Friday, 17 April 2026

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਬੇਸ ਇੰਪੋਰਟ ਪ੍ਰਾਈਸ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਸਰਾਫਾ ਬਾਜ਼ਾਰ ਤੋਂ ਲੈ ਕੇ ਨਿਵੇਸ਼ਕਾਂ ਤੱਕ ਹਰ ਥਾਂ ਹਲਚਲ ਤੇਜ਼ ਹੋ ਗਈ ਹੈ। ਚਾਂਦੀ ਦੀ ਕੀਮਤ ਘਟਾ ਦਿੱਤੀ ਗਈ ਹੈ, ਜਦਕਿ ਸੋਨੇ ਦੀ ਬੇਸ ਕੀਮਤ ਵੀ ਘਟਾਈ ਗਈ ਹੈ। ਗੋਲਡ ਦੀ ਬੇਸ ਕੀਮਤ ਪਹਿਲਾਂ 1,652 ਡਾਲਰ ਪ੍ਰਤੀ ਦਸ ਗ੍ਰਾਮ ਸੀ, ਜਦਕਿ ਚਾਂਦੀ ਦੀ ਬੇਸ ਕੀਮਤ ਪਹਿਲਾਂ 2,820 ਡਾਲਰ ਪ੍ਰਤੀ ਕਿਲੋਗ੍ਰਾਮ ਸੀ। ਸਰਕਾਰ ਦੇ ਇਸ ਫੈਸਲੇ ਨੇ ਸਰਾਫਾ ਬਾਜ਼ਾਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ ਇੰਪੋਰਟ ਪ੍ਰਾਈਸ ਮਤਲਬ ਉਹ ਕੀਮਤ ਹੁੰਦੀ ਹੈ ਜਿਸ ’ਤੇ ਇੰਪੋਰਟ ਡਿਊਟੀ ਤੈਅ ਹੁੰਦੀ ਹੈ, ਇਸ ਵਿੱਚ ਕਮੀ ਆਉਣ ਦਾ ਮਤਲਬ ਹੈ ਕਿ ਸੋਨਾ ਅਤੇ ਚਾਂਦੀ ਆਯਾਤ ਕਰਨਾ ਪਹਿਲਾਂ ਨਾਲੋਂ ਕੁਝ ਸਸਤਾ ਹੋ ਸਕਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਆਨਲਾਈਨ ਭੁਗਤਾਨ ਵਿਚ ਹੋਣ ਵਾਲੀ ਧੋਖਾਧੜੀ ’ਤੇ ਸ਼ਿਕੰਜਾ ਕੱਸਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਯੂਪੀਆਈ ਸਣੇ ਸਾਰੇ ਡਿਜ਼ੀਟਲ ਪਲੇਟਫਾਰਮਾਂ ਤੋਂ ਹੋਣ ਵਾਲੇ ਲੈਣ-ਦੇਣ ਲਈ ਦੋ-ਪੜਾਵੀ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਹੁਣ ਸਿਰਫ ਯੂਪੀਆਈ ਪਿੰਨ ਪਾਉਣ ਨਾਲ ਤੁਹਾਡੀ ਪੇਮੈਂਟ ਪੂਰੀ ਨਹੀਂ ਹੋਵੇਗੀ। ਹੁਣ ਪੈਸੇ ਭੇਜਣ ਵੇਲੇ ਪਿੰਨ ਪਾਉਣ ਤੋਂ ਇਲਾਵਾ ਓਟੀਪੀ, ਫਿੰਗਰਪਿ੍ਰੰਟ ਜਾਂ ਫੇਸ ਆਈਡੀ ਵਰਗੇ ਸੁਰੱਖਿਆ ਸਟੈਪ ਵੀ ਪੂਰੇ ਕਰਨੇ ਹੋਣਗੇ। ਜੇਕਰ ਕਿਸੇ ਕਾਰਨ ਤੁਹਾਡਾ ਯੂਪੀਆਈ ਪਿੰਨ ਲੀਕ ਵੀ ਹੋ ਜਾਂਦਾ ਹੈ ਤਾਂ ਵੀ ਕੋਈ ਹੋਰ ਵਿਅਕਤੀ ਤੁਹਾਡੇ ਖਾਤੇ ਵਿਚੋਂ ਪੈਸੇ ਨਹੀਂ ਕੱਢ ਸਕੇਗਾ, ਕਿਉਂਕਿ ਦੂਜਾ ਸੁਰੱਖਿਆ ਸਟੈਪ ਸਿਰਫ ਤੁਹਾਡੇ ਹੱਥ ਵਿਚ ਹੈ।  

