Friday, 17 April 2026

ਗੁਰਦੀਪ ਸਿੰਘ ਬਾਠ ਨੇ ਧਾਲੀਵਾਲ ਖਿਲਾਫ ਚੁੱਕਿਆ ਝੰਡਾ

ਬਰਨਾਲਾ/ਬਿਊਰੋ ਨਿਊਜ਼

ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦ ਮੈਂਬਰ ਮੀਤ ਹੇਅਰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਹਰਿੰਦਰ ਸਿੰਘ ਧਾਲੀਵਾਲ ਨੂੰ ‘ਆਪ’ ਨੇ ਟਿਕਟ ਦਿੱਤੀ ਹੈ, ਜਿਸਦਾ ਵਿਰੋਧ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਕਰ ਰਹੇ ਹਨ। ਗੁਰਦੀਪ ਸਿੰਘ ਬਾਠ ਹੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਸੀ ਅਤੇ ਉਸਨੇ ਹੁਣ ‘ਆਪ’ ਉਮੀਦਵਾਰ ਦੇ ਖਿਲਾਫ ਝੰਡਾ ਚੁੱਕਿਆ ਹੈ। ਇਸਦੇ ਚੱਲਦਿਆਂ ਪਾਰਟੀ ਦੇ ਕੁਝ ਸੀਨੀਅਰ ਆਗੂ ਗੁਰਦੀਪ ਬਾਠ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਵੀ ਪਹੁੰਚੇ, ਪਰ ਬਾਠ ਆਪਣੇ ਫੈਸਲੇ ’ਤੇ ਦਿ੍ਰੜ੍ਹ ਹਨ। ਗੁਰਦੀਪ ਸਿੰਘ ਬਾਠ ਵਲੋਂ ਬਰਨਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ 13 ਨਵੰਬਰ ਨੂੰ ਹੋਣੀ ਹੈ। 

ਮੁੱਖ ਮੰਤਰੀ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਬਣੀ ਰਣਨੀਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮੰਡੀਆਂ ਵਿਚ ਚੱਲ ਰਹੀ ਝੋਨੇ ਦੀ ਖਰੀਦ ਨੂੰ ਲੈ ਕੇ ਅੱਜ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ’ਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਹਾਜ਼ਰ ਰਹੇ। ਇਸ ਦੌਰਾਨ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਇਸ ਮੌਕੇ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਸਰਕਾਰ ਨੇ ਮਿੱਲਰਾਂ ਨੂੰ ਵੱਡੀ ਰਾਹਤ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ ਕਿਸਾਨਾਂ ਅਤੇ ਮੁੱਖ ਮੰਤਰੀ ਦੀ ਮੀਟਿੰਗ ਵੀ ਹੋਈ ਸੀ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚਾਰ ਦਿਨਾਂ ਵਿਚ ਝੋਨੇ ਦੀ ਲਿਫਟਿੰਗ ਉਚਿਤ ਤਰੀਕੇ ਨਾਲ ਨਹੀਂ ਹੋਈ ਤਾਂ ਉਹ ਦੁਬਾਰਾ ਸੰਘਰਸ਼ ਦੀ ਰਾਹ ’ਤੇ ਆ ਜਾਣਗੇ।  

 

