Friday, 17 April 2026

 

ਪੰਜਾਬ ਦਾ ਪਿੱਛੇ ਰਹਿਣ ਦਾ ਕਾਰਨ ਸਿਆਸੀ : ਭਗਵੰਤ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਰਲਡ ਪੰਜਾਬੀ ਸੰਸਥਾ ਵਲੋਂ ਕਰਵਾਏ ਜਾ ਰਹੇ ‘ਪੰਜਾਬ ਵਿਜ਼ਨ 2047’ ਕਨਕਲੇਵ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਦਰਤ ਨੇ ਪੰਜਾਬ ਲਈ ਕੋਈ ਅਜਿਹੀ ਕਮੀ ਨਹੀਂ ਛੱਡੀ, ਜੋ ਕਾਮਯਾਬੀ ਵੱਲ ਨੂੰ ਨਾ ਲੈ ਕੇ ਜਾਂਦੀ ਹੋਵੇ, ਪਰ ਫਿਰ ਪੰਜਾਬ ਕਿਉਂ ਪਿੱਛੇ ਰਹਿ ਗਿਆ, ਉਸ  ਦੇ ਕਾਰਨ ਸਿਆਸੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਪੂਰੇ ਦੇਸ਼ ਨੂੰ ਚੌਲ ਪੈਦਾ ਕਰਕੇ ਦਿੰਦਾ ਹੈ ਤਾਂ ਅੰਨਦਾਤਾ ਕਹਾਉਂਦਾ ਹੈ। ਪਰ ਜਦੋਂ ਝੋਨੇ ਤੋਂ ਪਰਾਲੀ ਪੈਦਾ ਹੁੰਦੀ ਹੈ ਤਾਂ ਫਿਰ ਇਸ ਨੂੰ ਅੱਗ ਲਗਾਉਣ ਦੇ ਚੱਲਦਿਆਂ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਉਦੋਂ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਪੰਜਾਬ ਨੇ ਦੇਸ਼ ਦੀ ਬਾਂਹ ਫੜੀ ਸੀ। ਪਰ ਅੱਜ ਪੰਜਾਬ ਨੂੰ ਲੋੜ ਹੈ ਤਾਂ ਦੇਸ਼ ਨੂੰ ਚਾਹੀਦਾ ਹੈ ਕਿ ਉਹ ਸਾਡੀ ਬਾਂਹ ਫੜੇ।

 

ਕੇਂਦਰ ਦੇ ਇਸ ਫੈਸਲੇ ਦੀ ਐਸਜੀਪੀਸੀ ਨੇ ਵੀ ਕੀਤੀ ਸੀ ਨਿੰਦਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਭਾਰਤੀ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਅੰਮਿ੍ਰਤਧਾਰੀ ਸਿੱਖ ਮੁਲਾਜ਼ਮਾਂ ’ਤੇ ਕਿਰਪਾਨ ਪਹਿਨਣ ਦੀ ਲਾਈ ਪਾਬੰਦੀ ਦੀ ਨਿਖੇਧੀ ਕੀਤੀ ਹੈ।  ਕੁਲਤਾਰ ਸਿੰਘ ਸੰਧਵਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਵੀ ਕੀਤੀ ਹੈ। ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮਿ੍ਰਤਧਾਰੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਗਲਤ ਫੈਸਲਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਵਿਭਾਗ ਵੀ ਇਸ ਫੈਸਲੇ ਨੂੰ ਵਾਪਸ ਲੈਣ ਲਈ ਲੋੜੀਂਦੇ ਕਦਮ ਚੁੱਕੇ। ਸੰਧਵਾਂ ਨੇ ਕਿਹਾ ਕਿ ਜਿਸ ਦੇਸ਼ ਵਿੱਚ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਤਾਂ ਉਸ ਦੇਸ਼ ’ਚ ਨਾਗਰਿਕ ਦੇ ਧਾਰਮਿਕ ਚਿੰਨ੍ਹ ਜਾਂ ਨਿਸ਼ਾਨੀ ਪਹਿਨਣ ’ਤੇ ਪਾਬੰਦੀ ਲਾਉਣੀ ਬਿਲਕੁਲ ਵੀ ਜਾਇਜ਼ ਨਹੀਂ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਐਸਜੀਪੀਸੀ ਨੇ ਵੀ ਨਿੰਦਾ ਕੀਤੀ ਸੀ। 

 

 

 

  

 

