾਂ ਦੇ ਲੋਕ ਨਸ਼ਾ ਵੇਚਣ ਵਾਲਿਆਂ ਨੂੰ ਮੂਹਰੇ ਭਜਾ ਰਹੇ ਹਨ।

ਇਸ ਮੁਹਿੰਮ ਤਹਿਤ ਸਰਕਾਰ ਦੇ ਦੋ ਮੁੱਖ ਕੰਮਾਂ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਹਿਲਾ ਕੰਮ ਨਸ਼ੇ ਵੇਚਣ ਵਾਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਪੁਲਿਸ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਸਕੇ ਅਤੇ ਦੂਜਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਪਿੰਡ ਵਿੱਚ ਜਿਹੜੇ ਲੋਕ ਨਸ਼ੇ ਦੀ ਲਤ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਕੇਂਦਰ ਵਿੱਚ ਲਿਜਾਇਆ ਜਾਵੇ ਤਾਂ ਜੋ ਉਹ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲ ਸਕਣ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿੰਡ ਰੱਖਿਆ ਕਮੇਟੀਆਂ ਕੋਲ ਹੁਣ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਹੈ। ਇਸ ਲਈ ਜੋ ਵੀ ਕਦਮ ਚੁੱਕਣ ਦੀ ਲੋੜ ਹੈ, ਉਹ ਚੁੱਕਣ ਅਤੇ ਸਾਨੂੰ ਦੱਸਿਆ ਜਾਵੇ ਕਿ ਤੁਹਾਨੂੰ ਇਸ ਕਾਰਜ ਲਈ ਕਿਸ ਚੀਜ਼ ਦੀ ਲੋੜ ਹੈ, ਸਾਡੇ ਵੱਲੋਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਤੁਹਾਨੂੰ ਜਿਸ ਵੀ ਸਰੋਤ ਅਤੇ ਮਦਦ ਦੀ ਲੋੜ ਹੈ, ਉਹ ਦਿੱਤੀ ਜਾਵੇਗੀ। ਇਸ ਲਈ ਹੁਣ ਆਪਣੇ ਆਲੇ-ਦੁਆਲੇ ਦੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ ਅਤੇ ਪੂਰੀ ਪੁਲਿਸ ਤੁਹਾਡੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਮੁੱਖ ਮੰਤਰੀ ਸਮੇਤ ਪੂਰਾ ਪ੍ਰਸ਼ਾਸਨ ਤੁਹਾਡੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਐਪ ਰਾਹੀਂ ਤੁਹਾਡੇ ਦੁਆਰਾ ਦਿੱਤੀ ਸਾਰੀ ਜਾਣਕਾਰੀ ਸਿੱਧੀ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਦੀ ਹੈ, ਜਿਸ 'ਤੇ ਤੁਰੰਤ ਕਾਰਵਾਈ ਹੁੰਦੀ ਹੈ।

ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਜੇਕਰ ਸਥਾਨਕ ਪੱਧਰ 'ਤੇ ਕੋਈ ਵੀ ਪੁਲਿਸ ਅਧਿਕਾਰੀ ਚੰਗਾ ਕੰਮ ਕਰਦਾ ਹੈ ਤਾਂ ਉਸਨੂੰ ਇਨਾਮ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਨਾਲ ਮਿਲੀਭੁਗਤ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਕਮੇਟੀਆਂ ਦੇ ਵੱਧ ਤੋਂ ਵੱਧ ਵਿਸਥਾਰ ਦੀ ਅਪੀਲ ਕਰਦਿਆਂ 'ਆਪ' ਸੁਪਰੀਮੋ ਨੇ ਕਿਹਾ "ਹੌਲੀ-ਹੌਲੀ, ਪਿੰਡ ਰੱਖਿਆ ਕਮੇਟੀ ਦਸ ਮੈਂਬਰਾਂ ਤੱਕ ਸੀਮਤ ਨਾ ਰਹੇ ਕੇ ਇਸ ਅਧੀਨ ਪੂਰੇ ਪਿੰਡ ਨੂੰ ਸ਼ਾਮਲ ਕੀਤਾ ਜਾਵੇ। ਜੇਕਰ ਪੂਰਾ ਪਿੰਡ ਇੱਕਜੁੱਟ ਹੋ ਜਾਵੇਗਾ ਤਾਂ ਕੋਈ ਵੀ ਨਸ਼ੇ ਵੇਚਣ ਦੀ ਹਿੰਮਤ ਨਹੀਂ ਕਰੇਗਾ।

