Friday, 17 April 2026

ਕਿਸਾਨ ਆਗੂ ਡੱਲੇਵਾਲ ਦੀ ਹਰ ਪਲ ਵਿਗੜਦੀ ਜਾ ਰਹੀ ਹੈ ਸਿਹਤ

ਚੰਡੀਗੜ੍ਹ/ਬਿਊਰੋ ਨਿਊਜ਼

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 50ਵੇਂ ਦਿਨ ਵੀ ਜਾਰੀ ਹੈ। ਡੱਲੇਵਾਲ ਦੀ ਸਿਹਤ ਸੰਭਾਲ ਵਿਚ ਲੱਗੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੋਲਣ ਵਿੱਚ ਵੀ ਦਿੱਕਤ ਆ ਰਹੀ ਹੈ। ਡਾਕਟਰਾਂ ਦਾ ਦੱਸਣਾ ਹੈ ਕਿ ਡੱਲੇਵਾਲ ਦੀ ਚਮੜੀ ਹੁਣ ਸੁੰਗੜਨੀ ਸ਼ੁਰੂ ਹੋ ਗਈ ਹੈ, ਜੋ ਕਿ ਬਹੁਤ ਚਿੰਤਾ ਵਾਲੀ ਗੱਲ ਹੈ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਸਿਆਸੀ ਆਗੂ ਮਿਲਣ ਵੀ ਗਏ ਹਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਧਿਆਨ ਰਹੇ ਕਿ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਵੀ ਲਗਾਇਆ ਹੋਇਆ ਹੈ, ਜੋ ਕਿ ਲਗਾਤਾਰ ਜਾਰੀ ਹੈ।  

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 46 ਦਿਨ

ਪਟਿਆਲਾ/ਬਿਊਰੋ ਨਿਊਜ਼

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਰੱਖੇ ਗਏ ਮਰਨ ਵਰਤ ਨੂੰ ਅੱਜ 46 ਦਿਨ ਹੋ ਗਏ ਹਨ। ਇਸਦੇ ਚੱਲਦਿਆਂ ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ। ਡੱਲੇਵਾਲ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਕੋਲ ਜਾਣ ਅਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜੇਕਰ ਕਿਸਾਨਾਂ ਸਬੰਧੀ ਮੰਗਾਂ ਮੰਨੀਆਂ ਜਾਂਦੀਆਂ ਹਨ, ਤਾਂ ਉਹ ਮਰਨ ਵਰਤ ਖਤਮ ਕਰ ਦੇਣਗੇ। ਧਿਆਨ ਰਹੇ ਕਿ ਭਾਜਪਾ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਲਈ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। 

 

ਡਾਕਟਰਾਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰਗਟਾਈ ਚਿੰਤਾ

ਖਨੌਰੀ/ਬਿਊਰੋ ਨਿਊਜ਼ 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਇਸ ਮਰਨ ਵਰਤ ਨੂੰ ਅੱਜ 49 ਦਿਨ ਹੋ ਗਏ ਹਨ। ਇਸਦੇ ਚੱਲਦਿਆਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਚਮੜੀ ਹੁਣ ਸੁੰਗੜਨੀ ਸ਼ੁਰੂ ਹੋ ਗਈ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ। ਜ਼ਿਕਰਯੋਗ ਹੈ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਵੀ ਲਗਾਇਆ ਹੋਇਆ ਹੈ, ਜੋ ਕਿ ਲਗਾਤਾਰ ਜਾਰੀ ਹੈ। ਇਹ ਵੀ ਦੱਸਣਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਸਿਆਸੀ ਆਗੂ ਮਿਲਣ ਵੀ ਗਏ ਹਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ।     

 

ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਕਈ ਉਡਾਣਾਂ ਪ੍ਰਭਾਵਿਤ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਣੇ ਨੇੜਲੇ ਖੇਤਰਾਂ ਵਿਚ ਕਈ ਥਾਈਂ ਅੱਜ ਪਈ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ। ਸੰਘਣੀ ਧੁੰਦ ਕਾਰਨ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਰੇਲ ਗੱਡੀਆਂ ਵੀ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੀ ਚੱਲ ਰਹੀਆਂ ਹਨ ਤੇ ਲੇਟ ਹੀ ਪਹੁੰਚ ਰਹੀਆਂ ਹਨ। ਇਸਦੇ ਚੱਲਦਿਆਂ ਸੜਕ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਘਣੀ ਧੁੰਦ ਕਾਰਨ ਫਿਲੌਰ ਦੇ ਨੇੜੇ ਦੋ ਬੱਸਾਂ ਦੀ ਆਪਸ ਵਿਚ ਟੱਕਰ ਹੋ ਗਈ ਅਤੇ ਕੁਝ ਸਵਾਰੀਆਂ ਜ਼ਖ਼ਮੀ ਵੀ ਹੋਈਆਂ ਹਨ। ਉਧਰ ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਭਲਕੇ ਸ਼ਨੀਵਾਰ ਅਤੇ ਐਤਵਾਰ ਨੂੰ ਬਰਫਬਾਰੀ ਹੋ ਸਕਦੀ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਤਾਪਮਾਨ ਮਨਫੀ ਤੋਂ ਵੀ ਹੇਠਾਂ ਚੱਲ ਰਿਹਾ ਹੈ। ਇਸ ਬਰਫਬਾਰੀ ਕਾਰਨ ਪੰਜਾਬ ਵਿਚ ਵੀ ਠੰਡ ਵਧੀ ਹੋਈ ਹੈ। 

