Friday, 17 April 2026

 

ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਲੜ ਸਕਦੇ ਹਨ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਚੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਗਿੱਦੜਬਾਹਾ ਵਿਚ ਜ਼ਿਮਨੀ ਚੋਣ ਹੋਣੀ ਹੈ, ਜਿਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਇਨ੍ਹਾਂ ਚਾਰਾਂ ਹਲਕਿਆਂ ਦੇ ਵਿਧਾਇਕਾਂ ਨੇ ਲੋਕ ਸਭਾ ਚੋਣ ਜਿੱਤ ਲਈ ਸੀ ਅਤੇ ਹੁਣ ਇਹ ਚਾਰੇ ਸੀਟਾਂ ਖਾਲੀ ਪਈਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਪਾਰਲੀਮਾਨੀ ਬੋਰਡ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਇਨ੍ਹਾਂ ਚਾਰਾਂ ਸੀਟਾਂ ਲਈ ਉਮੀਦਵਾਰ ਤੈਅ ਕਰਨ ਵਾਸਤੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗਾ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਪਾਰਟੀ ਦਾ ਪਾਰਲੀਮਾਨੀ ਬੋਰਡ 24 ਅਗਸਤ ਨੂੰ ਚੱਬੇਵਾਲ, 27 ਅਗਸਤ ਨੂੰ ਡੇਰਾ ਬਾਬਾ ਨਾਨਕ ਅਤੇ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕਰੇਗਾ। ਬੋਰਡ ਦੇ ਮੈਂਬਰਾਂ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਅਤੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਲ ਹਨ। ਪਾਰਲੀਮਾਨੀ ਬੋਰਡ ਗਿੱਦੜਬਾਹਾ ਹਲਕੇ ਦਾ ਕਿਸ ਦਿਨ ਦੌਰਾ ਕਰੇਗਾ, ਇਹ ਨਹੀਂ ਦੱਸਿਆ ਗਿਆ। ਪਰ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਗਿੱਦੜਬਾਹਾ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਹਨ।

 

ਸਤੰਬਰ ਮਹੀਨੇ ਤੱਕ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦਾ ਕੰਮ ਹੋ ਜਾਵੇਗਾ ਮੁਕੰਮਲ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੇ ਦਸੰਬਰ ਜਾਂ ਜਨਵਰੀ ਮਹੀਨੇ ਵਿਚ ਕਰਵਾਈਆਂ ਜਾ ਸਕਦੀਆਂ ਹਨ। ਇਨ੍ਹਾਂ ਚੋਣਾਂ ਸਬੰਧੀ ਗੁਰਦੁਆਰਾ ਚੋਣ ਕਮਿਸ਼ਨਰ ਐਸ ਐਸ ਸਾਰੋਂ ਦਾ ਕਹਿਣਾ ਹੈ ਕਿ 26 ਸਤੰਬਰ ਤੱਕ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਤੱਕ ਇਸ ਸਬੰਧੀ ਸਾਰਾ ਅਮਲ ਪੂਰਾ ਹੋਣ ਮਗਰੋਂ ਕੇਂਦਰ ਸਰਕਾਰ ਨੂੰ ਦਸੰਬਰ ਜਾਂ ਜਨਵਰੀ ਵਿਚ ਐਸਜੀਪੀਸੀ ਚੋਣਾਂ ਕਰਵਾਉਣ ਦੀ ਸਿਫਾਰਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਏ ਸਨ ਕਿ ਸੂਬੇ ਵਿਚ ਸ਼ੋ੍ਰਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਪਾਰਦਰਸ਼ੀ ਢੰਗ ਨਾਲ ਨਹੀਂ ਬਣ ਰਹੀਆਂ ਹਨ।     

