Saturday, 20 June 2026

ਕਿਹਾ : ਜਲਦੀ ਹੀ ਕਰਾਂਗਾ ਗਿੱਦੜਬਾਹਾ ਹਲਕੇ ਦੇ ਪਿੰਡਾਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੀਆਂ ਜ਼ਿਮਨੀ ਚੋਣਾਂ ਸਬੰਧੀ ਐਲਾਨ ਹੋਣ ਮਗਰੋਂ ਪੰਜਾਬ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਚਾਇਤੀ ਚੋਣਾਂ ਤੋਂ ਵਿਹਲੀਆਂ ਹੋਈਆਂ ਸਿਆਸੀ ਪਾਰਟੀਆਂ ਦਾ ਪੂਰਾ ਧਿਆਨ ਹੁਣ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਜ਼ਿਮਨੀ ਚੋਣ ਨੂੰ ਜਿੱਤਣ ’ਤੇ ਲੱਗਿਆ ਹੋਇਆ ਹੈ। ਇਸੇ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਵੀ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਜਗਮੀਤ ਬਰਾੜ ਦੇ ਇਸ ਐਲਾਨ ਮਗਰੋਂ ਸਿਆਸੀ ਹਲਕਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਲੋਕਾਂ ਦੇ ਸੁਨੇਹੇ ਮਿਲ ਰਹੇ, ਜਿਸ ’ਤੇ ਮੇਰੇ ਵੱਲੋਂ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਜਲਦੀ ਹੀ ਗਿੱਦੜਬਾਹਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਾਂਗਾ ਅਤੇ ਚੋਣ ਲੜਨ ਸਬੰਧੀ ਹਲਕੇ ਦੇ ਲੋਕਾਂ ਦੀ ਰਾਏ ਲਵਾਂਗਾ। ਜ਼ਿਕਰਯੋਗ ਹੈ ਕਿ ਚਾਰ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚੋਂ ਗਿੱਦੜਬਾਹਾ ਸੀਟ ਸਭ ਤੋਂ ਵੱਧ ਹੌਟ ਸੀਟ ਬਣੀ ਹੋਈ ਅਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਦਮ ਭਰਿਆ ਜਾ ਰਿਹਾ ਹੈ।

  

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਢਾ ਵੀ ਰਹੇ ਮੌਜੂਦ

ਪੰਚਕੂਲਾ/ਬਿਊਰੋ ਨਿਊਜ਼ : ਨਾਇਬ ਸਿੰਘ ਸੈਣੀ ਨੇ ਅੱਜ ਵੀਰਵਾਰ ਨੂੰ ਪੰਚਕੂਲਾ ਵਿਖੇ ਆਯੋਜਿਤ ਕੀਤੇ ਗਏ ਸਹੁੰ ਚੁੱਕ ਸਮਾਗਮ ਦੌਰਾਨ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਰੇਅ ਨੇ ਸੈਣੀ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਮਨੋਹਰ ਲਾਲ ਖੱਟਰ ਸਮੇਤ ਭਾਜਪਾ ਦੇ ਹੋਰਨਾਂ ਆਗੂਆਂ ਸਮੇਤ ਐਨਡੀਏ ਦੇ ਸਹਿਯੋਗੀ ਮੌਜੂਦ ਸਨ।

ਕਿਹਾ : ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਹੈ ਬਹੁਤ ਲੋੜ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਅਸਤੀਫ਼ਾ ਨਾ ਮਨਜ਼ੂਰ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਬਹੁਤ ਲੋੜ ਹੈ। ਜਿਸ ਦੇ ਚਲਦਿਆਂ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਨਾ-ਮਨਜ਼ੂਰ ਕਰਦਾ ਹਾਂ। ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਬੇਨਤੀ ਕਿ ਤੁਸੀਂ ਸਾਡੀ ਅਤੇ ਸਿੱਖ ਪੰਥ ਦੀ ਅਗਵਾਈ ਕਰਦੇ ਰਹੋ। ਜ਼ਿਕਰਯੋਗ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਲਗਾਤਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ। ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਸੀ।

 

  

ਕਿਹਾ : ਭਗਵਾਨ ਵਾਲਮੀਕ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ ਸਿਖਾਇਆ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਲਾਈਵ ਆ ਕੇ ਕਿਹਾ ਕਿ ਭਗਵਾਨ ਵਾਲਮੀਕ ਜੀ ਪ੍ਰਕਾਸ਼ ਉਸਤਵ ਅਤੇ ਪਵਿੱਤਰ ਦਿਹਾੜੇ ਮੌਕੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਭਗਵਾਨ ਵਾਲਮੀਕ ਨੇ ਰਮਾਇਣ ਵਰਗੇ ਅਮਰ ਗ੍ਰੰਥ ਦੀ ਰਚਨਾ ਕੀਤੀ ਅਤੇ ਪੂਰੀ ਦੁਨੀਆ ’ਚ ਅੱਜ ਵੀ ਰਮਾਇਣ ਦੀਆਂ ਸਿੱਖਿਆਵਾਂ ਸਾਰਥਕ ਹਨ। ਵਾਲਮੀਕ ਜੀ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਸਿਖਾਇਆ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕ ਜੀ ਸੰਸਕ੍ਰਿਤ ਦੇ ਪਹਿਲੇ ਕਵੀ ਸਨ ਅਤੇ ਉਨ੍ਹਾਂ ਨੂੰ ਸੰਸਕ੍ਰਿਤ ਦੇ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਆਪਣੀ ਸੱਭਿਅਤਾ, ਕਲਾਕ੍ਰਿਤੀ ਅਤੇ ਸੰਸਕ੍ਰਿਤੀ ਲਈ ਪੂਰੀ ਦੁਨੀਆ ’ਚ ਇਕ ਵਿਲੱਖਣ ਦਰਜਾ ਰੱਖਦਾ ਹੈ। ਇਸ ਦਰਜੇ ਨੂੰ ਕਾਇਮ ਰੱਖਣ ਲਈ ਜਾਂ ਇਸ ਦਰਜੇ ਨੂੰ ਹਾਸਲ ਕਰਨ ਵਿਚ ਭਗਵਾਨ ਵਾਲਮੀਕੀ ਵਰਗੇ ਮਹਾਂਰਿਸ਼ੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.