 

ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ-ਸਰਪੰਚ ਨੇ ਦਿੱਤੀ ਜ਼ਮੀਨ

ਚੰਡੀਗੜ੍ਹ/ਬਿਊਰੋ ਨਿਊਜ਼

ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਚ ਮਰਹੂਮ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ‘ਬਾਗ-ਏ-ਅਦਬ’ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਆਯੋਜਿਤ ਸਮਾਗਮ ਵਿਚ ਐਸਐਸਪੀ ਅਵਨੀਤ ਕੌਰ ਅਤੇ ਪ੍ਰਸਿੱਧ ਪੰਜਾਬੀ ਕਲਾਕਾਰ ਮਲਕੀਤ ਰੌਣੀ ਵੀ ਹਾਜ਼ਰ ਰਹੇ। ਦੱਸਿਆ ਗਿਆ ਕਿ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਨੇ ਇਸ ਕਾਰਜ ਲਈ ਸਵਾ ਦੋ ਏਕੜ ਜ਼ਮੀਨ ਦਾਨ ਦਿੱਤੀ ਹੈ। ਇਸ ਮੌਕੇ ਸਪੀਕਰ ਸੰਧਵਾਂ ਨੇ ਸਰਪੰਚ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਕ ਨਾ ਸਿਰਫ ਮਰਹੂਮ ਲੇਖਕ ਨੂੰ ਸ਼ਰਧਾਂਜਲੀ ਹੈ, ਬਲਕਿ ਇਹ ਪਾਰਕ ਸਥਾਨਕ ਲੋਕਾਂ ਦੇ ਲਈ ਇਕ ਜਨਤਕ ਥਾਂ ਦੇ ਰੂਪ ਵਰਤਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਪਦਮਸ੍ਰੀ ਡਾ. ਸੁਰਜੀਤ ਪਾਤਰ ਹੋਰਾਂ ਦਾ ਪਿਛਲੇ ਸਮੇਂ ਦੌਰਾਨ ਦਿਹਾਂਤ ਹੋ ਗਿਆ ਸੀ।

 

ਸਾਲ 2024 ਦੌਰਾਨ ਇਕ ਹਜ਼ਾਰ ਮੁੰਡਿਆਂ ਪਿੱਛੇ 864 ਕੁੜੀਆਂ ਦਾ ਹੋਇਆ ਜਨਮ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਲਿੰਗ ਅਨੁਪਾਤ ਸਬੰਧੀ ਆਏ ਅੰਕੜਿਆਂ ਮੁਤਾਬਕ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ’ਚ ਕੁੜੀਆਂ ਦੀ ਜਨਮ ਦਰ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ’ਚ ਪਿਛਲੇ ਸਾਲ ਇਕ ਹਜ਼ਾਰ ਮੁੰਡਿਆਂ ਪਿੱਛੇ 902 ਕੁੜੀਆਂ ਸਨ ਪਰ 2024 ’ਚ ਇਹ ਅੰਕੜਾ ਘਟ ਕੇ 864 ਰਹਿ ਗਿਆ। ਗੁਰਦਾਸਪੁਰ ’ਚ ਕੁੜੀਆਂ ਦੀ ਗਿਣਤੀ 888 ਹੈ ਜੋ 2023 ਨਾਲੋਂ ਸਿਰਫ਼ ਤਿੰਨ ਵਧ ਹੈ। ਉਂਝ ਪੂਰੇ ਪੰਜਾਬ ’ਚ ਲਿੰਗ ਅਨੁਪਾਤ 918 ਦਰਜ ਹੋਇਆ ਹੈ ਜੋ ਪਿਛਲੇ ਸਾਲ ਨਾਲੋਂ ਸਿਰਫ਼ ਦੋ ਵਧ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚੋਂ ਕਪੂਰਥਲਾ ਜ਼ਿਲ੍ਹੇ ਨੇ ਮੁੜ ਬਾਜ਼ੀ ਮਾਰੀ ਹੈ ਜਿਥੇ ਕੁੜੀਆਂ ਦੀ ਗਿਣਤੀ 987 ਹੈ। ਵੈਸੇ 2023 ’ਚ ਕਪੂਰਥਲਾ ’ਚ ਕੁੜੀਆਂ ਦੀ ਗਿਣਤੀ 992 ਸੀ। ਵੱਡੀ ਗਿਣਤੀ ਮੁਸਲਿਮ ਆਬਾਦੀ ਵਾਲਾ ਮਾਲੇਰਕੋਟਲਾ ਦੂਜੇ ਨੰਬਰ ’ਤੇ ਰਿਹਾ ਅਤੇ ਉਥੇ ਲਿੰਗ ਅਨੁਪਾਤ 961 ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਇਹ ਸਾਹਮਣੇ ਨਹੀਂ ਆਇਆ, ਜਿੱਥੇ ਕੁੜੀਆਂ ਦੀ ਜਨਮ ਦਰ ਮੁੰਡਿਆਂ ਨਾਲੋਂ ਵੱਧ ਹੋਵੇ।

ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਨਵੇਂ ਕਾਰਜਕਾਲ ਦੇ ਪਹਿਲੇ ਸਮਾਗਮ ਵਿਚ ਸਭਾ ਦੇ ਅਹੁਦੇਦਾਰਾਂ , ਕਾਰਜਕਾਰਨੀ ਮੈਂਬਰਾਂ , ਸਰਪ੍ਰਸਤਾਂ , ਸਲਾਹਕਾਰਾਂ ਅਤੇ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਅਤੇ ਸਾਲ 2025 ਦਾ ਕੈਲੰਡਰ ਰਿਲੀਜ਼ ਕਰਨ ਮੌਕੇ ਮੁਖ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਉੱਘੇ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕੀਤੀ | ਪ੍ਰਸਿੱਧ ਕਾਰੋਬਾਰੀ ਗੁਰਿੰਦਰ ਜੀਤ ਸਿੰਘ ਕੱਕੜ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ | ਡਾ . ਦੀਪਕ ਮਨਮੋਹਨ ਸਿੰਘ , ਸਿਰੀ ਰਾਮ ਅਰਸ਼ ਅਤੇ ਬਲਕਾਰ ਸਿੱਧੂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਅਤੇ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਰਾਹੀਂ ਹੋਈ | ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਾਲ ਅਜਨਬੀ ਨੇ ਕਿਹਾ ਕਿ ਉੱਦਮ ਨਾਲ ਹੀ ਕੋਈ ਸਮਾਗਮ ਚੰਗਾ ਹੋ ਨਿੱਬੜਦਾ ਹੈ | ਭੁਪਿੰਦਰ ਸਿੰਘ ਮਲਿਕ ਦਾ ਕਹਿਣਾ ਸੀ ਕਿ ਪੰਜਾਬੀ ਲੇਖਕ ਸਭਾ ਮਿਆਰੀ ਸਾਹਿਤਿਕ ਸਮਾਰੋਹਾਂ ਵਾਸਤੇ ਦ੍ਰਿੜ੍ਹ ਸੰਕਲਪ ਹੈ | ਦੀਪਕ ਸ਼ਰਮਾ ਚਨਾਰਥਲ ਨੇ ਸਨਮਾਨਿਤ ਹਸਤੀਆਂ ਦੀ ਜਾਣ -ਪਹਿਚਾਣ ਕਰਵਾਉਂਦਿਆਂ ਸਾਹਿਤ ਸੇਵਾ ਦਾ ਆਪਣਾ ਪ੍ਰਣ ਦੁਹਰਾਇਆ | ਸਨਮਾਨਿਤ ਉੱਘੀਆਂ ਸ਼ਖਸੀਅਤਾਂ ਵਿੱਚ ਸਰਪ੍ਰਸਤਾਂ ਵਜੋਂ ਪ੍ਰਿੰ. ਗੁਰਦੇਵ ਕੌਰ ਪਾਲ , ਡਾ. ਦੀਪਕ ਮਨਮੋਹਨ ਸਿੰਘ , ਡਾ.ਲਾਭ ਸਿੰਘ ਖੀਵਾ, ਸਿਰੀ ਰਾਮ ਅਰਸ਼ ਅਤੇ ਡਾ. ਅਵਤਾਰ ਸਿੰਘ ਪਤੰਗ| ਆਨਰੇਰੀ ਮੈਂਬਰ ਜੰਗ ਬਹਾਦਰ ਗੋਇਲ , ਡਾ. ਮਨਮੋਹਨ, ਡਾ. ਲਖਵਿੰਦਰ ਸਿੰਘ ਜੋਹਲ, ਹਮੀਰ ਸਿੰਘ , ਡਾ. ਪਰਵਿੰਦਰ ਸਿੰਘ | ਸਲਾਹਕਾਰ ਬੋਰਡ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਸਵਰਨਜੀਤ ਸਿੰਘ ਸਵੀ , ਡਾ. ਸਵਰਾਜਬੀਰ, ਜੇ. ਐਸ. ਖੁਸ਼ਦਿਲ, ਏ. ਐੱਸ. ਪਾਲ, ਸੁਨੈਨੀ ਗੁਲੇਰੀਆ ਸ਼ਰਮਾ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪੱਤਰਕਾਰ ਤਰਲੋਚਨ ਸਿੰਘ, ਨਿਸ਼ਾ ਲੂਥਰਾ ਅਤੇ ਸੁਰਿੰਦਰ ਬਾਂਸਲ| ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਿੱਚ ਡਾ. ਸਰਬਜੀਤ ਸਿੰਘ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਰਿੰਦਰ ਗਿੱਲ, ਡਾ. ਦਵਿੰਦਰ ਸਿੰਘ ਬੋਹਾ, ਮਨਮੋਹਨ ਸਿੰਘ ਦਾਓਂ, ਡਾ. ਬਲਦੇਵ ਸਿੰਘ ਖਹਿਰਾ, ਪ੍ਰੇਮ ਵਿੱਜ, ਗੁਰਦੀਪ ਗੁਲ, ਰਾਜਿੰਦਰ ਕੌਰ, ਪਰਮਜੀਤ ਪਰਮ, ਊਸ਼ਾ ਕੰਵਰ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਨਰਿੰਦਰ ਨਸਰੀਨ, ਵਰਿੰਦਰ ਸਿੰਘ ਚੱਠਾ ਅਤੇ ਗੁਰਜੋਧ ਕੌਰ| ਕਾਰਜਕਾਰਨੀ ਮੈਂਬਰਾਂ ਗੁਰਨਾਮ ਕੰਵਰ, ਡਾ. ਗੁਰਮਿੰਦਰ ਸਿੱਧੂ, ਬਲਕਾਰ ਸਿੱਧੂ, ਮਲਕੀਅਤ ਬਸਰਾ, ਲਾਭ ਸਿੰਘ ਲਹਿਲੀ, ਨਵਨੀਤ ਕੌਰ ਮਠਾੜੂ ate ਸ਼ਾਇਰ ਭੱਟੀ ਦੇ ਨਾਮ ਕਾਬਿਲੇ ਜ਼ਿਕਰ ਹਨ | ਮੁੱਖ ਅਹੁਦੇਦਾਰਾਂ ਵਿੱਚ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਤੇ ਮਨਜੀਤ ਕੌਰ ਮੀਤ, ਸਕੱਤਰ ਸੁਖਵਿੰਦਰ ਸਿੰਘ ਸਿੱਧੂ ਤੇ ਸਿਮਰਜੀਤ ਕੌਰ ਗਰੇਵਾਲ ਅਤੇ ਵਿੱਤ ਸਕੱਤਰ ਹਰਮਿੰਦਰ ਸਿੰਘ ਕਾਲੜਾ ਦੇ ਨਾਮ ਵਰਨਣ ਯੋਗ ਹਨ | ਡਾ. ਦੀਪਕ ਮਨਮੋਹਨ ਸਿੰਘ ਨੇ ਸਮੁੱਚੀ ਟੀਮ ਨੂੰ ਪੁਰਾਣੇ ਅਹੁਦੇਦਾਰਾਂ ਤੋਂ ਸੇਧ ਲੈਣ ਲਈ ਕਿਹਾ | ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਸਵਰਗੀ ਸੁਰਜੀਤ ਪਾਤਰ ਦੇ ਨਕਸ਼ੇ ਕਦਮ ਤੇ ਚਲਦਿਆਂ ਨਵੀਆਂ ਪੈੜਾਂ ਪਾ ਕੇ ਪਰਿਸ਼ਦ ਹੋਰ ਬੁਲੰਦੀਆਂ ਛੂਹੇਗੀ | ਜੰਗ ਬਹਾਦਰ ਗੋਇਲ ਨੇ ਸਾਹਿਤ ਦੇ ਜ਼ਿੰਦਗੀ 'ਚ ਮਹੱਤਵ ਨੂੰ ਅਨਮੋਲ ਦੱਸਿਆ | ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਗੁਰਮਿੰਦਰ ਸਿੱਧੂ, ਮਨਮੋਹਨ ਸਿੰਘ ਦਾਉਂ , ਡਾ. ਅਵਤਾਰ ਸਿੰਘ ਪਤੰਗ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਸ਼ਮੂਲੀਅਤ ਕਰਦਿਆਂ ਮਹਿਫ਼ਿਲ ਦਾ ਆਨੰਦ ਮਾਣਿਆ | ਡਾ. ਗੁਰਮਿੰਦਰ ਸਿੱਧੂ ਨੇ ਕਵੀ ਦਰਬਾਰ ਬਾਰੇ ਬਾਕਮਾਲ ਟਿੱਪਣੀਆਂ ਕਰਕੇ ਇਸਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ | ਕਵੀ ਦਰਬਾਰ ਮੌਕੇ ਹਾਜ਼ਰੀ ਲਵਾਉਣ ਵਾਲਿਆਂ ਵਿਚ ਉਪਰੋਕਤ ਹਸਤੀਆਂ ਤੋਂ ਇਲਾਵਾ ਰਾਜਵਿੰਦਰ ਸਿੰਘ ਗੱਡੂ, ਰਵਿੰਦਰ ਕੌਰ, ਕ੍ਰਿਸ਼ਨਾ ਗੋਇਲ, ਡਾ. ਸੰਗੀਤਾ ਸ਼ਰਮਾ ਕੁੰਦਰਾ, ਗੁਰਜੀਤ ਕੌਰ, ਮੀਤ ਰੰਗਰੇਜ਼, ਰਤਨ ਬਾਬਕ ਵਾਲਾ, ਸੁਰਿੰਦਰ ਕੁਮਾਰ, ਪਰਮਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਕਿਰਨਜੀਤ ਕੌਰ, ਸੁਰਜੀਤ ਕੌਰ ਬੈਂਸ, ਰਾਖੀ ਸੁਬਰਾਮਨੀਅਮ, ਯੁਵਰਾਜ ਸਿੰਘ, ਸਰਬਜੀਤ ਸਿੰਘ, ਸ਼ਮਸ਼ੀਲ ਸਿੰਘ ਸੋਢੀ, ਆਰ. ਕੇ. ਸੁਖਨ, ਰਮਨਦੀਪ ਰਮਣੀਕ, ਪਰਮਿੰਦਰ ਸਿੰਘ ਮਦਾਨ, ਸ਼ੀਨੁ ਵਾਲੀਆ, ਨਰਿੰਦਰ ਕੌਰ ਮਠਾੜੂ, ਜਰਨੈਲ ਸਿੰਘ, ਬਲਵਿੰਦਰ ਸੰਧੂ, ਭਗਤ ਰਾਮ ਰੰਗਾਰਾ, ਮੰਦਰ ਗਿੱਲ, ਆਰ. ਐੱਸ. ਲਿਬਰੇਟ, ਰਵੀ ਕਾਂਤ, ਗੁਰਜੰਟ ਸਿੰਘ, ਗੁਰਨੀਤ ਕੌਰ, ਕੇਵਲਜੀਤ ਸਿੰਘ ਕੰਵਲ, ਦਰਸ਼ਨ ਤੇਉਣਾ, ਰਾਜਿੰਦਰ ਸਿੰਘ ਧੀਮਾਨ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਰੁਪਾਲ, ਕਸ਼ਮੀਰ ਸਿੰਘ, ਪ੍ਰੋ. ਦਿਲਬਾਗ ਸਿੰਘ, ਦਵਿੰਦਰ ਕੌਰ ਢਿੱਲੋਂ, ਹਰਬੰਸ ਸੋਢੀ, ਸੋਮੇਸ਼ ਗੁਪਤਾ, ਜਗਤਾਰ ਸਿੰਘ ਜੋਗ, ਮਿੰਨੀ ਸਰਕਾਰੀਆ, ਸੁਭਾਸ਼, ਪ੍ਰਭਗੁਣ, ਅਮਨਦੀਪ ਸਿੰਘ, ਜਸਪਾਲ ਸਿੰਘ ਕੰਵਲ, ਸ਼ੀਨਾ, ਹਰਜੀਤ ਸਿੰਘ, ਹਰਜਾਪ ਸਿੰਘ ਔਜਲਾ ਅਤੇ ਅਜਾਇਬ ਸਿੰਘ ਔਜਲਾ ਸ਼ਾਮਿਲ ਸਨ |

