Tuesday, 16 June 2026

ਰਾਮ ਰਹੀਮ ਨੇ ਸ਼ਰਧਾਲੂਆਂ ਨੂੰ ਡੇਰਾ ਸਿਰਸਾ ’ਚ ਨਾ ਆਉਣ ਦੀ ਕੀਤੀ ਅਪੀਲ

ਸਿਰਸਾ/ਬਿਊਰੋ ਨਿਊਜ਼ : ਹਰਿਆਣਾ ਦੀ ਰੋਹਤਕ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਹੈ। ਉਨ੍ਹਾਂ ਨੂੰ ਮੁੜ ਤੋਂ 21 ਦਿਨ ਦੀ ਫਰਲੋ ਮਿਲੀ ਹੈ ਅਤੇ ਇਸ ਵਾਰ ਉਹ 21 ਦਿਨ ਸਿਰਸਾ ਸਥਿਤ ਡੇਰੇ ਵਿਚ ਰਹਿਣਗੇ। ਬੁੱਧਵਾਰ ਨੂੰ ਸਵੇਰੇ ਸਾਢੇ 6 ਵਜੇ ਸਖਤ ਸੁਰੱਖਿਆ ਦਰਮਿਆਨ ਰਾਮ ਰਹੀਮ ਸਿਰਸਾ ਡੇਰੇ ਵਿਖੇ ਪਹੁੰਚੇ। ਇਥੋਂ ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਫਿਰ ਤੋਂ ਸ਼ਰਧਾਲੂਆਂ ਦੀ ਸੇਵਾ ਵਿਚ ਹਾਜ਼ਰ ਹੋਏ ਹਨ ਅਤੇ ਸਾਰੇ ਡੇਰਾ ਪ੍ਰੇਮੀਆਂ ਨੇ ਆਪਣੇ-ਆਪਣੇ ਘਰਾਂ ਵਿਚ ਹੀ ਰਹਿਣਾ ਹੈ ਅਤੇ ਕਿਸੇ ਨੇ ਵੀ ਸਿਰਸਾ ਡੇਰੇ ਨਹੀਂ ਆਉਣਾ। ਅਗਲੇ ਪ੍ਰੋਗਰਾਮਾਂ ਸਬੰਧੀ ਜਿਵੇਂ ਵੀ ਤੁਹਾਨੂੰ ਡੇਰੇ ਦੇ ਜ਼ਿੰਮੇਵਾਰ ਕਹਿਣਗੇ ਉਸ ’ਤੇ ਸਾਰੀ ਸੰਗਤ ਨੇ ਪੂਰਾ-ਪੂਰਾ ਅਮਲ ਕਰਨਾ ਹੈ। ਰਾਮ ਰਹੀਮ ਡੇਰਾ ਸਿਰਸਾ ਦੇ 77ਵੇਂ ਸਥਾਪਨਾ ਦਿਵਸ ਵਿਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੀ ਸਥਾਪਨਾ 29 ਅਪ੍ਰੈਲ 1948 ’ਚ ਸੰਤ ਸ਼ਾਹ ਮਸਤਾਨਾ ਜੀ ਵੱਲੋਂ ਕੀਤੀ ਗਈ ਸੀ। ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਹੀ ਰਾਮ ਰਹੀਮ ਨੂੰ ਫਰਲੋ ਦਿੱਤੀ ਗਈ ਹੈ।

ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ

ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦਾ 84ਵਾਂ ਸੈਸ਼ਨ ਅੱਜ ਤੋਂ ਗੁਜਰਾਤ ਦੇ ਅਹਿਮਦਾਬਾਦ ਵਿਚ ਸ਼ੁਰੂ ਹੋ ਗਿਆ ਹੈ ਅਤੇ ਇਹ ਸੈਸ਼ਨ 8 ਅਤੇ 9 ਅਪ੍ਰੈਲ ਦੋ ਦਿਨ ਤੱਕ ਚੱਲੇਗਾ। ਪਾਰਟੀ ਵੱਲੋਂ ਗੁਜਰਾਤ ’ਚ 64 ਸਾਲ ਬਾਅਦ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ 1961 ’ਚ ਭਾਵਨਗਰ ਵਿਖੇ ਪਾਰਟੀ ਦਾ ਸੈਸ਼ਨ ਹੋਇਆ ਸੀ। ਸ਼ੈਸਨ ਵਿਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਭਲਕੇ 9 ਅਪ੍ਰੈਲ ਨੂੰ ਪਾਰਟੀ ਦਾ ਮੁੱਖ ਸੈਸ਼ਨ ਹੋਵੇਗਾ ਅਤੇ ਇਸ ’ਚ ਦੇਸ਼ ਭਰ ਤੋਂ 1700 ਤੋਂ ਜ਼ਿਆਦਾ ਕਾਂਗਰਸੀ ਪ੍ਰਤੀਨਿਧੀ ਭਾਗ ਲੈਣਗੇ। ਇਹ ਪ੍ਰੋਗਰਾਮ ਸਾਬਰਮਤੀ ਰਿਵਰ ਫਰੰਟ ਵਿਖੇ ਹੋਵੇਗਾ ਅਤੇ ਇਥੇ ਵੀਵੀਆਈਪੀ ਡੋਮ ਬਣਾਇਆ ਗਿਆ। ਇਸ ਸੈਸ਼ਨ ਦਾ ਥੀਮ ‘ਨਿਆਪਥ, ਸੰਕਲਪ, ਸਮਰਪਣ ਅਤੇ ਸੰਘਰਸ਼ ਹੈ।

