Tuesday, 16 June 2026

ਜਲੰਧਰ ’ਚ ਭਾਜਪਾ ਆਗੂਆਂ ਨੇ ਸੰਸਦ ਮੈਂਬਰ ਦੇ ਗੁੰਮਸ਼ੁਦਾ ਹੋਣ ਸਬੰਧੀ ਲਗਾਏ ਪੋਸਟਰ

ਜਲੰਧਰ/ਬਿਊਰੋ ਨਿਊਜ਼ : ਜਲੰਧਰ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਗਾਏ ਹਨ। ਭਾਜਪਾ ਵੱਲੋਂ ਇਹ ਪੋਸਟਰ ਸ਼ਹਿਰ ਦੀਆਂ ਗਲੀਆਂ ਅਤੇ ਬਜ਼ਾਰਾਂ ਵਿਚ ਲਗਾਏ ਗਏ ਹਨ। ਪੋਸਟਰ ਲਗਾਉਣ ਵਾਲੇ ਭਾਜਪਾ ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਜਲੰਧਰ ਲੋਕ ਸਭਾ ਚੋਣ ਜਿੱਤਣ ਤੋਂ ਪਹਿਲਾਂ ਜਲੰਧਰ ਦੀ ਜਨਤਾ ਨਾਲ ਵਿਕਾਸ ਨੂੰ ਲੈ ਕੇ ਕਈ ਵਾਅਦ ਕੀਤੇ ਸਨ। ਜਦਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਲੰਧਰ ਸ਼ਹਿਰ ’ਚ ਕਦੇ ਨਜ਼ਰ ਹੀ ਨਹੀਂ ਆਏ। ਜਲੰਧਰ ਵਾਸੀਆਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹ ਆਪਣੀਆਂ ਸਮੱਸਿਆਵਾਂ ਸਬੰਧੀ ਕਿਸ ਨੂੰ ਕਹਿਣ। ਇਸ ਸਭ ਦੇ ਚਲਦਿਆਂ ਭਾਜਪਾ ਆਗੂਆਂ ਵੱਲੋਂ ਸ਼ਹਿਰ ’ਚ ਚੰਨੀ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਲਗਾਏ ਗਏ ਹਨ। ਧਿਆਨ ਰਹੇ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਜਲੰਧਰ ਬਹੁਤ ਵੱਡੇ ਅੰਤਰ ਨਾਲ ਜਿੱਤੇ ਸਨ।

ਮਨੀ ਲਾਂਡਰਿੰਗ ਦੇ ਮਾਮਲੇ ’ਚ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰੀਅਲ ਐਸਟੇਟ ਕਾਰੋਬਾਰੀ ਅਤੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਅੱਜ ਛਾਪਾ ਮਾਰਿਆ ਗਿਆ। ਈਡੀ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ ਅਤੇ ਹੋਰਨਾਂ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਗਈ। ਦਿੱਲੀ ਈਡੀ ਦੀ ਟੀਮ ਅੱਜ ਸਵੇਰੇ ਮੋਹਾਲੀ ਸਥਿਤ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚੀ। ਜਿਸ ਸਮੇਂ ਈਡੀ ਦੀ ਟੀਮ ਵਿਧਾਇਕ ਦੇ ਘਰ ਪਹੁੰਚੀ ਉਸ ਸਮੇਂ ਵਿਧਾਇਕ ਘਰ ’ਚ ਮੌਜੂਦ ਨਹੀਂ ਸਨ ਅਤੇ ਈਡੀ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ’ਚ ਹੋਏ ਘੁਟਾਲੇ ਨਾਲ ਜੁੜੀ ਹੋਈ ਹੈ। ਧਿਆਨ ਰਹੇ ਕਿ ਈਡੀ ਦੀ ਟੀਮ ਵੱਲੋਂ ਕੁੱਝ ਸਮਾਂ ਪਹਿਲਾਂ ਵੀ ਕੁਲਵੰਤ ਸਿੰਘ ਦੇ ਘਰ ’ਤੇ ਛਾਪਾ ਮਾਰਿਆ ਗਿਆ ਸੀ ਅਤੇ ਉਸ ਸਮੇਂ ਵੀ ਈਡੀ ਨੇ ਕੁਲਵੰਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਸੀ।

