Saturday, 18 April 2026

ਚੰਡੀਗੜ੍ਹ/ਬਿਊਰੋ ਨਿਊਜ਼  

ਫਿਲੌਰ ਦੇ ਨੇੜਲੇ ਪਿੰਡ ਨੰਗਲ ਸਥਿਤ ਜਿਸ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁਤ ’ਤੇ ਖਾਲਿਸਤਾਨੀ ਅਤੇ ਐਸ.ਐਫ.ਜੇ. ਦੇ ਪੱਖ ਵਿੱਚ ਨਾਰੇ ਲਿਖ ਕੇ ਡਾਕਟਰ ਅੰਬੇਡਕਰ ਦੀ ਬੇਅਦਬੀ ਕੀਤੀ ਗਈ ਹੈ, ‘‘ਉਸੇ ਬੁੱਤ ਦੇ ਕੋਲ ਮੈਂ ਵਿਜੇ ਸਾਂਪਲਾ 14 ਅਪ੍ਰੈਲ ਨੂੰ ਪਹਿਰਾ ਦਿਆਂਗਾ ਅਤੇ ਜੇਕਰ ਦਮ ਹੈ, ਤੂੰ ਆਪਣੀ ਮਾਂ ਦਾ ਦੁਧ ਪੀਤਾ ਹੈ ਤਾਂ ਉਸਨੂੰ ਉਤਰਵਾ ਕੇ ਦਿਖਾ।’’ ਇਹ ਚੁਣੌਤੀ ਪੰਜਾਬ ਦੇ ਕਦਵਾਰ ਦਲਿਤ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਦਿੱਤੀ। ਇਹ ਜ਼ਿਕਰਯੋਗ ਹੈ ਕਿ 30 ਮਾਰਚ  ਦੀ ਰਾਤ ਨੂੰ ਫਿਲੌਰ ਦੇ ਕੋਲ ਪਿੰਡ ਨੰਗਲ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕਿਸੇ ਵੱਲੋਂ ਬੇਅਦਬੀ ਕਰਨ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਨੇ ਜ਼ਿੰਮੇਵਾਰੀ ਲੈਂਦੇ ਹੋਏ ਇੱਕ ਵੀਡੀਓ ਜਾਰੀ ਕਰਕੇ 14 ਅਪ੍ਰੈਲ ਨੂੰ ਪੰਜਾਬ ਵਿੱਚ ਡਾ. ਅੰਬੇਡਕਰ ਦੇ ਸਾਰੇ ਬੁੱਤਾਂ ਨੂੰ ਹਟਾਉਣ/ਤੋੜਨ ਦਾ ਸੱਦਾ ਦਿੱਤਾ ਸੀ। ਸਾਂਪਲਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਦੇ ਕਾਰਨ, ਅੱਜ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੇਸ਼ ਭਰ ਵਿੱਚ, ਦਲਿਤਾਂ ਨੂੰ ਸਰਕਾਰ/ਪ੍ਰਸ਼ਾਸਨ ਵਿੱਚ ਯਕੀਨੀ ਭਾਗੀਦਾਰੀ ਮਿਲੀ ਹੈ ਅਤੇ ਉਨ੍ਹਾਂ ਨੂੰ ਸਤਿਕਾਰ ਅਤੇ ਸਨਮਾਨ ਮਿਲਿਆ ਹੈ।

