ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤਹਿਤ ਜ਼ਮੀਨ ਦੀ ਖਰੀਦ ਰਜਿਸਟਰੀ ਦੇ ਪੈਸੇ ਦਿੱਤੇ, ਨਕਸ਼ੇ ਪਾਸ ਹੋਏ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਮਿਲੇ, ਵੋਟਰ ਅਤੇ ਆਧਾਰ ਕਾਰਡ ਬਣੇ, ਬੈਂਕਾਂ ਵਿੱਚ ਖਾਤੇ ਖੁੱਲ੍ਹੇ, ਮਕਾਨ ਬਣਾਉਣ ਲਈ ਕਰਜ਼ਾ ਲਿਆ, ਦੁਕਾਨਾਂ ਦੇ ਜੀਐਸਟੀ ਨੰਬਰ ਲਏ, ਹੋਟਲ ਖੋਲ੍ਹੇ, ਧਾਰਮਿਕ ਸਥਾਨ ਬਣਾਏ ਅਤੇ ਹੁਣ ਪੰਜਾਬ ਸਰਕਾਰ ਦਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਤਿੰਨ ਕਿਲੋਮੀਟਰ ਤੱਕ ਸੁਖਨਾ ਈਕੋ ਸੈਂਸਟਿਵ ਜ਼ੋਨ (ਈ.ਐਸ.ਜੈਡ) ਦੇ ਕਾਲੇ ਕਾਨੂੰਨ ਦਾ ਮਤਾ ਰੱਖ ਕੇ, ਇਨ੍ਹਾਂ ਸਭ ਨੂੰ ਤੋੜਨ ਦੀ ਤਲਵਾਰ ਲਟਕਾ ਰਿਹਾ ਹੈ। ਇਹ ਕਹਿਣਾ ਹੈ ਨਵਾਂ ਗਾਓਂ ਘਰ ਬਚਾਓ ਮੰਚ ਦੇ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ, ਜੋ ਨਵਾਂ ਗਾਓਂ ਦੇ ਅੰਦਰ ਜਨ ਜਾਗਰਣ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਜੋਸ਼ੀ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ ਨਾ ਕਿ ਉਨ੍ਹਾਂ ਨੂੰ ਬਰਬਾਦ ਕਰਨ ਲਈ। ਜੋਸ਼ੀ ਨੇ ਹਾਜ਼ਰ ਲੋਕਾਂ ਦੇ ਇਕੱਠ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸਾਰੇ ਸਹਿਯੋਗ ਦੇਣ ਤਾਂ ਤਿੰਨ ਕਿਲੋਮੀਟਰ ਤਾਂ ਦੂਰ ਦੀ ਗੱਲ ਉਹ ਤਾਂ 100 ਮੀਟਰ ਨੂੰ ਸੁਖਨਾ ਈ.ਐਸ.ਜੈਡ ਵੀ ਬਣਾ ਦੇਣਗੇ।
ਜੋਸ਼ੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਖਨਾ ਈ.ਐਸ.ਜ਼ੈਡ. ਨੂੰ 100 ਮੀਟਰ ਰੱਖਣ ਦੇ ਆਪਣੇ ਹੀ 10 ਸਾਲ ਤੋਂ ਜ਼ਿਆਦਾ ਪੁਰਾਣੇ ਸਟੈਂਡ ਦੇ ਉਲਟ, ਹੁਣ 3 ਕਿਲੋਮੀਟਰ ਤੱਕ ਰੱਖਣ ਦਾ ਮਤਾ ਦਿੱਤਾ ਹੈ।
ਜੋਸ਼ੀ ਨੇ ਪੁੱਛਿਆ ਕਿ, ਭਾਰਤੀ ਵਣਜ ਸੰਸਥਾਨ, ਦੇਹਰਾਦੂਨ, ਜਿਸਦੀ ਰਿਪੋਰਟ ਨੂੰ ਸੁਪਰੀਮ ਕੋਰਟ ਵੀ ਮਾਨਤਾ ਦਿੰਦੀ ਹੈ, ਨੇ ਜਦੋਂ ਪ੍ਰਮਾਣਿਤ ਕਰ ਦਿੱਤਾ ਕਿ ਸੁਖਨਾ ਵਾਈਲਡ ਲਾਈਫ ਸੈਕਚੁਰੀ ਸ਼ੇ੍ਰਣੀ ਡੀ ਦੇ ਅਧੀਨ ਆਉਂਦੀ ਹੈ ਤਾਂ ਇਸਦੇ ਲਈ ਜ਼ਿਆਦਾ ਤੋਂ ਜ਼ਿਆਦਾ 100 ਮੀਟਰ ਤੱਕ ਦਾ ਈ.ਐਸ.ਜੈਡ ਕਾਫੀ ਹੈ ਤਾਂ ਕੀ ਪੰਜਾਬ ਸਰਕਾਰ ਦਾ ਵਣ ਵਿਭਾਗ ਇਸ ਤੋਂ ਵੀ ਉਪਰ ਹੋ ਗਿਆ।