ਮਾਪੇ ਅਤੇ ਵਿਦਿਅਕ ਸੰਸਥਾਵਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ: ਰਾਜਪਾਲ ਕਟਾਰੀਆ 

ਪੰਜਾਬ ਰਾਜ ਭਵਨ ਪੰਜਾਬ ਨੇ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨਾਲ ਨਸ਼ਿਆਂ ਦੀ ਰੋਕਥਾਮ ਬਾਰੇ ਵਿਚਾਰ-ਵਟਾਂਦਰੇ ਦੀ ਕੀਤੀ ਮੇਜ਼ਬਾਨੀ

ਚੰਡੀਗੜ੍ਹ, 9 ਜਨਵਰੀ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਭਵਨ ਵਿਖੇ ਜੋਸ਼ੀ ਫਾਊਂਡੇਸ਼ਨ, ਖੰਨਾ ਫਾਊਂਡੇਸ਼ਨ, ਗਰੇਵਾਲ ਫਾਊਂਡੇਸ਼ਨ ਅਤੇ ਸਾਂਪਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨਾਲ ਨਸ਼ਿਆਂ ਬਾਰੇ ਜਾਗਰੂਕਤਾ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਸਮਾਗਮ ਦੌਰਾਨ ਲਗਭਗ 50 ਯੂਨੀਵਰਸਿਟੀਆਂ, ਸਕੂਲਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਦੇ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੂਰਨ ਸਹਿਯੋਗ ਦਾ ਵਾਅਦਾ ਕੀਤਾ। ਸਿੱਖਿਆ ਸ਼ਾਸਤਰੀ ਨੇ ਰਾਜਪਾਲ ਨੂੰ ਉਨ੍ਹਾਂ ਦੇ ਕੈਂਪਸ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ, ਜਿਸ ਸਦਕਾ ਨੌਜਵਾਨਾਂ ਦਰਮਿਆਨ ਨਸ਼ਿਆਂ ਦੀ ਦੁਰਵਰਤੋਂ ਵਿੱਚ ਕਮੀ ਆਈ ਹੈ।

ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਕਟਾਰੀਆ ਨੇ ਨਸ਼ਿਆਂ ਦੀ ਲਾਹਣਤ ਦੇ ਮਾੜੇ ਪ੍ਰਭਾਵਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਿਰਫ਼ ਇੱਕ ਖੇਤਰੀ ਸਮੱਸਿਆ ਨਹੀਂ ਹੈ, ਸਗੋਂ ਇੱਕ ਰਾਸ਼ਟਰੀ ਸੰਕਟ ਹੈ ਅਤੇ ਇਹ ਖਾਸ ਕਰਕੇ ਪੰਜਾਬ ਵਿੱਚ ਚਿੰਤਾਜਨਕ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨਾਂ ਨਾਲ ਹੀ ਜਿੱਤੀ ਜਾ ਸਕਦੀ ਹੈ, ਜਿਸ ਵਿੱਚ ਸਰਕਾਰ, ਸਮਾਜਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਭਾਈਵਾਲ ਸ਼ਾਮਲ ਹਨ। ਇਸ ਸਬੰਧ ਵਿੱਚ ਕਾਨੂੰਨਾਂ ਨੂੰ ਲਾਗੂ ਕਰਨਾ ਮਹੱਤਵਪੂਰਨ ਹੈ, ਪਰ ਸਿਰਫ਼ ਕਾਨੂੰਨ ਹੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਸਮਾਜ ਦੇ ਸਾਰੇ ਵਰਗਾਂ ਵਿੱਚ ਜਾਗਰੂਕਤਾ ਫੈਲਾਉਣਾ ਵੀ ਮਹੱਤਵਪੂਰਨ ਹੈ। 

ਰਾਜਪਾਲ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਵਰਗੇ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਮਾਜਿਕ ਬੁਰਾਈ ਵਿਰੁੱਧ ਸਮੂਹਿਕ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਜਨਤਕ ਮਾਰਚ ਅਤੇ ਸਮਾਜ-ਸੰਚਾਲਿਤ ਮੁਹਿੰਮਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ।

 ਰਾਜਪਾਲ ਕਟਾਰੀਆ ਨੇ ਮੌਜੂਦਾ ਸਮੇਂ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਸ਼ੇ ਰਵਾਇਤੀ ਨਸ਼ਿਆਂ ਨਾਲੋਂ ਵਧੇਰੇ ਜਾਨਲੇਵਾ ਹਨ। ਉਨ੍ਹਾਂ ਦੱਸਿਆ ਕਿ ਇਹ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਲਈ ਲਾਹੇਵੰਦ ਕਾਰੋਬਾਰ ਬਣ ਗਿਆ ਹੈ, ਜਿਸ ਕਾਰਨ ਇਸ ਵੱਲ ਤੁਰੰਤ ਧਿਆਨ ਦੇਣ ਅਤੇ ਸਾਂਝੇ ਯਤਨਾਂ ਦੀ ਲੋੜ ਹੈ। ਨਸ਼ਿਆ ਦੇ ਖ਼ਾਤਮੇ ਲਈ ਪਰਿਵਾਰਾਂ ਅਤੇ ਵਿਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਸਕੂਲਾਂ ਨੂੰ ਇਸ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਨਸ਼ਾ ਪੀੜਤਾਂ ਨੂੰ ਦਰਕਿਨਾਰ ਕਰਨ ਦੀ ਬਜਾਏ, ਸਾਨੂੰ ਉਨ੍ਹਾਂ ਨੂੰ ਸਮਾਜ ਵਿੱਚ ਮੁੜ ਸ਼ਾਮਲ ਕਰਨ ਲਈ ਪਿਆਰ ਅਤੇ ਸਵੀਕਾਰਤਾ ਨਾਲ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। 

ਰਾਜਪਾਲ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਯੋਜਨਾਬੱਧ ਉਪਾਅ ਕਰਨ ਲਈ ਕਿਹਾ ਅਤੇ ਸੁਝਾਅ ਦਿੱਤਾ ਕਿ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ 'ਤੇ ਅਧਿਆਪਕ ਕਾਉਂਸਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸਾਰੇ ਭਾਈਵਾਲਾਂ ਨੂੰ ਚੁਣੌਤੀਆਂ ਦੇ ਬਾਵਜੂਦ ਦ੍ਰਿੜ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਆਸ ਪ੍ਰਗਟਾਈ ਕਿ ਨਿਰੰਤਰ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਜਾਗਰੂਕਤਾ, ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ 'ਤੇ ਧਿਆਨ ਕੇਂਦ੍ਰਤ ਕਰਦਿਆਂ ਨਸ਼ਾ ਪੀੜਤਾਂ ਪ੍ਰਤੀ ਹਮਦਰਦੀ ਵਾਲੀ ਅਤੇ ਵਿਆਪਕ ਪਹੁੰਚ ਅਪਣਾਉਣ ਲਈ ਵੀ ਕਿਹਾ। ਇਸ ਵਿਚਾਰ-ਵਟਾਂਦਰੇ ਵਿੱਚ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। 