ਬਰਨਾਲਾ ਜ਼ਿਮਨੀ ਚੋਣ ਲਈ ਟਿਕਟ ਦਾ ਚਾਹਵਾਨ ਸੀ ਗੁਰਦੀਪ ਸਿੰਘ ਬਾਠ

ਬਰਨਾਲਾ/ਬਿਊਰੋ ਨਿਊਜ਼ 

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਲਕਾ ਬਰਨਾਲਾ ਵਿਚ ਬਗਾਵਤ ਦੇ ਸੁਰ ਵੀ ਉੱਠਣ ਲੱਗੇ ਹਨ। ਜ਼ਿਕਰਯੋਗ ਹੈ ਕਿ ‘ਆਪ’ ਵਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਰਿੰਦਰ ਸਿੰਘ ਧਾਲੀਵਾਲ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਮੰਨੇ ਜਾਂਦੇ ਹਨ। ਬਰਨਾਲਾ ਜ਼ਿਮਨੀ ਚੋਣ ਲਈ ਟਿਕਟ ਦੇ ਦਾਅਵੇਦਾਰ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਪਾਰਟੀ ਨੂੰ ਆਪਣੇ ਫੈਸਲੇ ’ਤੇ ਵਿਚਾਰ ਕਰਨ ਲਈ 24 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਪਰ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਮਿਲਣ ਕਰਕੇ  ਨਾਰਾਜ਼ ਚੱਲ ਰਹੇ ਬਾਠ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ।

 

ਹਾਈਕੋਰਟ ਨੇ ਇਕੋ ਸਮੇਂ 1112 ਕੇਸ ਕੀਤੇ ਖਾਰਜ

ਚੰਡੀਗੜ੍ਹ/ਬਿਊਰੋ ਨਿਊਜ਼

ਕਰੋਨਾ ਕਾਲ ਦੌਰਾਨ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਆਮ ਲੋਕਾਂ ਖ਼ਿਲਾਫ਼ ਦਰਜ 1112 ਐਫ਼.ਆਈ.ਆਰਜ਼. ਨੂੰ ਇਕੋ ਸਮੇਂ ਰੱਦ ਕਰ ਦਿੱਤਾ ਹੈ। ਪੰਜਾਬ ਵਿਚ 859, ਹਰਿਆਣਾ ਵਿਚ 169 ਅਤੇ ਚੰਡੀਗੜ੍ਹ ਵਿਚ 84 ਐਫ਼.ਆਈ.ਆਰ. ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਇਹ ਸਾਰੀਆਂ ਐਫ਼.ਆਈ.ਆਰਜ਼. 15 ਮਾਰਚ, 2020 ਤੋਂ 28 ਮਾਰਚ, 2022 ਦਰਮਿਆਨ ਦਰਜ ਕੀਤੀਆਂ ਗਈਆਂ ਸਨ। ਜਦੋਂ ਲਾਕਡਾਊਨ ਅਤੇ ਕਰੋਨਾ ਪ੍ਰੋਟੋਕੋਲ ਤੋੜਨ ਲਈ ਆਮ ਲੋਕਾਂ ’ਤੇ ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਫ਼.ਆਈ.ਆਰਜ਼. ਦਰਜ ਕੀਤੀਆਂ ਗਈਆਂ ਸਨ। ਹਾਈਕੋਰਟ ਨੇ ਕਿਹਾ, ਉਹ ਅਜਿਹੇ ਹਾਲਾਤ ਸਨ, ਜਦੋਂ ਲੋਕਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਮਜ਼ਬੂਰੀਆਂ ਕਾਰਨ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਲਈ ਇਹ ਸਾਰੇ ਕੇਸ ਰੱਦ ਕੀਤੇ ਜਾਂਦੇ ਹਨ। 

 

 

ਹਾਈਕੋਰਟ ਨੇ ਇਕ ਸਾਲ ’ਚ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਦੇ ਪਿੰਡਾਂ ’ਚ ਸਾਰੇ ਘਰਾਂ ਨੂੰ ਨੰਬਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪੂਰੀ ਪ੍ਰਕਿਰਿਆ ਇਕ ਸਾਲ ਵਿਚ ਪੂਰੀ ਕਰਨ ਲਈ ਕਿਹਾ ਗਿਆ ਹੈ। ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਪਾਰਦਰਸ਼ੀ ਚੋਣ ਢਾਂਚੇ ਦੀ ਸਹੂਲਤ, ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਹੀ ਹਾਊਸ ਨੰਬਰ ਮਹੱਤਵਪੂਰਨ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਭਿਆਸ ਪੂਰਾ ਕਰਨ ਦੇ ਲਈ ਇਕ ਸਾਲ ਦੀ ਸਮਾਂ ਸੀਮਾ ਵੀ ਤੈਅ ਕੀਤੀ ਹੈ। ਅਦਾਲਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਹੱਤਵਪੂਰਨ ਰਿਕਾਰਡ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੰਚਾਇਤ ਸਕੱਤਰ ਦੀ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਘਰ ਦਾ ਹਿਸਾਬ ਕਿਤਾਬ ਹੋਵੇ।  

