Friday, 17 April 2026

 

ਧਾਮੀ ਨੇ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਸਮੇਂ ਸ਼ਰਤਾਂ ਦੀ ਅਣਦੇਖੀ ਹੋਣ ਦੇ ਮੁੜ ਫਿਰ ਆਰੋਪ ਲਗਾਏ ਹਨ। ਧਾਮੀ ਨੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸਐੱਸ ਸਾਰੋਂ ਕੋਲੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖ ਸੰਸਥਾ ਦੀਆਂ ਵੋਟਾਂ ਬਣਾਉਣ ਲਈ ਤੈਅ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸੰਗਤ ਕੋਲੋਂ ਇਹ ਸੂਚਨਾ ਪ੍ਰਾਪਤ ਹੋ ਰਹੀ ਹੈ ਕਿ ਸਰਕਾਰੀ ਕਰਮਚਾਰੀ ਤਾਜ਼ਾ ਲੋਕ ਸਭਾ ਚੋਣਾਂ ਵਾਲੀ ਸੂਚੀ ਨੂੰ ਅਧਾਰ ਬਣਾ ਕੇ ਸਿੱਧੇ ਤੌਰ ’ਤੇ ਹੀ ਵੋਟਾਂ ਬਣਾ ਰਹੇ ਹਨ ਅਤੇ ਸਾਬਤ ਸੂਰਤ ਸਿੱਖ ਦੀ ਸ਼ਰਤ ਨੂੰ ਸ਼ਰ੍ਹੇਆਮ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਬੇਨਿਯਮੀਆਂ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। 

 

ਕਿਹਾ : ਡਿੰਪੀ ਢਿੱਲੋਂ ਨੂੰ ਅੱਜ ਵੀ ਗਿੱਦੜਬਾਹਾ ਤੋਂ ਟਿਕਟ ਦੇਣ ਲਈ ਹਾਂ ਤਿਆਰ

ਗਿੱਦੜਬਾਹਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿੰਡ ਬਾਦਲ ਵਿਖੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ’ਚ ਵਾਪਸ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਡਿੰਪੀ ਢਿੱਲੋਂ ਨੂੰੂ ਆਪਣਾ ਛੋਟਾ ਭਰਾ ਮੰਨਦੇ ਹਨ। ਸੁਖਬੀਰ ਨੇ ਕਿਹਾ ਕਿ ਉਹ ਜਦੋਂ ਵੀ ਚਾਹੁਣ ਅਕਾਲੀ ਦਲ ਵਿਚ ਵਾਪਸ ਆ ਸਕਦੇ ਹਨ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਟਿਕਟ ਵੀ ਡਿੰਪੀ ਢਿੱਲੋਂ ਨੂੰ ਦੇ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਹੀ ਪਾਰਟੀ ਵਿਚ ਵਾਪਸ ਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਢਿੱਲੋਂ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ।

 

ਸ਼ੱਕੀ ਡਰੋਨ ਕਾਰਨ ਤਿੰਨ ਘੰਟੇ ਰੋਕਣੀਆਂ ਪਈਆਂ ਉਡਾਣਾਂ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ’ਤੇ ਸੋਮਵਾਰ ਦੀ ਰਾਤ ਨੂੰ ਸ਼ੱਕੀ ਡਰੋਨ ਦੀ ਹਲਚਲ ਦੇਖੀ ਗਈ ਸੀ। ਇਸ ਕਾਰਨ ਕਰੀਬ 3 ਘੰਟੇ ਤੱਕ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ। ਡਰੋਨ ਦੀ ਮੂਵਮੈਂਟ ਦੇ ਕਾਰਨ ਏਅਰ ਇੰਡੀਆ ਦੀ ਦਿੱਲੀ-ਅੰਮਿ੍ਰਤਸਰ ਫਲਾਈਟ ਨੂੰ ਵੀ ਲੈਂਡਿੰਗ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ ਅਤੇ ਕਲੀਅਰੈਂਸ ਨਾ ਮਿਲਣ ਦੇ ਕਾਰਨ ਇਹ ਫਲਾਈਟ ਵਾਪਸ ਪਰਤ ਗਈ ਅਤੇ ਫਿਰ ਸਵੇਰੇ 4 ਵਜੇ ਅੰਮਿ੍ਰਤਸਰ ਏਅਰਪੋਰਟ ’ਤੇ ਪਹੁੰਚੀ ਸੀ। ਏਅਰਪੋਰਟ ਦੇ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਅਧਿਕਾਰੀਆਂ ਨੂੰ 3 ਡਰੋਨਾਂ ਦੀ ਹਲਚਲ ਦੇਖਣ ਨੂੰ ਮਿਲੀ ਸੀ। ਇਹ ਹਲਚਲ ਸੋਮਵਾਰ ਰਾਤ ਸਵਾ 10 ਵਜੇ ਤੋਂ 11 ਵਜੇ ਤੱਕ ਦੇਖੀ ਗਈ। ਇਸ ਦੌਰਾਨ ਡਰੋਨ ਕਦੀ ਏਅਰਪੋਰਟ ਦੇ ਉਪਰ ਆਉਂਦਾ ਸੀ ਅਤੇ ਕਦੀ ਵਾਪਸ ਚਲਾ ਜਾਂਦਾ ਸੀ। ਇਸੇ ਤਰ੍ਹਾਂ ਦੋ ਡਰੋਨ ਏਅਰਪੋਰਟ ਦੀ ਬਾਊਂਡਰੀ ਕੋਲ ਦੇਖੇ ਗਏ। ਇਸ ਨੂੰ ਦੇਖਦਿਆਂ ਅੰਮਿ੍ਰਤਸਰ ਦੇ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। 