 ਇਸ ਮੌਕੇ ਵਿਨੀਤ ਜੋਸ਼ੀ ਫਾਊਂਡੇਸ਼ਨ ਦੇ ਸੰਸਥਾਪਕ ਸ੍ਰੀ ਵਿਨੀਤ ਜੋਸ਼ੀ ਨੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਭਾਈਵਾਲਾਂ ਦੀ ਜਾਣ-ਪਛਾਣ ਕਰਵਾਈ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਹਾਰਕ ਉਪਾਅ ਸਾਂਝੇ ਕੀਤੇ। ਸਾਬਕਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਮੁੜ ਵਸੇਬਾ ਕੇਂਦਰਾਂ ਦੀ ਸੁਚੱਜੀ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਸ਼ਾ ਪੀੜਤਾਂ ਨੂੰ ਸਵੀਕਾਰ ਕਰਨ ਅਤੇ ਉਹਨਾਂ ਦੀ ਸਹਾਇਤਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਨਸ਼ਾ ਪੀੜਤਾਂ ਨਾਲ ਵਿਤਕਰਾ ਕਰਨ ਦੀ ਬਜਾਏ ਉਹਨਾਂ ਨੂੰ ਸਮਾਜ ਵਿੱਚ ਮੁੜ ਸ਼ਾਮਲ ਕਰਨ ਵਿੱਚ ਮਦਦ ਕਰਨ ਲਈ ਕਿਹਾ। ਗਰੇਵਾਲ ਫਾਊਂਡੇਸ਼ਨ ਦੇ ਸੰਸਥਾਪਕ-ਡਾਇਰੈਕਟਰ ਸ੍ਰੀ ਹਰਜੀਤ ਸਿੰਘ ਗਰੇਵਾਲ ਨੇ ਇਸ ਨੇਕ ਕਾਰਜ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਖੰਨਾ ਫਾਊਂਡੇਸ਼ਨ ਦੇ ਡਾਇਰੈਕਟਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀਨੀਅਰ ਸੈਕੰਡਰੀ ਸਕੂਲ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮ ਚਲਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ। 

ਇਹ ਸਮਾਗਮ ਸਾਰੇ ਭਾਈਵਾਲਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਯਤਨਾਂ ਨੂੰ ਤੇਜ਼ ਕਰਨ ਦੀ ਦ੍ਰਿੜ ਵਚਨਬੱਧਤਾ ਨਾਲ ਸਮਾਪਤ ਹੋਇਆ। ਇਸ ਦੌਰਾਨ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨ, ਮੁੜ ਵਸੇਬੇ ਦੇ ਯਤਨਾਂ ਵਿੱਚ ਸਹਿਯੋਗ ਦੇਣ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸਮੂਹਿਕ ਸੰਕਲਪ ਲਿਆ ਗਿਆ। ਪੰਜਾਬ ਰਾਜ ਭਵਨ ਵਿਖੇ ਕਰਵਾਇਆ ਗਿਆ ਇਹ ਵਿਚਾਰ-ਵਟਾਂਦਰਾ ਮੌਜੂਦਾ ਸਮੇਂ ਦੀਆਂ ਸਭ ਤੋਂ ਗੰਭੀਰ ਸਮਾਜਿਕ ਚੁਣੌਤੀਆਂ ਵਿੱਚੋਂ ਇੱਕ ਨਾਲ ਨਜਿੱਠਣ ਲਈ ਵੱਖ-ਵੱਖ ਭਾਈਵਾਲਾਂ ਨੂੰ ਇੱਕਜੁੱਟ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਭੂਮਿਕਾ ਨਿਭਾਏਗਾ।

ਕਿਹਾ : ਚੰਡੀਗੜ੍ਹ ਵਿਚ ਸਲਾਹਕਾਰ ਦੇ ਅਹੁਦੇ ਨੂੰ ਬਰਕਰਾਰ ਰੱਖਿਆ ਜਾਵੇ  

ਚੰਡੀਗੜ੍ਹ/ਬਿਊਰੋ ਨਿਊਜ਼ 

ਨਰਿੰਦਰ ਮੋਦੀ ਸਰਕਾਰ ਵਲੋਂ ਚੰਡੀਗੜ੍ਹ ਵਿਚ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਫੈਸਲੇ ਦੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਚੰਡੀਗੜ੍ਹ ’ਚ ਸਲਾਹਕਾਰ ਦੇ ਅਹੁਦੇ ’ਤੇ ਹੁਣ ਚੀਫ ਸੈਕਟਰੀ ਦੀ ਨਿਯੁਕਤੀ ਕੀਤੀ ਜਾਵੇਗੀ। ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਫੈਸਲੇ ਨੂੰ ਮੋਦੀ ਸਰਕਾਰ ਦਾ ਤਾਨਾਸ਼ਾਹੀ ਵਾਲਾ ਫੈਸਲਾ ਦੱਸਿਆ ਹੈ। ਬਾਜਵਾ ਨੇ ਕਿਹਾ ਕਿ ਇਹ ਪੰਜਾਬ ਦੇ ਮਾਣ ਸਨਮਾਨ ਅਤੇ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਸਲਾਹਕਾਰ ਦੇ ਅਹੁਦੇ ਨੂੰ ਬਰਕਰਾਰ ਰੱਖਿਆ ਜਾਵੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ,  ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਵੀ ਕੇਂਦਰ ਦੇ ਇਸ ਫੈਸਲੇ ਦੀ ਨਿੰਦਾ ਕਰ ਚੁੱਕੇ ਹਨ।  

