Friday, 17 April 2026

ਚੰਡੀਗੜ੍ਹ/ਬਿਊਰੋ ਨਿਊਜ਼  

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਵਿਚ ਬਾਰਡਰ ਖੋਲ੍ਹਣ ਦੇ ਆਦੇਸ਼ ਨੂੰ ਹਰਿਆਣਾ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਕਰਕੇ ਕਿਸਾਨਾਂ ਵਿਚ ਰੋਸ ਹੈ। ਡੱਲੇਵਾਲ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਕਿਹਾ ਕਿ ਹਰਿਆਣਾ ਸਰਕਾਰ ਦੇ ਝਾਂਸੇ ਵਿਚ ਆ ਕੇ ਸੰਘਰਸ਼ ਨੂੰ ਕਮਜ਼ੋਰ ਨਾ ਕੀਤੇ ਜਾਵੇ ਅਤੇ ਆਪਣੀ ਏਕਤਾ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਡੱਲੇਵਾਲ ਨੇ ਕਿਹਾ ਕਿ ਸਾਨੂੰ ਐਮ.ਐਸ.ਪੀ. ਖਰੀਦ ਗਾਰੰਟੀ ਕਾਨੂੰਨ ਲਾਜ਼ਮੀ ਤੌਰ ’ਤੇ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰ ਕੋਲੋਂ ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰਵਾ ਕੇ ਹੀ ਹਟਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਕਿਸਾਨ ਝੁਕਣਗੇ ਨਹੀਂ।

 

 

ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ ਹਨ ਸੁਖਵਿੰਦਰ ਕੋਟਲੀ

ਜਲੰਧਰ/ਬਿਊਰੋ ਨਿਊਜ਼

ਜਲੰਧਰ ਵਿਚ ਪੈਂਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਦੋ ਸਥਾਈ ਸੰਮਤੀਆਂ ਦਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਕਲਿਆਣ ਸੰਮਤੀ ਦੇ ਮੈਂਬਰ ਦੇ ਰੂਪ ਵਿਚ ਚੁਣਿਆ ਗਿਆ ਹੈ। ਇਸੇ ਦੌਰਾਨ ਵਿਧਾਇਕ ਸੁਖਵਿੰਦਰ ਕੋਟਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਧਾਨ ਸਭਾ ਦੀ ਪੰਜਾਬ ਰਾਜ ਅਤੇ ਪੰਜਾਬ ਸਮਾਜ ਕਲਿਆਣ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕੋਟਲੀ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਸੰਮਤੀ ਦੇ ਸਾਹਮਣੇ ਜਨਹਿੱਤ ਸਬੰਧੀ ਮੁੱਦੇ ਉਠਾਉਂਦੇ ਰਹਿਣਗੇ। ਧਿਆਨ ਰਹੇ ਕਿ ਸੁਖਵਿੰਦਰ ਸਿੰਘ ਕੋਟਲੀ ਪਹਿਲਾਂ ਬਹੁਜਨ ਸਮਾਜ ਪਾਰਟੀ ਵਿਚ ਸਨ ਅਤੇ ਫਿਰ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ।  

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਪੁਲਿਸ ਨੇ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਹੁਣ 18 ਸਾਲਾਂ ਤੋਂ ਘੱਟ ਉਮਰ ਵਾਲੇ ਬੱਚੇ ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਫੜੇ ਗਏ ਤਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕੈਦ ਹੋਵੇਗੀ ਅਤੇ ਮੋਟਾ ਜੁਰਮਾਨਾ ਵੀ ਕੀਤਾ ਜਾਵੇਗਾ। ਇਹ ਹੁਕਮ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਕਮਿਸ਼ਨਰ ਪੁਲਿਸ, ਸਮੂਹ ਸੀਨੀਅਰ ਕਪਤਾਨ ਪੁਲਿਸ ਨੂੰ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਵਿਚ ਸਾਰੇ ਪੁਲਿਸ ਕਮਿਸ਼ਨਰਾਂ ਨੂੰ  ਲਿਖਿਆ ਗਿਆ ਹੈ ਕਿ ਆਪ ਦੇ ਅਧੀਨ ਤਾਇਨਾਤ ਟਰੈਫਿਕ ਐਜੂਕੇਸ਼ਨ ਸੈਲ/ਟਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ’ਤੇ ਪਬਲਿਕ ਰਿਲੇਸ਼ਨ ਅਫਸਰ ਰਾਹੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੋਈ ਵੀ ਨਾਬਾਲਗ ਬੱਚਾ 31.07.2024 ਤੋਂ ਬਾਅਦ 2 ਪਹੀਆ ਅਤੇ 4 ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਵਿੱਚ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25000/- ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ 2 ਪਹੀਆਂ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਵੱਧ ਤੋ ਵੱਧ ਜਾਗਰੂਰਕਤਾ ਕੈਂਪ ਲਗਾਉਣ ਲਈ ਵੀ ਕਿਹਾ ਗਿਆ ਹੈ।  