ਸਪੀਕਰ ਦੀ ਕਾਰ ’ਤੇ ਸੁੱਟੀ ਗਈ ਸਿਆਹੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਵਿਚ ਸੁਰੱਖਿਆ ਨੂੰ ਲੈ ਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਇਕ ਵਾਹਨ ਨੇ ਕਥਿਤ ਤੌਰ ’ਤੇ ਅਹਾਤੇ ਦੇ ਬਾਹਰ ਲੱਗੇ ਬੈਰੀਕੇਡਾਂ ਨੂੰ ਤੋੜ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਘਟਨਾ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਕਾਰ ’ਤੇ ਸਿਆਸੀ ਵੀ ਸੁੱਟੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨਕਾਬਪੋਸ਼ ਵਿਅਕਤੀ ਵਲੋਂ ਚਲਾਈ ਜਾ ਰਹੀ ਕਾਰ ਦਿੱਲੀ ਵਿਧਾਨ ਸਭਾ ਦੇ ਅਹਾਤੇ ਦੇ ਇਕ ਸੀਮਾ ਗੇਟ ਰਾਹੀਂ ਜ਼ਬਰਦਸਤੀ ਅੰਦਰ ਵੜ ਗਈ। ਇਸ ਘਟਨਾ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਅਤੇ ਅਧਿਕਾਰੀ ਇਸ ਨੂੰ ਇਕ ਸੰਭਾਵੀ ਸੁਰੱਖਿਆ ਉਲੰਘਣਾ ਵਜੋਂ ਦੇਖ ਰਹੇ ਹਨ। ਇਹ ਘਟਨਾ ਹਾਲ ਵਿਚ ਖਤਮ ਹੋਏ ਬਜਟ ਇਜਲਾਸ ਦੌਰਾਨ ਵਿਧਾਨ ਸਭਾ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਵਾਪਰੀ ਹੈ।

ਚੱਢਾ ਦੀ ਥਾਂ ਰਾਜ ਸਭਾ ਵਿਚ ਡਿਪਟੀ ਲੀਡਰ ਬਣੇ ਅਸ਼ੋਕ ਮਿੱਤਲ
ਜਲੰਧਰ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਰਾਘਵ ਚੱਢਾ ਦੀ ਥਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਬਣਾ ਦਿੱਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇਕ ਪੱਤਰ ਵੀ ਸੌਂਪ ਦਿੱਤਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਦਨ ਵਿਚ ਪਾਰਟੀ ਵਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ। ਰਾਘਵ ਚੱਢਾ 2022 ਤੋਂ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2028 ਵਿਚ ਸਮਾਪਤ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਅਜੇ ਤੱਕ ਕੋਈ ਕਾਰਨ ਨਹੀਂ ਦੱਸਿਆ। ਉਧਰ ਦੂਜੇ ਪਾਸੇ ਨਵੇਂ ਲਗਾਏ ਗਏ ਡਿਪਟੀ ਲੀਡਰ ਅਸ਼ੋਕ ਮਿੱਤਲ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਹਨ ਅਤੇ ਉਹ ਜਲੰਧਰ ਨਾਲ ਸਬੰਧਤ ਹਨ। ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਵੀ ਹਨ। ਉਹ 2022 ਵਿਚ ਰਾਜ ਸਭਾ ਦੇ ਮੈਂਬਰ ਬਣੇ ਸਨ।