ਨਵਾਂਸ਼ਹਿਰ - ਵਿਧਾਨ ਸਭਾ ਹਲਕਾ ਨਵਾਂਸ਼ਹਿਰ 'ਚ ਸਥਿਤ ਭਗਵਾਨ ਪਰਸ਼ੂਰਾਮ ਦੇ ਜਨਮ ਅਸਥਾਨ 'ਰਕਾਸਨ' ਵਿਖੇ ਵਿਸ਼ਾਲ ਤੀਰਥ ਅਸਥਾਨ ਦਾ ਨਿਰਮਾਣ ਕੀਤਾ ਜਾਵੇਗਾ। ਇਹ ਐਲਾਨ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀਰਵਾਰ ਨੂੰ 'ਰਕਸਾਨ' 'ਚ ਆਯੋਜਿਤ ਇਕ ਸ਼ਾਨਦਾਰ ਪ੍ਰੋਗਰਾਮ 'ਚ ਕੀਤਾ। ਸ਼ੇਖਾਵਤ ਨੇ ਦੱਸਿਆ ਕਿ ਜਦੋਂ ਡਾ. ਸੁਭਾਸ਼ ਸ਼ਰਮਾ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਸਥਾਨ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਖੁਦ ਇੱਥੇ ਮੱਥਾ ਟੇਕਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਪਰਸ਼ੂਰਾਮ ਨੂੰ ਸਮੁੱਚਾ ਸਮਾਜ ਸਤਿਕਾਰਦਾ ਹੈ। ਇਸ ਇਤਿਹਾਸਕ ਸਥਾਨ ਨੂੰ ਸੱਭਿਆਚਾਰ ਅਤੇ ਸੈਰ-ਸਪਾਟੇ ਦਾ ਵੱਡਾ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕ ਵਿਸ਼ਾਲ ਸੱਭਿਆਚਾਰਕ ਵਿਰਾਸਤ ਹੈ ਜਿਸ ਨੂੰ ਬਚਾਉਣ ਲਈ ਮੋਦੀ ਸਰਕਾਰ ਵਚਨਬੱਧ ਹੈ। ਸ਼ੇਖਾਵਤ ਨੇ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਨੇ ਸਨਾਤਨ ਧਰਮ ਅਤੇ ਭਾਰਤੀ ਸੰਸਕ੍ਰਿਤੀ ਨੂੰ ਨੁਕਸਾਨ ਪਹੁੰਚਾਉਣ ਲਈ ਹਮਲੇ ਕੀਤੇ ਅਤੇ ਸਾਜ਼ਿਸ਼ਾਂ ਰਚੀਆਂ ਪਰ ਸਾਡੀ ਸੰਸਕ੍ਰਿਤੀ ਅਤੇ ਧਰਮ ਅਜੇ ਵੀ ਜਿਉਂਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸਨਾਤਨ ਧਰਮ ਇੱਕ ਸਦੀਵੀ ਸੱਚ ਹੈ।

