Tuesday, 16 June 2026

ਕਿਹਾ : ਸਰਕਾਰ ਵੱਲੋਂ ਪਖਾਨਿਆਂ ਦੀ ਮੁਰੰਮਤ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਦਾ ਨਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸਿੱਖਿਆ ਕ੍ਰਾਂਤੀ ਨਾਮੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਦਕਿ ਪੰਜਾਬ ਦੀਆਂ ਸਮੂਹ ਵਿਰੋਧੀ ਧਿਰਾਂ ਵੱਲੋਂ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ’ਤੇ ਸਵਾਲ ਚੁੱਕੇ ਜਾ ਰਹੇ ਹਨ। ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਪਖਾਨਿਆਂ ਦੀ ਮੁਰੰਮਤ ਨੂੰ ਸਿੱਖਿਆ ਕ੍ਰਾਂਤੀ ਦਾ ਨਾਮ ਦੇ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਸ਼ੋਸ਼ਲ ਮੀਡੀਆ ’ਤੇ ਸਰਕਾਰੀ ਸਕੂਲ ਘੁੰਨਸ ਦੇ ਬਾਥਰੂਮ ਦੀ ਮੁਰੰਮਤ ਨਾਲ ਜੁੜੇ ਇਕ ਨੀਂਹ ਪੱਥਰ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ। ਇਹੀ ਤਸਵੀਰ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਵੀ ਸ਼ੇਅਰ ਕੀਤੀ ਗਈ ਹੈ। ਪਰਗਟ ਸਿੰਘ ਨੇ ਕਿਹਾ ਕਿ ਮੁਰੰਮਤ ਦੇ ਕੰਮਾਂ ਨੂੰ 341 ਨਵੇਂ ਸਕੂਲਾਂ ਦੇ ਨਿਰਮਾਣ ਦੇ ਰੂਪ ’ਚ ਪ੍ਰਚਾਰਨਾ ਦਿੱਲੀ ਦੇ ਖੋਖਲੇ ਸਿੱਖਿਆ ਮਾਡਲ ਦਾ ਹਿੱਸਾ ਹੈ ਅਤੇ ਉਨ੍ਹਾਂ ਇਸ ਨੂੰ ‘ਨੀਂਹ ਪੱਥਰ ਕ੍ਰਾਂਤੀ’ ਕਰਾਰ ਦਿੱਤਾ ਹੈ।  

ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਦੇਵੇਗੀ 2 ਕਰੋੜ ਰੁਪਏ

ਤਰਨ ਤਾਰਨ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ’ਚ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਦਕਿ ਇਕ ਏਐਸਆਈ ਦੀ ਝਗੜੇ ਦੌਰਾਨ ਬਾਂਹ ਟੁੱਟ ਗਈ। ਇਸ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਸਮੇਤ 20 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਪਿੰਡ ਵਿਚ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੂੰ ਨਿਪਟਾਉਣ ਲਈ ਪਹੁੰਚੀ ਸੀ। ਜਦੋਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਝਗੜਾ ਸੁਲਝਾਉਣ ਲਈ ਪਿੱਛੇ ਹਟਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਇੰਸਪੈਕਟਰ ਦਾ ਰਿਵਾਲਵਰ ਖੋਹ ਕੇ ਉਸ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਗੰਭੀਰ ਹਾਲਤ ’ਚ ਚਰਨਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਇੰਸਪੈਕਟਰ ਦੀ ਤਨਦੇਹੀ ਨਾਲ ਡਿਊਟੀ ਨਿਭਾਉਣ ’ਤੇ ਸ਼ਲਾਘਾ ਕੀਤੀ। ਉਨ੍ਹਾਂ ਸ਼ਹੀਦ ਇੰਸਪੈਕਟਰ ਦੇ ਪਰਿਵਾਰ 2 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ।