ਡਾ. ਅੰਬੇਡਕਰ ਨੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਂਦੇ ਹੋਏ, ਸੰਵਿਧਾਨ ਵਿੱਚ ਭਾਰਤ ਦੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਕਾਨੂੰਨੀ ਸਮਾਨਤਾ ਨੂੰ ਯਕੀਨੀ ਬਣਾਉਂਦੇ ਹੋਏ, ਉਨ੍ਹਾਂ ਨੇ ਸੰਵਿਧਾਨ ਰਾਹੀਂ ਇਹ ਯਕੀਨੀ ਬਣਾਇਆ ਕਿ ਧਰਮ, ਨਸਲ, ਜਾਤ, ਅਮੀਰ-ਗਰੀਬ, ਲਿੰਗ ਜਾਂ ਜਨਮ ਸਥਾਨ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਸਾਂਪਲਾ ਨੇ ਕਿਹਾ ਕਿ ਗੁਰੂ ਰਵੀਦਾਸ ਮਹਾਰਾਜ ਜਿਨ੍ਹਾਂ ਨੂੰ ਅਸੀਂ ਪ੍ਰਭੂ ਮੰਨਦੇ ਹਾਂ, ਉਨ੍ਹਾਂ ਨੂੰ ਭਗਤ ਰਵੀਦਾਸ ਕਹਿ ਕੇ ਪੰਨੂ ਨੇ ਗੁਰੂ ਰਵੀਦਾਸ ਜੀ ਮਹਾਰਾਜ ਦੀ ਬੇਅਦਬੀ ਕੀਤੀ ਹੈ, ਮੇਰੇ ਵਰਗੇ ਕਰੋੜਾਂ ਫਾਲੋਅਰਜ਼ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚੀ ਹੈ। 

ਸਾਂਪਲਾ ਨੇ ਆਖਰ ਵਿੱਚ ਕਿਹਾ ਕਿ ਪੰਨੂ ਦੁਆਰਾ ਡਾਕਟਰ ਅੰਬੇਡਕਰ ਨੂੰ ਦਾਨਵ ਅਤੇ ਗੁਰੂ ਰਵੀਦਾਸ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਨ ਲਈ ਪੰਜਾਬ ਸਰਕਾਰ ਤੁਰੰਤ ਬੇਅਦਬੀ ਦੀ ਧਾਰਾਵਾਂ ਦੇ ਤਹਿਤ ਅਤੇ ਐਸ.ਸੀ. ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕਰਕੇ, ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਤੋਂ ਪੰਜਾਬ ਲਿਆਉਣ ਲਈ ਕਾਨੂੰਨੀ ਕਾਰਵਾਈ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ। 

 

ਪ੍ਰੈਸ ਰਿਲੀਜ਼  

 

 

 

  