ਰਾਜਪਾਲ ਹੀ ਰਹਿਣਗੇ ਯੂਨੀਵਰਸਿਟੀਆਂ ਦੇ ਚਾਂਸਲਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ’ਚ ਪਾਸ ਕੀਤੇ ਗਏ ‘ਯੂਨੀਵਰਸਿਟੀ ਕਾਨੂੰਨ ਸੋਧ ਬਿੱਲ’ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਨਜੂਰੀ ਨਹੀਂ ਦਿੱਤੀ ਅਤੇ  ਵਾਪਸ ਭੇਜ ਦਿੱਤਾ ਹੈ। ਇਸ ਬਿੱਲ ਤਹਿਤ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਸ਼ਕਤੀ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਤੋਂ ਲੈ ਕੇ ਮੁੱਖ ਮੰਤਰੀ ਨੂੰ ਦੇਣ ਦੀ ਅਪੀਲ ਕੀਤੀ ਗਈ ਸੀ। ਹੁਣ ਇਸ ਬਿੱਲ ਦੇ ਵਾਪਸ ਆਉਣ ਨਾਲ ਰਾਜਪਾਲ ਹੀ ਯੂਨੀਵਰਸਿਟੀਆਂ ਦੇ ਚਾਂਸਲਰ ਰਹਿਣਗੇ। ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ 21 ਜੂਨ ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਸੀ। ਬਿੱਲ ਤਹਿਤ ਸੂਬੇ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਕੁਲਪਤੀ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ, ਪਰ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਮਨਜੂਰੀ ਨਹੀਂ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਬਿੱਲ ਪੰਜਾਬ ਵਿਧਾਨ ਸਭਾ ’ਚ ਲਿਆਉਣ ਦਾ ਫ਼ੈਸਲਾ ਉਦੋਂ ਲਿਆ ਸੀ ਜਦੋਂ ਰਾਜਪਾਲ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦਾ ਉਪ ਕੁਲਪਤੀ ਨਿਯੁਕਤ ਕਰਨ ਵਿਚ ਅੜਿੱਕਾ ਖੜ੍ਹਾ ਕਰ ਦਿੱਤਾ ਸੀ।

ਚੰਡੀਗੜ੍ਹ : ਚੰਡੀਗੜ੍ਹ ਕੈਮਿਸਟ ਐਸੋਸੀਏਸ਼ਨ ਵੱਲੋਂ ਕਮਿਊਨਿਟੀ ਸੈਂਟਰ ਸੈਕਟਰ 46 ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਦਾ ਦੂਜਾ ਐਡੀਸ਼ਨ ਲਗਾਇਆ ਗਿਆ। ਇਸ ਕੈਂਪ ਦਾ 130 ਦੇ ਕਰੀਬ ਆਮ ਲੋਕਾਂ ਨੇ ਲਾਭ ਉਠਾਇਆ। ਇਸ ਸਮਾਗਮ ਵਿੱਚ ਖੇਤਰੀ ਕੌਂਸਲਰ ਸ੍ਰੀ ਗੁਰਪ੍ਰੀਤ ਸਿੰਘ ਗਾਬੀ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸੈਕਟਰ 46 ਨੇ ਸਹਿਯੋਗ ਦਿੱਤਾ। ਕੈਂਪ ਵਿੱਚ ਆਈਵੀ ਹਸਪਤਾਲ ਮੋਹਾਲੀ, ਅਗਰਵਾਲ ਆਈ ਹਸਪਤਾਲ, ਕਲੋਵ ਡੈਂਟਲ, ਸਿਨੋਕੇਅਰ ਡਾਇਗਨੌਸਟਿਕਸ, ਪੋਲੋ ਲੈਬ ਅਤੇ ਹਿਅਰਕਲੀਅਰ ਨੇ ਡਾਕਟਰੀ ਸਹਾਇਤਾ ਦਿੱਤੀ। ਪ੍ਰਬੰਧਕਾਂ ਵੱਲੋਂ ਅਜਿਹੇ ਕੈਂਪ ਹਰ ਮਹੀਨੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਉਣ ਦੀ ਯੋਜਨਾ ਹੈ।