 

28 ਅਕਤੂਬਰ ਨੂੰ ਹੋਣਾ ਹੈ ਸ਼ੋ੍ਰਮਣੀ ਕਮੇਟੀ ਦਾ ਆਮ ਇਜਲਾਸ

ਅੰਮਿ੍ਰਤਸਰ/ਬਿਊਰੋ ਨਿਊਜ਼  

ਮੌਜੂਦਾ ਬਦਲੇ ਸਿਆਸੀ ਹਾਲਾਤ ਅਤੇ ਵਾਪਰੇ ਘਟਨਾਕ੍ਰਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਣ ਵਾਲੇ ਆਮ ਇਜਲਾਸ ਵਿੱਚ ਮੌਜੂਦਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਕੋਲ ਭਾਵੇਂ ਬਹੁਮਤ ਹੈ, ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਨਾਉਣ ਦਾ ਫੈਸਲਾ ਸਲਾਹ ਮਸ਼ਵਰਾ ਕਰਨ ਮਗਰੋਂ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਇਸ ਵਾਰ ਵੀ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।  ਇਸ ਮਾਮਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ 22 ਅਕਤੂਬਰ ਨੂੰ ਸੱਦੀ ਗਈ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ 2022 ਵਿੱਚ ਹੋਏ ਜਨਰਲ ਇਜਲਾਸ ਵਿੱਚ ਵੀ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਦੇ ਹੱਕ ਵਿੱਚ 40 ਤੋਂ ਵੱਧ ਉਮੀਦਵਾਰਾਂ ਨੇ ਵੋਟ ਪਾਈ ਸੀ।

ਸ਼ੋ੍ਰਮਣੀ ਅਕਾਲੀ ਦਲ ਆਪਣੀ ਹੋਂਦ ਬਰਕਰਾਰ ਰੱਖਣ ਲਈ ਕਰੇਗਾ ਕੋਸ਼ਿਸ਼

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਆਉਣੇ ਹਨ। ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਆਪਣੇ ਚਾਰੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਉਮੀਦਵਾਰਾਂ ਬਾਰੇ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ। ਹਾਲਾਂਕਿ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂ ਜਿੱਤਣ ਦਾ ਦਾਅਵਾ ਕਰ ਰਹੇ ਹਨ ਪਰ ਇਹ ਚੋਣਾਂ ਜਿੱਥੇ ਹੁਕਮਰਾਨ ਧਿਰ ਆਮ ਆਦਮੀ ਪਾਰਟੀ, ਕਾਂਗਰਸ ਲਈ ਵੱਕਾਰ ਦਾ ਸਵਾਲ ਹੋਣਗੀਆਂ, ਉਥੇ ਅਕਾਲੀ ਦਲ ਦੀ ਹੋਂਦ ਦਾ ਸਵਾਲ ਵੀ ਹਨ। ਸਿਆਸੀ ਤੌਰ ’ਤੇ ਹਾਸ਼ੀਏ ’ਤੇ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦੀ ਲੜਾਈ ਲੜਨੀ ਪਵੇਗੀ। ਉਧਰ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਧਾਰ ਲਹਿਰ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ।