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੀ ਜੀਵਨੀ “ਪਰਵਾਜ਼-ਏ-ਨੀਨੂ” ਲੋਕ ਅਰਪਿਤ ਕੀਤੀ ਗਈ ਅਤੇ ਇਸ ਤੇ ਭਰਵੀਂ ਵਿਚਾਰ ਚਰਚਾ ਹੋਈ। ਪ੍ਰਭਜੋਤ ਕੌਰ ਜੋਤ ਵੱਲੋਂ ਲਿਖੀ ਇਸ ਜੀਵਨੀ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ, ਉੱਘੇ ਕਹਾਣੀਕਾਰ ਅਤੇ ਆਲੋਚਕ ਜਸਵੀਰ ਰਾਣਾ, ਪ੍ਰਸਿੱਧ ਸਾਹਿਤਕਾਰ ਯਤਿੰਦਰ ਕੌਰ ਮਾਹਲ, ਡਾ. ਨੀਨਾ ਸੈਣੀ, ਪ੍ਰਭਜੋਤ ਕੌਰ ਜੋਤ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੌਤਾ ਅਤੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ ਸਰਸਵਤੀ ਵੰਦਨਾ ਨਾਲ ਕੀਤੀ । ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਨੇ ਇਸ ਜੀਵਨੀ ਨੂੰ ਸੇਧ ਦੇਣ ਦੇ ਸਮਰੱਥ ਦੱਸਿਆ । ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ‘ਪਰਵਾਜ਼-ਏ-ਨੀਨੂ’ ਨਿਵੇਕਲੀਆਂ ਯਾਦਾਂ ਨਾਲ ਭਰੀ ਹੋਈ ਹੈ । ਪੁਸਤਕ ਬਾਰੇ ਪਰਚਾ ਪੜ੍ਹਦਿਆਂ ਯਤਿੰਦਰ ਕੌਰ ਮਾਹਲ ਨੇ ਇਸ ਨੂੰ ਨੀਨਾ ਸੈਣੀ ਦੇ ਸੰਘਰਸ਼ਮਈ ਜੀਵਨ ਦਾ ਵੱਡਮੁੱਲਾ ਦਸਤਾਵੇਜ਼ ਦੱਸਿਆ। ਜਸਵੀਰ ਰਾਣਾ ਨੇ ਕਿਹਾ ਕਿ ਇਸ ਜੀਵਨੀ ਦਾ ਇਹ ਹੀ ਸਾਰ ਹੈ ਕਿ ਜੇ ਹਿੰਮਤ ਨਾ ਹਾਰੀ ਜਾਵੇ ਤਾਂ ਜ਼ਿੰਦਗੀ ‘ਚ ਸਭ ਮੁਮਕਿਨ ਹੋ ਨਿਬੜਦਾ ਹੈ । ਲੇਖਿਕਾ ਪ੍ਰਭਜੋਤ ਕੌਰ ਜੋਤ ਨੇ ਕਿਹਾ ਕਿ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ ਕਲਾ ਨੀਨਾ ਸੈਣੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹ ਪੁਸਤਕ ਭਾਵਨਾਤਮਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ । ਸੁਰਜੀਤ ਸਿੰਘ ਧੀਰ ਨੇ ਨੀਨਾ ਸੈਣੀ ਦੀ ਇਕ ਰਚਨਾ ਵੀ ਗਾ ਕੇ ਸੁਣਾਈ। ਡਾ. ਨੀਨਾ ਸੈਣੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਸਵੈ ਪੜਚੋਲ ਅਤੇ ਵਕ਼ਤ ਦੀ ਪਾਬੰਦੀ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ । ਮੁੱਖ ਮਹਿਮਾਨ ਸੂਫ਼ੀ ਬਲਬੀਰ ਨੇ ਸਮਾਗਮ ਨੂੰ ਵਿਲੱਖਣ ਦੱਸਦਿਆਂ ਆਪਣੇ ਖੂਬਸੂਰਤ ਗੀਤਾਂ ਰਾਹੀਂ ਇਸ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਓਹਨਾ ਕਿਹਾ ਕਿ ਮੋਹ ਦੀਆਂ ਇਹ ਤੰਦਾਂ ਜ਼ਿੰਦਗੀ ਨੂੰ ਸੁਖਾਲ਼ਾ ਬਣਾਉਂਦੀਆਂ ਹਨ । ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ਉਹਨਾਂ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਧੰਨਵਾਦੀ ਸ਼ਬਦ ਅਜੀਤ ਸਿੰਘ ਧਨੋਤਾ ਨੇ ਕਹੇ ।ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਉਨ੍ਹਾਂ ਵਿੱਚ ਮੁੱਖ ਤੌਰ ਤੇ ਮਲਕੀਅਤ ਬਸਰਾ, ਰਜਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਜੋਤਵੀਰ ਕੌਰ ਦੰਦੀਵਾਲ, ਅਨੀਤਾ ਸੈਣੀ, ਲਾਭ ਸਿੰਘ ਲਹਿਲੀ, ਰਾਜ ਰਾਣੀ, ਗੁਰਜੋਧ ਕੌਰ, ਰਜਿੰਦਰ ਰੇਨੂੰ, ਚਰਨਜੀਤ ਕੌਰ ਬਾਠ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਰਾਜਵਿੰਦਰ ਸਿੰਘ ਗੱਡੂ ਰਾਜ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਖਵਿੰਦਰ ਕਾਲਾਵਾਲੀ, ਅਨਿਲ ਬਹਿਲ, ਮੰਦਰ ਗਿੱਲ, ਸੁਰਿੰਦਰ ਕੁਮਾਰ, ਰਤਨ ਬਾਬਕਵਾਲਾ, ਸ਼ਬਦੀਸ਼, ਗੁਰਦਾਸ ਸਿੰਘ ਦਾਸ, ਬੈਕਟਰ ਕਥੂਰੀਆ, ਕ੍ਰਿਤਿਕਾ ਸਿੰਘ, ਹਰਜੋਤ ਸਿੰਘ ਸੈਣੀ, ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਦਮਨ ਸੈਣੀ, ਕੋਮਲ ਸੈਣੀ, ਵਿਨੋਦ ਸੈਣੀ, ਰਜਨੀਸ਼ ਸੂਦ, ਹਰਜੀਤ ਸਿੰਘ, ਅਨਸਾਰ ਸਿੰਘ, ਪਰਮਜੀਤ ਮਾਨ, ਕਰਿਸ਼ਮਾ ਵਰਮਾ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਦੇਸ਼ ਕੁਮਾਰੀ, ਸੁਰਿੰਦਰ ਕੌਰ, ਰੀਤਇੰਦਰ ਢਿੱਲੋਂ, ਨਿਨਜੀਤ ਧਨੌਤਾ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਸੰਤੋਸ਼ ਦੁੱਗਲ, ਗੁਰਜੀਤ ਕੌਰ, ਹਰਲੀਨ ਕੌਰ, ਦੇਸ਼ਕਰਨ ਸਿੰਘ, ਜਸਜੀਤ ਸਿੰਘ, ਤਿਨਜੀਤ ਧਨੌਤਾ, ਨਰੇਸ਼ ਰਾਜ, ਦਰਸ਼ਨ ਔਲਖ, ਸੁਖਵਿੰਦਰ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਕਾਰ ਸਿੱਧੂ, ਬਨਿੰਦਰਜੀਤ ਸਿੰਘ ਬਨੀ, ਸੌਰਵ ਬੱਗਾ, ਬਲਵੰਤ ਸਿੰਘ, ਮਧੂ ਸ਼ਰਮਾ, ਡਾ. ਮਨਜੀਤ ਸਿੰਘ ਬੱਲ, ਰਿਤੂ ਵਸ਼ਿਸ਼ਟ, ਰੇਨੂੰ ਬਾਲਾ, ਰੇਖਾ ਰਾਣੀ, ਸੁਭਾਸ਼ ਭਾਸਕਰ, ਓ. ਪੀ. ਵਰਮਾ, ਜਗਤਾਰ ਸਿੰਘ ਜੋਗ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਹਰਜਿੰਦਰ ਕੌਰ, ਜਸਕੀਰਤ ਸਿੰਘ, ਮਨਵੀਰ ਕੌਰ ਅਤੇ ਅਮਿਤ ਦੇ ਨਾਮ ਕਾਬਿਲ-ਏ-ਜ਼ਿਕਰ ਹਨ।

ਮੁਹਾਲੀ ਦੀ ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਖਿਲਾਫ ਸੁਣਾਇਆ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ 

ਮੋਹਾਲੀ ਦੀ ਅਦਾਲਤ ਨੇ ਇੱਕ ਅਹਿਮ ਫੈਸਲੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਸਥਾਨਕ ਅਦਾਲਤ ਵੱਲੋਂ ਲੰਬੀ ਸੁਣਵਾਈ ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਸੁਣਾਇਆ ਗਿਆ। ਜਾਣਕਾਰੀ ਅਨੁਸਾਰ, ਪਾਸਟਰ ਬਜਿੰਦਰ ਸਿੰਘ ਖਿਲਾਫ ਜਬਰ ਜਨਾਹ ਦੇ ਗੰਭੀਰ ਆਰੋਪ ਸਨ, ਜਿਸਦੀ ਸ਼ਿਕਾਇਤ ਪੀੜਤਾ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਖਤ ਫੈਸਲਾ ਸੁਣਾਇਆ। ਇਸ ਫੈਸਲੇ ਨੂੰ ਸਮਾਜ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਅਪਰਾਧੀਆਂ ਲਈ ਸਖ਼ਤ ਸੁਨੇਹਾ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਵੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ। 

 

ਬਾਜਵਾ ਤੇ ਵੜਿੰਗ ਨੇ ਸੀਐਮ ’ਤੇ ਭਾਜਪਾ ਦੀ ਲੀਹ ’ਤੇ ਚੱਲਣ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਸਵਾਲ ਚੁੱਕੇ ਗਏ ਹਨ। ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਸੀਐਮ ਮਾਨ ਖਿਲਾਫ ਸਵਾਲ ਚੁੱਕੇ ਹਨ। ਬਾਜਵਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਤਾਂ ਭਾਜਪਾ ਦੀ ਲੀਹ ’ਤੇ ਚੱਲ ਰਹੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਆਪਣੇ ਆਪ ਨੂੰ ਭਾਜਪਾ ਦੀ ‘ਟ੍ਰੋਲ ਆਰਮੀ’ ਵਿਚ ਇਕ ਹੋਰ ਪਿਆਦੇ ਵਜੋਂ ਸ਼ਾਮਲ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਸੀਐਮ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟੀਵੀ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਹੁਲ ਗਾਂਧੀ ਵਿਚ ਆਗੂ ਬਣਨ ਦੇ ਗੁਣ ਨਹੀਂ ਹਨ ਅਤੇ ਉਨ੍ਹਾਂ ਨੂੰ ਧੱਕੇ ਨਾਲ ਲੀਡਰ ਬਣਾਇਆ ਜਾ ਰਿਹਾ ਹੈ। ਸੀਐਮ ਨੇ ਇਹ ਵੀ ਕਿਹਾ ਸੀ ਕਿ ਜਦੋਂ ਵੀ ਭਾਰਤ ਵਿਚ ਕੋਈ ਅਹਿਮ ਮਾਮਲਾ ਹੁੰਦਾ ਹੈ ਤਾਂ ਰਾਹੁਲ ਗਾਂਧੀ ਇਟਲੀ ’ਚ ਆਪਣੇ ਨਾਨਕੇ ਘਰ ਚਲੇ ਜਾਂਦੇ ਹਨ ਜਾਂ ਫਿਰ ਅਮਰੀਕਾ ਵਿਚ ਹੁੰਦੇ ਹਨ।

 

ਏਆਈਜੀ ਵਰੁਣ ਸ਼ਰਮਾ ਨੂੰ ਬਣਾਇਆ ਗਿਆ ਸਿਟ ਦਾ ਨਵਾਂ ਮੁਖੀ

ਪਟਿਆਲਾ/ਬਿਊਰੋ ਨਿਊਜ਼ 

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ ਰਫਤਾਰ ਨਾਲ ਅੱਗੇ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ। ਕਾਂਗਰਸ ਹਕੂਮਤ ਸਮੇਂ ਦਸੰਬਰ 2021 ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀਆਈਜੀ ਐੱਚ.ਐੱਸ. ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨ.ਆਰ.ਆਈ. ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸਦਾ ਮੈਂਬਰ ਬਣਾਇਆ ਗਿਆ ਹੈ। ਧਿਆਨ ਰਹੇ ਕਿ ਮਜੀਠੀਆ ਖਿਲਾਫ ਲੱਗੇ ਆਰੋਪਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਸਿੱਟ ਕਾਇਮ ਕੀਤੀ ਗਈ ਸੀ।

