Saturday, 18 April 2026

ਸਕੂਲਾਂ ਵਿਚ ਟਾਇਲਟ ਬਲਾਕ ਲਈ ਨਹੀਂ ਲੱਗਣਗੇ ਨੀਂਹ ਪੱਥਰ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਲੈ ਕੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ। ਇਸਦੇ ਚੱਲਦਿਆਂ ਸੂਬੇ ਦੇ ਸਿੱਖਿਆ ਵਿਭਾਗ ਨੇ ਸਕੂਲ ਪਖਾਨਿਆਂ ਦੇ ਉਦਘਾਟਨੀ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਤੜਕਸਾਰ ਇਕ ਟਵੀਟ ਕਰਕੇ ਸਕੂਲ ਮੁਖੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਵਿਚ ਲਿਖਿਆ ਗਿਆ ਸੀ ਕਿ ਸਕੂਲਾਂ ਵਿੱਚ ਅੱਜ ਹੋਣ ਵਾਲੇ ਬਾਕੀ ਈਵੈਂਟ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਨਹੀਂ ਲਗਾਏ ਜਾਣਗੇ। ਧਿਆਨ ਰਹੇ ਕਿ ਵਿਰੋਧੀ ਧਿਰਾਂ, ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਆਗੂ ਅਨਿਲ ਸਰੀਨ ਸਮੇਤ ਹੋਰਨਾਂ ਆਗੂਆਂ ਨੇ ਸਰਕਾਰ ਦੀ ਇਸ ਸਿੱਖਿਆ ਕ੍ਰਾਂਤੀ ਨੂੰ ਉਦਘਾਟਨ ਕ੍ਰਾਂਤੀ ਦਾ ਨਾਮ ਦਿੰਦਿਆਂ ‘ਆਪ’ ਸਰਕਾਰ ਦੀ ਘੇਰਾਬੰਦੀ ਕੀਤੀ ਸੀ। ਇਸ ਕਿਰਕਿਰੀ ਨੂੰ ਭਾਂਪਦਿਆਂ ਸਿੱਖਿਆ ਵਿਭਾਗ ਨੇ ਹੁਣ ਪਖਾਨਿਆਂ ਦੇ ਉਦਘਾਟਨ ਮਾਮਲੇ ਵਿਚ ਯੂ-ਟਰਨ ਲੈ ਲਿਆ ਹੈ। 

ਬੈਂਸ ਨੇ ਸਾਰੇ ਅਧਿਆਪਕਾਂ ਨੂੰ ਸਤਿਕਾਰਯੋਗ ਦੱਸਿਆ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜ਼ਿਲ੍ਹੇ ਵਿੱਚ ਕਰਵਾਏ ਗਏ ‘ਸਿੱਖਿਆ ਕ੍ਰਾਂਤੀ’ ਸਮਾਗਮ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਬੈਂਸ ਨੇ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਸਤਿਕਾਰਯੋਗ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਮਾਣ ਸਨਮਾਨ ਦੇਣ ਲਈ ਵਚਨਬੱਧ ਹੈ। ਬੈਂਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਲਈ ਸਹਿਯੋਗ ਤੇ ਸੁਖਾਵਾਂ ਮਾਹੌਲ ਸਿਰਜਣ ਲਈ ਸਮਰਪਿਤ ਹੈ, ਤਾਂ ਜੋ ਅਧਿਆਪਕ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਅ ਸਕਣ।    

 

 

ਚੰਡੀਗੜ੍ਹ : ਪੰਜਾਬ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਵਿੱਚ ਹੀ ਦਿਖਾਈ ਦਿੰਦਾ ਹੈ, ਜ਼ਮੀਨੀ ਪੱਧਰ 'ਤੇ ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਪਖਾਨਿਆਂ ਦੀ ਮੁਰੰਮਤ ਅਤੇ ਸੜਕਾਂ 'ਤੇ ਪਏ ਟੋਇਆਂ ਨੂੰ ਭਰਨ ਦਾ ਉਦਘਾਟਨ ਕਰ ਰਹੇ ਹਨ। ਇਹ ਗੱਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਹੀ। ਉਨ੍ਹਾਂ ਨੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਆਮ ਆਦਮੀ ਨੂੰ ਪਾਰਟੀ ਨੂੰ ਖੂਬ ਖਰੀ ਖੋਟੀ ਸੁਣਾਈ | ਸਰੀਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪੀ ਸੀ, ਪਰ ਅੱਜ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। 9 ਅਪ੍ਰੈਲ 2025 ਨੂੰ, ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਿਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਏ ਗਏ ਉਦਘਾਟਨੀ ਤਖ਼ਤੀ ਦੇ ਅਨੁਸਾਰ, ਟਾਇਲਟ (ਪਖਾਨਾ) ਦੀ ਮੁਰੰਮਤ ਪੂਰੀ ਹੋਣ ਤੋਂ ਬਾਅਦ ਜਨਤਾ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਤਰਹ ਦਾ ਸਾਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਜਨਰਲ ਸਕੱਤਰ ਜਗਮੋਹਨ ਰਾਜੂ, ਪਾਰਟੀ ਬੁਲਾਰੇ ਐਸ ਐਸ ਚੰਨੀ ਅਤੇ ਪੰਜਾਬ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਮੌਜੂਦ ਸਨ।

ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਇੰਨੀ ਨਿਕਮੀ ਅਤੇ ਬੇਅਸਰ ਹੈ ਕਿ ਇਹ ਕੇਂਦਰ ਵੱਲੋਂ ਭੇਜੇ ਗਏ ਪੈਸੇ ਨੂੰ ਖਰਚ ਨਹੀ ਕਰ ਪਾ ਰਹੀ ਹੈ| ਆਲਮ ਇਹ ਹਨ ਕਿ ਪਹਿਲਾ ਤੋਂ ਬਿਹਤਰ ਤੋਂ ਵਧੀਆ ਸਕੂਲਾਂ ਨੂੰ ਪੇਂਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਨਾਮ ਸਕੂਲ ਆਫ਼ ਐਮੀਨੈਂਸ ਰੱਖਿਆ ਜਾ ਰਿਹਾ ਹੈ । ਜ਼ਮੀਨੀ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਨੇ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਨੂੰ ਸਾਲ 2022-23 ਵਿੱਚ 1127.37 ਕਰੋੜ ਰੁਪਏ, ਸਾਲ 2023-24 ਵਿੱਚ 1298.30 ਕਰੋੜ ਅਤੇ ਸਾਲ 2024-25 ਵਿੱਚ 1240 ਕਰੋੜ ਭੇਜੇ | ਇਹ ਪੈਸਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ, ਨਵੇਂ ਸਕੂਲ ਖੋਲ੍ਹਣ ਅਤੇ ਡਿਜੀਟਲ ਸਿੱਖਿਆ ਪ੍ਰਦਾਨ ਕਰਨ 'ਤੇ ਖਰਚ ਕੀਤਾ ਜਾਣਾ ਸੀ। ਇਹ ਪੈਸਾ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਵਰਤਿਆ ਜਾਣਾ ਚਾਹੀਦਾ ਸੀ, ਪਰ 'ਆਪ' ਸਰਕਾਰ ਇਸ਼ਤਿਹਾਰਬਾਜ਼ੀ 'ਤੇ ਜ਼ਿਆਦਾ ਅਤੇ ਸਿਰਜਣਾ 'ਤੇ ਘੱਟ ਖਰਚ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀਐਮ ਸ਼੍ਰੀ ਦੇ ਅਧੀਨ 198.82 ਕਰੋੜ ਰੁਪਏ ਪੰਜਾਬ ਭੇਜੇ ਗਏ ਸਨ, ਪਰ ਪੰਜਾਬ ਸਰਕਾਰ ਸਿਰਫ 66.80 ਕਰੋੜ ਰੁਪਏ ਹੀ ਖਰਚ ਕਰ ਸਕੀ। ਹੁਣ ਤੁਸੀਂ ਦੱਸੋ, ਜੇ ਕੇਂਦਰ ਸਰਕਾਰ ਅਜਿਹੀ ਬੇਅਸਰ ਸਰਕਾਰ ਲਈ ਫੰਡ ਨਹੀਂ ਰੋਕਦੀ, ਤਾਂ ਉਹ ਇਸਦੀ ਪ੍ਰਸ਼ੰਸਾ ਕਰੇਗੀ। ਇਸੇ ਤਰ੍ਹਾਂ ਦੀ ਚਾਲਾਕੀ 'ਆਪ' ਸਰਕਾਰ ਨੇ ਦਿਖਾਈ ਜਦੋਂ ਇਸਨੇ ਆਯੁਸ਼ਮਾਨ ਅਰੋਗਿਆ ਕੇਂਦਰ ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲ ਦਿੱਤਾ। ਜਦੋਂ ਕੇਂਦਰ ਨੇ ਗ੍ਰਾਂਟ ਬੰਦ ਕਰ ਦਿੱਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ।