ਸ਼ੋ੍ਰਮਣੀ ਅਕਾਲੀ ਦਲ ਦਾ ਵਫਦ ਗਿਆਨੀ ਰਘਬੀਰ ਸਿੰਘ ਨੂੰ ਮਿਲਿਆ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਦ ਅੱਜ ਵੀਰਵਾਰ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੇ ਅੰਮਿ੍ਰਤਸਰ ਸਥਿਤ ਗ੍ਰਹਿ ਵਿਖੇ ਮਿਲਿਆ। ਇਸ ਵਫਦ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਸ਼ਾਮਿਲ ਸਨ। ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸਮੁੱਚੀ ਸਿੱਖ ਕੌਮ ਦੇ ਮਨਾਂ ਅੰਦਰ ਸਿੰਘ ਸਾਹਿਬਾਨ ਲਈ ਬਹੁਤ ਸਤਿਕਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿੰਘ ਸਾਹਿਬ ਕੋਲੋਂ ਖਿਮਾ ਜਾਚਨਾ ਕੀਤੀ ਹੈ ਕਿ ਜੇਕਰ ਸਾਡੇ ਸਾਥੀ ਕੋਲੋਂ ਸਿੰਘ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਕੁਝ ਕਿਹਾ ਗਿਆ ਹੈ ਤਾਂ ਉਹ ਮੁਆਫੀ ਮੰਗਦੇ ਹਨ। ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਪਾਰਟੀ ਦੇ ਮੈਂਬਰ ਨਹੀਂ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਸਤੀਫਾ ਦਿੱਤੇ ਜਾਣ ਸੰਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਅਸਤੀਫਾ ਪਰਵਾਨ ਕਰਨਾ ਜਾਂ ਨਾ ਕਰਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿਚ ਹੈ। 

 

ਮਿ੍ਰਤਕ ਗੁਰਮੀਤ ਸਿੰਘ ਬਟਾਲਾ ਨੇੜਲੇ ਪਿੰਡ ਸੱਖੋਵਾਲ ਨਾਲ ਸੀ ਸਬੰਧਤ

ਚੰਡੀਗੜ੍ਹ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੇ ਕੱਲ੍ਹ ਇਕ ਦਹਿਸ਼ਤੀ ਹਮਲੇ ਵਿਚ 7 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਦਹਿਸ਼ਤੀ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਬਟਾਲਾ ਨੇੜਲੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਸੀ। ਮਿ੍ਰਤਕਾਂ ਵਿਚ ਇਕ ਡਾਕਟਰ ਅਤੇ 7 ਕਾਮੇ ਸ਼ਾਮਲ ਸਨ। ਦੱਸਿਆ ਗਿਆ ਹੈ ਕਿ ਗੁਰਮੀਤ ਸਿੰਘ ਪਿਛਲੇ ਸਮੇਂ ਤੋਂ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਇਸ ਕੰਪਨੀ ਦਾ ਕੰਮ ਜੰਮੂ ਕਸ਼ਮੀਰ ਵਿਚ ਚੱਲ ਰਿਹਾ ਸੀ। ਗੁਰਮੀਤ ਸਿੰਘ 15 ਦਿਨ ਪਹਿਲਾਂ ਹੀ ਘਰੋਂ ਕੰਮ ’ਤੇ ਗਿਆ ਸੀ ਅਤੇ ਜਦੋਂ ਇਹ ਦਹਿਸ਼ਤੀ ਹਮਲਾ ਹੋਇਆ ਤਾਂ ਉਹ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ। ਗੁਰਮੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਗੁਰਮੀਤ ਸਿੰਘ ਦੀ ਮੌਤ ’ਤੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਪੰਚਾਇਤੀ ਚੋਣਾਂ ’ਚ ਅਕਾਲੀ ਦਲ ਤੇ ਕਾਂਗਰਸ ਹਾਸ਼ੀਏ ’ਤੇ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਕੰਮ ਨਿੱਬੜ ਗਿਆ ਹੈ ਅਤੇ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿਚ ਹੱਥ ਉਪਰ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਕਰੀਬ 90 ਫੀਸਦੀ ਪੰਚਾਇਤਾਂ ’ਤੇ ਸੱਤਾਧਾਰੀ ਧਿਰ ‘ਆਪ’ ਕਾਬਜ਼ ਹੋ ਗਈ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਨਮੋਸ਼ੀ ਪਈ ਹੈ। ਭਾਜਪਾ ਇਕੱਲੇ ਤੌਰ ’ਤੇ ਪੇਂਡੂ ਚੋਣਾਂ ਵਿਚ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਕਾਂਗਰਸ ਦੇ ਪੱਖ ਵਿਚ ਵੀ ਚੋਣ ਨਤੀਜੇ ਨਹੀਂ ਗਏ ਹਨ। ਜ਼ਿਕਰਯੋਗ ਹੈ ਕਿ ਪੰਚਾਇਤ ਚੋਣਾਂ ਵਿੱਚ 77 ਫੀਸਦੀ ਪੋਲਿੰਗ ਹੋਈ ਸੀ। ਪੰਜਾਬ ਸਰਕਾਰ ਦੀ ਆਪਣੀ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਦਾ ਪੰਚਾਇਤੀ ਚੋਣਾਂ ਵਿਚ ਹੱਥ ਉਪਰ ਰਿਹਾ ਹੈ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਸਰਕਾਰ ਸੂਬੇ ਵਿਚ ਲਾਅ ਐਂਡ ਆਰਡਰ ਨੂੰ ਲੈ ਕੇ ਦਾਅਵੇ ਕਰ ਰਹੀ ਹੈ, ਉਸੇ ਤਰ੍ਹਾਂ ਦੇ ਦਾਅਵੇ ਪੰਚਾਇਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਲਤ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।  