ਹਵਾਈ ਉਡਾਣਾਂ ’ਚ ਹੋ ਰਹੀ ਦੇਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੇ ਅੱਜ ਬੁੱਧਵਾਰ ਨੂੰ ਧੂਆਂਖੀ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਚੰਡੀਗੜ੍ਹ ਵਿਚ ਏਅਰ ਕੁਆਲਿਟੀ ਇੰਡੈਕਸ 370 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਧੂੰਏਂ ਨੇ ਪੰਜਾਬ, ਚੰਡੀਗੜ੍ਹ ਅਤੇ ਇਸਦੇ ਨੇੜਲੇ ਖੇਤਰਾਂ ਵਿੱਚ ਵਿਜੀਬਿਲਟੀ ਨੂੰ ਕਾਫੀ ਘਟਾ ਦਿੱਤਾ। ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਇਸਦੇ ਚੱਲਦਿਆਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ  ਸੈੱਟਾਂ ਦੀ ਵਰਤੋਂ ’ਤੇ ਚੰਡੀਗੜ੍ਹ ਵਿੱਚ ਪਾਬੰਦੀ ਲਗਾਈ ਜਾ ਰਹੀ ਹੈ। ਇਸਦੀ ਵਰਤੋਂ ਦੀ ਇਜਾਜ਼ਤ ਹੁਣ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਜਾਵੇਗੀ। ਚੰਡੀਗੜ੍ਹ ਇਸ ਸਮੇਂ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਅਜਿਹੇ ਪ੍ਰਦੂਸ਼ਣ ਦੇ ਚੱਲਦਿਆਂ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਵੀ ਦਿੱਤੀ ਹੈ। 

 

ਬਰਨਾਲਾ : ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਬਰਨਾਲਾ ਵਿਖੇ ਜ਼ਿਮਨੀ ਚੋਣ ਦੇ ਮੱਦੇਨਜ਼ਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਅਨੁਰਾਗ ਸਿੰਘ ਠਾਕੁਰ ਨੇ ਸ਼੍ਰੀ ਅਤਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਧਨੌਲਾ ਬਜ਼ਾਰ ਵਿੱਚ ਇੱਕ ਰਾਡ ਸ਼ੋਅ ਰਾਹੀਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਸੱਦਾ ਦਿੱਤਾ। ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘‘ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪੰਜਾਬ ਵਿੱਚ ਜਬਰ-ਜਨਾਹ, ਜਬਰੀ ਵਸੂਲੀ ਅਤੇ ਕਤਲ ਸਮੇਤ ਹੋਰ ਅਪਰਾਧਾਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਜਿਸ ਤਰ੍ਹਾਂ ਸੂਬੇ ’ਚ ਗੋਲੀਬਾਰੀ ਦੇ ਮਾਮਲੇ ਹੋ ਰਹੇ ਹਨ ਅਤੇ ਅਪਰਾਧਾਂ ’ਚ ਵਾਧਾ ਹੋ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਸੂਬੇ ਦੇ ਲੋਕ ਸੁਰੱਖਿਅਤ ਨਹੀਂ ਹਨ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਵੇਲੇ ਕਤਲ, ਲੁੱਟ-ਖੋਹ ਤੇ ਗੁੰਡਾਗਰਦੀ ਇਸ ਹੱਦ ਤੱਕ ਵੱਧ ਗਈ ਹੈ ਕਿ ਹੁਣ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ ਸਗੋਂ ਅਪਰਾਧੀਆਂ ਦਾ ਰਾਜ ਹੈ। ਪੰਜਾਬ ਵਿੱਚ ‘ਆਪ’ ਅਤੇ ਕਾਂਗਰਸ ਇੱਕ ਸਿੱਕੇ ਦੇ ਦੋ ਪਹਿਲੂ ਹਨ, ਜੋ ਲੋੜ ਪੈਣ ’ਤੇ ਇਕੱਠੇ ਹੋ ਜਾਂਦੇ ਹਨ। ਇਹ ਜ਼ਿਮਨੀ ਚੋਣ ਇੱਥੋਂ ਦੇ ਲੋਕਾਂ ਲਈ ‘ਆਪ’ ਅਤੇ ਕਾਂਗਰਸ ਨੂੰ ਜਵਾਬ ਦੇਣ ਦਾ ਮੌਕਾ ਹੈ। ਕਦੇ ਇਹ ਦੋਵੇਂ ਇਕੱਠੇ ਚੋਣ ਲੜਦੇ ਹਨ, ਕਦੇ ਦਿਖਾਵੇ ਲਈ ਵੱਖ-ਵੱਖ ਲੜਦੇ ਹਨ ਅਤੇ ਵੱਡੇ-ਵੱਡੇ ਵਾਅਦੇ ਕਰਕੇ ਜਨਤਾ ਨੂੰ ਧੋਖਾ ਦਿੰਦੇ ਹਨ।’’