ਕਾਂਗਰਸੀ ਆਗੂਆਂ ਵੱਲੋਂ ਮੋਹਾਲੀ ਥਾਣੇ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ

ਮੋਹਾਲੀ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ ਮੋਹਾਲੀ ਦੇ ਸਾਈਬਰ ਥਾਣੇ ਵਿਚ ਪੁੱਛਗਿੱਛ ਕੀਤੀ ਗਈ। ਜਦੋਂ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਉਸ ਸਮੇਂ ਕਾਂਗਰਸੀ ਆਗੂਆਂ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਹੋਰ ਆਗੂ ਵੀ ਮੌਜੂਦ ਸਨ ਅਤੇ  ਕਾਂਗਰਸੀ ਆਗੂਆਂ ਨੇ ਨਾਅਰਾ ਦਿੱਤਾ ਕਿ ‘ਨਾ ਡਰੇ ਸੀ ਅਤੇ ਨਾ ਹੀ ਡਰਾਂਗੇ।’ ਧਿਆਨ ਰਹੇ ਕਿ ਬਾਜਵਾ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਸੀ ਕਿ ਪੰਜਾਬ ’ਚ 50 ਗਰਨੇਡ ਆਏ ਸਨ, ਜਿਨ੍ਹਾਂ ’ਚੋਂ 18 ਦਾ ਇਸਤੇਮਾਲ ਹੋ ਚੁੱਕਿਆਂ ਅਤੇ 32 ਗਰਨੇਡ ਬਾਕੀ ਹਨ। ਇਸ ਤੋਂ ਬਾਅਦ ਪੁਲਿਸ ਨੇ ਬਾਜਵਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਸਮੁੱਚੀ ਕਾਂਗਰਸੀ ਲੀਡਰਿਸ਼ਪ ਬਾਜਵਾ ਦੇ ਹੱਕ ’ਚ ਉਤਰ ਆਈ ਸੀ।

 

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ

ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ ਯਾਤਰਾ 2025 ਦੇ ਲਈ ਰਜਿਸਟ੍ਰੇਸ਼ਨ ਅੱਜ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਸ਼ਿਵ ਭਗਤ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਫੀਸ 220 ਰੁਪਏ ਰੱਖੀ ਗਈ ਹੈ। ਇਸ ਸਾਲ ਹੋਣ ਵਾਲੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਤੱਕ ਜਾਰੀ ਰਹੇਗੀ। ਲੰਘੀ 5 ਮਾਰਚ ਨੂੰ ਹੋਈ ਸ੍ਰੀ ਅਮਰਨਾਥ ਸ਼ਰਾਇਨ ਬੋਰਡ ਦੀ 48ਵੀ ਬੈਠਕ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਯਾਤਰਾ ਦੀਆਂ ਤਰੀਕਾਂ ਸਬੰਧੀ ਐਲਾਨ ਕੀਤਾ ਗਿਆ ਸੀ। ਬੈਠਕ ਦੌਰਾਨ ਸ਼ਰਧਾਲੂਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਹੋਰ ਸੁਖਾਵਾਂ ਬਣਾਉਣ ’ਤੇ ਵੀ ਚਰਚਾ ਕੀਤੀ ਗਈ। ਸ੍ਰੀ ਅਮਰਨਾਥ ਸ਼ਰਾਇਨ ਬੋਰਡ ਦਾ ਮੰਨਣਾ ਹੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਸ਼ਰਧਾਲੂ ਯਾਤਰਾ ’ਤੇ ਆ ਸਕਦੇ ਹਨ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਜੰਮੂ, ਸ੍ਰੀਨਗਰ, ਬਾਲਟਾਲ, ਪਹਿਲਗਾਮ, ਨੁਨਵਾਨ ਅਤੇ ਪੰਥਾ ਚੌਕ ’ਤੇ ਰੁਕਣ ਅਤੇ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.