 

 

 

 

  

ਅਕਾਲੀ ਦਲ ਦੇ ਬਾਗੀ ਧੜੇ ਦੀ ਸ਼ਿਕਾਇਤ ’ਤੇ ਸੁਖਬੀਰ ਬਾਦਲ ਨੂੰ ਕੀਤਾ ਗਿਆ ਹੈ ਤਲਬ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜ਼ਰੂਰ ਪੇਸ਼ ਹੋਣਗੇ। ਸੁਖਬੀਰ ਨੇ ਕਿਹਾ ਹੈ ਕਿ ਮੈਂ ਨਿਮਰਤਾ ਸਹਿਤ ਸਰਵ ਉੱਚ ਅਸਥਾਨ ’ਤੇ ਨਤਮਸਤਕ ਹੋਵਾਂਗਾ ਅਤੇ ਮੇਰਾ ਰੋਮ-ਰੋਮ ਨਿਮਾਣੇ ਸਿੱਖ ਵਜੋਂ ਕੌਮ ਨੂੰ ਸਮਰਪਿਤ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੰਘੇ ਕੱਲ੍ਹ ਸੋਮਵਾਰ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ ’ਤੇ ਲੱਗੇ ਆਰੋਪਾਂ ਸਬੰਧੀ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ’ਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਨ੍ਹਾਂ ਆਰੋਪਾਂ ਸਬੰਧੀ ਸਪੱਸ਼ਟੀਕਰਨ ਪੰਦਰਾਂ ਦਿਨ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ’ਚ ਦੇਣ ਲਈ ਕਿਹਾ ਗਿਆ ਹੈ।  

ਜੋਸ਼ੀ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਜਖਮੀਆਂ ਨੂੰ ਰਾਹਤ ਦੇਣ ਦੀ ਮੰਗ

ਚੰਡੀਗੜ੍ਹ  ਪੰਜਾਬ ’ਚ ਰੇਤ ਮਾਫੀਆ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਘਰ ਤੋਂ ਕੁਝ ਕਦਮ ’ਤੇ ਨਯਾਗਾਓਂ ਦੇ ਨਾਲ ਲੱਗਦੇ ਪਿੰਡ ਬੜੀ ਕਰੌਰ ’ਚ ਰੇਤ ਮਾਫੀਆ ਦਾ ਵਿਰੋਧ ਕਰ ਰਹੇ ਲੋਕਾਂ ’ਤੇ ਹੋਏ ਜਾਨਲੇਵਾ ਹਮਲੇ ’ਚ ਰਾਜੂ ਯਾਦਵ, ਸੁਧੀਰ ਅਤੇ ਸੁਜੀਤ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਵਾਲੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਭੰਗ ਹੋ ਰਿਹਾ ਹੈ ਗੁੰਡਾ ਅਨਸਰ ਸਿਰ ਚੜ ਕੇ ਬੋਲ ਰਹੇ ਹਨ, ਸਮਾਜ ਸੁਧਾਰਕਾਂ ਨੂੰ ਆਵਾਜ਼ ਚੁੱਕਣ ਦੇ ਬਦਲੇ ਸੱਟਾਂ ਖਾਣੀਆਂ ਪੈ ਰਹੀਆਂ ਹਨ ਅਤੇ ਹਮਲਾਵਰ ਉਹਨਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਵਿਨੀਤ ਜੋਸ਼ੀ ਨੇ ਕਿਹਾ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਰਾਜੂ ਦੀ ਇੱਕ ਲੱਤ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ ਸੀ ਅਤੇ ਇੱਕ ਅੱਖ ਦੀ ਸਦਾ ਲਈ ਰੋਸ਼ਨੀ ਖਤਮ ਹੋ ਗਈ। ਸੁਧੀਰ ਦੀ ਟੰਗ ਫਰੈਕਚਰ ਹੈ ਤੇ ਸਿਰ ’ਤੇ ਸੱਟ ਲੱਗੀ ਹੋਈ ਹੈ ਅਤੇ ਸੁਜੀਤ ਦੀ ਹਾਲਤ ਵੀ ਠੀਕ ਨਹੀਂ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਨਵਾਂ ਗਰਾਉਂ ਨਾਲ ਲੱਗਦੇ ਪਿੰਡ ਬੜੀ ਕਰੌਰ ਜੋ ਕਿ ਰੇਤ ਮਾਫੀਆ ਦਾ ਗੜ ਬਣ ਚੁੱਕਾ ਹੈ ਵਿੱਚ ਦਹਿਸ਼ਤ ਦਾ ਮਾਹੌਲ ਹੈ। 