ਦੋਆਬਾ ਤੇ ਹਿਮਾਚਲ ਦੇ ਲੋਕਾਂ ਨੂੰ ਹੋਇਆ ਫਾਇਦਾ

ਜਲੰਧਰ/ਬਿਊਰੋ ਨਿਊਜ਼  

ਜਲੰਧਰ ਜ਼ਿਲ੍ਹੇ ’ਚ ਪੈਂਦੇ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ 5 ਜੂਨ ਤੋਂ ਸ਼ੁਰੂ ਹੋਵੇਗੀ। ਇਸਦਾ ਸਭ ਤੋਂ ਵੱਧ ਫਾਇਦਾ ਦੁਆਬਾ ਤੇ ਹਿਮਾਚਲ ਦੇ ਲੋਕਾਂ ਨੂੰ ਹੋਵੇਗਾ। ਪੰਜ ਸਾਲਾਂ ਬਾਅਦ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ। ਇਸਦੀ ਸ਼ੁਰੂਆਤ ਏਅਰਲਾਈਨ ਇੰਡੀਗੋ ਵੱਲੋਂ ਕੀਤੀ ਜਾ ਰਹੀ ਹੈ। ਇਹ ਉਡਾਣ ਹਫਤੇ ’ਚ ਸੱਤ ਦਿਨ ਮੁੰਬਈ ਤੋਂ ਆਦਮਪੁਰ ਤੇ ਆਦਮਪੁਰ ਤੋਂ ਮੁੰਬਈ ਜਾਵੇਗੀ। ਮੁੰਬਈ ਤੋਂ ਫਲਾਈਟ ਸ਼ਾਮ ਕਰੀਬ 4.25 ਵਜੇ ਆਵੇਗੀ। ਆਦਮਪੁਰ ਹਵਾਈ ਅੱਡੇ ’ਤੇ 35 ਮਿੰਟ ਰੁਕਣ ਤੋਂ ਬਾਅਦ ਇਹ ਸ਼ਾਮ 5 ਵਜੇ ਮੁੜ ਮੁੰਬਈ ਲਈ ਉਡਾਣ ਭਰੇਗੀ।

ਕਿਸਾਨ ਆਗੂ ਪੰਧੇਰ ਨੇ ‘ਆਪ’ ਅਤੇ ਭਾਜਪਾ ’ਚ ਗਠਜੋੜ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਅੱਜ ਸੋਮਵਾਰ ਨੂੰ ਪੂਰੇ ਪੰਜਾਬ ਵਿਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਹੈ। ਕਿਸਾਨਾਂ ਦਾ ਆਰੋਪ ਹੈ ਕਿ ਪੰਜਾਬ ਪੁਲਿਸ ਨੇ ਲੰਘੀ 19 ਮਾਰਚ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਧਰਨਿਆਂ ਨੂੰ ਹਟਾ ਦਿੱਤਾ ਸੀ। ਇਸਦੇ ਚੱਲਦਿਆਂ ਪੰਜਾਬ ਪੁਲਿਸ ਨੇ ਬਾਰਡਰ ਖਾਲੀ ਕਰਵਾਉਣ ਲਈ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਸੀ। ਇਸਦੇ ਵਿਰੋਧ ਵਿਚ ਕਿਸਾਨਾਂ ਨੇ ਅੱਜ ਪੰਜਾਬ ਭਰ ਵਿਚ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਥਾਈਂ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੱਥੋਪਾਈ ਵੀ ਹੋਈ ਹੈ। ਕਿਸਾਨਾਂ ਦਾ ਆਰੋਪ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜ਼ਬਰਦਸਤੀ ਕੀਤੀ ਹੈ। ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਕੋਈ ਫਰਕ ਨਹੀਂ ਹੈ ਅਤੇ ਸਾਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਗਠਜੋੜ ਹੋ ਚੁੱਕਾ ਹੈ। 