ਅੱਗੇ ਬੋਲਦਿਆਂ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘‘ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਪਿਛਲੀਆਂ ਚੋਣਾਂ ਵਿੱਚ ‘ਆਪ’ ਵੱਲੋਂ ਔਰਤਾਂ ਨਾਲ ਕੀਤਾ ਗਿਆ 1000 ਰੁਪਏ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਰਾਸ਼ਨ ਬੰਦ ਕਰ ਦਿੱਤਾ। ਪੈਟਰੋਲ ਅਤੇ ਡੀਜ਼ਲ ਦੇ ਰੇਟ ਤਿੰਨ ਵਾਰ ਵਧਾਏ ਗਏ ਹਨ। ਵਪਾਰੀ ਹਿਜਰਤ ਕਰਨ ਲੱਗੇ। ਜਿਹੜੇ ਲੋਕ ਛੋਟੇ-ਮੋਟੇ ਕੰਮ ਕਰਦੇ ਹਨ, ਗੈਂਗਸਟਰ ਉਨ੍ਹਾਂ ਨੂੰ ਬੁਲਾ ਕੇ ਪੈਸੇ ਵਸੂਲਦੇ ਹਨ। ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ। ‘ਆਪ’ ਕੋਲ ਸਰਕਾਰ ਚਲਾਉਣ ਦੀ ਨੀਤੀ ਅਤੇ ਇਰਾਦਾ ਦੋਵੇਂ ਨਹੀਂ ਹਨ। ਮੁੱਖ ਮੰਤਰੀ ਹੋਵੇ ਜਾਂ ਨਾ ਹੋਵੇ ਬਰਾਬਰ ਹੈ। ਮੁੱਖ ਮੰਤਰੀ ਖੁਦ ਤਾਂ ਵੱਡੇ-ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਹਨ ਪਰ ਮੋਦੀ ਜੀ ਵੱਲੋਂ ਗਰੀਬ ਲੋਕਾਂ ਲਈ ਸ਼ੁਰੂ ਕੀਤੀ ਆਯੂਸ਼ਮਾਨ ਯੋਜਨਾ ਨੂੰ ਲਾਗੂ ਨਹੀਂ ਕਰਦੇ। ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ।’’ 

ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘‘ਇਹ ਲੋਕ ਕਹਿੰਦੇ ਸਨ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਪਰ ਆਉਂਦਿਆਂ ਹੀ ਇਨ੍ਹਾਂ ਨੇ ਨਸ਼ਿਆਂ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਹੈ। ਦਿੱਲੀ ਦੇ ਸ਼ਰਾਬ ਘੁਟਾਲੇ ਬਾਰੇ ਪੂਰੀ ਦੁਨੀਆ ਜਾਣਦੀ ਹੈ। ਅੱਜ ਦੁਨੀਆ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੀ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਨਾਅਰੇ ਤਾਂ ਨਕਲੀ ਹਨ, ਉਨ੍ਹਾਂ ਦੇ ਇਰਾਦੇ ਵੀ ਨੁਕਸਦਾਰ ਹਨ। ਭਾਰਤੀ ਜਨਤਾ ਪਾਰਟੀ 2027 ਨੂੰ ਧਿਆਨ ਵਿੱਚ ਰੱਖ ਕੇ ਉਪ ਚੋਣ ਲੜ ਰਹੀ ਹੈ। ਸਾਡੇ ਉਮੀਦਵਾਰ ਸੀਨੀਅਰ ਲੋਕ ਹਨ। ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਕੰਮ ਕਰ ਰਹੇ ਹਨ। ਅਸੀਂ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਕਿਉਂਕਿ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ। ਪੰਜਾਬ ਪਛੜਦਾ ਜਾ ਰਿਹਾ ਹੈ। ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ। ਲੋਕਾਂ ਨਾਲ ਧੋਖਾ ਕੀਤਾ ਗਿਆ ਹੈ, ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਹਰਿਆਣਾ ਵਿੱਚ ਆਏ ਚੋਣ ਨਤੀਜਿਆਂ ਦੀ ਹਵਾ ਪੰਜਾਬ ਵਿੱਚ ਵੀ ਵਗ ਰਹੀ ਹੈ।’’ 

ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘‘ਪੰਜਾਬ ਵਿੱਚ ਕਿਸਾਨਾਂ ਨੇ ਝੋਨੇ ਦੀ ਖਰੀਦ, ਡੀਏਪੀ ਅਤੇ ਪਰਾਲੀ ਦੇ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਸੂਬਾ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਮਸਲਿਆਂ ਦਾ ਹੱਲ ਨਹੀਂ ਕਰ ਰਹੀ । ਪੰਜਾਬ ਸਰਕਾਰ ਸੁੱਤੀ ਪਈ ਹੈ ਅਤੇ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਪੰਜਾਬ ਵਿੱਚ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਕਈ ਮੀਟਿ੍ਰਕ ਟਨ ਡੀਏਪੀ ਖਾਦ ਦੇ ਗੁਦਾਮਾਂ ਵਿੱਚ ਅਣਅਧਿਕਾਰਤ ਸਟੋਰੇਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬਾ ਸਰਕਾਰ ਵਿਹਲੀ ਬੈਠੀ ਹੈ, ਕੇਂਦਰ ਸਰਕਾਰ ਨੇ 44 ਹਜ਼ਾਰ ਕਰੋੜ ਰੁਪਏ ਸਹਾਇਤਾ ਵਜੋਂ ਭੇਜੇ ਹਨ। ਕਿਸਾਨਾਂ ਦੀ ਇਸ ਹਾਲਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।’’ 

 

 

 

  

ਚੰਡੀਗੜ੍ਹ, : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਠਿੰਡਾ ਜ਼ਿਲ੍ਹੇ ਦੇ ਰਾਏਕੇ ਵਿਖੇ ਕਿਸਾਨਾਂ ਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫਸਲ ਖਰੀਦਣ ਵਿਚ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਕਿਸਾਨਾਂ ਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ। 

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪਣੀ ਫਸਲ ਵੇਚਣ ਲਈ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਸਥਿਤੀ ਇਹ ਬਣ ਗਈ ਹੈ ਕਿ ਕਿਸਾਨ ਨੂੰ ਆਤਮ ਹੱਤਿਆ ਤੱਕ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਜਿਹੇ ਵਿਚ ਸਰਕਾਰ ਦੀ ਦਮਨਕਾਰੀ ਨੀਤੀ ਤਹਿਤ ਸਰਕਾਰ ਦੀ ਨਾਕਾਮੀ ਖਿਲਾਫ ਆਵਾਜ ਚੁੱਕਣ ਵਾਲੇ ਲੋਕਾਂ ਨੂੰ ਪੁਲਿਸ ਦੀਆਂ ਲਾਠੀਆਂ ਤੇ ਪਰਚਿਆਂ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ। 

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਵੇਲਾ ਚੇਤਾ ਕਰਦਿਆਂ ਸੁਨੀਲ ਜਾਖੜ ਨੇ ਕਿ ਉਸ ਸਮੇਂ ਕਰੋਨਾ ਕਾਲ ਵਰਗੇ ਔਖੇ ਸਮੇਂ ਵਿੱਚ ਵੀ ਫਸਲਾਂ ਦੀ ਨਿਰਵਿਘਨ ਖਰੀਦ ਕੀਤੀ ਗਈ ਜਦਕਿ ਹੁਣ ਪੰਜਾਬ ਵਿੱਚ ਵਰਿਆਂ ਤੋਂ ਸਥਾਪਤ ਅਤੇ ਪੁਖਤਾ ਖਰੀਦ ਢਾਂਚਾ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਅਨਾੜੀ ਸਰਕਾਰ ਝੋਨੇ ਨੂੰ ਖਰੀਦਣ ਵਿੱਚ ਅਸਫਲ ਸਿੱਧ ਹੋ ਰਹੀ ਹੈ। ਮੰਡੀਆਂ ਵਿੱਚ ਰੁਲਦੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਅਤੇ ਸਰਕਾਰ ਆਪਣੀਆਂ ਨਕਾਮੀਆਂ ਛੁਪਾਉਣ ਲਈ ਮੰਡੀਆਂ ਵਿੱਚ ਬੈਠੇ ਕਿਸਾਨਾਂ ਤੇ ਲਾਠੀਚਾਰਜ ਤੱਕ ਕਰ ਰਹੀ ਹੈ। ਰਾਇਕੇ ਮੰਡੀ ਦੀ ਤਾਜਾ ਘਟਨਾ ਇਸਦੀ ਗਵਾਹੀ ਭਰਦੀ ਹੈ। ਵਿਰੋਧੀ ਧਿਰ ਦੀ ਚੁੱਪ ਹੋਰ ਵੀ ਦੁਖਦਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਰੱਤੀ ਭਰ ਵੀ ਨੈਤਿਕਤਾ ਬਚੀ ਹੈ ਤਾਂ ਓਹਨਾ ਨੂੰ ਆਪਣੀ ਅਸਫਲਤਾ ਸਵੀਕਾਰ ਕਰਦਿਆਂ ਕੁਰਸੀ ਛੱਡ ਦੇਣੀ ਚਾਹੀਦੀ ਹੈ ਜਾਂ ਫਿਰ ਬਿਨਾਂ ਦੇਰੀ ਕੀਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ। 