ਸ਼ੇਅਰ ਮਾਰਕਿਟ ਦੀ ਕਮਾਈ ਅਤੇ ਐਲ.ਟੀ.ਸੀ.ਜੀ. ’ਤੇ ਨਵਾਂ ਅਪਡੇਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਟੈਕਸ ਭਰਨ ਵਾਲਿਆਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਸ਼ੇਅਰ ਮਾਰਕਿਟ ਤੋਂ ਹੋਣ ਵਾਲੀ ਕਮਾਈ, ਜਿਸਨੂੰ ਲਾਂਗ ਟਰਮ ਕੈਪਿਟਲ ਗੇਨ (ਐਲਟੀਸੀਜੀ) ਕਿਹਾ ਜਾਂਦਾ ਹੈ, ਉਸਦੇ ਨਿਯਮ ਆਸਾਨ ਕਰ ਦਿੱਤੇ ਗਏ ਹਨ। ਸਰਕਾਰ ਨੇ ਆਈਟੀਆਰ-1 ਫਾਰਮ ਵਿੱਚ ਵੱਡਾ ਬਦਲਾਅ ਕਰਦਿਆਂ 1.25 ਲੱਖ ਤੱਕ ਦੇ ਐਲਟੀਸੀਜੀ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਛੋਟੇ ਨਿਵੇਸ਼ਕਾਂ ਅਤੇ ਤਨਖਾਹਦਾਰ ਵਿਅਕਤੀਆਂ ਨੂੰ ਹੁਣ ਜਟਿਲ ਫਾਰਮ ਭਰਨ ਤੋਂ ਰਾਹਤ ਮਿਲੇਗੀ।
ਹੁਣ ਤੁਸੀਂ 1.25 ਲੱਖ ਤੱਕ ਦਾ ਲਾਂਗ ਟਰਮ ਕੈਪਿਟਲ ਗੇਨ ਐਲਟੀਸੀਜੀ-1 ਫਾਰਮ ਵਿੱਚ ਦਰਜ ਕਰ ਸਕਦੇ ਹੋ।
ਇਹ ਫਾਇਦਾ ਲਿਸਟਡ ਕੰਪਨੀਆਂ ਦੇ ਸ਼ੇਅਰਾਂ ਅਤੇ ਇਕਵਿਟੀ ਮਿਊਚੁਅਲ ਫੰਡਾਂ ’ਤੇ ਮਿਲੇਗਾ।
ਇਸ ਤੋਂ ਪਹਿਲਾਂ ਜੇ ਥੋੜ੍ਹਾ ਜਿਹਾ ਵੀ ਐਲਟੀਸੀਜੀ ਹੁੰਦਾ ਸੀ ਤਾਂ ਆਈਟੀਆਰ-2 ਫਾਰਮ ਭਰਨਾ ਪੈਂਦਾ ਸੀ।

ਕੰਪਨੀ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਕਰੋੜਪਤੀ ਬਣਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼  
ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚ ਸ਼ਾਮਲ ਐਪਲ ਅੱਜ, ਯਾਨੀ 1 ਅਪ੍ਰੈਲ ਨੂੰ 50 ਸਾਲ ਦੀ ਹੋ ਗਈ ਹੈ।  1 ਅਪ੍ਰੈਲ 1976 ਨੂੰ ਅਮਰੀਕਾ ਵਿੱਚ ਇਸਦੀ ਸ਼ੁਰੂਆਤ ਹੋਈ ਸੀ। ਆਈਫੋਨ ਬਣਾਉਣ ਵਾਲੀ ਇਸ ਕੰਪਨੀ ਦਾ 50 ਸਾਲਾਂ ਦਾ ਸਫਰ ਕਾਫੀ ਉਤਾਰ-ਚੜ੍ਹਾਵਾਂ ਨਾਲ ਭਰਿਆ ਰਿਹਾ ਹੈ। ਇਸਦੀ ਸ਼ੁਰੂਆਤ ਇੱਕ ਗੈਰੇਜ ਤੋਂ ਹੋਈ ਸੀ ਅਤੇ ਅੱਜ ਇਸਦੇ ਭਾਰਤ ਸਮੇਤ ਦੁਨੀਆ ਭਰ ਵਿੱਚ ਵੱਡੇ-ਵੱਡੇ ਦਫ਼ਤਰ ਹਨ। ਕੰਪਨੀ ਦੇ ਸ਼ੇਅਰਾਂ ਨੇ ਵੀ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਕਿਹਾ : ਮੈਨੂੰ ਚੁੱਪ ਕਰਾਇਆ ਗਿਆ, ਪਰ ਮੈਂ ਹਾਰਿਆ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਰਾਜ ਸਭਾ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਛੁੱਟੀ ਹੋ ਚੁੱਕੀ ਹੈ। ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹੀ ਰਾਘਵ ਚੱਢਾ ਨੂੰ ਇਸ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖਿਆ ਗਿਆ ਸੀ। ਇਸ ਤੋਂ ਬਾਅਦ ਹੁਣ ਰਾਘਵ ਚੱਢਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਰਾਘਵ ਚੱਢਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਮੈਂ ਹਾਰਿਆ ਨਹੀਂ ਹਾਂ। ਰਾਘਵ ਚੱਢਾ ਨੇ ਕਿਹਾ ਕਿ ਜਦੋਂ-ਜਦੋਂ ਵੀ ਮੈਨੂੰ ਸੰਸਦ ਵਿਚ ਬੋਲਣ ਦਾ ਮੌਕਾ ਮਿਲਦਾ ਹੈ, ਮੈਂ ਜਨਤਾ ਦੇ ਮੁੱਦੇ ਉਠਾਉਂਦਾ ਹਾਂ। ਉਨ੍ਹਾਂ ਸਵਾਲ ਕੀਤਾ ਕਿ ਕੀ ਜਨਤਾ ਦੇ ਮੁੱਦੇ ਉਠਾਉਣਾ ਕੋਈ ਅਪਰਾਧ ਹੈ? ਉਨ੍ਹਾਂ ਕਿਹਾ ਕਿ ਜਨਤਾ ਦੇ ਮੁੱਦੇ ਉਠਾਉਣ ਦਾ ਫਾਇਦਾ ਆਮ ਆਦਮੀ ਨੂੰ ਹੀ ਹੋਇਆ ਹੈ। ਰਾਘਵ ਨੇ ਕਿਹਾ ਕਿ ਜਦੋਂ-ਜਦੋਂ ਵੀ ਲੋਕਾਂ ਦੇ ਮੁੱਦੇ ਉਠਾਏ ਹਨ, ਮੈਨੂੰ ਲੋਕਾਂ ਦਾ ਅਥਾਹ ਪਿਆਰ ਮਿਲਿਆ ਹੈ। ਇਸ ਸਭ ਦੇ ਚੱਲਦਿਆਂ ਰਾਘਵ ਚੱਢਾ ਨੇ ਲੋਕਾਂ ਨੂੰ ਇਸੇ ਤਰ੍ਹਾਂ ਸਾਥ ਦੇਣ ਦੀ ਅਪੀਲ ਕੀਤੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਫੂਲਕਾ ਭਾਜਪਾ ਦੇ ਮੁੱਖ ਦਫਤਰ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਫੂਲਕਾ ਦਾ ਭਾਜਪਾ ਵਿਚ ਸ਼ਾਮਲ ਹੋਣਾ, ਬਹੁਤ ਖੁਸ਼ੀ ਦੀ ਗੱਲ ਹੈ। ਪੁਰੀ ਨੇ ਕਿਹਾ ਕਿ ਐਚ.ਐਸ. ਫੂਲਕਾ ਦਾ ਨਾਮ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਫੂਲਕਾ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਦੀ ਚੋਣ ਵੀ ਜਿੱਤੀ ਸੀ ਅਤੇ 2019 ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ ਸੀ। ਫੂਲਕਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਸਿਆਸੀ ਹਲਕਿਆਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ, ਕਿਉਂਕਿ ਪੰਜਾਬ ਵਿਚ 2027 ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਓਲਾ ਇਲੈਕਟਿ੍ਰਕ ਨੇ ਆਪਣੀ ਪਸੰਦ ਦੇ ਇਲੈਕਟਿ੍ਰਕ ਸਕੂਟਰ ਰੋਡਸਟਰ 9.1, ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ। ਕੰਪਨੀ ਨੇ ਇਸ ਸਕੂਟਰ ਦੀ ਕੀਮਤ 60 ਹਜ਼ਾਰ ਰੁਪਏ ਘਟਾ ਕੇ ਹੁਣ ਇਸਨੂੰ 1.30 ਲੱਖ ਵਿੱਚ ਪੇਸ਼ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ  ਰੋਡਸਟਰ  9.1 ਇੰਨੀ ਕਿਫਾਇਤੀ ਕੀਮਤ ’ਤੇ ਉਪਲਬਧ ਹੋ ਰਿਹਾ ਹੈ। ਓਲਾ ਇਲੈਕ੍ਰਟਿਕ ਦੇ ਅਨੁਸਾਰ, ਇਸ ਕਟੌਤੀ ਦਾ ਮਕਸਦ ਵੱਧ ਤੋਂ ਵੱਧ ਗਾਹਕਾਂ ਨੂੰ ਇਲੈਕਟਿ੍ਰਕ ਵਾਹਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਰੋਡਸਟਰ 9.1 ਹੁਣ ਕੰਪਨੀ ਦੇ ਸਾਰੇ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਉਪਲਬਧ ਹੈ। ਗਾਹਕ ਹੁਣ ਆਸਾਨੀ ਨਾਲ ਆਪਣੇ ਨਜ਼ਦੀਕੀ ਓਲਾ ਸਟੋਰ ’ਤੇ ਜਾ ਕੇ ਜਾਂ ਆਨਲਾਈਨ ਬੁਕਿੰਗ ਕਰਕੇ ਇਸ ਸਕੂਟਰ ਨੂੰ ਖਰੀਦ ਸਕਦੇ ਹਨ। 

ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਸਰਕਾਰ ਨੇ ਕਈ ਨਿਯਮ ਬਦਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਯਾਨੀ 1 ਅਪ੍ਰੈਲ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ ਨਾਲ ਹੋਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਪ੍ਰਤੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 218 ਰੁਪਏ ਵਧਾ ਦਿੱਤੀ ਹੈ। ਇਸਦੇ ਚੱਲਦਿਆਂ ਦਿੱਲੀ ਵਿਚ ਹੁਣ ਇਹ ਸਿਲੰਡਰ 2078 ਰੁਪਏ ਦਾ ਮਿਲੇਗਾ। ਇਸੇ ਦੌਰਾਨ 5 ਕਿਲੋਗਰਾਮ ਵਾਲੇ ਸਿਲੰਡਰ ਦੀ ਕੀਮਤ ਵੀ ਅੱਜ ਤੋਂ 549 ਰੁਪਏ ਪ੍ਰਤੀ ਰੀਫਿਲ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਰੇਲ ਟਿਕਟ 8 ਘੰਟੇ ਪਹਿਲਾਂ ਤੱਕ ਹੀ ਕੈਂਸਲ ਪਰ ਸਕੋਗੇ। ਅੱਜ 1 ਅਪ੍ਰੈਲ ਤੋਂ ਫਾਸਟੈਗ, ਟੋਲ ਪਲਾਜ਼ਾ ਦੇ ਨਾਲ-ਨਾਲ ਇਨਕਮ ਟੈਕਸ ਨਾਲ ਜੁੜੇ ਨਿਯਮ ਮਿਲਾ ਕੇ ਕੁੱਲ 15 ਬਦਲਾਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਦੇ ਵਧਦੇ ਸੰਘਰਸ਼ ਕਾਰਨ ਆਲਮੀ ਪੱਧਰ ’ਤੇ ਤੇਲ ਕੀਮਤਾਂ ਵਿੱਚ ਉਛਾਲ ਦੇ ਕਾਰਨ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ। ਇਸੇ ਦੌਰਾਨ ਗੈਸ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਡਿਸਟ੍ਰੀਬਿਊਟਰਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼  