ਮੁੜ ਵਸੇਬੇ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ "ਹਰ ਪਿੰਡ ਵਿੱਚ ਖੇਡ ਮੈਦਾਨ ਬਣਾ ਰਹੇ ਹਨ। ਤੁਸੀਂ ਉੱਥੇ ਕ੍ਰਿਕਟ, ਵਾਲੀਬਾਲ ਅਤੇ ਫੁੱਟਬਾਲ ਖੇਡ ਸਕਦੇ ਹੋ, ਜਿਸ ਲਈ ਸਾਰਾ ਖੇਡ ਸਾਜ਼ੋ-ਸਮਾਨ ਪ੍ਰਦਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ  ਜੋ ਬੱਚੇ ਨਸ਼ੇ ਤੋਂ ਬਾਹਰ ਆ ਜਾਂਦੇ ਹਨ ਉਹ ਮੁੜ ਇਸ ਦਲਦਲ ਵਿੱਚ ਨਾ ਜਾਣ। ਇਸ ਲਈ ਉਨ੍ਹਾਂ ਨੂੰ ਖੇਡਾਂ ਵੱਲ ਲਿਜਾਣ ਅਤੇ ਰੋਜ਼ਗਾਰ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 60,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਭਗਵੰਤ ਮਾਨ ਨੇ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਸ਼ ਦੇ 60,000 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹੋਰ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢ ਕੇ ਅਤੇ ਖੇਡਾਂ ਵੱਲ ਸੇਧਿਤ ਕਰਕੇ ਸਮਜਾ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਹਰ ਪਿੰਡ ਦੇ ਹਰ ਪਰਿਵਾਰ ਕੋਲ ਪਹੁੰਚ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਪੰਜਾਬ ਨੂੰ ਨਸ਼ਿਆਂ ਵਿੱਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਧੱਕਿਆ। ਜਦੋਂ ਇਹ ਸਰਕਾਰਾਂ ਸੱਤਾ ਵਿੱਚ ਸਨ, ਤਾਂ ਪੰਜਾਬ ਦਾ ਹਰ ਪਰਿਵਾਰ ਨਸ਼ਿਆਂ ਵਿੱਚ ਡੁੱਬ ਰਿਹਾ ਸੀ। ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਹਰ ਪਰਿਵਾਰ ਅਤੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ। ਤੁਹਾਨੂੰ ਹਰ ਘਰ ਵਿੱਚ ਜਾ ਕੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਗਲਤੀ ਨਾਲ ਵੀ ਇਨ੍ਹਾਂ ਪਾਰਟੀਆਂ ਨੂੰ ਵੋਟ ਨਾ ਪਾਇਓ, ਨਹੀਂ ਤਾਂ ਪੰਜਾਬ ਫਿਰ ਨਸ਼ਿਆਂ ਵਿੱਚ ਡੁੱਬ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ, ਇੱਕ ਪਾਰਟੀ ਆਈ ਹੈ ਜੋ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਜੇਲ੍ਹ ਭੇਜ ਰਹੀ ਹੈ, ਉਨ੍ਹਾਂ ਦੇ ਘਰ ਅਤੇ ਬੰਗਲੇ ਢਾਹ ਰਹੀ ਹੈ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਰਹੀ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਫ੍ਰੀਜ਼ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ, "ਸੂਬੇ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ। ਪਰਮਾਤਮਾ ਦੀ ਕਿਰਪਾ ਨਾਲ, ਅਜਿਹੀ ਸਰਕਾਰ ਆਈ ਹੈ। ਕਿਸੇ ਵੀ ਹਾਲਤ ਵਿੱਚ ਤੁਹਾਨੂੰ ਦੂਜੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਇਹ ਵਿਲੇਜ ਡਿਫੈਂਸ ਕਮੇਟੀਆਂ ਦੀ ਜ਼ਿੰਮੇਵਾਰੀ ਹੈ। ਸਾਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਬਹੁਤ ਜਲਦ ਸਾਡਾ ਪੰਜਾਬ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਬਣ ਜਾਵੇਗਾ।"