ਸੁਨੀਲ ਜਾਖੜ ਨੇ ਕਿਹਾ ਕਿ ਅਨਾਜ ਖਰੀਦ ਦਾ ਵਰਿਆ ਪੁਰਾਣਾ ਇਕ ਸਿਸਟਮ ਬਣਿਆ ਹੋਇਆ ਹੈ ਤੇ ਇਸ ਵਿਚ ਕੁਝ ਵੀ ਨਵਾਂ ਨਹੀਂ ਸੀ ਪਰ ਪ੍ਰਸ਼ਾਸਨਿਕ ਯੋਗਤਾ ਦੀ ਘਾਟ ਕਾਰਨ ਸਰਕਾਰ ਇਹ ਕੰਮ ਕਰਨ ਵਿਚ ਅਸਫਲ ਸਿੱਧ ਹੋਈ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸੰਕਲਪ ਚੰਡੀਗੜ੍ਹ ’ਚ ਸਿਖਲਾਈ ਪ੍ਰਾਪਤ ਸਿਵਲ ਸੇਵਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਕਟਾਰੀਆ ਨੇ ਸੰਕਲਪ ਚੰਡੀਗੜ੍ਹ ਦੇ ਸਫਰ ਅਤੇ ਪ੍ਰਾਪਤੀਆਂ ਨੂੰ ਦਰਸਾਉਂਦੀ ‘ਸਥਿਤ ਪ੍ਰਗਿਆ’ ਮੈਗਜ਼ੀਨ ਦਾ ਪਹਿਲਾ ਐਡੀਸ਼ਨ ਵੀ ਰਿਲੀਜ਼ ਕੀਤਾ। ਇਸ ਮੌਕੇ ਵੱਖ-ਵੱਖ ਅਹੁਦਿਆਂ ’ਤੇ ਕਾਬਜ਼ ਕੁੱਲ 37 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 2 ਆਈ.ਏ. ਏ.ਐਸ., 4 ਆਈ.ਏ.ਐਸ., 3 ਆਈ.ਪੀ.ਐਸ., 11 ਪੀ.ਸੀ.ਐਸ., 5 ਐਚ.ਸੀ.ਐਸ., 1 ਪੀ.ਆਈ.ਐਸ., 6 ਆਈ.ਆਰ.ਐਸ., 3 ਡੀ.ਐਸ.ਪੀ., 1 ਏ.ਈ.ਟੀ.ਸੀ ਅਤੇ 1 ਪੀ.ਓ.  ਸ਼ਾਮਲ ਹਨ।  ਇਹਨਾਂ ਵਿੱਚੋਂ ਕੁਝ ਅਫਸਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਸੰਕਲਪ ਚੰਡੀਗੜ੍ਹ ਨੇ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ। 

ਪ੍ਰੋਗਰਾਮ ਦੌਰਾਨ ਯੰਗ ਪ੍ਰੋਗਰੈਸਿਵ ਸਿੱਖ ਮੰਚ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਸ਼ਬਦ ਪੇਸ਼ ਕੀਤਾ ਗਿਆ। ਚਰਨਜੀਤ ਰਾਏ, ਸੰਕਲਪ ਚੰਡੀਗੜ੍ਹ ਦੇ ਸਰਪ੍ਰਸਤ ਅਤੇ ਸਾਬਕਾ ਚੀਫ ਇੰਜੀਨੀਅਰ, ਚੰਡੀਗੜ੍ਹ ਨੇ ਸੰਕਲਪ ਕੇਂਦਰ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ। 