ਚੰਡੀਗੜ, 28 ਮਾਰਚ : ਭਾਜਪਾ ਦੇ ਪੱਖ ਵਿੱਚ ਦੇਸ਼ ਭਰ ਵਿੱਚ ਬਣੇ ਮਾਹੌਲ ਦਾ ਪੰਜਾਬ 'ਤੇ ਵੀ ਬਹੁਤ ਪ੍ਰਭਾਵ ਦਿਖਾਈ ਦੇ ਰਿਹਾ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਚਾਹਵਾਨ ਭਾਜਪਾ ਉਮੀਦਵਾਰਾਂ ਦਾ ਹੜ ਆ ਗਿਆ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਉਪ ਚੋਣ ਲਈ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਨੂੰ ਸੁਣਨ ਲਈ ਅਤੇ ਉਸ ਤੋਂ ਬਾਅਦ ਸੂਬਾ ਇਲੈਕਸ਼ਨ ਕਮੇਟੀ ਨੂੰ ਰਿਪੋਰਟ ਦੇਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕੌਮੀ ਸਕੱਤਰ ਡਾ. ਨਰਿੰਦਰ ਸਿੰਘ ਰੈਣਾ ਨੂੰ ਆਬਜ਼ਰਵਰ ਦਾ ਕਮ ਦਿੱਤਾ ਹੈ। ਵਿਧਾਇਕ ਜੰਗੀ ਲਾਲ ਮਹਾਜਨ ਅਤੇ ਸੂਬਾ ਮਿਤ ਪ੍ਰਧਾਨ ਮੋਨਾ ਜੈਸਵਾਲ ਉਨ੍ਹਾਂ ਦਾ ਸਹਿਯੋਗ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਅਤੇ ਸਹਿ ਪ੍ਰਭਾਰੀ ਅਤੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਨੇ ਲੁਧਿਆਨਾ ਵਿੱਚ ਲੁਧਿਆਨਾ ਪੱਛਮੀ ਵਿਧਾਨ ਸਭਾ ਦੇ ਅਧੀਨ ਆਉਂਦੀਆਂ ਮੰਡਲ ਇਕਾਈਆਂ, ਉਸ ਵਿਧਾਨ ਸਭਾ ਵਿੱਚ ਰਹਿਣ ਵਾਲੇ ਸੂਬਾ ਅਤੇ ਜ਼ਿਲ੍ਹੇ ਦੇ ਔਹਦੇਦਾਰਾਂ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਭਾਜਪਾ ਨੇਤਾਂ ਨਾਲ ਬੈਠਕ ਕਰ ਕੇ ਚੁਣਾਵੀ ਤਿਆਰੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ 22 ਮਾਰਚ ਨੂੰ ਸਾਬਕਾ ਲੋਕਸਭਾ ਅਤੇ ਰਾਜਸਭਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਲੁਧਿਆਨਾ ਪੱਛਮੀ ਵਿਧਾਨ ਸਭਾ ਦੇ ਉਪਚੋਣਾਂ ਲਈ ਇਲੈਕਸ਼ਨ ਇੰਚਾਰਜ ਅਤੇ ਸਹਿ-ਇੰਚਾਰਜ ਘੋਸ਼ਿਤ ਕੀਤਾ ਗਿਆ ਸੀ।

 

ਜਾਰੀਕਰਤਾ

ਵਿਨੀਤ ਜੋਸ਼ੀ,

ਸੂਬਾ ਮੀਡੀਆ ਮੁਖੀ

ਭਾਜਪਾ, ਪੰਜਾਬ

9417178978

 

ਮੁੱਖ ਮੰਤਰੀ ਮਾਨ ਨੇ ਨਿਰਪੱਖ ਜਾਂਚ ਤੇ ਇਨਸਾਫ ਦਿਵਾਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ/ਬਿਊਰੋ ਨਿਊਜ਼

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਕਰਨਲ ਦਾ ਪਰਿਵਾਰ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਜਿਥੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੁਹਰਾਈ, ਉਥੇ ਮੁੱਖ ਮੰਤਰੀ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਕਰਾਉਣ ਤੇ ਇਨਸਾਫ਼ ਦਿਵਾਉਣ ਦਾ ਯਕੀਨ ਦਿਵਾਇਆ ਹੈ। ਇਸ ਸਬੰਧ ਵਿਚ ਪਟਿਆਲਾ ਤੋਂ ਚੰਡੀਗੜ੍ਹ ਪੁੱਜਣ ਵਾਲਿਆਂ ਵਿਚ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਹਮਾਇਤੀ ਸ਼ਾਮਲ ਸਨ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਚੌਥੀ ਵਾਰ ਸਿੱਟ ਬਦਲੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਵੇਂ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲੱਗੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਨੂੰ ਬਦਲਿਆ ਜਾਵੇ। 

 