 

ਕਿਹਾ : ਚੰਡੀਗੜ੍ਹ ’ਚ ਸਲਾਹਕਾਰ ਦੇ ਅਹੁਦੇ ’ਤੇ ਮੁੜ ਵਿਚਾਰ ਕਰੇ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਸਰਕਾਰ ਵਲੋਂ ਚੰਡੀਗੜ੍ਹ ਵਿਚ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਮੁੱਖ ਸਕੱਤਰ ਦੀ ਇਸ ਅਹੁਦੇ ’ਤੇ ਨਿਯੁਕਤੀ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਭਾਜਪਾ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਨਿੰਦਾ ਕਰ ਰਹੀਆਂ ਹਨ। ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਚੰਡੀਗੜ੍ਹ ’ਤੇ ਸਿਰਫ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਹੈ ਅਤੇ ਇਸ ’ਤੇ ਪੰਜਾਬ ਦਾ ਹੀ ਪੂਰਾ ਅਧਿਕਾਰ ਹੈ। ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਚੰਡੀਗੜ੍ਹ ਵਿਚ ਸਲਾਹਕਾਰ ਦੇ ਅਹੁਦੇ ਨੂੰ ਬਰਕਰਾਰ ਰੱਖਿਆ ਜਾਵੇ।   

 

ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਡਿਪਟੀ ਮੇਅਰ ਬਣਾਏ ਗਏ

ਪਟਿਆਲਾ/ਬਿਊਰੋ ਨਿਊਜ਼

ਨਗਰ ਨਿਗਮ ਪਟਿਆਲਾ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਗੋਗੀਆ ਨੂੰ ਪਟਿਆਲਾ ਦਾ ਮੇਅਰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ ਤੇ ਜਗਦੀਪ ਜੱਗਾ ਡਿਪਟੀ ਮੇਅਰ ਬਣਾਏ ਗਏ ਹਨ। ਚੋਣ ਤੋਂ ਬਾਅਦ ਇਸ ਸਬੰਧੀ ਰਸਮੀ ਐਲਾਨ ‘ਆਪ’ ਦੇ ਸੂਬਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸਬੰਧ ਵਿਚ ਹੋਈ ਪ੍ਰੈਸ ਕਾਨਫਰੰਸ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਬਰਿੰਦਰ ਗੋਇਲ, ਹਰਮੀਤ ਸਿੰਘ ਪਠਾਣਮਾਜਰਾ ਅਤੇ ਹੋਰ ਵੱਡੀ ਗਿਣਤੀ ਆਗੂ ਮੌਜੂਦ ਸਨ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਕਰਨਾ ਹੈ ਅਤੇ ਚੋਣਾਂ ਸਮੇਂ ਜੋ ਵੀ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।  

 

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਭਲਾਈ ਕੰਮਾਂ ਲਈ ਪੂਰੀ ਤਨਖਾਹ ਕੀਤੀ ਦਾਨ 

ਲੁਧਿਆਣਾ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਾਰੀ ਤਨਖਾਹ ਮਾਨਵਤਾ ਅਤੇ ਵਾਤਾਵਰਣ ਦੇ ਕੰਮਾਂ ਲਈ ਦਾਨ ਕਰਕੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ। ਧਿਆਨ ਰਹੇ ਕਿ ਸੰਤ ਸੀਚੇਵਾਲ ਦਾ ਵਰਤਮਾਨ ਫੋਕਸ ਲੁਧਿਆਣਾ ’ਚ ਬੁੱਢਾ ਦਰਿਆ ਨੂੰ ਸਾਫ ਅਤੇ ਪੁਨਰ ਸੁਰਜੀਤ ਕਰਨ ਲਈ ਚੱਲ ਰਹੀ ਕਾਰ ਸੇਵਾ ’ਤੇ ਹੈ। ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਕਾਲੀ ਵੇਈਂ ਨੂੰ ਕਾਰਸੇਵਾ ਰਾਹੀਂ ਮੁੜ ਸੁਰਜੀਤ ਕੀਤਾ ਗਿਆ ਸੀ ਅਤੇ ਅੱਜ ਉਹ ਕਾਲੀ ਵੇਈਂ ਦੇਸ਼ ਤੇ ਦੁਨੀਆ ਲਈ ਇੱਕ ਮਿਸਾਲ ਬਣੀ ਹੋਈ ਹੈ। ਸੀਚੇਵਾਲ ਹੋਰਾਂ ਨੇ ਦੱਸਿਆ ਕਿ ਪੈਸਾ ਕਦੇ ਵੀ ਉਨ੍ਹਾਂ ਦੀ ਤਰਜੀਹ ਨਹੀਂ ਰਿਹਾ, ਕਿਉਂਕਿ ਉਹ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਉਹਨਾਂ ਦੀ ਤਨਖਾਹ ਬੁੱਢਾ ਦਰਿਆ ਦੀ ਸਫਾਈ ਲਈ ਚੱਲ ਰਹੇ ਕਾਰਜਾਂ ਲਈ ਖਰਚ ਕੀਤੀ ਜਾ ਰਹੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.