Monday, 22 June 2026

ਟੈਲੀਪਰਫਾਰਮੈਂਸ ਗਰੁੱਪ ਨੇ ਮੋਹਾਲੀ ’ਚ ਨਿਵੇਸ਼ ਕਰਨ ਦੀ ਪ੍ਰਗਟਾਈ ਇੱਛਾ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟ ਨੂੰ ਵੱਡੀ ਕਾਮਯਾਬੀ ਮਿਲੀ ਹੈ। ਟੈਲੀਪਰਫਾਰਮੈਂਸ ਗਰੁੱਪ ਦੇ ਸੀਈਓ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਗਰੁੱਪ ਵੱਲੋਂ ਮੋਹਾਲੀ ’ਚ ਨਿਵੇਸ਼ ਦੀ ਦਿਲਚਸਪੀ ਦਿਖਾਈ। ਉਥੇ ਹੀ ਮੁੱਖ ਮੰਤਰੀ ਮਾਨ ਨੇ ਟੈਲੀਪਰਫਾਰਮੈਂਸ ਗਰੁੱਪ ਦੇ ਸੀਈਓ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਟੈਲੀਪਰਫਾਰਮੈਂਸ ਗਰੁੱਪ ਦਾ ਵਿਸਥਾਰ ਜਿੱਥੇ ਪੰਜਾਬ ਦੇ ਵਿਕਾਸ ਨੂੰ ਦੀ ਗਤੀ ਦੇਵੇਗਾ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵੀ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੈਲੀਪਰਫਾਰਮੈਂਸ ਦੀਆਂ ਮੋਹਾਲੀ ਵਿਚ ਤਿੰਨ ਸਾਈਟਾਂ ਹਨ ਜਿਨ੍ਹਾਂ ਕੋਲ ਬੀਐਸਐਫ, ਟਰੈਵਲ, ਈ-ਕਾਮਰਸ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸਮੇਤ ਸਾਰੇ ਉਦਯੋਗਾਂ ਦੇ ਮੋਹਰੀ ਗਾਹਕ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੋਹਾਲੀ ਸੱਚਮੁੱਚ ਭਾਰਤ ਦੇ ਆਈਟੀ ਹੱਬ ਵਜੋਂ ਉਭਰ ਰਿਹਾ ਹੈ।

 

ਕਿਹਾ : ਵਲਟੋਹਾ ਨੂੰ ਬਲਵਿੰਦਰ ਸਿੰਘ ਭੂੰਦੜ 10 ਸਾਲਾਂ ਲਈ ਪਾਰਟੀ ’ਚੋਂ ਕਰਨ ਬਾਹਰ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜ ਸਿੰਘ ਸਾਹਿਬਾਨਾਂ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਦਿੱਤਾ ਹੈ ਕਿ ਉਹ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਾਰਟੀ ਵਿਚੋਂ ਬਾਹਰ ਕੱਢਣ ਦੇਣ। ਇਸ ਦੇ ਨਾਲ ਹੀ ਸਿੰਘ ਸਾਹਿਬਾਨਾਂ ਨੇ ਕਿਹਾ ਕਿ 10 ਸਾਲਾਂ ਤੱਕ ਵਲਟੋਹਾ ਨੂੰ ਪਾਰਟੀ ਵਿਚ ਮੁੜ ਸ਼ਾਮਿਲ ਨਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬਾਨਾਂ ਦੇ ਹੁਕਮ ਮਗਰੋਂ ਵਿਰਸਾ ਸਿੰਘ ਵਲਟੋਹਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਨ ਅਤੇ ਉਨ੍ਹਾਂ ਆਪਣੀਆਂ ਭੁੱਲਾਂ ਬਦਲੇ ਸਿੰਘ ਸਾਹਿਬਾਨ ਕੋਲੋਂ ਮੁਆਫ਼ੀ ਵੀ ਮੰਗੀ ਸੀ। ਪਰ ਵਲਟੋਹਾ ਵੱਲੋਂ ਕੀਤੀਆਂ ਗਈਆਂ ਗਲਤੀਆਂ ਕਾਰਨ ਸਿੰਘ ਸਾਹਿਬਾਨਾਂ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦਾ ਹੁਕਮ ਸੁਣਾਇਆ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰਾਂ ’ਤੇ ਆਰ ਐਸ ਐਸ ਅਤੇ ਭਾਜਪਾ ਦਾ ਦਬਾਅ ਹੋਣ ਸਬੰਧੀ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਉਧਰ ਸਿੰਘ ਸਾਹਿਬਾਨਾਂ ਦੇ ਫੈਸਲੇ ਮਗਰੋਂ ਵਲਟੋਹਾ ਨੇ ਕਿਹਾ ਕਿ ਉਹ ਸਿੰਘ ਸਾਹਿਬਾਨਾਂ ਦੇ ਨਿਰਾਦਰ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਸਿੰਘ ਸਾਹਿਬਾਨ ਸਾਰੀ ਕੌਮ ਦੇ ਸਤਿਕਾਰਯੋਗ ਹਨ।