ਇਸ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੇ 'ਚਿੱਟਾ' ਨੌਜਵਾਨਾਂ ਦੀਆਂ ਰਗਾਂ ਵਿੱਚ ਭਰ ਦਿੱਤਾ ਹੈ, ਜਿਸ ਕਾਰਨ ਸੂਬੇ ਅਤੇ ਲੋਕਾਂ ਦੀ ਜ਼ਿੰਦਗੀ ਵਿੱਚੋਂ ਰੰਗ ਗਾਇਬ ਹੋ ਗਏ ਹਨ। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ ਨੇ ਸੱਤਾ ਵਿੱਚ ਰਹਿੰਦੇ ਹੋਏ ਨਸ਼ਿਆਂ ਨੂੰ ਸਰਪ੍ਰਸਤੀ ਦਿੱਤੀ ਸੀ, ਉਹ ਆਪਣੀਆਂ ਸਰਕਾਰੀ ਗੱਡੀਆਂ ਰਾਹੀਂ ਸੂਬੇ ਵਿੱਚ ਨਸ਼ਿਆਂ ਦੀ ਡਿਲਵਰੀ ਕਰਦੇ ਸਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੂਰੀ ਖੋਜ ਉਪਰੰਤ, ਸੂਬਾ ਸਰਕਾਰ ਨੇ ਇੱਕ ਬਹੁ-ਪੱਖੀ ਰਣਨੀਤੀ ਅਪਣਾਈ ਅਤੇ 'ਯੁੱਧ ਨਸ਼ਿਆਂ ਵਿਰੁੱਧ' ਦੇ ਹਿੱਸੇ ਵਜੋਂ ਸਪਲਾਈ ਚੇਨਾਂ ਤੋੜ ਦਿੱਤੀਆਂ ਹਨ, ਪੀੜਤਾਂ ਲਈ ਮੁੜਵਸੇਬਾ ਯਕੀਨੀ ਬਣਾਇਆ ਹੈ, ਤਸਕਰਾਂ ਦੀਆਂ  ਜਾਇਦਾਦਾਂ ਨੂੰ ਢਾਹ-ਢੇਰੀ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ।"
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰ ਹੁਣ ਸੂਬੇ ਵਿੱਚੋਂ ਭੱਜ ਰਹੇ ਹਨ ਕਿਉਂਕਿ ਨਸ਼ਿਆਂ ਵਿਰੁੱਧ ਇੱਕ ਲੋਕ ਲਹਿਰ ਸ਼ੁਰੂ ਹੋ ਗਈ ਹੈ ਅਤੇ ਇਸਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ, "ਅਸੀਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੀ ਅਹੁਦਾ ਸੰਭਾਲਿਆ ਹੈ ਅਤੇ ਲੋਕਾਂ ਦੇ ਸਮਰਥਨ ਨਾਲ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।" ਵਿਰੋਧੀ ਧਿਰ 'ਤੇ ਨਿਸ਼ਾਨਾ ਬਿਨ੍ਹਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, "ਭਾਵੇਂ ਮੈਂ ਸਿਰਫ ਨਿਯਮਤ ਜਾਂਚ ਲਈ ਹੀ ਹਸਪਤਾਲ ਜਾਂਦਾ ਹਾਂ ਪਰ ਉਹ ਮੇਰੇ ਅਤੇ ਮੇਰੀ ਸਿਹਤ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ ਕਿਉਂਕਿ ਉਹ ਮੇਰੇ ਅਤੇ ਮੇਰੀ ਲੋਕ-ਪੱਖੀ ਪਹੁੰਚ ਤੋਂ ਈਰਖਾ ਕਰਦੇ ਹਨ।"
ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਅਫਵਾਹਾਂ ਫੈਲਾਉਣ ਲਈ ਵਿਰੋਧੀ ਧਿਰ ਦੀ ਕੜੀ ਨਿੰਦਿਆਂ ਕਰਦਿਆਂ ਉਨ੍ਹਾਂ ਅੱਗੇ ਕਿਹਾ, "ਲੋਕਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਸੂਬਾ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਿਹਤ ਯੋਜਨਾ ਹੈ। ਇਸ ਯੋਜਨਾ ਤਹਿਤ, ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬ ਇੰਨਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਬਣ ਗਿਆ ਹੈ।"
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਜਨਤਾ 'ਤੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ ਨਾਲ ਮਿਆਰੀ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ, "ਇਸ ਇਤਿਹਾਸਕ ਕਦਮ ਦਾ ਉਦੇਸ਼ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ।" ਉਨ੍ਹਾਂ ਕਿਹਾ, "ਸਾਰੇ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਸੂਬੇ ਦਾ ਹਰ ਨਾਗਰਿਕ ਇਸ ਸਿਹਤ ਕਾਰਡ ਲਈ ਯੋਗ ਹੈ।" ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੂੰ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਲਈ ਆਪਣੀਆਂ ਜੇਬਾਂ ਵਿੱਚੋਂ ਵੱਡੀ ਰਕਮ ਖਰਚ ਕਰਨੀ ਪੈਂਦੀ ਸੀ।