ਜੋਸ਼ੀ ਨੇ ਅਪੀਲ ਕੀਤੀ ਕਿ ਸੁਖਨਾ ਈ.ਐਸ.ਜ਼ੈਡ. ਦੇ ਕਾਲੇ ਕਾਨੂੰਨ ਦੇ ਖਿਲਾਫ ਨਵਾਂ ਗਾਓਂ ਵਾਸੀ ਪੰਜਾਬ ਸਰਕਾਰ ਨੂੰ ਆਪਣੇ ਇਤਰਾਜ਼ ਭੇਜਣ ਅਤੇ ਨਵਾਂ ਗਾਓਂ ਘਰ ਬਚਾਓ ਮੰਚ ਇਸ ਸਬੰਧੀ ਅਭਿਆਨ ਚਲਾਏਗਾ।
ਜੋਸ਼ੀ ਨੇ ਅਖੀਰ ਵਿੱਚ ਕਿਹਾ ਕਿ ਨਵਾਂਗਾਓਂ ਵਿੱਚ ਮਿਉਂਸਪਲ ਕਮੇਟੀ ਦੇ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਅਤੇ ਹੋਰ ਸਰਕਾਰੀ ਹੁਕਮਾਂ ਦੇ ਨਾਂ ’ਤੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਦੇਣੇ ਬੰਦ ਕਰ ਦਿੱਤੇ ਹਨ ਅਤੇ ਨਕਸ਼ੇ ਪਾਸ ਨਹੀਂ ਕੀਤੇ ਜਾ ਰਹੇ ਹਨ, ਇਹ ਸਰਾਸਰ ਗਲਤ ਹੈ, ਕੋਈ ਅਦਾਲਤ ਦਾ ਅਜਿਹਾ ਨਿਰਦੇਸ਼ ਨਹੀਂ ਹੈ ਜੋ ਰੋਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਸਬੂਤਾਂ ਦੇ ਨਾਲ ਮਿਉਂਸਿਪਲ ਕਮੇਟੀ ਦੇ ਅਧਿਕਾਰੀਆਂ ਦੇ ਝੂਠ ਦਾ ਪਰਦਾਫਾਸ਼ ਕਰਾਂਗੇ।
ਜਨ ਜਾਗਰਣ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਨਵਾਂ ਗਾਓਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਭਾਜਪਾ ਆਗੂ ਗੁਰਧਿਆਨ ਸਿੰਘ, ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਪੱਪੀ, ਅਕਾਲੀ ਦਲ ਦੇ ਕੌਂਸਲਰ ਗੁਰਬਚਨ ਸਿੰਘ, ਭਾਜਪਾ ਦੇ ਕੌਂਸਲਰ ਸੁਰਿੰਦਰ ਬੱਬਲ ਅਤੇ ਪ੍ਰਮੋਦ ਕੁਮਾਰ, ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਦੀਪ ਢਿੱਲੋਂ ਸ਼ਾਮਲ ਸਨ। ਭਾਜਪਾ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਭੁਪਿੰਦਰ ਭੂਪੀ, ਭਾਜਪਾ ਮੰਡਲ ਪ੍ਰਧਾਨ ਜੋਗਿੰਦਰ ਪਾਲ ਗੁੱਜਰ ਅਤੇ ਮੰਡਲ ਦੇ ਜਨਰਲ ਸਕੱਤਰ ਨਰੇਸ਼ ਅਤੇ ਸੰਜੇ ਗੁਪਤਾ, ਸਦਾ ਸ਼ਿਵ ਮੰਦਰ ਕਮੇਟੀ ਨਵਾਂ ਗਾਓਂ ਦੇ ਪ੍ਰਧਾਨ ਰਾਜ ਕੁਮਾਰ ਫੌਜੀ, ਨਵਾਂ ਗਾਓਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗੁਲਿਆਨੀ, ਮਿਥਲਾਂਚਲ ਛਠ ਪੂਜਾ ਕਮੇਟੀ ਨਿਆ ਗਾਓਂ ਦੇ ਪ੍ਰਧਾਨ ਗਿਆਨ ਚੰਦ ਭੰਡਾਰੀ ਅਤੇ ਜਨਰਲ ਸਕੱਤਰ ਕਾਮੇਸ਼ਵਰ ਸਾਹ, ਮਿਥਲਾਂਚਲ ਵਿਕਾਸ ਸਭਾ ਟਰਾਈਸਿਟੀ ਦੇ ਫੂਲ ਚੰਦ ਮੰਡਲ, ਆਟੋ ਯੂਨੀਅਨ ਸਿੰਘਾ ਦੇਵੀ ਤੋਂ ਪ੍ਰਭੂ ਮੁਖੀਆ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਗਊ ਸੇਵਾ ਪ੍ਰਧਾਨ ਨਵਾਂ ਗਾਓਂ ਸੁਸ਼ੀਲ ਰੋਹੀਲਾ ਆਦਿ ਸ਼ਾਮਲ ਸਨ।