ਪ੍ਰੋਗਰਾਮ ਵਿੱਚ ਬੋਲਦਿਆਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਵਰਗ ਲਈ ਖੁਸ਼ੀ ਦੀ ਗੱਲ ਹੈ ਕਿ ਭਗਵਾਨ ਪਰਸ਼ੂਰਾਮ ਦੇ ਜਨਮ ਅਸਥਾਨ 'ਰਕਾਸਨ' ਵਿਸ਼ਾਲ ਤੀਰਥ ਬਣਨ ਜਾ ਰਿਹਾ ਹੈ। ਉਨ੍ਹਾਂ ਇਸ ਲਈ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਡਾ: ਸੁਭਾਸ਼ ਸ਼ਰਮਾ ਵੱਲੋਂ ਕੀਤੇ ਯਤਨਾਂ ਨੂੰ ਫਲ ਮਿਲਿਆ ਹੈ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਸਮੇਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਭਗਵਾਨ ਪਰਸ਼ੂਰਾਮ ਦੇ ਜਨਮ ਅਸਥਾਨ 'ਰਕਾਸਨ' ਨੂੰ ਵਿਸ਼ਾਲ ਤੀਰਥ ਸਥਾਨ ਬਣਾਉਣ ਲਈ ਪ੍ਰਸਾਦ ਸਕੀਮ ਅਧੀਨ ਲਿਆਉਣ ਦਾ ਯਤਨ ਕਰਨਗੇ | ਜਿਸ ਉਤਸ਼ਾਹ ਨਾਲ ਕੇਂਦਰੀ ਮੰਤਰੀ ਸ਼ੇਖਾਵਤ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਹੈ, ਉਸ ਲਈ ਉਹ ਹਮੇਸ਼ਾ ਸ਼ੇਖਾਵਤ ਦੇ ਰਿਣੀ ਰਹਿਣਗੇ। ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਦੇ ਵਿਕਾਸ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮਤਾ ਪੱਤਰ ਨੂੰ ਪੂਰਾ ਕਰਨ ਲਈ ਉਹ ਪੂਰਾ ਯਤਨ ਕਰਨਗੇ। ਉਨ੍ਹਾਂ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ  'ਰਕਾਸਨ' ਮੰਦਰ ਕਮੇਟੀ, ਗ੍ਰਾਮ ਪੰਚਾਇਤ ਅਤੇ ਬ੍ਰਾਹਮਣ ਸਭਾ ਨਵਾਂਸ਼ਹਿਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪ੍ਰੋਗਰਾਮ ਵਿੱਚ ਵ੍ਰਿੰਦਾਵਨ ਧਾਮ ਦੇ ਬ੍ਰਿਜ ਰਾਸ ਅਨੁਰਾਗੀ ਪੂਰਨਿਮਾ (ਪੂਨਮ ਦੀਦੀ) ਨੇ ਸੰਗਤਾਂ ਨੂੰ ਸ਼ਰਧਾ ਨਾਲ ਨਿਹਾਲ ਕੀਤਾ। ਇਸ ਮੌਕੇ ਸੰਘ ਦੇ ਸੀਨੀਅਰ ਪ੍ਰਚਾਰਕ ਪ੍ਰਮੋਦ ਕੁਮਾਰ, ਰਾਮ ਗੋਪਾਲ ਅਤੇ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਵੀ ਆਪਣਾ ਆਸ਼ੀਰਵਾਦ ਦੇਣ ਲਈ ਪਹੁੰਚੇ | ਪ੍ਰੋਗਰਾਮ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼, ਸਾਬਕਾ ਰਾਜ ਮੰਤਰੀ ਤੀਕਸ਼ਨ ਸੂਦ, ਦੁਰਗੇਸ਼ ਪਾਠਕ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਰਾਜਵਿੰਦਰ ਲੱਕੀ, ਸੁਸ਼ੀਲ ਸ਼ਰਮਾ, ਵਿਕਾਸ ਸ਼ਰਮਾ, ਨਿਪੁਨ ਸ਼ਰਮਾ, ਨਿਮਿਸ਼ਾ ਮਹਿਤਾ, ਪਰਮਿੰਦਰ ਸ਼ਰਮਾ, ਜਤਿੰਦਰਾ ਅਟਵਾਲ, ਸੁਖਮਿੰਦਰ ਗੋਲਡੀ, ਪੂਨਮ ਮਾਨਿਕ, ਵਿਸ਼ਾਲ ਸ਼ਰਮਾ, ਰਾਜੀਵ ਸ਼ਰਮਾ ਮਾਨਾ, ਅਵਿਨਾਸ਼ ਸ਼ਰਮਾ, ਬ੍ਰਾਹਮਣ ਸਭਾ ਤੋਂ ਸ਼ੇਖਰ ਸ਼ੁਕਲਾ, ਦੇਵੀ ਦਿਆਲ। ਸਮੇਤ ਸਮੂਹ ਸਮਾਜ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਰਵਨੀਤ ਬਿੱਟੂ ਨੇ ਭਾਜਪਾ ਹਾਈਕਮਾਨ ਦਾ ਕੀਤਾ ਧੰਨਵਾਦ

