Thursday, 25 June 2026

ਜਵਾਬ ਦੇਣ ਲਈ ਇੱਕ ਹਫਤੇ ਦਾ ਮੰਗਿਆ ਸਮਾਂ
ਮੁਹਾਲੀ/ਬਿਊਰੋ ਨਿਊਜ਼    
ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮਹਿਲਾਵਾਂ ਨੂੰ 1000-1500 ਰੁਪਏ ਦਿੱਤੇ ਜਾਣ ਸਬੰਧੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਲੋਂ ਇਕ ਪੋਸਟ ਪਾਈ ਗਈ ਸੀ। ਇਸ ਪੋਸਟ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਖਹਿਰਾ ਨੂੰ ਤਲਬ ਕੀਤਾ ਗਿਆ ਸੀ। ਇਸ ਸਬੰਧੀ ਅੱਜ ਵੀਰਵਾਰ ਨੂੰ ਖਹਿਰਾ ਦਾ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਤੇ ਐਡਵੋਕੇਟ ਕੰਵਰ ਸਿੱਧੂ ਅੱਜ ਸਵੇਰੇ 11 ਵਜੇ ਦੇ ਕਰੀਬ ਮੁਹਾਲੀ ਵਿਖੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ। ਮਹਿਲਾ ਕਮਿਸ਼ਨ ਦੇ ਦਫਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਤੋਂ ਇੱਕ ਹਫਤੇ ਦਾ ਸਮਾਂ ਜਵਾਬ ਦੇਣ ਲਈ ਮੰਗਿਆ ਗਿਆ ਹੈ। ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਐੱਸ ਐੱਸ ਪੀ ਕਪੂਰਥਲਾ ਨੂੰ ਨੋਟਿਸ ਭੇਜ ਕੇ ਵਿਧਾਇਕ ਖਹਿਰਾ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ ਜਦਕਿ ਵਿਧਾਇਕ ਖਹਿਰਾ ਨੂੰ ਸਿੱਧਾ ਕੋਈ ਨੋਟਿਸ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਹ ਸਿਰਫ ਸੋਸ਼ਲ ਮੀਡੀਆ ’ਤੇ ਜਾਰੀ ਨੋਟਿਸ ਨੂੰ ਪੜ੍ਹ ਕੇ ਅੱਜ ਪੱਖ ਰੱਖਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਤੋਂ ਐੱਸ ਐੱਸ ਪੀ ਕਪੂਰਥਲਾ ਦੀ ਸਟੇਟਸ ਸਪੋਰਟ ਦੀ ਕਾਪੀ ਮੰਗੀ ਗਈ ਹੈ। ਵਕੀਲਾਂ ਨੇ ਦਾਅਵਾ ਕੀਤਾ ਕਿ ਮਹਿਲਾ ਕਮਿਸ਼ਨ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ  ਇੱਕ ਹਫਤੇ ਦਾ ਸਮਾਂ ਆਪਣਾ ਜਵਾਬ ਦਾਖਲ ਕਰਨ ਲਈ ਦਿੱਤਾ ਗਿਆ ਹੈ।

ਕਿਹਾ : ਮਾਈਨਿੰਗ ਨੂੰ ਲੈ ਕੇ ਸਹੀ ਤਰੀਕੇ ਨਾਲ ਹੋਵੇ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਰੇਤ-ਬੱਜਰੀ ਮਾਈਨਿੰਗ ਨੀਤੀ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਰੇਤ-ਬੱਜਰੀ ਮਾਈਨਿੰਗ ਤੋਂ ਕਰੀਬ 20 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਜਾਣਗੇ, ਪਰ ਹੁਣ ਤੱਕ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਸਿਰਫ 500 ਕਰੋੜ ਰੁਪਏ ਹੀ ਇਕੱਠੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਖੜ ਨੇ ਮੰਗ ਕੀਤੀ ਕਿ ਪੰਜਾਬ ਵਿਚ ਮਾਈਨਿੰਗ ਦੇ ਸਾਰੇ ਅੰਕੜੇ ਜਨਤਾ ਸਾਹਮਣੇ ਲਿਆਂਦੇ ਜਾਣ ਅਤੇ ਇਸ ਮਸਲੇ ’ਤੇ ਵਿਧਾਨ ਸਭਾ ’ਚ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਹੋਵੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਰੇਤ-ਬੱਜਰੀ ਮਾਈਨਿੰਗ ਦੇ ਨਾਂ ’ਤੇ ਕੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਵਲੋਂ ਵੀ ਪੰਜਾਬ ’ਚ ਮਾਈਨਿੰਗ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਈ ਮਾਮਲਿਆਂ ਵਿਚ ਭਾਰੀ ਜੁਰਮਾਨੇ ਵੀ ਲਗਾਏ ਗਏ ਹਨ।

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ, ਦੇਸ਼ ਦੀ ਵਿਦੇਸ਼ ਨੀਤੀ ਬਾਰੇ ਨਿੰਦਾ ਮਤੇ ’ਤੇ ਚਰਚਾ ਹੋਈ। ਇਸ ਮੌਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੇਂਦਰ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਚਰਚਾ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਚੱਲ ਰਹੀਆਂ ਜੰਗਾਂ ਕਾਰਨ ਭਾਰਤ ਮੁਸ਼ਕਲ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਕਮਜ਼ੋਰ ਹੋ ਗਈ ਹੈ ਅਤੇ ਇਸਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਲੀਵਾਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਨਹੀਂ, ਡੋਨਾਲਡ ਟਰੰਪ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਲੀਡਰਸ਼ਿਪ ਕਮਜ਼ੋਰ ਦਿਖਾਈ ਦੇ ਰਹੀ ਹੈ।  

ਕਿਹਾ : ਪੰਜਾਬ ’ਚ ਨਹੀਂ ਆਉਣ ਦਿੱਤੀ ਜਾਵੇਗੀ ਐਲ.ਪੀ.ਜੀ. ਗੈਸ ਦੀ ਘਾਟ
ਚੰਡੀਗੜ੍ਹ/ਬਿਊਰੋ ਨਿਊਜ਼
ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੰਜਾਬ ਸਣੇ ਪੂਰੇ ਭਾਰਤ ਵਿਚ ਐਲਪੀਜੀ ਗੈਸ ਦੀ ਕਿੱਲਤ ਖੜ੍ਹੀ ਹੋ ਗਈ ਹੈ ਅਤੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਗੈਸ ਦੀ ਕਿੱਲਤ ਨੂੰ ਲੈ ਕੇ ਲੋਕਾਂ ਵਿਚ ਅਫਰਾ ਤਫਰੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਸੀਐਮ ਮਾਨ ਨੇ ਕਿਹਾ ਕਿ ਸਾਡੇ ਵਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਪੰਜਾਬ ਵਿਚ ਕਿਤੇ ਵੀ ਐਲ.ਪੀ.ਜੀ. ਗੈਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਮ੍ਹਾਂਖੋਰੀ ਜਾਂ ਬਲੈਕ ਵਿਚ ਸਿਲੰਡਰ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.