 

ਏਕੜਾਂ ਥਾਂ ’ਚ ਬਣਿਆ ਹੋਇਆ ਘਰ ਮੁੱਖ ਮੰਤਰੀ ਲਈ ਕੀਤਾ ਜਾ ਰਿਹਾ ਤਿਆਰ

ਜਲੰਧਰ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਵਿਚ ਏਕੜਾਂ ਥਾਂ ’ਚ ਬਣੇ ਹੋਏ ਘਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਐਲਾਨ ਕੀਤਾ ਸੀ ਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣਗੇ, ਜਿਸ ਤਹਿਤ ਇਹ ਮਕਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਘਰ ਪੁਰਾਣੀ ਬਾਰਾਂਦਰੀ ਖੇਤਰ ਵਿਚ ਹੈ ਤੇ ਇਸ ਮਕਾਨ ਦਾ ਨੰਬਰ ਇਕ ਹੈ। ਇਹ ਘਰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਤੋਂ ਵੀ ਪੁਰਾਣਾ ਹੈ। ਇਹ ਥਾਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਇਸ ਘਰ ਨੂੰ ਪਿਛਲੇ 176 ਸਾਲਾਂ ਵਿਚ 140 ਕਮਿਸ਼ਨਰਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਸੀ। ਇਥੇ ਆਖ਼ਰੀ ਰਹਿਣ ਵਾਲੇ ਕਮਿਸ਼ਨਰ ਆਈਏਐੱਸ ਗੁਰਪ੍ਰੀਤ ਸਪਰਾ ਸਨ ਜਿਨ੍ਹਾਂ ਨੂੰ ਇਹ ਘਰ ਖਾਲੀ ਕਰਨ ਲਈ ਕਿਹਾ ਗਿਆ ਕਿਉਂਕਿ ਇਸ ਘਰ ਨੂੰ ਮੁੱਖ ਮੰਤਰੀ ਦਾ ਰੈਣ ਬਸੇਰਾ ਬਣਾਉਣ ਲਈ ਤਿਆਰ ਕਰਨਾ ਸੀ। ਮੁੱਖ ਮੰਤਰੀ ਭਗਵੰਤ ਮਾਨ ਇਸ ਘਰ ਵਿਚ ਰਹਿਣ ਵਾਲੇ 141ਵੇਂ ਸ਼ਖ਼ਸ ਹੋਣਗੇ।  

 

ਡਿੰਪੀ ਢਿੱਲੋਂ ਨੇ ਅਕਾਲੀ ਦਲ ’ਚੋਂ ਦੇ ਦਿੱਤਾ ਸੀ ਅਸਤੀਫਾ 

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਵਿਚੋਂ ਅਸਤੀਫਾ ਦੇਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਭਗਵੰਤ ਮਾਨ ਨੇ ਗਿੱਦੜਬਾਹਾ ਵਿਖੇ ਡਿੰਪੀ ਢਿੱਲੋਂ ਨੂੰ ‘ਆਪ’ ਵਿਚ ਸ਼ਾਮਲ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਿੰਪੀ ਢਿੱਲੋਂ ਨੇ ਪਿਛਲੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਵਿਚੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਵੀ ਰਹੇ ਹਨ। ਡਿੰਪੀ ਢਿੱਲੋਂ ਨੇ ਦੋ ਵਾਰ ਅਕਾਲੀ ਦਲ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਵੀ ਲੜੀ ਸੀ, ਪਰ ਉਹ ਹਾਰ ਗਏ ਸਨ। ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਹੁਣ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨ ਸਕਦੀ ਹੈ।  