ਚੰਡੀਗੜ੍ਹ/ਬਿਊਰੋ ਨਿਊਜ਼ 

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਹੈ ਅਤੇ ਉਹ ਰਵਨੀਤ ਬਿੱਟੂ ਦਾ ਰਾਜ ਸਭਾ ਵਿਚ ਜਾਣਾ ਲਗਭਗ ਤੈਅ ਹੀ ਹੈ। ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਰਾਜਸਥਾਨ ਦੇ ਮੁੱਖ ਮੰਤਰੀ, ਸਾਡੇ ਸਾਰੇ ਕੈਬਨਿਟ ਮੰਤਰੀਆਂ ਅਤੇ ਭਾਜਪਾ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਕੋਲ ਰਾਜਸਥਾਨ ਵਲੋਂ ਦਿੱਤੇ ਅਸ਼ੀਰਵਾਦ ਬਾਰੇ ਬੋਲਣ ਲਈ ਕੋਈ ਸ਼ਬਦ ਨਹੀਂ ਹਨ। ਭਾਜਪਾ ਹਾਈਕਮਾਨ ਦੀ ਹੋਈ ਮੀਟਿੰਗ ਵਿਚ ਰਾਜ ਸਭਾ ਦੀ ਮੈਂਬਰੀ ਲਈ ਰਵਨੀਤ ਬਿੱਟੂ ਦੇ ਨਾਮ ’ਤੇ ਮੋਹਰ ਵੀ ਲਗਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ 9 ਸੂਬਿਆਂ ਵਿਚ ਖਾਲੀ ਹੋਈਆਂ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਪਹਿਲਾਂ ਕਾਂਗਰਸ ਪਾਰਟੀ ਵਲੋਂ 3 ਵਾਰ ਸੰਸਦ ਮੈਂਬਰ ਬਣੇ ਸਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਸੀ, ਪਰ ਉਹ ਚੋਣ ਹਾਰ ਗਏ ਸਨ। ਇਸਦੇ ਬਾਵਜੂਦ ਵੀ ਭਾਜਪਾ ਨੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ।

 

ਇਕ ਮਹੀਨੇ ਦੇ ਅੰਦਰ-ਅੰਦਰ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼   
ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ.ਜੀ.ਟੀ.) ਨੇ ਕੂੜੇ ਦੇ ਨਿਪਟਾਰੇ ਤੇ ਸੀਵਰੇਜ ਟਰੀਟਮੈਂਟ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਚਲਾਉਣ ਕਾਰਨ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਵੱਡੀ ਰਕਮ ਇਕ ਮਹੀਨੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇੱਥੇ ਹੀ ਬੱਸ ਨਹੀਂ ਪੰਜਾਬ ਵਿਚ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਹੁਣ ਤੱਕ ਦੇ ਕੰਮ ਦੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਐਨ.ਜੀ.ਟੀ. ਨੇ ਕਿਹਾ ਕਿ ਸਮੇਂ-ਸਮੇਂ ’ਤੇ ਨਿਰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਮੌਕੇ ਦਿੱਤੇ ਗਏ, ਪਰ ਸਰਕਾਰ ਵਲੋਂ ਇਨ੍ਹਾਂ ਨਿਰਦੇਸ਼ਾਂ ’ਤੇ ਕੋਈ ਗੌਰ ਨਹੀਂ ਕੀਤਾ ਗਿਆ। ਐਨ.ਜੀ.ਟੀ. ਦਾ ਬੈਂਚ ਇਸ ਸਾਰੇ ਮਾਮਲੇ ਦੀ ਸੁਣਵਾਈ ਹੁਣ 27 ਸਤੰਬਰ ਨੂੰ ਕਰੇਗਾ।    

 

ਪਠਾਨਕੋਟ ’ਚ ਮੰਤਰੀ ਲਾਲਚੰਦ ਕਟਾਰੂਚੱਕ ਨੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਪਠਾਨਕੋਟ/ਬਿਊਰੋ ਨਿਊਜ਼ 

