Thursday, 18 June 2026

ਸਾਊਦੀ ਅਰਬ ਦਾ ਦੌਰਾ ਵਿਚਾਲੇ ਹੀ ਛੱਡ ਵਤਨ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪਹਿਲਗਾਮ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਅਤੇ ਸੂਬੇ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸ੍ਰੀਨਗਰ ਪਹੁੰਚੇ, ਜਿੱਥੇ ਉਨ੍ਹਾਂ ਅੱਤਵਾਦੀ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੌਰਾਨ 27 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਜਦਕਿ 20 ਤੋਂ ਜ਼ਿਆਦਾ ਵਿਅਕਤੀ ਇਸ ਹਮਲੇ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੇ ਵਿੰਗ ਦਾ ਰਜਿਸਟੇਂਸ ਫਰੰਟ ਨੇ ਲਈ ਹੈ ਅਤੇ ਹਮਲੇ ਤੋਂ ਬਾਅਦ ਅੱਤਵਾਦੀ ਭੱਜਣ ਵਿਚ ਕਾਮਯਾਬ ਹੋ ਗਏ ਸਨ। 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਵੱਡਾ ਹਮਲਾ ਹੈ। ਪੁਲਵਾਮਾ ਹਮਲੇ ਦੌਰਾਨ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਉਧਰ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਊਦੀ ਅਰਬ ਦੇ ਦੌਰੇ ਨੂੰ ਵਿਚਾਲੇ ਹੀ ਛੱਡ ਕੇ ਭਾਰਤ ਪਰਤ ਆਏ ਹਨ ਅਤੇ ਉਨ੍ਹਾਂ ਅਧਿਕਾਰੀਆਂ ਨਾਲ ਏਅਰਪੋਰਟ ’ਤੇ ਹੀ ਮੀਟਿੰਗ ਕੀਤੀ। ਉਨ੍ਹਾਂ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਵੀ ਕੀਤੀ ਹੈ। ਉਧਰ ਰਾਸ਼ਟਰਪਤੀ ਦਰੋਪਤੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦੇਸ਼ ਦੀ ਸਮੂਹ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਆਗੂਆਂ ਵੱਲੋਂ ਇਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ।

  

ਕਿਹਾ : ‘ਸ਼ਰਬਤ ਜੇਹਾਦ’ ਸ਼ਬਦ ਨੇ ਅਦਾਲਤ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ ਦੀ ਉਸ ਵੀਡੀਓ ’ਤੇ ਇਤਰਾਜ਼ ਪ੍ਰਗਟਾਇਆ ਹੈ, ਜਿਸ ’ਚ ਬਾਬਾ ਰਾਮਦੇਵ ਨੇ ‘ਸ਼ਰਬਤ ਜੇਹਾਦ’ ਸ਼ਬਦ ਦੀ ਵਰਤੋਂ ਕੀਤੀ ਸੀ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਇਹ ਬਿਆਨ ਮੁਆਫ਼ੀ ਯੋਗ ਨਹੀਂ ਹੈ ਅਤੇ ਇਸ ਨੇ ਅਦਾਲਤ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਈਕੋਰਟ ਦੀ ਫਟਕਾਰ ਤੋਂ ਬਾਅਦ ਰਾਮਦੇਵ ਨੇ ਕਿਹਾ ਕਿ ਅਸੀਂ ਅਜਿਹੇ ਸਾਰੇ ਵੀਡੀਓ ਹਟਾ ਦਿਆਂਗੇ, ਜਿਨ੍ਹਾਂ ’ਚ ਧਾਰਮਿਕ ਟਿੱਪਣੀਆਂ ਕੀਤੀਆਂ ਗਈਆਂ ਹਨ। ਅਦਾਲਤ ਨੇ ਰਾਮਦੇਵ ਨੂੰ ਹਲਫ਼ਨਾਮਾ ਦਾਇਰ ਕਰਨ ਦਾ ਵੀ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਨੇ ਲੰਘੀ 3 ਅਪ੍ਰੈਲ ਨੂੰ ਪਤੰਜਲੀ ਸ਼ਰਬਤ ਲਾਂਚ ਕੀਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਸੀ ਕਿ ਜਿਵੇਂ ਲਵ ਜੇਹਾਦ ਤੇ ਵੋਟ ਜੇਹਾਦ ਚੱਲ ਰਿਹਾ ਹੈ,ਉਸੇ ਤਰ੍ਹਾਂ ਸ਼ਰਬਤ ਜੇਹਾਦ ਵੀ ਚੱਲ ਰਿਹਾ ਹੈ। ਇਸ ਤੋਂ ਬਾਅਦ ਰੂਹ ਅਫਜ਼ਾ ਸ਼ਰਬਤ ਬਣਾਉਣ ਵਾਲੀ ਕੰਪਨੀ ਨੇ ਰਾਮਦੇਵ ਖਿਲਾਫ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। 

  

