Friday, 17 April 2026

ਅਮਿਤ ਸ਼ਾਹ ਨੇ ਕਿਹਾ : ਤੁਰੰਤ ਕਰਾਵਾਂਗੇ ਸੀਬੀਆਈ ਜਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮਿ੍ਰਤਸਰ ’ਚ ਤੈਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਵਲੋਂ ਮੰਤਰੀ ਦਾ ਨਾਮ ਲੈ ਕੇ ਕੀਤੀ ਗਈ ਖੁਦਕਸ਼ੀ ਦਾ ਮਾਮਲਾ ਲੋਕ ਸਭਾ ਵਿਚ ਪਹੁੰਚ ਗਿਆ ਹੈੇ। ਗਗਨਦੀਪ ਸਿੰਘ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਇਲਜਾਮ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਲੱਗੇ ਸਨ। ਇਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਲਾਲਜੀਤ ਸਿੰਘ ਭੁੱਲਰ ਕੋਲੋਂ ਅਸਤੀਫਾ ਲੈ ਲਿਆ ਸੀ।  ਹੁਣ ਮਾਮਲਾ ਲੋਕ ਸਭਾ ਵਿਚ ਵੀ ਪਹੁੰਚ ਗਿਆ ਹੈ। ਕੇਂਦਰ ਸਰਕਾਰ ਵਿਚ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਹ ਮਾਮਲਾ ਬਹੁਤ ਗੰਭੀਰਤਾ ਨਾਲ ਲੋਕ ਸਭਾ ਵਿਚ ਚੁੱਕਿਆ। ਔਜਲਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਇਕ ਮੰਤਰੀ ਦੀ ਕਥਿਤ ਧਮਕੀ ਕਾਰਨ ਸਰਕਾਰੀ ਅਧਿਕਾਰੀ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਇਸ ਮਾਮਲੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਤੁਰੰਤ ਇਹ ਮਾਮਲਾ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ ਵਿਚ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਨੇ ਲੰਘੇ ਸ਼ਨੀਵਾਰ ਨੂੰ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਖੁਦਕੁਸ਼ੀ ਕਰਨ ਵਾਲੇ ਅਧਿਕਾਰੀ ਨੇ ਲਾਲਜੀਤ ਸਿੰਘ ਭੁੱਲਰ ’ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ।


ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ’ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ
ਸੀਬੀਆਈ ਜਾਂਚ ਦੀ ਕੀਤੀ ਗਈ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼  