ਪੰਜਾਬ ਵਿਚ ਹੁਣ ਹਰਿਆਲੀ ’ਚ ਵਾਧਾ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ ਅਤੇ ਹੁਣ ਡਰੋਨ ਰਾਹੀਂ ਪਲਾਂਟੇਸ਼ਨ ਕੀਤੀ ਜਾਵੇਗੀ। ਇਸੇ ਤਹਿਤ ਪਠਾਨਕੋਟ ਦੇ ਕਸਬਾ ਸ਼ਾਹਪੁਰ ਕੰਡੀ ਨੇੜੇ 30 ਹੈਕਟੇਅਰ ਜੰਗਲ ਵਿਚ ਡਰੋਨ ਰਾਹੀਂ ਵੱਖ-ਵੱਖ ਪ੍ਰਜਾਤੀਆਂ ਦੇ ਬੀਜਾਂ ਨੂੰ ਖਿਲਾਰਿਆ ਗਿਆ। ਇਸ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤੀ ਗਈ ਹੈ।  ਇਸ ਮੌਕੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਜੰਗਲ ਵਿਚ ਤੁਲਸੀ, ਆਂਵਲਾ, ਜਾਮੁਨ, ਹਰੜ, ਬਹੇੜਾ ਅਤੇ ਸੁਆਜਨ ਸਣੇ ਕਈ ਹੋਰ ਪ੍ਰਜਾਤੀਆਂ ਦੇ ਬੀਜਾਂ ਨੂੰ ਮਿੱਟੀ ਵਿਚ ਲਪੇਟ ਕੇ ਡਰੋਨ ਰਾਹੀਂ ਜੰਗਲ ਵਿਚ ਖਿਲਾਰਿਆ ਗਿਆ। ਧਿਆਨ ਰਹੇ ਕਿ ਇਸ ਸਮੇਂ ਪੂਰੇ ਪੰਜਾਬ ਵਿਚ ਹਰਿਆਲੀ ਮਿਸ਼ਨ ਨੂੰ ਲੈ ਕੇ ਪੌਦਿਆਂ ਨੂੰ ਲਗਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਪੰਜਾਬ ਵਿਚ 3 ਕਰੋੜ ਤੋਂ ਜ਼ਿਆਦਾ ਵੱਖ-ਵੱਖ ਪ੍ਰਜਾਤੀਆਂ ਦੇ ਪੌਦਿਆਂ ਨੂੰ ਲਗਾਇਆ ਜਾ ਰਿਹਾ ਹੈ।  

 

 

2 ਤੋਂ 4 ਸਤੰਬਰ ਤੱਕ ਚੱਲਣਾ ਹੈ ਪੰਜਾਬ ਵਿਧਾਨ ਸਭਾ ਦਾ ਇਜਲਾਸ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਸਤੰਬਰ ਤੋਂ 4 ਸਤੰਬਰ ਤੱਕ, ਸਿਰਫ ਤਿੰਨ ਦਿਨ ਲਈ ਬੁਲਾਇਆ ਗਿਆ ਹੈ। ਇਸ ਇਜਲਾਸ ਦੀ ਮਨਜੂਰੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਵੀ ਦੇ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਆਉਂਦੇ ਮਾਨਸੂਨ ਇਜਲਾਸ ਨੂੰ 3 ਦਿਨਾਂ ਤੋਂ ਵਧਾ ਕੇ ਇਕ ਮਹੀਨੇ ਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਵਿਚ ਪੰਜਾਬ ਦੇ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਨਹੀਂ ਹੋ ਸਕਦਾ, ਇਸ ਕਰਕੇ ਇਜਲਾਸ ਦੀ ਮਿਆਦ ਇਕ ਮਹੀਨਾ ਕੀਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਬਾਗੀ ਆਗੂ ਨਾਗਪੁਰ ਤੋਂ ਆਰ.ਐਸ.ਐਸ. ਅਤੇ ਦਿੱਲੀ ਤੋਂ ਭਾਜਪਾ ਹਾਈਕਮਾਂਡ ਦੀ ਸਲਾਹ ਲੈ ਰਹੇ ਹਨ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਅਤੇ ਇਹ ਸਫਲ ਨਹੀਂ ਹੋਣਗੇ। 

 