ਜੌੜਾਮਾਜਰਾ ਨੇ ਅਧਿਆਪਕਾਂ ਨੂੰ ਬੋਲੇ ਸਨ ਇਤਰਾਜ਼ਯੋਗ ਸ਼ਬਦ

ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਦੇ ਸਮਾਣਾ ਸਕੂਲ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਨੂੰ ਇਤਰਾਜ਼ਯੋਗ ਸ਼ਬਦ ਬੋਲੇ ਗਏ ਸਨ, ਜਿਸ ਦੇ ਚਲਦਿਆਂ ਸਰਕਾਰੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਅਗਵਾਈ ’ਚ  ਵਿਧਾਇਕ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਨੂੰ ਮੁਆਫ਼ੀ ਮੰਗਣ ਲਈ ਕਿਹਾ। ਵਿਰੋਧ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ’ਚ ਮਾਪਿਆਂ ਦੀ ਭੀੜ ਇਕੱਠੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰ ਸਮਾਣਾ ਦੇ ਸਕੂਲ ’ਚ ਮਾਪਿਆਂ ਦੇ ਘੱਟ ਪਹੁੰਚਣ ਕਾਰਨ ਵਿਧਾਇਕ ਜੌੜਾ ਮਾਜਰਾ ਭੜਕ ਉਠੇ ਅਤੇ ਉਨ੍ਹਾਂ ਅਧਿਆਪਕਾਂ ਖਿਲਾਫ਼ ਇਤਰਾਜ਼ਯੋਗ ਸ਼ਬਦ ਬੋਲ ਦਿੱਤੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਦੀਵਾਰਾਂ ’ਤੇ ਰੰਗ ਕਰਨ ਨਾਲ ਸਿੱਖਿਆ ’ਚ ਸੁਧਾਰ ਨਹੀਂ ਹੋਵੇਗਾ। ਸਗੋਂ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਕਰਵਾਈਆਂ ਜਾਣ।

ਭਾਜਪਾ ਆਗੂਆਂ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਦਾ ਕੀਤਾ ਗਿਆ ਸਵਾਗਤ

ਹਰੀਕੇ ਪੱਤਣ/ਬਿਊਰੋ ਨਿਊਜ਼ : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੱਲੋਂ ਹਰੀਕੇ ਪੱਤਣ ਹੈਡ ਵਰਕਸ ਦਾ ਦੌਰਾ ਕੀਤਾ ਗਿਆ। ਹਰੀਕੇ ਪੱਤਣ ਪੁੱਜਣ ’ਤੇ ਹਲਕਾ ਗੁਰੂਹਰਸਹਾਏ ਦੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਮੁੱਖ ਮੰਤਰੀ ਭਜਨ ਲਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਫੀਡਰ ਨਹਿਰ ਦਾ ਜਾਇਜ਼ਾ ਲਿਆ। ਇਸ ਮੌਕੇ ਰਾਜਸਥਾਨ ਸਰਕਾਰ ਦੇ ਸਿੰਚਾਈ ਵਿਭਾਗ ਦੇ ਮੰਤਰੀ ਸੁਰੇਸ਼ ਸਿੰਘ ਰਾਵਤ ਨੇ ਸਤਲੁਜ ਦਰਿਆ ਦੇ ਦੂਸ਼ਿਤ ਪਾਣੀ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਫੈਕਟਰੀਆਂ ਦਾ ਰਸਾਇਣਕ ਪਾਣੀ ਰਾਜਸਥਾਨ ਫੀਡਰ ਨਹਿਰ ਵਿਚ ਮਿਲਦਾ ਹੈ ਅਤੇ ਇਸ ਪਾਣੀ ਨੂੰ ਹੀ ਰਾਜਸਥਾਨ ਦੇ ਲੋਕ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਹਨ। ਇਸ ਦੇ ਹੱਲ ਲਈ ਰਾਜਸਥਾਨ ਸਰਕਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ ਅਤੇ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਅਪੀਲ ਵੀ ਕੀਤੀ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.