Saturday, 20 June 2026

ਬਰਗਾੜੀ ਬੇਅਦਬੀ ਮਾਮਲੇ ’ਚ ਚਾਰ ਹਫਤਿਆਂ ’ਚ ਮੰਗਿਆ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਰਗਾੜੀ ਬੇਅਦਬੀ ਮਾਮਲੇ ’ਚ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਬਰਗਾੜੀ ਬੇਅਦਬੀ ਮਾਮਲੇ ’ਚ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਲਗਾਈ ਰੋਕ ਨੂੰ ਹਟਾ ਦਿੱਤਾ ਹੈ। ਸੁਪਰੀਮ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਲੰਘੇ ਦਿਨੀਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਨੂੰ ਵੱਡੀ ਰਾਹਤ ਦਿੰਦੇ ਹੋਏ ਫਰੀਦਕੋਟ ਜ਼ਿਲ੍ਹੇ ’ਚ ਵਾਪਰੇ ਬੇਅਦਬੀ ਮਾਮਲੇ ਦੀ ਚੱਲ ਰਹੀ ਜਾਂਚ ’ਤੇ ਰੋਕ ਲਗਾ ਦਿੱਤੀ ਸੀ। ਰਾਮ ਰਹੀਮ ਵੱਲੋਂ ਬੇਅਦਬੀ ਮਾਮਲੇ ’ਚ ਦਰਜ ਮਾਮਲਿਆਂ ਦੀ ਜਾਂਚ ਪੰਜਾਬ ਸਰਕਾਰ ਦੀ ਸਿੱਟ ਦੀ ਜਗ੍ਹਾ ਸੀਬੀਆਈ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਬੇਅਦਬੀ ਮਾਮਲੇ ’ਚ ਉਨ੍ਹਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਗਾੜੀ ਬੇਅਬਦੀ ਮਾਮਲੇ ’ਚ ਸਿੱਖ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨ ’ਤੇ ਪੁਲਿਸ ਵੱਲੋਂ ਫਾਈਰਿੰਗ ਕਰ ਦਿੱਤੀ ਗਈ ਸੀ, ਜਿਸ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੀ ਗਈ ਸੀ।

  

25 ਅਕਤੂਬਰ ਤੱਕ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ, 13 ਨਵੰਬਰ ਨੂੰ ਹੋਵੇਗੀ ਵੋਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਚਾਰ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਫ਼ਸਰ ਪਹਿਲਾਂ ਹੀ ਤਾਇਨਾਤ ਕਰ ਦਿੱਤੇ ਗਏ ਸਨ ਜਦਕਿ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਚਾਰੋਂ ਸੀਟਾਂ ਲਈ ਨਾਮਜ਼ਦਗੀ ਪੱਤਰ 25 ਅਕਤੂਬਰ ਤੱਕ ਦਾਖਲ ਕੀਤੇ ਜਾ ਸਕਣਗੇ ਅਤੇ 28 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਜਦਕਿ 30 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਗਿੱਦੜਬਾਹਾ, ਬਰਨਾਲਾ, ਡੇਰਾਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਸੀਟਾਂ ’ਤੇ ਆਉਂਦੀ 13 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਜਦਕਿ ਇਨ੍ਹਾਂ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਨ੍ਹਾਂ ਚਾਰੋਂ ਵਿਧਾਨ ਸਭਾ ਸੀਟਾਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਚੁੱਕੇ ਹਨ ਜਿਸ ਦੇ ਚਲਦਿਆਂ ਇਹ ਚਾਰ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਸਨ।

  

ਲਾਰੈਂਸ ਬਿਸ਼ਨੋਈ ਗੈਂਗ ਨੇ ਦੁਸ਼ਮਣੀ ਖਤਮ ਕਰਨ ਲਈ ਮੰਗੇ ਪੰਜ ਕਰੋੜ ਰੁਪਏ

ਮੁੰਬਈ/ਬਿਊਰੋ ਨਿਊਜ਼ : ਬਾਬਾ ਸਿੱਦੀਕੀ ਦੇ ਕਤਲ ਤੋਂ 6 ਦਿਨ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਨੂੰ ਵਟਸਐਪ ਮੈਸੇਜ ਰਾਹੀਂ ਭੇਜੀ ਗਈ ਹੈ ਅਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ ਅਤੇ ਮੁੰਬਈ ਪੁਲਿਸ ਮੈਸੇਜ ਭੇਜਣ ਵਾਲੇ ਨੂੰ ਟਰੈਕ ਕਰਨ ਵਿਚ ਜੁਟੀ ਹੋਈ ਹੈ। ਮੁੰਬਈ ਪੁਲਿਸ ਅਨੁਸਾਰ ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਇਸ ਨੂੰ ਹਲਕੇ ’ਚ ਨਾ ਲਓ। ਜੇਕਰ ਸਲਮਾਨ ਖਾਨ ਨੂੰ ਜਿਊਂਦਾ ਰਹਿਣਾ ਹੈ ਅਤੇ ਉਸ ਨੂੰ ਲਾਰੈਂਸ ਗੈਂਗ ਨਾਲ ਦੁਸ਼ਮਣੀ ਖਤਮ ਕਰਨੀ ਹੈ ਤਾਂ ਉਸ ਨੂੰ ਪੰਜ ਕਰੋੜ ਰੁਪਏ ਦੇਣੇ ਹੋਣਗੇ। ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦਾ ਹਾਲ ਵੀ ਬਾਬਾ ਸਿੱਦੀਕੀ ਵਾਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੇ ਕਰੀਬੀ ਅਤੇ ਐਨਸੀਪੀ ਆਗੂ ਬਾਬਾ ਸਿਦੀਕੀ ਦਾ ਲੰਘੀ 12 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਸੀ।

 

ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੀਤਾ ਗਿਆ ਉਦਘਾਟਨ

ਰਾਜਾਸਾਂਸੀ/ਬਿਊਰੋ ਨਿਊਜ਼ : ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਉਥੇ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਸ਼ੋ੍ਰਮਣੀ ਕਮੇਟੀ ਵੱਲੋਂ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਉਦਘਾਟਨ ਅੱਜ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਕਰੀਨਾਂ ਲਗਾਉਣ ਦੀ ਸੇਵਾ ਚੰਬਾ ਬ੍ਰਦਰਜ਼ ਵਲੋਂ ਕੀਤੀ ਗਈ ਹੈ। ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਤਾਂ ਜੋ ਦੇਸ਼ ਤੋਂ ਵਿਦੇਸ਼ਾਂ ਨੂੰ ਜਾਣ ਵਾਲੀਆਂ ਅਤੇ ਵਿਦੇਸ਼ਾਂ ਤੋਂ ਦੇਸ਼ ਨੂੰ ਆਉਣ ਵਾਲੀਆਂ ਸੰਗਤਾਂ ਹਵਾਈ ਅੱਡੇ ’ਤੇ ਬੈਠ ਕੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਦਾ ਆਨੰਦ ਮਾਣ ਸਕਣ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.