ਵਾਹਘਾ ਬਾਰਡਰ ’ਤੇ ਸੁਰੱਖਿਆ ਕਰਮੀਆਂ ਦੇ ਵੀ ਬੰਨ੍ਹੀਆਂ ਗਈਆਂ ਰੱਖੜੀਆਂ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਤੇ ਚੰਡੀਗੜ੍ਹ ਸਣੇ ਅੱਜ ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਵੀ ਸਿਆਸੀ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ। ਧਿਆਨ ਰਹੇ ਕਿ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਸੇ ਦੌਰਾਨ ਅੱਜ ਵਾਹਗਾ ਬਾਰਡਰ ’ਤੇ ਵੀ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਈ ਭੈਣਾਂ ਫੌਜੀ ਜਵਾਨਾਂ ਦੇ ਗੁੱਟਾਂ ’ਤੇ ਰੱਖੜੀ ਬੰਨਣ ਲਈ ਪਹੁੰਚੀਆਂ। ਧਿਆਨ ਰਹੇ ਕਿ ਸਾਲ 1968 ’ਚ ਅਟਾਰੀ ਸਰਹੱਦ ’ਤੇ ਫੌਜੀ ਜਵਾਨਾਂ ਦੇ ਰੱਖੜੀ ਬੰਨ੍ਹਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ। ਉਸ ਸਮੇਂ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਵਲੋਂ ਸ਼ੁਰੂ ਕੀਤਾ ਹੋਇਆ ਇਹ ਕਾਰਜ, ਅੱਜ ਦੇਸ਼ ਦੀਆਂ ਹੋਰ ਸਰਹੱਦਾਂ ’ਤੇ ਵੀ ਪਹੁੰਚ ਚੁੱਕਾ ਹੈ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਾਲਜ ਵਿਚ ਪ੍ਰੋਫੈਸਰ ਰਹਿੰਦੇ ਹੋਏ ਸਰਹੱਦ ’ਤੇ ਫੌਜੀ ਜਵਾਨਾਂ ਦੇ ਰੱਖੜੀਆਂ ਬੰਨ੍ਹਣ ਦਾ ਕਾਰਜ ਸ਼ੁਰੂ ਕੀਤਾ ਸੀ। ਹੁਣ ਝਾਰਖੰਡ, ਪੁੰਛ, ਹੁਸੈਨੀਵਾਲਾ, ਅਜਨਾਲਾ, ਖੇਮਕਰਨ, ਭਿੱਖੀਵਿੰਡ ਅਤੇ ਡੇਰਾ ਬਾਬਾ ਨਾਨਕ ਦੇ ਖੇਤਰ ਵਿਚ ਪੈਂਦੀ  ਸਰਹੱਦ ’ਤੇ ਵੀ ਇਸ ਪ੍ਰਕਿਰਿਆ ਨੂੰ ਲੋਕ ਅੱਗੇ ਵਧਾ ਰਹੇ ਹਨ।   

 

ਰਾਜੇਵਾਲ ਨੇ ਕਿਹਾ : ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਭਿਆਨਕ ਬਿਮਾਰੀਆਂ ਦਾ ਕਾਰਨ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ, ਜੋ ਕਿ ਸੂਬੇ ਲਈ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਸਿੰਜਾਈ ਮੰਤਰੀ ਨੇ ਸੰਸਦ ਵਿੱਚ ਪਾਣੀ ਦੇ ਦੂਸ਼ਿਤ ਹੋਣ ਵਾਲੀ ਪੇਸ਼ ਕੀਤੀ ਰਿਪੋਰਟ ਵਿੱਚ ਮੰਨਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਭਿਆਨਕ ਬਿਮਾਰੀਆਂ ਫੈਲਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਤਹਿ ਬਹੁਤ ਸਾਰੇ ਜ਼ਹਿਰੀਲੇ ਰਸਾਇਣਾਂ ਕਾਰਨ ਇੰਨੀ ਦੂਸ਼ਿਤ ਹੋ ਗਈ ਹੈ ਕਿ ਉਸ ਦਾ ਪਾਣੀ ਨਾ ਫਸਲਾਂ ਲਈ ਵਰਤਣਯੋਗ ਰਿਹਾ ਅਤੇ ਨਾ ਹੀ ਪੀਣਯੋਗ ਰਹੇਗਾ। ਇਸ ਲਈ ਪੰਜਾਬ ਵਾਸੀਆਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਹਰ ਘਰ ਅਤੇ ਖੇਤੀ ਲਈ ਨਹਿਰੀ ਪਾਣੀ ਲੈਣ ਲਈ ਸੰਘਰਸ਼ ਕਰਨਾ ਪਵੇਗਾ।