  

ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ ਦੇ ਰਾਜਨੀਤਿਕ ਸਬੰਧਾਂ ਵਿਚ ਮੁੜ ਤੋਂ ਖਟਾਸ ਪੈਦਾ ਹੋ ਗਈ ਹੈ, ਜਿਸ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦ ਲਿਆ ਹੈ। ਇਹ ਸਾਰਾ ਮਾਮਲਾ ਕੈਨੇਡਾ ਦੀ ਜਸਟਿਸ ਟਰੂਡੋ ਸਰਕਾਰ ਵੱਲੋਂ ਲਿਖੀ ਗਈ ਇਕ ਚਿੱਠੀ ਤੋਂ ਬਾਅਦ ਗਰਮਾਇਆ ਹੈ। ਇਸ ਚਿੱਠੀ ’ਚ ਭਾਰਤੀ ਹਾਈ ਕਮਿਸ਼ਨਰ ਅਤੇ ਕੁੱਝ ਦੂਜੇ ਡਿਪਲੋਮੈਟਸ ਨੂੰ ਕੈਨੇਡੀਅਨ ਨਾਗਰਿਕ ਦੀ ਹੱਤਿਆ ’ਚ ਸ਼ੱਕੀ ਦੱਸਿਆ ਗਿਆ ਹੈ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ 6 ਡਿਪਲੋਮੈਟਸ ਨੂੰ ਦੇਸ਼ ਛੱਡ ਕੇ ਜਾਣ ਦੇ ਲਈ ਕਿਹਾ। ਜਿਸ ਦੇ ਜਵਾਬ ’ਚ ਭਾਰਤ ਨੇ ਕੈਨੇਡਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਡ ਰਾਸ ਵਹੀਲ ਸਮੇਤ 6 ਕੈਨੇਡੀਅਨ ਡਿਪਲੋਮੈਟਸ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ ’ਤੇ ਖੁਫੀਆ ਜਾਣਕਾਰੀ ਇਕੱਠੀ ਕਰਨ, ਟਾਰਗੇਟ ਕਿਲਿੰਗ ਅਤੇ ਕੈਨੇਡੀਆਈ ਨਾਗਰਿਕਾਂ ਨੂੰ ਧਮਕਾਉਣ ਅਤੇ ਹਿੰਸਾ ’ਚ ਸ਼ਾਮਲ ਹੋਣ ਦਾ ਆਰੋਪ ਲਗਾਇਆ ਹੈ। 

ਪੋਲਿੰਗ ਬੂਥਾਂ ’ਤੇ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ

ਚੰਡੀਗੜ੍ਹ/ਬਿਊਰੋ ਨਿਊਜ : ਪੰਜਾਬ ’ਚ ਅੱਜ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਸਾਰੇ ਪਿੰਡਾਂ ਦੇ ਪੋਲਿੰਗ ਬੂਥਾਂ ’ਤੇ ਲੋਕ 8 ਵੱਜਣ ਤੋਂ ਪਹਿਲਾਂ ਹੀ ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲਗਾ ਚੁੱਕੇ ਸਨ। ਇਨ੍ਹਾਂ ਚੋਣਾਂ ਦੇ ਨਤੀਜੇ ਵੀ ਅੱਜ ਸ਼ਾਮ ਨੂੰ ਹੀ ਐਲਾਨ ਦਿੱਤੇ ਜਾਣਗੇ। ਸੂਬੇ ਵਿਚ 13237 ਪੰਚਾਇਤਾਂ ਦੀ ਚੋਣ ਹੋਣੀ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 13237 ਸਰਪੰਚ ਅਤੇ 83427 ਪੰਚ ਜੁਣੇ ਜਾਣਗੇ। ਜਦਕਿ ਸਰਪੰਚੀ ਲਈ ਸਮੁੱਚੇ ਪੰਜਾਬ ਅੰਦਰ 25588 ਅਤੇ ਪੰਚੀ ਲਈ 80598 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ਲਈ ਸੂਬੇ ਅੰਦਰ ਪੰਜਾਬ ਸਰਕਾਰ ਵੱਲੋਂ 19110 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਦੀ ਸੁਰੱਖਿਆ ਲਈ 96 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੂਬੇ ਦੇ 1 ਕਰੋੜ 33 ਲੱਖ ਵੋਟਰ ਆਪਣੇ-ਆਪਣੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਅੱਜ ਚੋਣ ਕਰਨਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.