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰ ਨਿਰਮਾਣ ਵਿੱਚ ਸਿਵਲ ਸਰਵੈਂਟਸ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰੀ ਨੀਤੀਆਂ ਦੇ ਲਾਭ ਆਮ ਲੋਕਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸਿਵਲ ਸੇਵਕਾਂ ਦਾ ਸਿਧਾਂਤਕ ਅਤੇ ਦੂਰਦਰਸ਼ੀ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਸੰਕਲਪ ਚੰਡੀਗੜ੍ਹ ਵੱਲੋਂ ਅਧਿਕਾਰੀਆਂ ਵਿੱਚ ਉੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਸਨਮਾਨਿਤ ਕੀਤੇ ਜਾ ਰਹੇ ਸਰਕਾਰੀ ਕਰਮਚਾਰੀ ਸਿਰਫ ਸਰਕਾਰੀ ਕਰਮਚਾਰੀ ਨਹੀਂ ਹਨ, ਉਹ ਸਾਡੇ ਸਮਾਜ ਦੇ ਆਗੂ, ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੀ ਸਖ਼ਤ ਮਿਹਨਤ, ਸੱਚੀ ਲਗਨ ਅਤੇ ਇਮਾਨਦਾਰੀ ਸਦਕਾ ਹੀ ਸਾਡਾ ਪ੍ਰਸ਼ਾਸਨ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਅਤੇ ਦੇਸ਼ ਤਰੱਕੀ ਵੱਲ ਵਧਦਾ ਹੈ। ਇਸ ਲਈ ਰਾਸ਼ਟਰ ਨਿਰਮਾਣ ਵਿੱਚ ਸੰਕਲਪ ਚੰਡੀਗੜ੍ਹ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। 

ਸੰਕਲਪ ਦੀ ਸਥਾਪਨਾ 1986 ਵਿੱਚ ਦਿੱਲੀ ਵਿੱਚ ਕੀਤੀ ਗਈ ਸੀ, ਜਦੋਂ ਕਿ ਸੰਕਲਪ ਦੀ ਚੰਡੀਗੜ੍ਹ ਸ਼ਾਖਾ ਵਿੱਚ ਕੋਚਿੰਗ ਅਤੇ ਮਾਰਗਦਰਸ਼ਨ ਪ੍ਰੋਗਰਾਮ 2007 ਵਿੱਚ ਸ਼ੁਰੂ ਹੋਇਆ ਸੀ। ਚੰਡੀਗੜ੍ਹ ਸੰਕਲਪ ਕੇਂਦਰ ਪਿਛਲੇ 16 ਸਾਲਾਂ ਤੋਂ ਯੂਪੀਐਸਸੀ ਅਤੇ ਪੀਸੀਐਸ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਦਦ ਕਰ ਰਿਹਾ ਹੈ ਅਤੇ ਪਿਛਲੇ ਸਾਲਾਂ ਵਿੱਚ ਸੰਕਲਪ ਚੰਡੀਗੜ੍ਹ ਦੇ 108 ਵਿਦਿਆਰਥੀਆਂ ਨੇ ਵੱਕਾਰੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ, ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਰਾਜ ਸਭਾ, ਸ਼੍ਰੀ ਸੰਜੇ ਟੰਡਨ ਸਹਿ-ਇੰਚਾਰਜ ਭਾਜਪਾ ਹਿਮਾਚਲ ਪ੍ਰਦੇਸ਼, ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸ਼੍ਰੀ ਚਰਨਜੀਤ ਰਾਏ ਪ੍ਰਧਾਨ ਸੰਕਲਪ ਚੰਡੀਗੜ੍ਹ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ। 

 

 

 

  

ਪੰਜਾਬ ਪੁਲਿਸ ਦੇ ਮੁਲਾਜ਼ਮ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਰਹਿਣਗੇ ਤਾਇਨਾਤ

ਅੰਮਿ੍ਰਤਸਰ/ਬਿਊਰੋ ਨਿਊਜ਼ 

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਉਰਿਟੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵਾਪਸ ਲੈ ਲਈ ਹੈ। ਧਿਆਨ ਰਹੇ ਕਿ  ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਜ਼ੈਡ ਪਲੱਸ ਸਕਿਉਰਿਟੀ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸਦੇ ਚੱਲਦਿਆਂ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਸਕਿਉਰਿਟੀ ਵਾਪਸ ਲਈ ਗਈ ਹੈ। ਇਸੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ।

 

 

 

  

 