ਗਿੱਦੜਬਾਹਾ ’ਚ ਕਾਂਗਰਸ ਅਤੇ ਅਕਾਲੀ ਦਲ ’ਚ ਸਖਤ ਟੱਕਰ ਹੋਣ ਦੀ ਸੰਭਾਵਨਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ’ਚ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ ਨੂੰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਹਲਚਲ ਵਧਾ ਦਿੱਤੀ ਹੈ। ਚੋਣ ਕਮਿਸ਼ਨ ਵਲੋਂ ਅਜੇ ਤੱਕ ਇਨ੍ਹਾਂ ਚਾਰ ਹਲਕਿਆਂ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਭਾਵੇਂ ਅਜੇ ਤੱਕ ਨਹੀਂ ਕੀਤਾ ਗਿਆ, ਪਰ ਸਿਆਸੀ ਆਗੂਆਂ ਨੇ ਇਨ੍ਹਾਂ ਹਲਕਿਆਂ ਵਿਚ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਸੀਟ ਇਨ੍ਹਾਂ ਚਾਰਾਂ ਸੀਟਾਂ ਵਿਚੋਂ ਅਹਿਮ ਮੰਨੀ ਜਾ ਰਹੀ ਹੈ ਅਤੇ ਇਸ ਸੀਟ ’ਤੇ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ ਹੋਣ ਦੇ ਅਸਾਰ ਬਣ ਗਏ ਹਨ। ਗਿੱਦੜਬਾਹਾ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਵਿਧਾਇਕ ਸਨ ਅਤੇ ਉਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤ ਕੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਗਿੱਦੜਬਾਹਾ ਸੀਟ ’ਤੇ ਕਈ ਸਿਆਸੀ ਆਗੂ ਚੋਣ ਮੈਦਾਨ ਵਿਚ ਆਉਣ ਲਈ ਤਿਆਰ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਨੇ ਵੀ ਇਸ ਹਲਕੇ ਵਿਚ ਮੀਟਿੰਗਾਂ ਦਾ ਦੌਰ ਲਗਾਤਾਰ ਚਲਾਇਆ ਹੋਇਆ ਹੈ। ਇਸੇ ਤਰ੍ਹਾਂ ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਧਿਆਨ ਰਹੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੀ ਇਹ ਚਾਰੋ ਸੀਟਾਂ ਜਿੱਤਣ ਲਈ ਪੂਰਾ ਜ਼ੋਰ ਲਗਾਏਗੀ।

ਨਵਾਂਸ਼ਹਿਰ-ਖੰਨਾ ਅਤੇ ਬਲਾਚੌਰ-ਰੋਪੜ ਲਈ ਰੇਲਵੇ ਲਾਈਨ ਵੀ ਮੰਗੀ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜ ਚੁੱਕੇ ਡਾ. ਸੁਭਾਸ਼ ਸ਼ਰਮਾ ਨੇ ਦਿੱਲੀ ਵਿਖੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਰੇਲਵੇ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਮੁਹਾਲੀ, ਰੋਪੜ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਰੇਲ ਮੰਤਰੀ ਨੂੰ ਜਾਣਕਾਰੀ ਦਿੱਤੀ।