ਗਲਤ ਅਫਵਾਹਾਂ ਤੋਂ ਸੁਚੇਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, "ਕੁਝ ਪੰਜਾਬ ਵਿਰੋਧੀ ਤਾਕਤਾਂ, ਜੋ ਨਹੀਂ ਚਾਹੁੰਦੀਆਂ ਕਿ ਸੂਬੇ ਦੇ ਲੋਕ ਅਜਿਹੀਆਂ ਸਹੂਲਤਾਂ ਦਾ ਲਾਭ ਲੈਣ, ਜਾਣਬੁੱਝ ਕੇ ਇਸ ਅਹਿਮ ਯੋਜਨਾ ਬਾਰੇ ਝੂਠੀਆਂ ਅਫਵਾਹਾਂ ਫੈਲਾ ਰਹੀਆਂ ਹਨ। ਅਜਿਹੀਆਂ ਅਫਵਾਹਾਂ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਤੋਂ ਰੋਕਣ ਲਈ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਹੈ।" ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਲਈ ਕਿਹਾ, ਜੋ ਸੂਬੇ ਦੀ ਤਰੱਕੀ ਅਤੇ ਇਸਦੇ ਲੋਕਾਂ ਦੀ ਖੁਸ਼ਹਾਲੀ ਨੂੰ ਲੀਹੋਂ ਉਤਾਰਨ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ।
ਪੰਜਾਬ ਦੇ ਅਕਸ ਨੂੰ ਲੱਗੀ ਢਾਹ 'ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਨੇ ਕਈ ਮਹਾਨ ਖਿਡਾਰੀ, ਜਰਨੈਲ, ਸ਼ਹੀਦ ਅਤੇ ਹੋਰ ਮਹਾਨ ਸਖਸ਼ੀਅਤਾਂ ਨੂੰ ਜਨਮ ਦਿੱਤਾ ਹੈ, ਪਰ ਬਦਕਿਸਮਤੀ ਨਾਲ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੇ ਪੰਜਾਬੀਆਂ ਨੂੰ ਨਸ਼ੇੜੀ ਦੱਸ ਕੇ ਪੰਜਾਬ ਦੇ ਨਾਮ 'ਤੇ ਦਾਗ ਲਗਾ ਦਿੱਤਾ ਹੈ। ਉਨ੍ਹਾਂ ਕਿਹਾ, "ਜਿਨ੍ਹਾਂ ਨੇ ਇਹ ਪਾਪ ਕਮਾਇਆ ਹੈ, ਉਨ੍ਹਾਂ ਨੂੰ ਲੋਕ ਸਜ਼ਾ ਦੇਣਗੇ।" ਉਨ੍ਹਾਂ ਅੱਗੇ ਕਿਹਾ, "ਉਹ ਆਪਣੀ ਨਾਜਾਇਜ਼ ਕਮਾਈ ਰਾਹੀਂ ਸਜ਼ਾ ਤੋਂ ਬਚ ਸਕਦੇ ਹਨ, ਪਰ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।" ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਦੋਵਾਂ ਨੂੰ ਮਿਲ ਕੇ ਅਤੇ ਠੋਸ ਯਤਨ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਵਿੱਚ ਪਾਸਪੋਰਟ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਘਟ ਗਈ ਹੈ ਕਿਉਂਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਕਿਹਾ, "ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ 63,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਕਾਰਨ ਲੋਕ ਹੁਣ ਵਿਦੇਸ਼ ਜਾਣ ਦੀਆਂ ਯੋਜਨਾਵਾਂ ਨੂੰ ਛੱਡ ਰਹੇ ਹਨ। ਜਿੱਥੇ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ, ਉੱਥੇ ਵਿਰੋਧੀ ਧਿਰ ਨੇ ਹਮੇਸ਼ਾ ਆਪਣੀ ਸੱਤਾ ਦੌਰਾਨ ਸਫਲ ਉੱਦਮਾਂ ਵਿੱਚ ਹਿੱਸਾ ਪਾਉਣ ਦੀ ਮੰਗ ਕੀਤੀ।"