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿਚ ਇਨਸਾਫ ਦੀ ਮੰਗ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀਂ ਸੰਸਦ ਮੈਂਬਰਾਂ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਚਿੱਠੀ ’ਤੇ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ, ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਧਰਮਵੀਰ ਗਾਂਧੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਹਨ। ਕਾਂਗਰਸੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਦੇ ਹਵਾਲੇ ਕੀਤੀ ਜਾਵੇ, ਤਾਂ ਜੋ ਨਿਰਪੱਖ ਜਾਂਚ ਯਕੀਨੀ ਬਣ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਇਸ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੇ ਖਿਲਾਫ ਤੁਰੰਤ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਜਾਵੇ, ਤਾਂ ਜੋ ਉਹ ਦੇਸ਼ ਛੱਡ ਕੇ ਫਰਾਰ ਨਾ ਹੋ ਸਕਣ।

ਦੋ ਜਹਾਜ਼ ਪਹਿਲਾਂ ਵੀ ਐਲਪੀਜੀ ਲੈ ਕੇ ਪਹੁੰਚੇ ਸਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਝੰਡੇ ਵਾਲਾ ਤੇਲ ਟੈਂਕਰ ‘ਜਗ ਲਾਡਲੀ’ ਗੁਜਰਾਤ ਦੇ ਮੁੰਦਰਾ ਸਥਿਤ ਅਡਾਨੀ ਪੋਰਟਸ ’ਤੇ ਪਹੁੰਚ ਗਿਆ ਹੈ। ਇਹ ਯੂਏਈ ਦੇ ਫੂਜੈਰਾਹ ਬੰਦਰਗਾਹ ਤੋਂ ਹੋਰਮੁਜ਼ ਸਟਰੇਟ ਪਾਰ ਕਰਦੇ ਹੋਏ ਆਇਆ ਹੈ। ਇਸ ’ਤੇ 80,886 ਮੀਟਰਿਕ ਟਨ ਕੱਚਾ ਤੇਲ ਲੱਦਿਆ ਹੋਇਆ ਹੈ। ਦੱਸਣਯੋਗ ਹੈ ਕਿ ਭਾਰਤ ਵਿਚ ਹਰ ਰੋਜ਼ ਕਰੀਬ 90 ਕਰੋੜ ਲੀਟਰ ਤੇਲ ਦੀ ਖਪਤ ਹੁੰਦੀ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਮੰਗਲਵਾਰ ਨੂੰ ਭਾਰਤ ਦਾ ‘ਨੰਦਾ ਦੇਵੀ ਜਹਾਜ਼’ ਗੁਜਰਾਤ ਦੇ ਵਡੀਨਾਰ ਪੋਰਟ ’ਤੇ ਪਹੁੰਚਿਆ ਸੀ। ਇਸ ਜਹਾਜ਼ ਵਿਚ ਕਰੀਬ 46,500 ਮੀਟਰਿਕ ਟਨ ਐਲ.ਪੀ.ਜੀ. ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਵੀ ਭਾਰਤੀ ਜਹਾਜ਼ ਸ਼ਿਵਾਲਿਕ ਲੰਘੇ ਸੋਮਵਾਰ ਨੂੰ ਐਲਪੀਜੀ ਲੈ ਕੇ ਮੁੰਦਰਾ ਪੋਰਟ ਪਹੁੰਚਿਆ ਸੀ। ਇਸ ਜਹਾਜ਼ ’ਤੇ ਕਰੀਬ 46 ਹਜ਼ਾਰ ਮੀਟਰਿਕ ਟਨ ਐਲਪੀਜੀ ਸੀ, ਜੋ ਕਰੀਬ 32.4 ਲੱਖ ਘਰੇਲੂ ਗੈਸ ਸਿਲੰਡਰਾਂ ਦੇ ਬਰਾਬਰ ਹੈ।