ਸਰੀਨ ਨੇ ਕਿਹਾ ਕਿ ਇਸ ਸਮੇਂ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਤਿੱਕੜੀ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੀ ਕਠਪੁਤਲੀ ਬਣੇ ਹੋਏ ਹਨ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਹਰ ਫਰੰਟ 'ਤੇ ਅਸਫਲ ਰਹੀ ਆਮ ਆਦਮੀ ਪਾਰਟੀ ਨੂੰ ਇਸਦਾ ਜਵਾਬ ਜ਼ਰੂਰ ਦੇਣਗੇ।

 

ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਨੇ ਅਧਿਕਾਰਤ ਤੌਰ ’ਤੇ ਡਾ. ਹਰਸ਼ ਸਦਾਵਰਤੀ ਨੂੰ ਆਪਣੇ ਨਵੇਂ ਵਾਈਸ ਚਾਂਸਲਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਖੋਜ, ਨਵੀਨਤਾ ਅਤੇ ਸੰਸਥਾਗਤ ਵਿਕਾਸ ਵਿੱਚ ਇੱਕ ਮਜ਼ਬੂਤ ਪਿਛੋਕੜ ਵਾਲੇ ਇੱਕ ਪ੍ਰਸਿੱਧ ਅਕਾਦਮਿਕ ਨੇਤਾ, ਡਾ. ਸਦਾਵਰਤੀ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਸਮਾਜਿਕ ਪ੍ਰਭਾਵ ਨੂੰ ਉੱਚਾ ਚੁੱਕਣ ਦੇ ਦ੍ਰਿਸ਼ਟੀਕੋਣ ਨਾਲ ਇਸ ਭੂਮਿਕਾ ਵਿੱਚ ਅਹਿਮ ਹਨ।

ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕਿਹਾ ਕਿ ਅਸੀਂ ਦੇਸ਼ ਭਗਤ ਯੂਨੀਵਰਸਿਟੀ ਵਿੱਚ ਡਾ. ਹਰਸ਼ ਸਦਾਵਰਤੀ ਦਾ ਬਤੌਰ ਵਾਈਸ ਚਾਂਸਲਰ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਲੀਡਰਸ਼ਿਪ ਵਿੱਚ ਆਪਣੇ ਵਿਆਪਕ ਤਜ਼ੁਰਬੇ ਅਤੇ ਅਕਾਦਮਿਕ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਟਰੈਕ ਰਿਕਾਰਡ ਦੇ ਨਾਲ, ਡਾ. ਸਦਾਵਰਤੀ ਯੂਨੀਵਰਸਿਟੀ ਨੂੰ ਵਿਕਾਸ ਅਤੇ ਪਰਿਵਰਤਨ ਦੇ ਅਗਲੇ ਪੜਾਅ ਵਿੱਚ ਅਗਵਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਡਾ: ਹਰਸ਼ ਸਦਾਵਰਤੀ ਨੇ ਕਿਹਾ, “ਮੈਨੂੰ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਹੋਣ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਯੂਨੀਵਰਸਿਟੀ ਦੇ ਪ੍ਰਬੰਧਨ ਅਤੇ ਪੂਰੀ ਡੀਬੀਯੂ ਟੀਮ ਦਾ ਉਨ੍ਹਾਂ ਦੇ ਵਿਸ਼ਵਾਸ ਅਤੇ ਅਟੁੱਟ ਸਮਰਥਨ ਲਈ ਦਿਲੋਂ ਧੰਨਵਾਦ। ਅਜਿਹੀ ਸ਼ਾਨਦਾਰ ਸੰਸਥਾ ਦੀ ਅਗਵਾਈ ਕਰਨਾ ਇੱਕ ਸਨਮਾਨ ਦੀ ਗੱਲ ਹੈ, ਅਤੇ ਮੈਂ ਇਸ ਅਹੁਦੇ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ।”ਉਨ੍ਹਾਂ ਅੱਗੇ ਕਿਹਾ ਕਿ ਮੈਂ ਆਸ਼ਾਵਾਦੀ ਹਾਂ ਅਤੇ ਸਾਡੀ ਯੂਨੀਵਰਸਿਟੀ ਨੂੰ ਵਿਕਾਸ, ਨਵੀਨਤਾ ਅਤੇ ਉੱਤਮਤਾ ਵੱਲ ਸੇਧਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੈਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਅਤੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਣ ਲਈ ਸਾਡੇ ਡੀਬੀਯੂ ਪਰਿਵਾਰ ਦੇ ਹਰੇਕ ਮੈਂਬਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ ।