 

 

 

 

  

 

ਲੁਧਿਆਣਾ/ਬਿਊਰੋ ਨਿਊਜ਼

ਲੁਧਿਆਣਾ ਵਿਚ ਫੂਡ ਮੰਤਰਾਲੇ ਵਲੋਂ ਕਾਰੋਬਾਰੀਆਂ ਦੀ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿਚ ਕੇਂਦਰੀ ਫੂਡ ਐਂਡ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਪਹੁੰਚੇ। ਰਵਨੀਤ ਬਿੱਟੂ ਨੇ ਪੰਜਾਬ ਵਿਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫੂਡ ਮੰਤਰਾਲੇ ਵਲੋਂ ਮਿਲਣ ਵਾਲੀਆਂ ਯੋਜਨਾਵਾਂ ਨੂੰ ਹੁਣ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਜਿਸਦੇ ਲਈ ਉਨ੍ਹਾਂ ਨੇ ਅਫਸਰਾਂ ਨੂੰ ਹਦਾਇਤਾਂ ਵੀ ਦੇ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 19 ਸਤੰਬਰ ਤੋਂ ਤਿੰਨ ਦਿਨਾਂ ਵਰਲਡ ਫੂਡ ਇੰਡੀਆ 2024 ਮੈਗਾ ਫੂਡ ਈਵੈਂਟ ਦਾ ਆਯੋਜਨ ਕੀਤਾ ਜਾਵੇਗਾ। ਬਿੱਟੂ ਨੇ ਪੰਜਾਬ ਦੇ ਸਾਰੇ ਕਾਰੋਬਾਰੀਆਂ ਨੂੰ ਇਸ ਈਵੈਂਟ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਉਨ੍ਹਾਂ ਦਾ ਕੰਮ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾਈ ਸੀ। ਭਾਵੇਂ ਰਵਨੀਤ ਬਿੱਟੂ ਚੋਣ ਹਾਰ ਗਏ ਸਨ, ਪਰ ਫਿਰ ਵੀ ਭਾਜਪਾ ਨੇ ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਹੈ।       

 

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ਟੁੱਟ ਗਿਆ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲੜੇਗੀ। ਇਸੇ ਦੌਰਾਨ ‘ਆਪ’ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਕਿਹਾ ਕਿ ਹਰਿਆਣਾ ਵਿਚ ਅਸੀਂ ਹਰ ਵਿਧਾਨ ਸਭਾ ਸੀਟ ’ਤੇ ਆਪਣਾ ਉਮੀਦਵਾਰ ਖੜ੍ਹਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿਚ ਇਕੱਲਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਚੋਣਾਂ ਲੜਾਂਗੇ। ਸੰਦੀਪ ਪਾਠਕ ਨੇ ਕਿਹਾ ਕਿ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਪਾਰਟੀ ਸਰਵੇ ਵਿਚ ਨਹੀਂ ਆਉਂਦੀ, ਜਦੋਂ ਕਿ ਸਿੱਧਾ ਸਰਕਾਰ ਹੀ ਬਣਾਉਂਦੀ ਹੈ। ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ‘ਇੰਡੀਆ’ ਗਠਜੋੜ ਤਹਿਤ ਮਿਲ ਕੇ ਲੜੀਆਂ ਸਨ।   