ਸਰਵੇ ਵਿੱਚ ਸਾਹਮਣੇ ਆਈਆਂ ਕੰਪਨੀਆਂ ਦੀ ਚਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਨਲਾਈਨ ਇੰਸ਼ੋਰੈਂਸ ਪਲੇਟਫਾਰਮ ਵਰਤਣ ਵਾਲੇ 10 ਵਿੱਚੋਂ 8 ਵਿਅਕਤੀਆਂ ਨੇ ‘ਡਾਰਕ ਪੈਟਰਨਸ’ (ਧੋਖੇਬਾਜ਼ ਤਰੀਕੇ) ਦਾ ਤਜ਼ਰਬਾ ਕੀਤਾ ਹੈ। ਲੋਕਲ ਸਰਕਲਜ਼ ਦੇ ਇਕ ਸਰਵੇ ਵਿੱਚ ਸ਼ਾਮਲ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਨੂੰ ਸਬਸਕਿ੍ਰਪਸ਼ਨ ਦੇ ਜਾਲ ਵਿੱਚ ਫਸਾਉਣਾ, ਵਾਰ-ਵਾਰ ਤੰਗ ਕਰਨਾ, ਜ਼ਬਰਦਸਤੀ ਕੁਝ ਕਰਵਾਉਣਾ ਅਤੇ ਝੂਠੇ ਵਾਅਦਿਆਂ ਨਾਲ ਹੋਰ ਚੀਜ਼ ਦੇ ਦੇਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ 24 ਮਹੀਨਿਆਂ ਵਿੱਚ, ਅਜਿਹੇ ਵਿਅਕਤੀਆਂ ਦੀ ਗਿਣਤੀ 61% ਤੋਂ ਵਧ ਕੇ 80% ਹੋ ਗਈ ਹੈ, ਜਿਨ੍ਹਾਂ ਨੇ ਆਨਲਾਈਨ ਇੰਸ਼ੋਰੈਂਸ ਖਰੀਦੀ, ਪਰ ਉਸਨੂੰ ਕੈਂਸਲ ਕਰਨ ਵਿੱਚ ਮੁਸ਼ਕਲ ਆਈ ਜਾਂ ਉਹ ਸਬਸਕਿ੍ਰਪਸ਼ਨ ਦੇ ਜਾਲ ਵਿੱਚ ਫਸ ਗਏ।

ਪੀਐਮ ਨੇ ਦੇਵਗੌੜਾ, ਖੜਗੇ ਅਤੇ ਪਵਾਰ ਵਰਗੇ ਦਿੱਗਜਾਂ ਤੋਂ ਸਿੱਖਣ ਦੀ ਦਿੱਤੀ ਸਲਾਹ
ਨਵੀਂ ਦਿੱਲੀ/ਬਿਊਰੋ ਨਿਊਜ਼  
ਅੱਜ ਬੁੱਧਵਾਰ ਨੂੰ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 37 ਸੇਵਾਮੁਕਤ ਸੰਸਦ ਮੈਂਬਰਾਂ ਨੂੰ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਦਨ ਦੇ ਸਾਰੇ ਮੈਂਬਰ, ਜੋ ਵਿਦਾਇਗੀ ਲੈ ਰਹੇ ਹਨ, ਉਨ੍ਹਾਂ ਵਿਚ ਅਜਿਹੇ ਮੈਂਬਰ ਵੀ ਹਨ, ਜਿਨ੍ਹਾਂ ਨੂੰ ਸਦਨ ਦੇ ਵਿਚਕਾਰ ਹੀ ਵਿਦਾਇਗੀ ਦਿੱਤੀ ਗਈ। ਪੀਐਮ ਮੋਦੀ ਨੇ ਕਿਹਾ ਕਿ ਵਿਦਾਇਗੀ ਲੈ ਰਹੇ ਇਨ੍ਹਾਂ ਸਤਿਕਾਰਯੋਗ ਮੈਂਬਰਾਂ ਦਾ ਭਾਰਤ ਲਈ ਬਹੁਤ ਯੋਗਦਾਨ ਹੈ। ਮੋਦੀ ਨੇ ਕਿਹਾ ਕਿ ਮੈਂ ਕਹਾਂਗਾ ਕਿ ਸਤਿਕਾਰਯੋਗ ਦੇਵਗੌੜਾ ਜੀ, ਖੜਗੇ ਜੀ ਅਤੇ ਸ਼ਰਦ ਪਵਾਰ ਜੀ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਸਮਾਂ ਸੰਸਦੀ ਕੰਮਕਾਜ ਵਿਚ ਬਿਤਾਇਆ ਹੈ। ਉਨ੍ਹਾਂ ਕਿਹਾ ਕਿ ਬਾਕੀ ਸੰਸਦ ਮੈਂਬਰਾਂ ਨੂੰ ਵੀ ਇੰਨੇ ਲੰਬੇ ਤਜ਼ਰਬੇ ਵਾਲੇ ਸੰਸਦ ਮੈਂਬਰਾਂ ਤੋਂ ਸਿੱਖਣਾ ਚਾਹੀਦਾ ਹੈ। ਪੀਐਮ ਨੇ ਕਿਹਾ ਕਿ ਸਮਾਜ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਇਸ ਪ੍ਰਤੀ ਸਮਰਪਿਤ ਰਹਿਣਾ, ਉਨ੍ਹਾਂ ਤੋਂ ਸਿੱਖਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤੀ ਵਿਚ ਕੋਈ ਪੂਰਨ ਵਿਰਾਮ ਨਹੀਂ ਹੁੰਦਾ, ਇਸ ਲਈ ਬਹੁਤ ਸਾਰੇ ਮੈਂਬਰ ਭਵਿੱਖ ਵਿਚ ਦੁਬਾਰਾ ਸਦਨ ਵਿਚ ਵਾਪਸ ਆ ਸਕਦੇ ਹਨ।