ਵਿਰੋਧੀ ਧਿਰ 'ਤੇ ਨਿਸ਼ਾਨਾ ਬਿਨ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਉਹ ਸ਼ੈਤਾਨ ਹਨ ਜੋ ਨਸ਼ਿਆਂ ਅਤੇ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਕੇ ਸੂਬੇ ਨੂੰ ਬਰਬਾਦ ਕਰਨਾ ਚਾਹੁੰਦੇ ਹਨ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾਇਆ ਹੈ। ਹੁਣ ਇਹ ਸਾਰੀਆਂ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਨੂੰ ਬਰਬਾਦ ਕਰਨ ਲਈ ਇਕਜੁੱਟ ਹੋ ਗਈਆਂ ਹਨ, ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਵੀ ਇਕਜੁੱਟ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।" ਸੂਬਾ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, "ਅੱਜ ਪਾਣੀ ਸੂਬੇ ਦੇ ਕੋਨੇ ਕੋਨੇ ਤੱਕ ਪਹੁੰਚ ਰਿਹਾ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਦੌਰਾਨ ਨਹਿਰੀ ਪਾਣੀ ਸਿਰਫ਼ ਅਮੀਰ ਲੋਕਾਂ ਦੇ ਖੇਤਾਂ ਵਿੱਚ ਹੀ ਜਾਂਦਾ ਸੀ।"
ਉਨ੍ਹਾਂ ਕਿਹਾ, "ਹੁਣ ਸੂਬੇ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਵੀ ਦਿਨ ਵੇਲੇ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਜਾਂ ਨਸ਼ਾ ਤਸਕਰਾਂ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਗਈ ਹੈ।" ਉਨ੍ਹਾਂ ਕਿਹਾ, "ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।" ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਅਤੇ ਪੰਜਾਬੀਆਂ ਕੋਲ ਹਰ ਜੰਗ ਜਿੱਤਣ ਦਾ ਜਜ਼ਬਾ ਹੈ ਅਤੇ ਹੁਣ ਨਸ਼ਿਆਂ ਵਿਰੁੱਧ ਜੰਗ ਵੀ ਲੋਕਾਂ ਦੇ ਸਹਿਯੋਗ ਨਾਲ ਜਿੱਤੀ ਜਾਵੇਗੀ।"
ਇਸ ਮੌਕੇ ਸੀਨੀਅਰ 'ਆਪ' ਆਗੂ ਅਤੇ 'ਆਪ' ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, "ਯੁੱਧ ਨਸ਼ਿਆਂ ਵਿਰੁੱਧ ਨੇ ਸੂਬੇ ਵਿੱਚ ਨਸ਼ਿਆਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਅਤੇ 17,000 ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ।" ਉਨ੍ਹਾਂ ਅੱਗੇ ਕਿਹਾ, "ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਤਾਬੂਤ ਵਿੱਚ ਆਖਰੀ ਕਿੱਲ ਵਜੋਂ ਕੰਮ ਕਰੇਗਾ ਅਤੇ ਵਿਲੇਜ ਡਿਫੈਂਸ ਕਮੇਟੀਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜੰਗ ਵਿੱਚ ਬੇਹੱਦ ਅਹਿਮ ਹਨ।" ਮਨੀਸ਼ ਸਿਸੋਦੀਆ ਨੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਰਗਰਮ ਸਹਿਯੋਗ ਨਾਲ ਇਸ ਮੁਹਿੰਮ ਨੂੰ ਬਰਕਰਾਰ ਰੱਖ ਕੇ ਅਹਿਮ ਭੂਮਿਕਾ ਨਿਭਾਉਣੀ ਪਵੇਗੀ।  
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਇਤਿਹਾਸਕ ਪਹਿਲਕਦਮੀ ਤਹਿਤ ਲੱਖਾਂ ਲੋਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਸਹੁੰ ਚੁਕਾਈ ਗਈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਸਹੁੰ ਚੁਕਾਈ। ਇਸ ਮੌਕੇ ਕਈ ਕੈਬਨਿਟ ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.