Monday, 22 June 2026

ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਗਏ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਵੱਲੋਂ ਜਿੱਥੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ ਅਤੇ ਭਲਕੇ ਮੰਗਲਵਾਰ ਨੂੰ ਪੰਜਾਬ ਦੇ ਲੋਕ ਆਪੋ-ਆਪਣੇ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਕਰਨਗੇ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਕੱਲ੍ਹ 15 ਅਕਤੂਬਰ ਨੂੰ ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ। ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰੇ ਕਾਇਮ ਰੱਖਦੇ ਵੋਟਾਂ ਪਾਓ ਅਤੇ ਆਪਣੇ-ਆਪਣੇ ਪਿੰਡਾਂ ਦੇ ਵਿਕਾਸ ਦੇ ਲਈ ਚੰਗੇ ਨੁਮਾਇੰਦਿਆਂ ਦੀ ਚੋਣ ਕਰੋ। ਉਨ੍ਹਾਂ ਪੰਚਾਇਤੀ ਚੋਣਾਂ ਲੜ ਰਹੇ ਸਾਰੇ ਸਰਪੰਚਾਂ ਅਤੇ ਪੰਚਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪੰਚਾਇਤੀ ਚੋਣਾਂ ਰੱਦ ਕਰਵਾਉਣ ਲਈ ਪਾਈਆਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਕੀਤਾ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ। ਕਿਉਂਕਿ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਚੋਣਾਂ ਨੂੰ ਰੱਦ ਕਰਵਾਉਣ ਲਈ ਪਾਈਆਂ ਗਈਆਂ 700 ਪਟੀਸ਼ਨਾਂ ਨੂੰ ਕੋਰਟ ਨੇ ਅੱਜ ਰੱਦ ਕਰ ਦਿੱਤਾ ਹੈ। ਹੁਣ ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਭਲਕੇ ਮੰਗਲਵਾਰ 15 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਪਿੰਡਾਂ ਲਈ ਨਵੇਂ ਸਰਪੰਚਾਂ ਅਤੇ ਪੰਚਾਂ ਦੀ ਚੋਣ ਕੀਤੀ ਜਾਵੇਗੀ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਪੰਚਾਇਤੀ ਚੋਣਾਂ ਦਾ ਕੰਮ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਸਕੇ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਚਾਰ ਵਜੇ ਤੱਕ ਚੱਲੇਗਾ ਜਦਕਿ ਨਤੀਜੇ ਵੀ ਸ਼ਾਮ ਨੂੰ ਹੀ ਐਲਾਨ ਕਰ ਦਿੱਤਾ ਜਾਣਗੇ। ਜਦਕਿ ਇਸ ਤੋਂ ਪਹਿਲਾਂ ਹਾਈ ਕੋਰਟ ਵੱਲੋਂ 250 ਥਾਵਾਂ ’ਤੇ ਪੰਚਾਇਤੀ ਚੋਣਾਂ ’ਤੇ ਰੋਕ ਲਗਾ ਦਿੱਤੀ ਗਈ ਅੱਜ ਹਾਈ ਕੋਰਟ ਵੱਲੋਂ ਉਨ੍ਹਾਂ ਥਾਵਾਂ ’ਤੇ ਵੀ ਚੋਣਾਂ ਤੋਂ ਰੋਕ ਹਟਾ ਦਿੱਤੀ ਹੈ।

ਝੋਨੇ ਦੀ ਖਰੀਦ ’ਚ ਆ ਰਹੀ ਦਿੱਕਤਾਂ ਨੂੰ ਲੈ ਕੇ ਕੀਤੀ ਗਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮੰਤਰੀ ਪਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਝੋਨੇ ਦੀ ਖਰੀਦ ’ਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਜੋਸ਼ੀ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਆੜ੍ਹਤੀਆਂ ਦੇ ਕਮਿਸ਼ਨ ’ਤੇ ਵੀ ਚਰਚਾ ਕੀਤੀ ਗਈ ਅਤੇ ਕੇਂਦਰੀ ਮੰਤਰੀ ਨੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਗੱਲ ਵੀ ਆਖੀ। ਮਾਨ ਨੇ ਕਿਹਾ ਕਿ ਸ਼ੈਲਰ ਮਾਲਕਾਂ ਦੀ ਵੀ ਮੰਗ ’ਤੇ ਵੀ ਮੰਤਰੀ ਨੇ ਹਾਮੀ ਭਰੀ ਹੈ, ਜਿਸ ’ਚ ਝੋਨਾ ਜਿਸ ਥਾਂ ਉਤੇ ਹੋਵੇਗਾ ਉਥੇ ਹੀ ਸਟੋਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਝੋਨੇ ਦੀ ਸਿੱਲ ਪ੍ਰਤੀਸ਼ਤ ’ਚ ਵੀ ਸੋਧ ਕਰਨ ਸਬੰਧੀ ਗੱਲ ਕੀਤੀ ਗਈ, ਜਿਸ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਖੋਜ ਚੱਲ ਰਹੀ ਹੈ ਕਿ ਝੋਨੇ ਦੀ ਕਿੰਨੀ ਸਿੱਲ ਜਾਇਜ਼ ਹੈ। 

ਤਿੰਨ ਹਫਤਿਆਂ ਲਈ ਪੰਚਾਇਤੀ ਚੋਣਾਂ ਨੂੰ ਮੁਲਤਵੀ ਕਰਨ ਦੀ ਕੀਤੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਵਫ਼ਦ ਨੇ ਅੱਜ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸੂਬੇ ਦੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚੋਣ ਕਮਿਸ਼ਨ ਕੋਲੋਂ ਪੰਚਾਇਤੀ ਚੋਣਾਂ ਨੂੰ 3 ਹਫ਼ਤਿਆਂ ਤੱਕ ਮੁਲਤਵੀ ਕਰਨ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਗਿਆ ਕਿ ਸੱਤਾਧਾਰੀ ਧਿਰ ਵਲੋਂ ਫ਼ਰਜ਼ੀ ਬੈਲੇਟ ਪੇਪਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਚਾਇਤੀ ਚੋਣਾਂ ਵਿਚ ਵੋਟਿੰਗ ਦੌਰਾਨ ਸੱਤਾਧਾਰੀ ਧਿਰ ਵੱਲੋਂ ਫ਼ਰਜ਼ੀਵਾੜੇ ਕੀਤੇ ਜਾਣ ਦਾ ਡਰ ਹੈ। ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਕਿ ਬੈਲੇਟ ਪੇਪਰਾਂ ’ਤੇ ਹੋਲੋਗ੍ਰਾਮ ਲਗਾਏ ਜਾਣ। ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ ਸਗੋਂ ਅਸੀਂ ਤਿੰਨ ਹਫ਼ਤਿਆਂ ਲਈ ਸਾਰੀ ਚੋਣ ਪ੍ਰਕਿਰਿਆ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਉਂਕਿ ਇਸ ਮਾਮਲੇ ਵਿਚ ਕਈ ਥਾਵਾਂ ’ਤੇ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.