ਅੱਜ 2 ਅਪ੍ਰੈਲ ਦਿਨ ਵੀਰਵਾਰ ਨੂੰ ਆਈ ਗਿਰਾਵਟ ਤੋਂ ਕਿ੍ਰਪਟੋ ਮਾਰਕੀਟ ਵੀ ਨਹੀਂ ਬਚ ਸਕੀ। ਪਿਛਲੇ 24 ਘੰਟਿਆਂ ਵਿੱਚ ਇਹ 3 ਫੀਸਦੀ ਤੋਂ ਵੱਧ ਡਿੱਗ ਗਈ ਹੈ। ਨਾਲ ਹੀ ਬਿਟਕੌਇਨ ਸਮੇਤ ਦੁਨੀਆ ਦੀਆਂ ਮੁੱਖ ਕਿ੍ਰਪਟੋ-ਕਰੰਸੀਜ਼ ਵੀ 6 ਫੀਸਦੀ ਤੋਂ ਵੱਧ ਹੇਠਾਂ ਆ ਗਈਆਂ ਹਨ। ਕਿ੍ਰਪਟੋ ਮਾਰਕੀਟ ਵਿੱਚ ਇਸ ਗਿਰਾਵਟ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ 2 ਤੋਂ 3 ਹਫ਼ਤਿਆਂ ਵਿੱਚ ਇਰਾਨ ’ਤੇ ਵੱਡਾ ਹਮਲਾ ਕਰ ਸਕਦੇ ਹਨ।  ਲੰਘੇ ਕੱਲ੍ਹ ਬੁੱਧਵਾਰ ਦੁਪਹਿਰ 12:30 ਵਜੇ ਗਲੋਬਲ ਕਿ੍ਰਪਟੋ ਮਾਰਕੀਟ ਕੈਪ 2.38 ਟਿ੍ਰਲੀਅਨ ਡਾਲਰ ਸੀ। ਜਦਕਿ ਅੱਜ ਦੁਪਹਿਰ 12:30 ਵਜੇ ਇਹ ਕਰੀਬ 3.30% ਘਟ ਕੇ 2.30 ਟਿ੍ਰਲੀਅਨ ਡਾਲਰ ਰਹਿ ਗਿਆ। ਅਰਥਾਤ 24 ਘੰਟਿਆਂ ਵਿੱਚ 0.08 ਟਿ੍ਰਲੀਅਨ ਡਾਲਰ (ਕਰੀਬ 7.45 ਲੱਖ ਕਰੋੜ) ਦੀ ਗਿਰਾਵਟ ਦਰਜ ਕੀਤੀ ਗਈ। ਉੱਧਰ ਫੀਅਰ ਐਂਡ ਗ੍ਰੀਡ ਇੰਡੈਕਸ ਵੀ 28 ’ਤੇ ਆ ਗਿਆ ਹੈ, ਜੋ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ 32 ਸੀ।

ਸ਼ਿਮਲਾ/ਬਿਊਰੋ ਨਿਊਜ਼  
ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਨੇ ਗੁਆਂਢੀ ਸੂਬਿਆਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਐਂਟਰੀ ਟੈਕਸ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸੀਟਰ ਅਤੇ 6 ਤੋਂ 12 ਸੀਟਰ ਵਾਹਨਾਂ ’ਤੇ ਹੁਣ ਪਹਿਲਾਂ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਸਰਕਾਰ ਦੇ ਨਵੇਂ ਫੈਸਲੇ ਮੁਤਾਬਕ 5 ਸੀਟਰ ਵਾਹਨਾਂ ਲਈ ਹੁਣ 170 ਰੁਪਏ ਦੀ ਬਜਾਏ ਪਹਿਲਾਂ ਵਾਂਗ ਸਿਰਫ 70 ਰੁਪਏ ਐਂਟਰੀ ਟੈਕਸ ਦੇਣਾ ਹੋਵੇਗਾ ਅਤੇ 7 ਤੋਂ 12 ਸੀਟਰ ਵਾਹਨਾਂ ਲਈ 130 ਰੁਪਏ ਦੀ ਬਜਾਏ ਪੁਰਾਣੀ ਦਰ 110 ਰੁਪਏ ਹੀ ਵਸੂਲੀ ਜਾਵੇਗੀ। ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਵਿਚ 100 ਤੋਂ 280 ਰੁਪਏ ਤੱਕ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਅਤੇ ਟੈਕਸੀ ਚਾਲਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.