 

ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ’ਤੇ ਲਗਾਏ ਵੱਡੇ ਇਲਜ਼ਾਮ

ਗਿੱਦੜਬਾਹਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵੱਡੇ ਇਲਜ਼ਾਮ ਲਗਾਏ ਹਨ। ਇਸਦੇ ਨਾਲ ਹੀ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦੇ ਦਿੱਤੇ ਹਨ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ’ਤੇ ਅੰਨ੍ਹਾ ਭਰੋਸਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲੰਘੇ ਕੱਲ੍ਹ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਤਾਂ ਮੈਂ ਬਹੁਤ ਰੋਇਆ। ਇਸੇ ਦੌਰਾਨ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦੇ ਦਿੱਤੇ ਹਨ। ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ ਅਤੇ ਦੋ ਵਾਰ ਅਕਾਲੀ ਦਲ ਵਲੋਂ ਚੋਣ ਵੀ ਲੜ ਚੁੱਕੇ ਹਨ। ਦੱਸਣਯੋਗ ਹੈ ਕਿ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿਚ ਹੁਣ ਜ਼ਿਮਨੀ ਚੋਣ ਹੋਣੀ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਹਲਕੇ ਵਿਚ ਪਿਛਲੇ ਦਿਨਾਂ ਤੋਂ ਖੁਦ ਸਰਗਰਮ ਹਨ। ਇਹ ਵੀ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਹਲਕੇ ਤੋਂ ਖੁਦ ਚੋਣ ਲੜਨਗੇ। ਇਸ ਨੂੰੂ ਲੈ ਕੇ ਡਿੰਪੀ ਢਿੱਲੋਂ ਪਿਛਲੇ ਦਿਨਾਂ ਤੋਂ ਅਕਾਲੀ ਦਲ ਤੋਂ ਨਰਾਜ਼ ਵੀ ਚੱਲ ਰਹੇ ਸਨ।  

 

 

ਮਨਪ੍ਰੀਤ ਦੀ ਵਾਪਸੀ ਸਬੰਧੀ ਗੱਲਾਂ ਨੂੰ ਸੁਖਬੀਰ ਨੇ ਦੱਸਿਆ ਬੇਬੁਨਿਆਦ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ ਹੋਣੀ ਹੈ। ਇਨ੍ਹਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੇ ਲੋਕ ਸਭਾ ਦੀ ਚੋਣ ਜਿੱਤ ਲਈ ਸੀ ਅਤੇ ਇਹ ਸੀਟਾਂ ਖਾਲੀ ਹੋ ਗਈਆਂ ਹਨ। ਇਨ੍ਹਾਂ ਜ਼ਿਮਨੀ ਚੋਣਾਂ ਸਬੰਧੀ ਚੋਣ ਕਮਿਸ਼ਨ ਨੇ ਭਾਵੇਂ ਅਜੇ ਤੱਕ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ, ਪਰ ਸਿਆਸੀ ਅਖਾੜਾ ਭਖ ਵੀ ਗਿਆ ਹੈ। ਇਨ੍ਹਾਂ ਚਾਰਾਂ ਸੀਟਾਂ ਵਿਚੋਂ ਸਭ ਤੋਂ ਅਹਿਮ ਸੀਟ ਗਿੱਦੜਬਾਹਾ ਬਣਦੀ ਜਾ ਰਹੀ ਹੈ। ਗਿੱਦੜਬਾਹਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਲੜਨ ਦੀ ਚਰਚਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੁਖਬੀਰ ਬਾਦਲ ਦੇ ਨਜ਼ਦੀਕੀ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਭਲਕੇ 28 ਅਗਸਤ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਤੋਂ ਟਿਕਟ ਦੇ ਸਕਦੀ ਹੈ। ਇਸ ਨੂੰੂ ਦੇਖਦਿਆਂ ਲੱਗਦਾ ਹੈ ਕਿ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਸੁਖਬੀਰ ਸਿੰਘ ਬਾਦਲ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਹਮੋ ਸਾਹਮਣੇ ਹੋ ਸਕਦੇ ਹਨ। ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੀ ਅਕਾਲੀ ਦਲ ’ਚ ਵਾਪਸੀ ਸਬੰਧੀ ਗੱਲਾਂ ਨੂੰ ਸੁਖਬੀਰ ਬਾਦਲ ਨੇ ਬੇਬੁਨਿਆਦ ਦੱਸਿਆ ਹੈ। ਗਿੱਦੜਬਾਹਾ ਹਲਕੇ ਤੋਂ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਅਤੇ ਹੁਣ ਕਾਂਗਰਸ ਪਾਰਟੀ ਦੇ ਕਈ ਆਗੂ ਗਿੱਦੜਬਾਹਾ ਹਲਕੇ ਤੋਂ ਟਿਕਟ ਲੈਣ ਦੀ ਦੌੜ ਵਿਚ ਹਨ। 