24 ਕੈਰੇਟ ਸੋਨੇ ਦੀ ਕੀਮਤ ਇਕ ਦਿਨ ’ਚ 3300 ਰੁਪਏ ਵਧੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੇ ਦੀ ਕੀਮਤ ਅੱਜ ਪ੍ਰਤੀ 10 ਗ੍ਰਾਮ 1 ਲੱਖ ਰੁਪਏ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਅਤੇ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਨ ਸੋਨੇ ਦੀ ਕੀਮਤ ਅੱਜ 3300 ਰੁਪਏ ਵਧਣ ਨਾਲ ਇਹ ਪ੍ਰਤੀ 10 ਗ੍ਰਾਮ 1 ਲੱਖ ਰੁਪਏ ’ਤੇ ਪਹੁੰਚ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 96 ਹਜ਼ਾਰ 670 ਰੁਪਏ ਸੀ। ਉਥੇ ਹੀ ਚਾਂਦੀ ਦੀ ਕੀਮਤ ਘਟਣ ਨਾਲ ਇਹ 95 ਹਜ਼ਾਰ 900 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਕੀਮਤ 96 ਹਜ਼ਾਰ 442 ਰੁਪਏ ਪ੍ਰਤੀ ਕਿਲੋ ਸੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੇ ਟਰੇਡ ਵਾਰ ਅਤੇ ਮੰਦੀ ਕਾਰਨ ਸੋਨਾ ਇਸ ਸਾਲ 3700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਜਦਕਿ ਇੰਟਰਨੈਸ਼ਨਲ ਰੇਟ ਦੇ ਅਨੁਸਾਰ ਭਾਰਤ ’ਚ ਸੋਨੇ ਦੀ ਕੀਮਤ ਸਾਲ ਦੇ ਅੰਤ ਤੱਕ ਪ੍ਰਤੀ ਦਸ ਗ੍ਰਾਮ 1 ਲੱਖ 10 ਹਜ਼ਾਰ ਰੁਪਏ ਤੱਕ ਜਾ ਸਕਦੀ ਹੈ। ਜਦਕਿ 1947 ਵਿਚ ਜਦੋਂ ਦੇਸ਼ ਅਜ਼ਾਦ ਹੋਇਆ ਸੀ ਉਸ ਸਮੇਂ ਸੋਨੇ ਦੀ ਕੀਮਤ 88 ਰੁਪਏ 62 ਪੈਸੇ ਪ੍ਰਤੀ 10 ਗ੍ਰਾਮ ਸੀ ਜਦਕਿ ਚਾਂਦੀ 107 ਰੁਪਏ ਕਿਲੋ ਸੀ। 

ਰਾਜਸਥਾਨੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਡਾਂਸ ਦੇ ਨਾਲ ਕੀਤਾ ਸਵਾਗਤ

ਜੈਪੁਰ/ਬਿਊਰੋ ਨਿਊਜ਼ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਪਰਿਵਾਰ ਸਮੇਤ ਆਮੇਰ ਦਾ ਕਿਲਾ ਦੇਖਿਆ। ਇਥੇ ਪਹੁੰਚਣ ’ਤੇ ਹਾਥੀਆਂ ਅਤੇ ਰਾਜਸਥਾਨੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਡਾਂਸ ਦੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਵੇਂਸ ਆਪਣੇ ਪਰਿਵਾਰ ਦੇ ਨਾਲ ਕਿਲੇ ਦੇ ਅੰਦਰ ਦਾਖਲ ਹੋਏ। ਕਿਲੇ ਦੀ ਛੱਤ ’ਤੇ ਬੇਟੀ ਨੂੰ ਗੋਦੀ ਚੁੱਕ ਕੇ ਵੇਂਸ ਨੇ ਫੋਰਟ ਦੇ ਚਾਰੋਂ ਪਾਸੇ ਦਿਖਾਇਆ ਅਤੇ ਇਸ ਬਾਅਦ ਉਹ ਸ਼ੀਸ਼ ਮਹਿਲ ਪਹੁੰਚੇ, ਜਿੱਥੇ ਉਨ੍ਹਾਂ ਕੀਮਤੀ ਪੱਥਰ ਅਤੇ ਕੱਚ ਦੇ ਨਾਲ ਬਣੇ ਸ਼ੀਸ਼ ਮਹਿਲ ਦੀ ਖੂਬਸੂਰਤੀ ਦੇਖੀ। ਕਿਲਾ ਦੇਖਣ ਤੋਂ ਬਾਅਦ ਵੇਂਸ ਪਰਿਵਾਰ ਸਮੇਤ ਜੈਪੁਰ ਦੇ ਰਾਮਬਾਗ ਪੈਲੇਸ ਪਹੁੰਚੇ, ਜਿੱਥੇ ਉਨ੍ਹਾਂ ਮਹਿਲ ਦਾ ਬਾਹਰੀ ਹਿੱਸਾ ਅਤੇ ਕੇਸਰੀ ਕਿਆਰੀ ਬਾਗ ਦੇਖਿਆ। ਆਮੇਰ ਦੇ ਹਵਾ ਮਹਿਲ ’ਚ ਵੇਂਸ ਦਾ ਸਵਾਗਤ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਵੱਲੋਂ ਕੀਤਾ ਗਿਆ। ਧਿਆਨ ਰਹੇ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਆਪਣੇ ਪਰਿਵਾਰ ਸਮੇਤ ਚਾਰ ਦਿਨਾ ਭਾਰਤ ਦੌਰੇ ’ਤੇ ਹਨ ਅਤੇ ਭਲਕੇ ਬੁੱਧਵਾਰ ਨੂੰ ਅਕਸ਼ਰਧਾਮ ਮੰਦਿਰ ਵਿਖੇ ਜਾਣਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.