ਵਿਰੋਧੀ ਧਿਰ ਵਲੋਂ ਕੀਤਾ ਗਿਆ ਵਾਕ ਆਊਟ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਅੱਜ ਸ਼ੁੱਕਰਵਾਰ ਨੂੰ ਅੰਮਿ੍ਰਤਸਰ ’ਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦ ਵੱਧ ਹੈ। ਇਹ ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ। ਆਪਣੇ ਬਜਟ ਭਾਸ਼ਣ ਵਿੱਚ ਮੰਡਵਾਲਾ ਨੇ ਕਿਹਾ ਹੈ ਕਿ ਇਸ ਵਿਤੀ ਸਾਲ ਵਿੱਚ ਅਨੁਮਾਨਤ ਖ਼ਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਦੀ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖ਼ਰਚ ਹੋਣ ਦਾ ਅਨੁਮਾਨ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਜਟ ਇਜਲਾਸ ਦਾ ਬਾਈਕਾਟ ਵੀ ਕੀਤਾ। ਉਧਰ ਦੂਜੇ ਪਾਸੇ ਗੋਲਡਨ ਗੇਟ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸੰਗਤਾਂ ਦਾ ਵੱਡਾ ਇਕੱਠ ਹੋਇਆ ਅਤੇ ਉਹਨਾਂ ਰੋਸ ਮਾਰਚ ਵੀ ਕੀਤਾ। ਰੋਸ ਮਾਰਚ ਦੀ ਅਗਵਾਈ ਕਰ ਰਹੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸਾਡੀ ਮੁੱਖ ਮੰਗ ਸੇਵਾਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਕਰਵਾਉਣਾ ਹੈ। 

ਪੰਜਾਬ ਸਰਕਾਰ ਵੱਲੋਂ ਗੁਰਮਿੰਦਰ ਸਿੰਘ ਦਾ ਅਸਤੀਫਾ ਮਨਜ਼ੂਰ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (ਏਜੀ) ਨਿਯੁਕਤ ਕੀਤਾ ਹੈ। ਨਿਆਂ ਵਿਭਾਗ ਨੇ ਨਵੇਂ ਏਜੀ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਉਹ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਅਕਤੂਬਰ, 2023 ਨੂੰ ਗੁਰਮਿੰਦਰ ਸਿੰਘ ਗੈਰੀ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ 31 ਮਾਰਚ ਤੱਕ ਸੀ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਰੋਪ ਲਾਇਆ ਕਿ ਪੰਜਾਬ ਸਰਕਾਰ ਨੇ ਏਜੀ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਹੈ। 

ਹਰਜੋਤ ਸਿੰਘ ਬੈਂਸ ਨੇ ਰਾਤੋ ਰਾਤ ਬਦਲੇ ਗਏ ਜਥੇਦਾਰਾਂ ਦਾ ਮੁੱਦਾ ਚੁੱਕਿਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਇਸੇ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਰਾਤੋ ਰਾਤ ਬਦਲੇ ਗਏ ਜਥੇਦਾਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦੁਨੀਆ ਭਰ ਦੇ ਹਰ ਸਿੱਖ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਧਰਮ ਅਤੇ ਰਾਜਨੀਤੀ ਨੂੰ ਵੱਖ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉਚ ਹੈ ਅਤੇ ਇੱਥੇ ਹਰ ਸਿੱਖ ਆਪਣਾ ਸਿਰ ਝੁਕਾਉਂਦਾ ਹੈ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਜੋ ਰਾਤੋ ਰਾਤ ਜਥੇਦਾਰਾਂ ਨੂੰ ਹਟਾਇਆ ਗਿਆ, ਇਹ ਸਭ ਰਾਜਨੀਤਕ ਦਬਾਅ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਦਨ ਵਿਚ ਚਰਚਾ ਹੋਣੀ ਚਾਹੀਦੀ ਹੈ। ਇਸੇ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਬੱਸਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਰਕਾਰ ਵਲੋਂ 83 ਬੱਸਾਂ ਕਿਲੋਮੀਟਰ ਸਕੀਮ ਤਹਿਤ ਚਲਾਈਆਂ ਜਾਣਗੀਆਂ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.