ਵੈਸਟ ਏਸ਼ੀਆ ਜੰਗ ਦਾ ਸਿੱਧਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵੈਸਟ ਏਸ਼ੀਆ ਵਿਚ ਜਾਰੀ ਸੰਘਰਸ਼ ਦਾ ਅਸਰ ਹੁਣ ਦਿੱਲੀ ਦੀ ਰਸੋਈ ਅਤੇ ਕਾਰੋਬਾਰ ਦੋਵਾਂ ’ਤੇ ਦਿਸਣ ਲੱਗਾ ਹੈ। ਰਾਜਧਾਨੀ ਦਿੱਲੀ ਵਿਚ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ 20 ਤੋਂ 50 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਪ੍ਰਭਾਵਿਤ ਹੋਣ ਨਾਲ ਬਜ਼ਾਰ ਵਿਚ ਬੇਯਕੀਨੀ ਵਧ ਗਈ ਹੈ, ਜਿਸਦਾ ਸਿੱਧਾ ਅਸਰ ਖਪਤਕਾਰਾਂ ਦੀ ਜੇਬ੍ਹ ’ਤੇ ਪੈ ਰਿਹਾ ਹੈ। ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਖਾਰੀ ਬਾਵਲੀ, ਜੋ ਏਸ਼ੀਆ ਦਾ ਸਭ ਤੋਂ ਵੱਡਾ ਮਸਾਲਾ ਅਤੇ ਡਰਾਈ ਫਰੂਟਸ ਥੋਕ ਬਜ਼ਾਰ ਮੰਨਿਆ ਜਾਂਦਾ ਹੈ, ਉਥੇ ਹਾਲਾਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਦਿਸ ਰਹੇ ਹਨ। ਖਾਰੀ ਬਾਵਲੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ 20 ਤੋਂ 50 ਫੀਸਦੀ ਤੱਕ ਵਾਧਾ ਹੋਇਆ ਹੈ, ਕਿਉਂਕਿ ਸੰਘਰਸ਼ ਦੌਰਾਨ ਸਪਲਾਈ ਵਿਚ ਭਾਰੀ ਕਮੀ ਆ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਆਉਣ ਵਾਲੇ ਹਫਤਿਆਂ ਵਿਚ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ।

ਇੰਦੌਰ ’ਚ ਚਾਰਜ ਹੋ ਰਹੀ ਕਾਰ ਨੂੰ ਲੱਗੀ ਅੱਗ, 8 ਵਿਅਕਤੀਆਂ ਦੀ ਗਈ ਜਾਨ
ਅਬੋਹਰ/ਬਿਊਰੋ ਨਿਊਜ਼
ਪੰਜਾਬ-ਰਾਜਸਥਾਨ ਬਾਰਡਰ ’ਤੇ ਅੱਜ ਇਕ ਨਿੱਜੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਨਾਲ 5 ਵਿਅਕਤੀਆਂ ਦੀ ਜਾਨ ਚਲੇ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਵਿਚ ਕਈ ਯਾਤਰੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਉਧਰ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਬੰਗਾਲੀ ਸਕੁਏਅਰ ਨੇੜੇ ਗ੍ਰੇਟਰ ਬਿ੍ਰਜੇਸ਼ਵਰੀ ਕਲੋਨੀ ਵਿਚ ਸਵੇਰੇ ਭਿਆਨਕ ਹਾਦਸਾ ਵਾਪਰਿਆ। ਦੱਸਿਆ ਗਿਆ ਕਿ ਇਕ ਇਲੈਕਟਿ੍ਰਕ ਕਾਰ ਚਾਰਜ ਹੋ ਰਹੀ ਸੀ ਤਾਂ ਸ਼ਾਰਟ ਸਰਕਟ ਹੋ ਗਿਆ, ਇਸ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਅੱਗ ਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ 8 ਵਿਅਕਤੀਆਂ ਦੀ ਸੜ ਕੇ ਮੌਤ ਹੋ ਗਈ।

ਕੇ.ਕੇ. ਮਿਸਤਰੀ ਅੰਤਰਿਮ ਚੇਅਰਮੈਨ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਐਚਡੀਐਫਸੀ ਬੈਂਕ ਦੇ ਪਾਰਟ ਟਾਈਮ ਚੇਅਰਮੈਨ ਅਤੇ ਇੰਡੀਪੈਂਡੈਂਟ ਡਾਇਰੈਕਟਰ ਅਤਨੂ ਚੱਕਰਵਰਤੀ ਨੇ ਲੰਘੀ ਦੇਰ ਰਾਤ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਬੈਂਕ ਨੇ ਸਟਾਕ ਫਾਈਲਿੰਗ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਚੱਕਰਵਰਤੀ ਨੇ ਬੈਂਕ ਦੇ ਕੰਮਕਾਜ ਦੇ ਤੌਰ ਤਰੀਕਿਆਂ ’ਤੇ ਸਵਾਲ ਉਠਾਏ ਹਨ। ਚੱਕਰਵਰਤੀ ਦੇ ਅਸਤੀਫੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਦੀ ਮਨਜੂਰੀ ਨਾਲ ਕੇ.ਕੇ. ਮਿਸਤਰੀ ਨੂੰ ਤਿੰਨ ਮਹੀਨਿਆਂ ਲਈ ਅੰਤਰਿਮ ਚੇਅਰਮੈਨ ਬਣਾਇਆ ਗਿਆ ਹੈ। ਚੇਅਰਮੈਨ ਅਤਨੂ ਚੱਕਰਵਰਤੀ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਐਚਡੀਐਫਸੀ ਦੇ ਸ਼ੇਅਰ ਵਿਚ 5 ਫੀਸਦੀ ਦੀ ਗਿਰਾਵਟ ਆਈ ਹੈ। ਇਹ 43 ਰੁਪਏ ਤੋਂ ਡਿੱਗ ਕੇ 800 ਰੁਪਏ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਇਸ ਸਾਲ ਐਚਡੀਐਫਸੀ ਦਾ ਸ਼ੇਅਰ ਕਰੀਬ 20 ਫੀਸਦੀ ਟੁੱਟ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਤਨੂ ਚੱਕਰਵਰਤੀ ਨੇ ਆਪਣੇ ਅਸਤੀਫੇ ਵਿਚ ਬੈਂਕ ਦੇ ਇੰਟਰਨਲ ਕਲਚਰ ਅਤੇ ਕੰਮਕਾਜ ’ਤੇ ਸਵਾਲ ਉਠਾਏ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਡੀ.ਬੀ.ਆਈ. ਬੈਂਕ ਦਾ ਸ਼ੇਅਰ ਅੱਜ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਕਰੀਬ 15 ਫੀਸਦੀ ਤੱਕ ਡਿੱਗ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਇਸ ਬੈਂਕ ਦੇ ਨਿਵੇਸ਼ ਦੀ ਪ੍ਰਕਿਰਿਆ ਨੂੰ ਰੋਕਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਐਸ.ਈ. ’ਤੇ ਬੈਂਕ ਦਾ ਸ਼ੇਅਰ ਪਿਛਲੇ ਸੈਸ਼ਨ ਵਿੱਚ 92.20 ਰੁਪਏ ’ਤੇ ਬੰਦ ਹੋਇਆ ਸੀ, ਜਦਕਿ ਅੱਜ ਇਹ 78.05 ਰੁਪਏ ’ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 77 ਰੁਪਏ ਤੱਕ ਡਿੱਗ ਗਿਆ। ਸਵੇਰੇ ਕਰੀਬ 11 ਵੱਜ ਕ 50 ਮਿੰਟ ’ਤੇ ਇਹ 14.48 ਫੀਸਦੀ ਦੀ ਗਿਰਾਵਟ ਨਾਲ 78.85  ਰੁਪਏ ’ਤੇ ਟਰੇਡ ਕਰ ਰਿਹਾ ਸੀ। ਇਸਦਾ 52 ਹਫਤਿਆਂ ਦਾ ਸਭ ਤੋਂ ਉੱਚਾ ਪੱਧਰ 118.45 ਰੁਪਏ ਅਤੇ ਸਭ ਤੋਂ ਘੱਟ ਪੱਧਰ 72.04 ਰੁਪਏ ਰਿਹਾ ਹੈ।

60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਹੋਣਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤੀ ਨਾਗਰਿਕ ਹਵਾਈ ਯਾਨ ਮੰਤਰਾਲੇ ਵੱਲੋਂ ਹਵਾਈ ਯਾਤਰਾ ਨੂੰ ਹੋਰ ਆਸਾਨ ਬਣਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ, ਹਰ ਫਲਾਈਟ ਵਿੱਚ ਘੱਟੋ-ਘੱਟ 60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਕਰਵਾਈਆਂ ਜਾਣਗੀਆਂ। ਇਸਦਾ ਮਤਲਬ ਹੈ ਕਿ ਯਾਤਰੀਆਂ ਨੂੰ ਸੀਟ ਚੁਣਨ ਲਈ ਵੱਖਰਾ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ, ਇੱਕ ਹੋਰ ਮਹੱਤਵਪੂਰਨ ਮੁੱਦੇ ਨੂੰ ਵੀ ਹੱਲ ਕੀਤਾ ਗਿਆ ਹੈ। ਅਕਸਰ ਇੱਕੋ ਟਿਕਟ ਜਾਂ ਪੀ.ਐਨ.ਆਰ. ’ਤੇ ਯਾਤਰਾ ਕਰ ਰਹੇ ਪਰਿਵਾਰ ਜਾਂ ਦੋਸਤਾਂ ਨੂੰ ਵੱਖ-ਵੱਖ ਸੀਟਾਂ ਮਿਲ ਜਾਂਦੀਆਂ ਹਨ। ਹੁਣ ਸਰਕਾਰ ਨੇ ਏਅਰਲਾਈਨਾਂ ਨੂੰ ਹਦਾਇਤ ਦਿੱਤੀ ਹੈ ਕਿ ਅਜਿਹੇ ਯਾਤਰੀਆਂ ਨੂੰ ਸੰਭਵ ਹੋਵੇ ਤਾਂ ਇਕੱਠੇ ਜਾਂ ਨੇੜੇ-ਨੇੜੇ ਸੀਟਾਂ ਦਿੱਤੀਆਂ ਜਾਣ।  

ਨਵੀਂ ਦਿੱਲੀ/ਬਿਊਰੋ ਨਿਊਜ਼
ਉੜੀਸਾ ਦੇ ਕਟਕ ਸਥਿਤ ਸਰਕਾਰੀ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. ਵਿੱਚ ਅੱਜ ਸੋਮਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਵਾਪਰਿਆ, ਜਿਸ ਸਮੇਂ ਜ਼ਿਆਦਾਤਰ ਮਰੀਜ਼ ਨੀਂਦ ਵਿੱਚ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹਸਪਤਾਲ ਦੇ 11 ਮੁਲਾਜ਼ਮ ਵੀ ਬੁਰੀ ਤਰ੍ਹਾਂ ਝੁਲਸ ਗਏ। ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਦਾ ਹਾਲ-ਚਾਲ ਜਾਣਿਆ। ਸੂਬਾ ਸਰਕਾਰ ਨੇ ਇਸ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਵਾਰਸਾਂ ਲਈ 25-25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਮੁਫ਼ਤ ਤੇ ਬਿਹਤਰ ਇਲਾਜ ਦੇ ਸਖਤ ਨਿਰਦੇਸ਼ ਦਿੱਤੇ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਬੈਂਕਾਂ ਤੋਂ ਏਟੀਐਮ, ਬੈਂਕ ਕਾਊਂਟਰਾਂ ਅਤੇ ਸ਼ਾਖਾਵਾਂ ਵਿੱਚ ਫੇਸ ਰਿਕੋਗਨਿਸ਼ਨ ਜਾਂ ਹੋਰ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਸਿਸਟਮ ਲਗਾਉਣ ਬਾਰੇ ਸੁਝਾਅ ਮੰਗੇ ਗਏ ਹਨ। ਇਹ ਤਕਨੀਕ ਖ਼ਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਲਾਗੂ ਕੀਤੀ ਜਾਵੇਗੀ ਜਿੱਥੇ ਧੋਖਾਧੜੀ ਦੇ ਮਾਮਲੇ ਵੱਧ ਹਨ। ਇਸ ਮਾਮਲੇ ਨਾਲ ਜੁੜੇ ਸਰੋਤਾਂ ਦੇ ਮੁਤਾਬਕ, ਜੇਕਰ ਇਹ ਤਕਨੀਕ ਲਾਗੂ ਹੁੰਦੀ ਹੈ ਤਾਂ ਇਸ ਨਾਲ ਸੁਰੱਖਿਆ ਦਾ ਇੱਕ ਵਾਧੂ ਘੇਰਾ ਤਿਆਰ ਹੋਵੇਗਾ ਅਤੇ ਫਰਾਡ ਮਾਮਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ।

ਸਾਲਾਨਾ ਯਾਤਰਾ ਨੂੰ ਲੈ ਕੇ ਤਿਆਰੀਆਂ ਕੀਤੀਆਂ ਮੁਕੰਮਲ
ਅੰਮਿ੍ਰਤਸਰ/ਬਿਊਰੋ ਨਿਊਜ਼
ਉਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਸਾਲਾਨਾ ਯਾਤਰਾ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ ਹੈ ਅਤੇ ਵਿਚਾਰ-ਵਟਾਂਦਰੇ ਤੇ ਮੌਜੂਦਾ ਮੌਸਮ ਦੇ ਹਾਲਾਤ ਦਾ ਮੁਲਾਂਕਣ ਕੀਤਾ ਗਿਆ। ਇਸ ਤੋਂ ਬਾਅਦ ਹੀ 23 ਮਈ, 2026 ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਲਈ ਆਪਸੀ ਸਹਿਮਤੀ ਬਣੀ ਹੈ। ਜ਼ਿਕਰਯੋਗ ਹੈ ਕਿ ਟਰੱਸਟ, ਉਤਰਾਖੰਡ ਸਰਕਾਰ ਨਾਲ ਤਾਲਮੇਲ ਕਰਕੇ ਯਾਤਰਾ ਦਾ ਆਯੋਜਨ ਕਰਦਾ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਹਰਿਦੁਆਰ, ਰਿਸ਼ੀਕੇਸ਼, ਸ਼੍ਰੀਨਗਰ, ਰਤੂੜਾ, ਜੋਸ਼ੀਮੱਠ, ਗੋਵਿੰਦਘਾਟ ਅਤੇ ਗੋਬਿੰਦ ਧਾਮ ਘੰਗਰੀਆ ਵਿੱਚ ਆਪਣੀਆਂ ਧਰਮਸ਼ਾਲਾਵਾਂ ਵਿੱਚ ਰਿਹਾਇਸ਼ ਅਤੇ ਲੰਗਰ ਪ੍ਰਦਾਨ ਕਰਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.