ਦੇਸ਼ ਭਗਤ ਯੂਨੀਵਰਸਿਟੀ ਡਾ. ਸਦਾਵਰਤੀ ਦੇ ਮਾਰਗਦਰਸ਼ਨ ਹੇਠ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਭਵਿੱਖ ਦੀ ਉਮੀਦ ਕਰਦੀ ਹੈ।

 

ਡਾ. ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਖਿਲਾਫ ਸਾਜਿਸ਼ ਰਚਣ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼ 

ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਾਸਤੇ 12 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਧਿਆਨ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਦਾ 12 ਅਪ੍ਰੈਲ ਨੂੰ ਅੰਮਿ੍ਰਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਡੈਲੀਗੇਟ ਇਜਲਾਸ ਹੋਣਾ ਹੈ। ਰੰਧਾਵਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਗਲਿਆਰੇ ਵਿਚ ਧਾਰਮਿਕ ਸਥਾਨ ’ਤੇ ਡੈਲੀਗੇਟ ਇਜਲਾਸ ਕਰਨਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਰੰਧਾਵਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ’ਚ ਪਾਰਦਰਸ਼ਤਾ ਨਾ ਹੋਣ ਸਬੰਧੀ ਵੀ ਉਂਗਲ ਚੁੱਕੀ ਹੈ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਮਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨੂੰ ਆਪਣਾ ਦੁਸ਼ਮਣ ਨੰਬਰ ਇਕ ਮੰਨ ਕੇ ਚੱਲਦੇ ਆ ਰਹੇ ਹਾਂ। ਚੀਮਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਢਾਹ ਲਗਾਉਣ ਲਈ ਵੀ ਸਾਜਿਸ਼ ਕੀਤੀ ਜਾ ਰਹੀ ਹੈ।

 

ਅੰਮਿ੍ਰਤਸਰ/ਬਿਊੁਰੋ ਨਿਊਜ਼  

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਰਤਸਰ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਕੱਤਰਤਾ ਵਿਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਾ ਗਿਆਨੀ ਮੰਗਲ ਸਿੰਘ ਹਾਜ਼ਰ ਰਹੇ। ਇਕੱਤਰਤਾ ’ਚ ਵੱਖ-ਵੱਖ ਮਤੇ ਪਾਸ ਕੀਤੇ ਗਏ। ਇਕੱਤਰਤਾ ਵਿਚ ਕੀਤੇ ਗਏ ਫੈਸਲੇ ਅਨੁਸਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸੇ ਦੌਰਾਨ ਗਿਆਨੀ ਇਕਬਾਲ ਸਿੰਘ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿਚ ਸ਼ਮੂਲੀਅਤ ਤੋਂ ਗੁਰੇਜ਼ ਕਰਨ। 

 

ਅਧਿਆਪਕਾਂ ਨੂੰ ਸਤਿਕਾਰਯੋਗ ਤੇ ਸੇਧ ਦੇਣ ਵਾਲੇ ਗੁਰੂ ਦੱਸਿਆ

ਚੰਡੀਗੜ੍ਹ/ਬਿਉੂਰੋ ਨਿਊਜ਼   

ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਸਮੁੱਚੇ ਅਧਿਆਪਕ ਜਗਤ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ। ਪਿਛਲੇ ਦਿਨੀ  ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜੌੜਾਮਾਜਰਾ ਨੇ ਅਧਿਆਪਕਾਂ ਖਿਲਾਫ ‘ਅਪਸ਼ਬਦ’ ਬੋਲ ਦਿੱਤੇ ਸਨ। ਦੱਸਿਆ ਗਿਆ ਕਿ ਜੌੜਾਮਾਜਰਾ ਸਕੂਲ ਵਿਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ। ਉਨ੍ਹਾਂ ਨੇ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਡੀਟੀਐੱਫ ਨੇ ਪਿਛਲੇ ਦਿਨੀਂ ਮੰਗ ਕੀਤੀ ਸੀ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ। ਸੋ ਹੁਣ ਵਿਧਾਇਕ ਜੌੜਾਮਾਜਰਾ ਨੇ ਆਪਣੀ ਗਲਤੀ ਲਈ ਸਮੁੱਚੇ ਅਧਿਆਪਕ ਜਗਤ ਕੋਲੋਂ ਮਾਫੀ ਮੰਗ ਲਈ ਹੈ। 

 

ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦਾ ਕੀਤਾ ਦਾਅਵਾ

ਜਲੰਧਰ/ਬਿਊਰੋ ਨਿਊਜ਼ 

ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ’ਚ ਲੰਘੀ ਦੇਰ ਰਾਤ ਨੂੰ ਧਮਾਕਾ ਹੋਇਆ ਸੀ। ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਇਸ ਮੌਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਇੱਥੇ ਕੋਈ ਵੀ ਵਿਅਕਤੀ ਹੁਣ ਸੁਰੱਖਿਅਤ ਨਹੀਂ ਹੈ। ਜਾਖੜ ਨੇ ਕਿਹਾ ਕਿ ਮਨੋਰੰਜਨ ਕਾਲੀਆ ਦੇ ਘਰ ਹੋਏ ਧਮਾਕੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਡੀਜੀਪੀ ਜ਼ਿੰਮੇਵਾਰ ਹਨ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿਚ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਗੱਲ ਕਰਦੇ ਹੋਏ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦਾਅਵਾ ਕੀਤਾ ਕਿ ਇਸ ਧਮਾਕੇ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰੂ ਗਿ੍ਰਫਤਾਰ ਵੀ ਕੀਤਾ ਗਿਆ ਹੈ।  

 

ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਪਟਿਆਲਾ ਵਿਚ ਪਿਛਲੇ ਦਿਨੀਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਚੰਡੀਗੜ੍ਹ ਪੁਲਿਸ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਹੈ ਅਤੇ ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਇਸ ਐਸ.ਆਈ.ਟੀ. ਦਾ ਮੁਖੀ ਬਣਾਇਆ ਗਿਆ ਹੈ। ਐਸਆਈਟੀ ਵਿੱਚ ਤਿੰਨ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਮੈਂਬਰਾਂ ਵਿੱਚ ਇੱਕ ਡੀਐਸਪੀ, ਇੱਕ ਇੰਸਪੈਕਟਰ ਅਤੇ ਇੱਕ ਸਬ-ਇੰਸਪੈਕਟਰ ਸ਼ਾਮਲ ਹੋਣਗੇ। ਇਸ ਮਾਮਲੇ ਦੀ ਜਾਂਚ ਚਾਰ ਮਹੀਨਿਆਂ ਵਿੱਚ ਪੂਰੀ ਕਰਨ ਨੂੰ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਕਰਨਲ ਬਾਠ ਦੇ ਪਰਿਵਾਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਕਰਨਲ ਬਾਠ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜਾਂਚ ’ਤੇ ਭਰੋਸਾ ਨਹੀਂ ਹੈ।

 

 

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜ਼ੀਰਕਪੁਰ ਹਲਕੇ ਦੇ ਸਕੂਲਾਂ ਵਿੱਚ ਉਦਘਾਟਨ ਕਰ ਰਹੇ ਹਨ ਪਰ ਉਹ ਸਰਕਾਰ ਨੂੰ ਸਵਾਲ ਕਰਦੇ ਹਨ ਕਿ ਇਹ ਸਕੂਲਾਂ ਵਿੱਚ ਉਦਘਾਟਨ ਕਿਸ ਗੱਲ ਦੇ ਹੋ ਰਹੇ ਨੇ। ਬੀਬਾ ਅਮਨਜੋਤ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਨੂੰ ਇਕ ਲੱਖ ਰੁਪਏ ਤੋਂ ਵੱਧ ਦੀ ਗਰਾਂਟ ਦਿੱਤੀ ਕਿ ਉਹ ਆਪੋ ਆਪਣੇ ਸਕੂਲਾਂ ਵਿੱਚ ਉਦਘਾਟਨ ਕਰਾਉਣ। ਇਹ ਪਹਿਲੀ ਵਾਰ ਹੈ ਕਿ ਸਕੂਲ ਦੇ ਪਖਾਨਿਆਂ ਜਾਂ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਜਾਂ ਕਮਰਿਆਂ ਦੀ ਰਿਪੇਅਰ ਕਰਨ ਦੇ ਕੰਮਾਂ ਦੇ ਵੀ ਉਦਘਾਟਨ ਕੀਤੇ ਜਾ ਰਹੇ ਨੇ। ਜੋ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦਕਿ ਸਰਕਾਰ ਇਹ ਗੱਲ ਦੱਸੇ ਕਿ ਉਹਨੇ ਹੁਣ ਤੱਕ ਕਿਹੜੇ ਨਵੇਂ ਸਕੂਲ ਬਣਾਏ ਹਨ ਜਾਂ ਸਕੂਲਾਂ ਵਿੱਚ ਇਹ ਫਰਨੀਚਰ ਜਾਂ ਕੰਪਿਊਟਰ ਲੈਬਾਂ ਦਿੱਤੀਆਂ। ਜੇ ਇਹ ਕੰਮ ਕੀਤੇ ਤਾਂ ਉਸਦਾ ਉਦਘਾਟਨ ਕਰਨਾ ਤਾਂ ਬਣਦਾ ਹੈ ਲੇਕਿਨ ਪਹਿਲੀ ਵਾਰ ਹੈ ਕਿ ਬਾਥਰੂਮਾਂ, ਕਮਰਿਆਂ ਤੇ ਚਾਰ ਦਵਾਰੀਆਂ ਦੀਆਂ ਰਿਪੇਅਰਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ। ਜੋ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ। ਬੀਬਾ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਇਹੀ ਕੁਝ ਇਹ ਦਿੱਲੀ ਵਿੱਚ ਕਰਦੇ ਸਨ ਤਾਂ ਹੀ ਦਿੱਲੀ ਦੀ ਸੂਝਵਾਨ ਜਨਤਾ ਨੇ ਇਹਨਾਂ ਦਾ ਦਿੱਲੀ ਤੋਂ ਬੋਰੀਆ ਬਿਸਤਰ ਗੋਲ ਕੀਤਾ ਹੈ ਤੇ ਹਾਲ ਇਹਨਾਂ ਦਾ ਪੰਜਾਬ ਵਿੱਚ ਵੀ ਇਹੀ ਹੋਣਾ ਕਿਉਂਕਿ ਪੰਜਾਬ ਦੀ ਸੂਝਵਾਨ ਜਨਤਾ ਨੂੰ ਕੋਈ ਵੀ ਪਾਰਟੀ ਗੁੰਮਰਾਹ ਨਹੀਂ ਕਰ ਸਕਦੀ।