ਓਹਨਾ ਦੱਸਿਆ ਕਿ ਮੋਹਾਲੀ ਦੇ ਪਿੰਡ ਸ਼ਾਮਪੁਰ ਅਤੇ ਰਾਏਪੁਰ ਕਲਾਂ ਵਿਚਕਾਰ ਰੇਲਵੇ ਅੰਡਰਪਾਸ 'ਤੇ ਇੱਕ ਸ਼ੈੱਡ ਦੀ ਜ਼ਰੂਰਤ ਹੈ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਾਣੀ ਉੱਥੇ ਨਾ ਖੜ੍ਹੇ। ਇਸ ਤੋਂ ਇਲਾਵਾ ਮੁਹਾਲੀ ਦੇ ਪਿੰਡ ਸਨੇਟਾ ਵਿੱਚ ਲਾਂਡਰਾ ਰੋਡ ’ਤੇ ਬਣੇ ਓਵਰਬ੍ਰਿਜ ਨੂੰ ਚੌੜਾ ਕੀਤਾ ਜਾਵੇ। ਖਰੜ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ (ਊਨਾ ਤੋਂ ਦਿੱਲੀ) ਸਟਾਪੇਜ ਬਣਾਇਆ ਜਾਵੇ। ਡਾ: ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਅਧੀਨ ਆਉਂਦੀ ਦਿੱਲੀ-ਊਨਾ ਰੇਲਵੇ ਲਾਈਨ ਨੇ ਨੰਗਲ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ, ਇਸ ਕਰਕੇ ਇੱਥੇ ਅੰਡਰਪਾਸ ਬਣਨਾ ਜਰੂਰੀ ਹੈ। ਇਸ ਤੋਂ ਇਲਾਵਾ ਸੱਚਖੰਡ ਅਤੇ ਸਵਰਮਤੀ ਐਕਸਪ੍ਰੈਸ ਦਾ ਸਟਾਪੇਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਦਿੱਤਾ ਜਾਵੇ। ਨਾਲ ਹੀ ਮੋਰਿੰਡਾ ਰੇਲਵੇ ਸਟੇਸ਼ਨ ਦਾ ਨਾਮ ਮਾਤਾ ਗੁਜਰੀ ਜੀ ਦੇ ਨਾਂ 'ਤੇ ਰੱਖਿਆ ਜਾਵੇ। ਨਵਾਂਸ਼ਹਿਰ ਜ਼ਿਲ੍ਹੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਨੂੰ ਖੰਨਾ ਨਾਲ ਨਵੀਂ ਰੇਲ ਲਾਈਨ (40 ਕਿਲੋਮੀਟਰ) ਅਤੇ ਬਲਾਚੌਰ ਨੂੰ ਰੋਪੜ ਨਾਲ ਨਵੀਂ ਰੇਲ ਲਾਈਨ (30 ਕਿਲੋਮੀਟਰ) ਰਾਹੀਂ ਜੋੜਿਆ ਜਾਣਾ ਚਾਹੀਦਾ ਹੈ।

ਇਨ੍ਹਾਂ ਸਾਰੇ ਮੁੱਦਿਆਂ ਬਾਰੇ ਗੱਲਬਾਤ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਇਸ ਲਈ ਉਨ੍ਹਾਂ ਨੇ ਰੇਲ ਮੰਤਰੀ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਡਾ: ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਰੇਲ ਮੰਤਰੀ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।

 

 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ’ਚ ਜ਼ਿਮਨੀ ਚੋਣ ਨਵੰਬਰ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੇ ਲੋਕ ਸਭਾ ਦੀ ਚੋਣ ਜਿੱਤ ਲਈ ਸੀ ਅਤੇ ਇਨ੍ਹਾਂ ਚਾਰਾਂ ਵਿਧਾਇਕਾਂ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਮੀਤ ਹੇਅਰ ਅਤੇ ਰਾਜ ਕੁਮਾਰ ਚੱਬੇਵਾਲ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੀਡੀਆ ਹਲਕਿਆਂ ਵਿਚ ਚਰਚਾ ਚੱਲ ਪਈ ਹੈ ਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਹੁਣ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਗਿੱਦੜਬਾਹਾ ਹਲਕੇ ਵਿਚ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਿੱਦੜਬਾਹਾ ਹਲਕੇ ਤੋਂ ਰਾਜਾ ਵੜਿੰਗ ਕਾਂਗਰਸ ਪਾਰਟੀ ਵਲੋਂ ਵਿਧਾਇਕ ਸਨ।  

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.