 

ਸਰਕਾਰ 4 ਸਾਲਾਂ ਬਾਅਦ ਕਰ ਰਹੀ ਹੈ ਰੈਗੂਲਰ ਭਰਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਰੀਬ 4 ਸਾਲਾਂ ਬਾਅਦ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਇਸ ਕੰਮ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਚੱਲ ਰਹੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੱਕ ਹੈ, ਜਦੋਂ ਕਿ ਕੰਪਿਊਟਰ ਆਧਾਰਿਤ ਟੈਸਟ 8 ਸਤੰਬਰ ਨੂੰ ਹੋਵੇਗਾ। ਸਿਹਤ ਵਿਭਾਗ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਹਸਪਤਾਲਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਅੱਧੀਆਂ ਤੋਂ ਵੱਧ ਖਾਲੀ ਪਈਆਂ ਹਨ। ਸਿਹਤ ਵਿਭਾਗ ਵਿੱਚ ਕੁੱਲ 2300 ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਹਨ ਅਤੇ ਇਨ੍ਹਾਂ ਵਿੱਚੋਂ 1250 ਅਸਾਮੀਆਂ ਖਾਲੀ ਪਈਆਂ ਹਨ।

 

ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੀ ਨਿਰਮਲ ਸਿੰਘ ਭੰਗੂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਮ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪਰਲਜ਼ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਨਿਰਮਲ ਸਿੰਘ ਭੰਗੂ ਪਰਲਜ਼ ਕੰਪਨੀ ਰਾਹੀਂ ਨਿਵੇਸ਼ਕਾਂ ਦੇ 45 ਹਜ਼ਾਰ ਕਰੋੜ ਰੁਪਏ ਠੱਗਣ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਸੀ। ਦੱਸਿਆ ਜਾਂਦਾ ਹੈ ਕਿ ਨਿਰਮਲ ਸਿੰਘ ਭੰਗੂ ਨੂੰ ਇਲਾਜ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਜਿਥੇ ਐਤਵਾਰ ਰਾਤ ਕਰੀਬ 8 ਵਜੇ ਉਸਨੇ ਦਮ ਤੋੜ ਦਿੱਤਾ। ਉਸ ਨੂੰ ਘਪਲੇ ਦੇ ਸਬੰਧ ਵਿਚ ਕੇਂਦਰੀ ਜਾਂਚ ਬਿਊਰੋ ਨੇ 2016 ਵਿਚ ਗਿ੍ਰਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਹੀ ਉਹ ਜੇਲ੍ਹ ਵਿਚ ਬੰਦ ਸੀ।  

 

ਸਾਬਕਾ ਕਾਂਗਰਸੀ ਮੰਤਰੀ ਆਸ਼ੂ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਕੀਤਾ ਗਿਆ ਹੈ ਗਿ੍ਰਫਤਾਰ

ਜਲੰਧਰ/ਬਿਊਰੋ ਨਿਊਜ਼   

ਲੁਧਿਆਣਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਦੀ ਟੀਮ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਲੰਘੀ 1 ਅਗਸਤ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਹ ਪਿਛਲੇ ਦਿਨਾਂ ਤੋਂ ਨਿਆਇਕ ਹਿਰਾਸਤ ਵਿਚ ਸਨ। ਅੱਜ ਭਾਰਤ ਭੂਸ਼ਣ ਆਸ਼ੂ ਨੂੰੂ ਮੁੜ ਜਲੰਧਰ ਦੀ ਅਦਾਲਤ ਵਿਚ ਪੇੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਦੀ ਨਿਆਇਕ ਹਿਰਾਸਤ ਫਿਰ 14 ਦਿਨ ਲਈ ਵਧਾ ਦਿੱਤੀ ਹੈ। ਹੁਣ ਆਸ਼ੂ ਨੂੰ 5 ਸਤੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲੰਘੀ 1 ਅਗਸਤ ਨੂੰ ਆਸ਼ੂ ਕੋਲੋਂ ਜਲੰਧਰ ਦੇ ਈਡੀ ਦਫਤਰ ਵਿਚ ਪੁੱਛਗਿੱਛ ਕੀਤੀ ਗਈ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਸਨ ਤਾਂ ਉਨ੍ਹਾਂ ’ਤੇ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਟੈਂਡਰਾਂ ’ਚ ਘਪਲੇ ਦੇ ਆਰੋਪ ਲੱਗੇ ਸਨ। 