ਕਿਹਾ : ਪੰਜਾਬ ਵਿਧਾਨ ਸਭਾ ਚੋਣਾਂ ਦਾ ਮੁਲਾਂਕਣ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ 2027 ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸਿ੍ਰਸ਼ਟੀ ਦੀ ਰਚਨਾ ਬ੍ਰਹਮਾ ਜੀ ਵੱਲੋਂ ਕੀਤੀ ਗਈ ਹੈ ਪਰ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਮੁਲਾਂਕਣ ਬ੍ਰਹਮਾ ਜੀ ਨਹੀਂ ਕਰ ਪਾਉਣਗੇ। ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਆਸ ਹੈ ਕਿ 2027 ਦੀਆਂ ਚੋਣਾਂ ਆਉਣ ਤੱਕ ਪੰਜਾਬ ਦੀ ਜਨਤਾ ਇਕ ਚੰਗਾ ਨਿਰਣਾ ਲਵੇਗੀ ਅਤੇ ਪੰਜਾਬ ਵਿਚ ਬਹੁਮਤ ਵਾਲੀ ਸਰਕਾਰ ਬਣੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨਾਲ ਵੀ ਸਖਤੀ ਨਾਲ ਨਿਪਟਿਆ ਜਾਵੇਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਜਦੋਂ ਅਮਿਤ ਸ਼ਾਹ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਕੋਈ ਵੀ ਗੱਲ ਨਹੀਂ ਕੀਤੀ।

ਚੀਨ ’ਤੇ ਲੱਗੇ ਟੈਰਿਫ ਨੂੰ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 75 ਤੋਂ ਜ਼ਿਆਦਾ ਦੇਸ਼ਾਂ ’ਤੇ ਲਗਾਏ ਗਏ ਜੈਸੇ ਕੋ ਤੈਸਾ ਟੈਰਿਫ ’ਤੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਜਦਕਿ ਚੀਨ ਨੂੰ ਇਸ ਛੋਟ ’ਚ ਸ਼ਾਮਲ ਨਹੀਂ ਕੀਤਾ ਗਿਆ, ਬਲਕਿ ਉਸ ’ਤੇ ਲੱਗੇ ਟੈਰਿਫ ਨੂੰ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕਰ ਦਿੱਤਾ ਗਿਆ ਹੈ। ਟਰੰਪ ਵੱਲੋਂ ਇਹ ਕਾਰਵਾਈ ਚੀਨ ਵੱਲੋਂ ਲਗਾਏ ਗਏ ਜਵਾਬੀ 84 ਫੀਸਦੀ ਟੈਰਿਫ ਤੋਂ ਬਾਅਦ ਕੀਤੀ ਹੈ। ਚੀਨ ’ਤੇ 125 ਫੀਸਦੀ ਟੈਰਿਫ ਲਗਾਉਣ ਦਾ ਸਿੱਧਾ ਮਤਲਬ ਹੈ ਕਿ ਚੀਨ ’ਚ ਬਣਿਆ 100 ਡਾਲਰ ਦਾ ਸਮਾਨ ਹੁਣ ਅਮਰੀਕਾ ’ਚ ਜਾ ਕੇ 225 ਡਾਲਰ ਦਾ ਹੋ ਜਾਵੇਗਾ। ਅਮਰੀਕਾ ’ਚ ਚੀਨ ਦਾ ਸਮਾਨ ਮਹਿੰਗਾ ਹੋਣ ਤੋਂ ਬਾਅਦ ਉਸ ਦੀ ਵਿਕਰੀ ਘਟ ਜਾਵੇਗੀ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਚੀਨ ਨੇ ਗਲੋਬਲ ਮਾਰਕੀਟ ਦੇ ਲਈ ਸਮਾਨ ਨਹੀਂ ਦਿਖਾਇਆ, ਜਿਸ ਕਾਰਨ ਮੈਂ ਉਸ ’ਤੇ ਟੈਰਿਫ ਵਧਾ ਕੇ 125 ਫੀਸਦੀ ਕਰ ਰਿਹਾ ਹਾਂ। ਉਮੀਦ ਹੈ ਕਿ ਚੀਨ ਜਲਦੀ ਹੀ ਸਮਝ ਜਾਵੇਗਾ ਕਿ ਅਮਰੀਕਾ ਅਤੇ ਦੂਜੇ ਦੇਸ਼ਾਂ ਨੂੰ ਲੁੱਟਣ ਦੇ ਦਿਨ ਚਲੇ ਗਏ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.