Tuesday, 16 June 2026

24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਕੀਤੇ ਪ੍ਰਾਪਤ

ਨਵੀਂ ਦਿੱਲੀ/ਬਿਊਰੋ ਨਿਊਜ਼ :  ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੇਨ 2025 ਸੈਸ਼ਨ-2 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਾਪਰਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਗਈ ਹੈ। ਨਤੀਜੇ ਵਿਚ, ਕੋਟਾ ਦੇ ਵਿਦਿਆਰਥੀ ਓਮਪ੍ਰਕਾਸ਼ ਬੇਹਰਾ ਨੇ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤਾ ਹੈ। ਇਸ ਵਾਰ ਕੁੱਲ 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਸ਼ੁੱਕਰਵਾਰ ਰਾਤ 12:30 ਵਜੇ ਨਤੀਜਾ ਜਾਰੀ ਕੀਤਾ। ਇਸ ਦੇ ਨਾਲ ਹੀ, ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ਅਤੇ ਜੇ.ਈ.ਈ. ਐਡਵਾਂਸਡ ਲਈ ਕੱਟ-ਆਫ਼ ਵੀ ਜਾਰੀ ਕਰ ਦਿੱਤਾ ਗਿਆ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿਚੋਂ ਸਭ ਤੋਂ ਵੱਧ 7 ਵਿਦਿਆਰਥੀ ਰਾਜਸਥਾਨ ਤੋਂ ਹਨ। ਇਨ੍ਹਾਂ ਤੋਂ ਇਲਾਵਾ, 3-3 ਵਿਦਿਆਰਥੀ ਮਹਾਰਾਸ਼ਟਰ, ਤੇਲੰਗਾਨਾ ਅਤੇ ਯੂ.ਪੀ. ਤੋਂ ਹਨ, 2-2 ਵਿਦਿਆਰਥੀ ਪੱਛਮੀ ਬੰਗਾਲ, ਗੁਜਰਾਤ ਅਤੇ ਦਿੱਲੀ ਤੋਂ ਹਨ। ਇਕ-ਇਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ 21 ਉਮੀਦਵਾਰ ਜਨਰਲ ਸ਼੍ਰੇਣੀ ਦੇ ਹਨ।

ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਕਫ ਸੋਧ ਕਾਨੂੰਨ ’ਤੇ ਵੀਰਵਾਰ ਨੂੰ ਦੂਜੇ ਦਿਨ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਕਾਨੂੰਨ ’ਤੇ ਜਵਾਬ ਦੇਣ ਦੇ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ ਦੇ ਜਵਾਬ ਤੋਂ ਬਾਅਦ ਪਟੀਸ਼ਨ ਕਰਤਾਵਾਂ ਨੂੰ 5 ਦਿਨਾਂ ਅੰਦਰ ਜਵਾਬ ਦੇਣਾ ਹੋਵੇਗਾ। ਜਦਕਿ ਇਸ ਮਾਮਲੇ ’ਤੇ ਅਗਲੀ ਸੁਣਵਾਈ 5 ਮਈ ਨੂੰ ਦੁਪਹਿਰ 2 ਵਜੇ ਹੋਵੇਗੀ। ਪਰ ਉਦੋਂ ਤੱਕ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੇ ਤਿੰਨ ਨਿਰਦੇਸ਼ ਮੰਨਣ ਲਈ ਕਿਹਾ ਹੈ। ਜਿਨ੍ਹਾਂ ਵਿਚੋਂ ਪਹਿਲਾਂ ਇਹ ਹੈ ਕਿ ਵਕਫ ਬੋਰਡ ’ਤੇ ਕੇਂਦਰ ਦੇ ਜਵਾਬ ਦਾਖਲ ਕਰਨ ਤੱਕ ਵਕਫ ਦੀ ਸੰਪਤੀ ਦੀ ਸਥਿਤੀ ਨਹੀਂ ਬਦਲੇਗੀ। ਦੂਜਾ ਕੋਰਟ ਤੋਂ ਵਕਫ ਘੋਸ਼ਿਤ ਸੰਪਤੀ ਡੀ ਨੋਟੀਫਾਈ ਨਹੀਂ ਹੋਵੇਗੀ, ਚਾਹੇ ਉਹ ਵਕਫ ਬਾਏ ਯੂਜਰ ਹੋਵੇ ਜਾਂ ਵਕਫ ਬਾਏ ਡੀਡ ਜਦਕਿ ਤੀਜੇ ਹੁਕਮ ਅਨੁਸਾਰ ਵਕਫ ਬੋਰਡ ਅਤੇ ਕੇਂਦਰੀ ਵਕਫ ਪਰਿਸ਼ਦ ’ਚ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਜਾਵੇਗੀ।

‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ

ਲੁਧਿਆਣਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਐਡਵੋਕੇਟ ਘੁੰਮਣ ਪਿਛਲੇ ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਉਹ ਪਾਰਟੀ ਲਈ ਸਰਗਰਮੀ ਨਾਲ ਕੰਮ ਕਰਦੇ ਹਨ। ਜਿਸ ਦੇ ਚਲਦਿਆਂ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਕਾਂਗਰਸ ਪਾਰਟੀ ਵੱਲੋਂ ਸਾਬਕ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਭਾਜਪਾ ਵੱਲੋਂ ਹਾਲੇ ਉਮੀਦਵਾਰ ਸਬੰਧੀ ਐਲਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਭੂਸ਼ਣ ਆਸ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਤੋਂ ਚੋਣ ਹਾਰ ਗਏ ਸਨ। ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਇਹ ਸੀਟ ਖਾਲੀ ਹੋਈ ਸੀ।

  

ਕੇਜਰੀਵਾਲ ਅਤੇ ਸੰਜੇ ਸਿੰਘ ਨੇ ਸਾਧਿਆ ਭਾਜਪਾ ’ਤੇ ਨਿਸ਼ਾਨਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਅੱਜ ਸੀਬੀਆਈ ਦਾ ਛਾਪਿਆ ਪਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਵਿਦੇਸ਼ੀ ਫੰਡਿੰਗ ’ਚ ਬੇਨਿਯਮੀਆਂ ਦੇ ਸਬੰਧ ਵਿਚ ਕੀਤੀ ਗਈ ਹੈ। ਸੀਬੀਆਈ ਦੇ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਾਠਕ ਨੇ ਐਫਸੀਆਰਏ ਦੀ ਵੀ ਉਲੰਘਣਾ ਕੀਤੀ ਹੈ। ਸੀਬੀਆਈ ਦੀ ਛਾਪੇਮਾਰੀ ਸਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਸੀਬੀਆਈ ਛਾਪੇਮਾਰੀ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਭਾਜਪਾ ’ਤੇ ਗੰਦੀ ਖੇਡ ਖੇਡਣ ਦਾ ਦੋਸ਼ ਵੀ ਲਗਾਇਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰਨਾਂ ‘ਆਪ’ ਆਗੂਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਭਾਜਪਾ ’ਤੇ ਸਿਆਸੀ ਹਮਲਾ ਕੀਤਾ ਗਿਆ। ‘ਆਪ’ ਆਗੂਆਂ ਨੇ ਸੀਬੀਆਈ ਦੀ ਇਸ ਰੇਡ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਇਸ ਨੂੰ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਦੀ ਸਾਜਿਸ਼ ਦੱਸਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.