 

 

 

 

  

ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਦੇ ਦਿੱਤਾ ਸੀ ਅਸਤੀਫਾ 

ਤਲਵੰਡੀ ਸਾਬੋ/ਬਿਊਰੋ ਨਿਊਜ਼  

ਕਰੀਬ ਇਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਧਨੌਲਾ ਦੀ ਅੱਜ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਤਾਜਪੋਸ਼ੀ ਕਰ ਦਿੱਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸਾਹਿਬ ਦੇ ਪੰਜ ਪਿਆਰੇ ਅਤੇ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਾਬਾ ਟੇਕ ਸਿੰਘ ਧਨੌਲਾ ਨੂੰ ਦਸਤਾਰਾਂ ਅਤੇ ਸਿਰੋਪਾਓ ਭੇਟ ਕੀਤੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਬਾਬਾ ਟੇਕ ਸਿੰਘ ਧਨੌਲਾ ਨੂੰ ਦਸਤਾਰ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

 

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਵਿਰੁੱਧ ਆਰੰਭ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਪੈਦਲ ਯਾਤਰਾ ਦੀ ਅੱਜ ਮੰਗਲਵਾਰ ਨੂੰ ਇਤਿਹਾਸਕ ਜਲ੍ਹਿਆਂਵਾਲਾ ਬਾਗ ਅੰਮਿ੍ਰਤਸਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮਗਰੋਂ ਸਮਾਪਤੀ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਾਜਪਾਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿੱਚ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਰਾਜਪਾਲ ਨੇ ਭੰਡਾਰੀ ਪੁਲ ਤੋਂ ਜਲ੍ਹਿਆਂਵਾਲਾ ਬਾਗ ਤੱਕ ਪੈਦਲ ਮਾਰਚ ਕੀਤਾ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਲੋਕਾਂ ਨੂੰ ਸੁਚੇਤ ਹੋਣ ਦਾ ਹੋਕਾ ਦਿੱਤਾ। ਪੈਦਲ ਯਾਤਰਾ ਦੀ ਸਮਾਪਤੀ ਮੌਕੇ ਉਨ੍ਹਾਂ ਨੇ ਸਮਾਗਮ ਵਿਚ ਹਾਜ਼ਰ ਸਮੂਹ ਵਿਅਕਤੀਆਂ, ਬੱਚਿਆਂ ਤੇ ਹੋਰਨਾਂ ਨੂੰ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਲੜਨ ਅਤੇ ਇਸ ਦਾ ਵਿਰੋਧ ਕਰਨ ਦੀ ਸਹੁੰ ਚੁਕਾਈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.