ਸਿੱਧੂ ਪਰਿਵਾਰ ਦੇ ਭਾਜਪਾ ’ਚ ਜਾਣ ਦੇ ਸਨ ਚਰਚੇ

ਚੰਡੀਗੜ੍ਹ/ਬਿਊਰੋ ਨਿਊਜ਼

ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਜੋ ਜੁਬਾਨ ਉਨ੍ਹਾਂ ਰਾਹੁਲ ਅਤੇ ਪਿ੍ਰਅੰਕਾ ਨਾਲ ਕੀਤੀ ਸੀ, ਉਸ ’ਤੇ ਉਹ ਅੱਜ ਵੀ ਕਾਇਮ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਸੰਧੂ ਨੇ ਅੰਮਿ੍ਰਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੀ ਧੀ ਰਾਬੀਆ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਮੁਲਾਕਾਤ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਸੀ ਕਿ ਸਿੱਧੂ ਪਰਿਵਾਰ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਈ ਵਿਅਕਤੀ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਦੇ ਸਨ, ਪਰ ਉਹ ਵਿਅਕਤੀ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੇਰਾ ਜੇਲ੍ਹ ਵਿਚ ਜਾਣਾ ਵੀ ਇਕ ਬਿਹਤਰ ਸਮਾਂ ਸੀ ਅਤੇ ਸਿਆਸੀ ਕਾਰਨਾਂ ਕਰਕੇ ਮੈਨੂੰ ਜੇਲ੍ਹ ਭੇਜਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਹੁਣ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਵੀ ਵਾਪਸੀ ਕਰ ਰਹੇ ਹਨ।  

 

ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਮਿ੍ਰਤਾ ਵੜਿੰਗ ਦੇ ਪਤੀ ਰਾਜਾ ਵੜਿੰਗ ਨੂੰ ਚੋਣ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਇਨ੍ਹਾਂ ਦੋਵਾਂ ਆਗੂਆਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਆਰੋਪ ਹੈ। ਇਸ ਮਾਮਲੇ ’ਚ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ 24 ਘੰਟਿਆਂ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਚੋਣ ਪ੍ਰਚਾਰ ਕਰਦੇ ਸਮੇਂ ਲੋਕਾਂ ਨੂੰ ਕੇਂਦਰ ਸਰਕਾਰ ’ਚ ਨੌਕਰੀਆਂ ਦਿਵਾਉਣ ਦੀ ਗੱਲ ਕਹੀ ਸੀ। ਇਸੇ ਤਰ੍ਹਾਂ ਰਾਜਾ ਵੜਿੰਗ ਖਿਲਾਫ ਆਰੋਪ ਹੈ ਕਿ ਉਨ੍ਹਾਂ ਨੇ ਮਸਜਿਦ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਧਿਆਨ ਰਹੇ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿਚ ਜ਼ਿਮਨੀ ਚੋਣ 20 ਨਵੰਬਰ ਨੂੰ ਹੋਣੀ ਹੈ।  

 

 

ਕੇਜਰੀਵਾਲ ਨੇ ਰੰਧਾਵਾ ਨੂੰ ਕਹਿ ਦਿੱਤਾ ਸੀ ਬੇਈਮਾਨ

ਪਠਾਨਕੋਟ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਧਿਆਨ ਰਹੇ ਕਿ ਕੇਜਰੀਵਾਲ ’ਤੇ ਆਰੋਪ ਹੈ ਕਿ ਉਨ੍ਹਾਂ ਲੰਘੇ ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਇਕ ਚੋਣ ਰੈਲੀ ਦੌਰਾਨ ਰੰਧਾਵਾ ਨੂੰ ਬੇਈਮਾਨ ਕਹਿ ਦਿੱਤਾ ਸੀ। ਇਸ ਕਰਕੇ ਰੰਧਾਵਾ ਨੇ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜ ਕਿ ਮੁਆਫੀ ਮੰਗਣ ਲਈ ਕਿਹਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਵਿਚ ਤੁਸੀਂ ਜੇਲ੍ਹ ਗਏ ਸੀ  ਤੇ ਬੇਈਮਾਨ ਮੈਨੂੰ ਦੱਸ ਰਹੇ ਹੋ। ਰੰਧਾਵਾ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਮੁਆਫੀ ਨਾ ਮੰਗੀ ਤਾਂ ਉਹ ਆਪ ਸੁਪਰੀਮੋ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮਾਣਹਾਨੀ ਕੇਸ ਦਾਇਰ ਕਰਨਗੇ। ਧਿਆਨ ਰਹੇ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਵਿਚ ਜ਼ਿਮਨੀ ਚੋਣ 20 ਨਵੰਬਰ ਨੂੰ ਹੋਣੀ ਹੈ, ਜਿਸ ਨੂੰ ਲੈ ਕੇ ਸਿਆਸੀ ਆਗੂ ਇਕ ਦੂਜੇ ਖਿਲਾਫ ਦੂਸ਼ਣਬਾਜ਼ੀ ਕਰ ਰਹੇ ਹਨ।