 

 

ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ ਦੀਪ ਮਲਹੋਤਰਾ

ਫਰੀਦਕੋਟ/ਬਿਊਰੋ ਨਿਊਜ਼

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਫਰੀਦਕੋਟ  ਦੇ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਦੇ ਉਘੇ ਕਾਰੋਬਾਰੀ ਦੀਪ ਮਲੋਹਤਰਾ ਦੇ ਘਰ ਅੱਜ ਮੰਗਲਵਾਰ ਸਵੇਰੇ ਰੇਡ ਕੀਤੀ ਗਈ। ਈਡੀ ਨੇ ਦੀਪ ਮਲਹੋਤਰਾ ਦੀ ਜ਼ੀਰਾ ਸ਼ਰਾਬ ਫੈਕਟਰੀ ’ਤੇ ਵੀ ਛਾਪਾ ਮਾਰਿਆ। ਸੂਚਨਾ ਅਨੁਸਾਰ ਈਡੀ ਦੀ ਟੀਮ ਨੇ ਦੀਪ ਮਲੋਹਤਰਾ ਦੇ ਸਾਥੀ ਕਾਰੋਬਾਰੀਆਂ ਅਤੇ ਹਿੱਸੇਦਾਰਾਂ ਦੇ ਘਰ ਵਿੱਚ ਵੀ ਰੇਡ ਕੀਤੀ ਹੈ ਅਤੇ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਵੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ ਕਰ ਚੁੱਕਾ ਹੈ। ਈਡੀ ਦੀ ਟੀਮ ਨੇ ਇਸ ਛਾਪੇਮਾਰੀ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਇਸ ਮੁੱਦੇ ’ਤੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੈ। ਈਡੀ ਦੀ ਟੀਮ ਨਾਲ ਖੁਫੀਆ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਬਾਕੀ ਸੂਬਿਆਂ ਦੀ ਪੁਲਿਸ ਵੀ ਮੌਜੂਦ ਸੀ।   

 

ਲਗਾਤਾਰ ਹਾਰ ਤੋਂ ਬਾਅਦ ਪਾਰਟੀ ’ਚ ਹੋਈ ਹੈ ਬਗਾਵਤ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਵਿਚ ਹੋਈ ਬਗਾਵਤ ਕਰਕੇ ਪਾਰਟੀ ਵਿਚ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ। ਬਾਗੀ ਧੜੇ ਦੇ ਆਗੂ ਪਾਰਟੀ ਦੀ ਹੋਈ ਮਾੜੀ ਹਾਲਤ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਸੁਖਬੀਰ ਬਾਦਲ ਕੋਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਉਹ ਆਪਣੀ ਮੰਗ ’ਤੇ ਅੜੇ ਹੋਏ ਹਨ। ਪਾਰਟੀ ਵਿਚ ਹੋਈ ਬਗਾਵਤ ਦਾ ਅਸਰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਵੀ ਦੇਖਿਆ ਗਿਆ ਹੈ ਤੇ ਇੱਥੇ ਅਕਾਲੀ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਗਾਵਤ ਨਾ ਰੁਕੀ ਤਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਸ਼ੋ੍ਰਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਜਾਣਗੀਆਂ। ਪਿਛਲੇ ਦਿਨੀਂ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ਼ਿਕਾਇਤ ਵੀ ਦਿੱਤੀ ਸੀ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਵੀ ਕੀਤਾ ਹੋਇਆ ਹੈ।

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਖੇ ਬੂਟਾ ਲਗਾ ਕੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਵਰ੍ਹੇਗੰਢ ਮਨਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ‘ਏਕ ਪੇਡ ਮਾਂ ਕੇ ਨਾਮ’ (ਇੱਕ ਰੁੱਖ ਮਾਂ ਲਈ) ਨੂੰ ਵੀ ਹੁਲਾਰਾ ਦੇਵੇਗੀ।