 

ਨਵੀਆਂ ਬਣੀਆਂ ਪੰਚਾਇਤਾਂ ਨੂੰ ਵੀ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਕਰੀਬ 20 ਹਜ਼ਾਰ ਸਰਕਾਰੀ ਸਕੂਲਾਂ ਵਿਚ ਭਲਕੇ 22 ਅਕਤੂਬਰ ਨੂੰ ਪੇਰੈਂਟ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾਵੇਗੀ। ਇਸ ਮਿਲਣੀ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਮੰਤਰੀ  ਅਤੇ ਵਿਧਾਇਕ ਇਸ ਵਿਚ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਕਿਸੇ ਇਕ ਸਰਕਾਰੀ ਸਕੂਲ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਪੰਜਾਬ ਵਿਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੀ ਇਸ ਪੇਰੈਂਟ-ਅਧਿਆਪਕ ਮਿਲਣੀ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਮਿਲਣੀ ਸਵੇਰੇ 9 ਵਜੇ ਤੋਂ ਦੁਪਹਿਰੇ ਢਾਈ ਵਜੇ ਤੱਕ ਚੱਲੇਗੀ। ਇਸ ਦੌਰਾਨ ਸਕੂਲਾਂ ਵਿਚ ਪਹੁੰਚਣ ਵਾਲੇ ਮਾਪਿਆਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਜਾਵੇਗਾ। ਧਿਆਨ ਰਹੇ ਕਿ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਹੋ ਰਹੀ ਇਸ ਮਿਲਣੀ ਵਿਚ ਲੱਖਾਂ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਲ ਹੋਣਗੇ। 

ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਮੁਕਾਬਲਾ ਹੋਣ ਦੇ ਆਸਾਰ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ’ਚ ਹੋਣ ਵਾਲੀ ਚੋਣ ਨੂੰ ਲੈ ਕੇ ਸੂਬੇ ਦਾ ਸਿਆਸੀ ਮਾਹੌਲ ਇਕ ਵਾਰ ਮਘਣ ਲੱਗਾ ਹੈ। ਭਾਵੇਂ ਇਨ੍ਹਾਂ 4 ਹਲਕਿਆਂ ਤੋਂ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ, ਪਰ ਸਿਆਸੀ ਤੋੜ ਤੋੜ ਜ਼ਰੂਰ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਚੱਬੇਵਾਲ ਤੋਂ ਡਾ. ਰਾਜ ਕੁਮਾਰ, ਬਰਨਾਲਾ ਤੋਂ ਮੀਤ ਹੇਅਰ ਅਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਲੋਕ ਸਭਾ ਚੋਣ ਜਿੱਤ ਲਈ ਸੀ ਅਤੇ ਇਹ 4 ਸੀਟਾਂ ਖਾਲੀ ਹੋ ਗਈਆਂ ਸਨ। ਸੋ ਇਹ 4 ਵਿਧਾਨ ਸਭਾ ਸੀਟਾਂ ਜਿੱਤਣ ਲਈ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾਉਣਗੀਆਂ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.