 

 

ਕੇਂਦਰ ਅਤੇ ਪੰਜਾਬ ਸਰਕਾਰ ਬਣਾ ਰਹੀ ਰਣਨੀਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਕੇਂਦਰ ਸਰਕਾਰ ਵਲੋਂ ਰੋਕੇ ਹੋਏ ਰਾਸ਼ਟਰੀ ਸਿਹਤ ਮਿਸ਼ਨ ਦੇ ਫੰਡ ਮਿਲਣ ਦੀ ਉਮੀਦ ਜਾਗ ਗਈ ਹੈ। ਇਸ ਵਿਵਾਦ ਨੂੰ ਖਤਮ ਕਰਨ ਨੂੰ ਲੈ ਕੇ ਦੋਵੇਂ ਸਰਕਾਰਾਂ ਨੇ ਵਿਚਕਾਰਲਾ ਰਸਤਾ ਕੱਢ ਲਿਆ ਹੈ। ਇਸ ਦੇ ਚੱਲਦਿਆਂ ਰਣਨੀਤੀ ਬਣੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ 60-40 ਹਿੱਸੇਦਾਰੀ ਨਾਲ ਬਣੇ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲੇ ਜਾਣਗੇ। ਪਰ ਜੋ ਆਮ ਆਦਮੀ ਕਲੀਨਿਕ ਖੁਦ ਸਰਕਾਰ ਨੇ ਬਣਾਏ ਹਨ ਜਾਂ ਕਿਸੇ ਵਿਅਕਤੀ ਵਲੋਂ ਦਾਨ ਦਿੱਤੀ ਗਈ ਇਮਾਰਤ ਵਿਚ ਚੱਲ ਰਹੇ ਹਨ, ਉਨ੍ਹਾਂ ਦੇ ਨਾਮ ਨਹੀਂ ਬਦਲਣਗੇ। ਇਹ ਜਾਣਕਾਰੀ ਖੁਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਆਯੋਜਿਤ ਪੰਜਾਬ ਵਿਜ਼ਨ 2047 ਦੌਰਾਨ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਹੱਲਾ ਕਲੀਨਿਕਾਂ ਦਾ ਨਵਾਂ ਨਾਮ ਕੀ ਹੋਵੇਗਾ, ਇਸ ਬਾਰੇ ਵੀ ਪਲਾਨਿੰਗ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਇਸ ਨਾਮ ਨਾਲ ਦੋਵਾਂ ਸਰਕਾਰਾਂ ਦੀ ਕੋ-ਬ੍ਰਾਂਡਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ।

 

ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ : ਐਡਵੋਕੇਟ ਧਾਮੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਲਈ ਕਰੀਬ 3000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਇਹ ਖੁਲਾਸਾ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ ਦਫਤਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ। ਐਕਸ ’ਤੇ ਇਸ ਸਬੰਧੀ ਆਪਣੀ ਦਫਤਰੀ ਸਾਈਟ ਤੋਂ ਇਹ ਜਾਣਕਾਰੀ ਦਿੰਦਿਆਂ ਪਾਕਿਸਤਾਨ ਹਾਈ ਕਮਿਸ਼ਨ ਨੇ ਦੱਸਿਆ ਕਿ ਇਸ ਵਾਰ ਭਾਰਤ ਵਿੱਚੋਂ 3 ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਇਹ ਸ਼ਰਧਾਲੂ 14 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 23 ਨਵੰਬਰ ਨੂੰ ਵਾਪਸ ਭਾਰਤ ਪਰਤ ਆਉਣਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਉਸਦੇ 1481 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੁਲ 2244 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੂੰ ਵੀਜ਼ੇ ਲੱਗਣ ਵਾਸਤੇ ਭੇਜੇ ਸਨ, ਜਿਨ੍ਹਾਂ ਵਿੱਚੋਂ 1481 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਅਤੇ ਸਿਰਫ 763 ਸ਼ਰਧਾਲੂਆਂ ਨੂੰ ਹੀ ਵੀਜ਼ੇ ਦਿੱਤੇ ਗਏ ਹਨ। ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.