 

ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ

ਚੰਡੀਗੜ੍ਹ/ਬਿਊਰੋ ਨਿਊਜ਼

ਰੋਪੜ ਦੇ 5 ਸਾਲਾਂ ਦੇ ਬੱਚੇ ਤੇਗਬੀਰ ਸਿੰਘ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਹ ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਕਿਲਿਮੰਜਾਰੋ ਅਫਰੀਕੀ ਮਹਾਂਦੀਪ ਦੀ ਸਭ ਤੋਂ ਉਚੀ ਚੋਟੀ ਹੈ ਅਤੇ ਤਨਜਾਨੀਆ ਵਿਚ 19,340 ਫੁੱਟ ਤੋਂ ਜ਼ਿਆਦਾ ਉਚਾਈ ’ਤੇ ਸਥਿਤ ਹੈ। ਤੇਗਬੀਰ ਸਿੰਘ ਨੇ ਲੰਘੀ 18 ਅਗਸਤ ਨੂੰ ਮਾਊਂਟ ਕਿਲਿਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ।  ਇਸੇ ਦੌਰਾਨ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਰੋਪੜ ਦੇ 5 ਸਾਲਾਂ ਦੇ ਤੇਗਬੀਰ ਸਿੰਘ ’ਤੇ ਮਾਣ ਹੈ, ਜੋ ਕਿ ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਹਿੰਮਤ ਤੇ ਦਿ੍ਰੜ ਇਰਾਦਾ ਸਭਨਾਂ ਲਈ ਪ੍ਰੇਰਨਾ ਸਰੋਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਦੀਆਂ ਪ੍ਰਾਪਤੀਆਂ ਹੋਰਾਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਨਗੀਆਂ। 

 

ਇਕ ਹਫਤੇ ’ਚ ਕੂੜਾ ਨਿਪਟਾਉਣ ਦੇ ਲਈ ਦੋ ਟੈਂਡਰ ਜਾਰੀ

ਲੁਧਿਆਣਾ/ਬਿਊਰੋ ਨਿਊਜ਼

ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ.ਜੀ.ਟੀ.) ਨੇ ਸਮੇਂ ਸਿਰ ਕੂੜੇ ਨੂੰ ਨਾ ਨਿਪਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਜੁਰਮਾਨੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਵੀ ਹਰਕਤ ਵਿਚ ਆ ਗਿਆ ਹੈ। ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀ ਹੁਣ ਪੁਰਾਣੇ ਕੂੜੇ ਨੂੰ ਨਿਪਟਾਉਣ ਵਿਚ ਜੁਟ ਗਏ ਹਨ। ਨਿਗਮ ਪ੍ਰਸ਼ਾਸਨ ਨੇ ਹੁਣ ਇਕ ਹਫਤੇ ਵਿਚ ਕੂੜਾ ਨਿਪਟਾਉਣ ਲਈ ਦੋ ਟੈਂਡਰ ਜਾਰੀ ਕਰ ਦਿੱਤੇ ਹਨ ਅਤੇ ਤੀਜੇ ਟੈਂਡਰ ਦੀ ਤਿਆਰੀ ਕੀਤੀ ਜਾ ਰਹੀ ਹੈ।  ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਨੇ ਅਧਿਕਾਰੀਆਂ ਦੇ ਨਾਲ ਤਾਜਪੁਰ ਸਥਿਤ ਕੂੜਾ ਡੰਪ ਦਾ ਨਿਰੀਖਣ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਨਜੀਟੀ ਨੇ ਪੁਰਾਣੇ ਕੂੜੇ ਨੂੰ ਨਾ ਨਿਪਟਾਉਣ ਅਤੇ ਸੀਵਰੇਜ ਦੇ ਪਾਣੀ ਨੂੰ ਪੂਰੀ ਤਰ੍ਹਾਂ ਨਾਲ ਟਰੀਟ ਨਾ ਕਰਨ ਕਰਕੇ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨ.ਜੀ.ਟੀ. ਨੇ ਕਿਹਾ ਸੀ ਕਿ ਸਮੇਂ-ਸਮੇਂ ’ਤੇ ਨਿਰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਮੌਕੇ ਦਿੱਤੇ ਗਏ, ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਨਿਰਦੇਸ਼ਾਂ ’ਤੇ ਕੋਈ ਗੌਰ ਨਹੀਂ ਕੀਤਾ ਗਿਆ ਸੀ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.