ਦੱਸਣਯੋਗ ਹੈ ਕਿ ਪੰਜਾਬ ਰਾਜ ਭਵਨ ਵਿਖੇ ਪੌਦਾ ਲਗਾਉਣ ਲਈ ਮਿੱਟੀ ਜੰਮੂ ਕਸ਼ਮੀਰ ਸਟੱਡੀ ਸੈਂਟਰ (ਜੇ.ਕੇ.ਐਸ.ਸੀ.) ਚੰਡੀਗੜ੍ਹ ਵੱਲੋਂ ਵਿਸੇਸ਼ ਤੌਰ ’ਤੇ ਕਾਰਗਿਲ ਯੁੱਧ ਦੇ ਸ਼ੁਰੂ ਹੋਣ ਵਾਲੇ ਸਥਾਨ ਬਜਰੰਗ ਪੋਸਟ ਤੋਂ ਲਿਆਂਦੀ ਗਈ ਹੈ। ਇਹ ਉਹ ਥਾਂ ਸੀ ਜਿੱਥੇ ਜਾਟ ਰੈਜੀਮੈਂਟ ਦੇ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ ਸਿਪਾਹੀਆਂ ਨੂੰ ਮਈ 1999 ਵਿੱਚ ਗਸ਼ਤ ਦੌਰਾਨ ਪਾਕਿਸਤਾਨ ਰੇਂਜਰਾਂ ਨੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੇ ਪੋਸਟ ਵਾਪਸ ਲੈਣ ਦੀ ਕੋਸ਼ਿਸ਼ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਰਾਜਪਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਦਿ੍ਰੜ ਹੌਸਲੇ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਜੋ ਨਾ ਸਿਰਫ਼ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਕਰਨ ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਸਹਾਈ ਹੋਣ।

ਬੂਟੇ ਲਗਾਉਣ ਦੀ ਇਹ ਮੁਹਿੰਮ ਜੰਮੂ ਕਸ਼ਮੀਰ ਸਟੱਡੀ ਸੈਂਟਰ, ਚੰਡੀਗੜ੍ਹ ਵੱਲੋਂ ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅਗਲੇ ਦੋ ਹਫ਼ਤਿਆਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਚਲਾਈ ਗਈ ਸੀ। ਸਮਾਗਮਾਂ ਦੀ ਲੜੀ ਅਧੀਨ ਸਭ ਤੋਂ ਪਹਿਲਾਂ ਯੂ.ਟੀ., ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ।

ਇਸ ਮੌਕੇ ਜੇ.ਕੇ.ਐਸ.ਸੀ. ਚੰਡੀਗੜ੍ਹ ਦੇ ਪ੍ਰਧਾਨ ਵਿਵੇਕ ਚੌਹਾਨ ਅਤੇ ਸਕੱਤਰ ਸਿਮਰਤ ਕਾਹਲੋਂ, ਨੇ ਇਸ ਪੰਦਰਵਾੜੇ ਦੌਰਾਨ ਜੇ.ਕੇ.ਐਸ.ਸੀ. ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪਹਿਲਕਦਮੀ ਦਾ ਹਿੱਸਾ ਬਣਨ ਲਈ ਰਾਜਪਾਲ ਅਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰੇਣੂ ਵਿਜ, ਪ੍ਰੋ. ਸ਼ਿਵਾਨੀ ਸ਼ਰਮਾ, ਸ੍ਰੀ ਦੀਪਕ ਬੱਤਰਾ, ਸ੍ਰੀ ਚੇਤਨ ਮਿੱਤਲ, ਸ੍ਰੀ ਦਵਿੰਦਰ ਠਾਕੁਰ, ਸ੍ਰੀ ਵਿਜੇ ਵੈਸ਼ਨਵੀ, ਸ੍ਰੀ ਜੈ ਕੁਮਾਰ, ਸ੍ਰੀ ਜਸਵਿੰਦਰ ਅਤੇ ਸ੍ਰੀ ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.