Saturday, 18 April 2026

ਹਵਾਈ ਹਮਲੇ ਦੀ ਚਿਤਾਵਨੀ ਵਾਲੇ ਸਾਇਰਨ ਵਜਾਏ ਜਾਣਗੇ

ਚੰਡੀਗੜ੍ਹ/ਬਿਊਰੋ ਨਿਊਜ਼  

ਭਲਕੇ 7 ਮਈ ਨੂੰ ਹੋਣ ਵਾਲੀ ਮੌਕ ਡਰਿੱਲ ਦੇ ਚੱਲਦਿਆਂ ਪੰਜਾਬ ਵਿਚ ਕੁੱਲ 20 ਜ਼ਿਲ੍ਹਿਆਂ ਨੂੰ ਲਿਸਟ ਆਊਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੌਰਾਨ ਕੈਟੇਗਰੀ 2 ਵਿਚ 17 ਜ਼ਿਲ੍ਹੇ ਰੱਖੇ ਗਏ ਹਨ, ਜਿੱਥੇ ਭਲਕੇ ਮੌਕ ਡਰਿੱਲ ਹੋਣੀ ਹੈ। ਜਦੋਂ ਕਿ ਕੈਟੇਗਰੀ 3 ਵਿਚ 3 ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਇਸ ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਵਾਲੇ ਸਾਇਰਨ ਵੀ ਵਜਾਏ ਜਾਣਗੇ ਅਤੇ ਕੁਝ ਸਮੇਂ ਲਈ ਬਲੈਕ ਆਊਟ ਵੀ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਵਿਚ ਵੀ ਮੌਕ ਡਰਿੱਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਵਿਚ ਸਿਵਲ ਡਿਫੈਂਸ, ਪੰਜਾਬ ਪੁਲਿਸ ਅਤੇ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਇਸ ਮੌਕ ਡਰਿੱਲ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਵਾਲੀ ਸਥਿਤੀ ਲਈ ਤਿਆਰੀਆਂ ਨੂੰ ਯਕੀਨੀ ਬਣਾਉਣਾ ਹੈ। ਹਰਪਾਲ ਚੀਮਾ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਪ੍ਰਕਿਰਿਆ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਸੀਐਮ ਮਾਨ ਇਸ ਸਾਰੇ ਮਾਮਲੇ ਦੀ ਨਜ਼ਰਸਾਨੀ ਕਰ ਰਹੇ ਹਨ।  

 

ਕੇਂਦਰ ਸਰਕਾਰ ਖਿਲਾਫ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਲਗਾਇਆ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹਾਂ। ਇਹ ਆਵਾਜ਼ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਪੂਰੇ ਦੇਸ਼ ਤੱਕ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭਗਵੰਤ ਮਾਨ ਸਰਕਾਰ ਦੀ ਗੱਲ ਦਾ ਸਮਰਥਨ ਕਰਦੇ ਹਾਂ ਅਤੇ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਬਾਜਵਾ ਨੇ ਅੱਗੇ ਕਿਹਾ ਕਿ ਭਾਵੇਂ ਇਹ ਅਗਨੀਵੀਰ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਮਤਾ, ਜਦੋਂ ਵੀ ਸਰਕਾਰ ਕੋਈ ਮਤਾ ਲੈ ਕੇ ਆਈ, ਅਸੀਂ ਉਸ ਦਾ ਸਮਰਥਨ ਕੀਤਾ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਸਾਨੂੰ ਧੋਖਾ ਦਿੱਤਾ ਅਤੇ ਸਾਡੇ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਤਕੜੇ ਹੋ ਕੇ ਇਹ ਲੜਾਈ ਲੜੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਪਾਣੀ ਪੰਜਾਬ ਲਈ ਬਹੁਤ ਵੱਡੀ ਲੋੜ ਹੈ। ਅਸੀਂ ਹਰਿਆਣਾ ਨੂੰ ਉਨ੍ਹਾਂ ਦੇ ਹਿੱਸੇ ਤੋਂ ਵੱਧ ਪਾਣੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਕੇਂਦਰ ਦੋਵੇਂ ਸਰਕਾਰਾਂ ਪੰਜਾਬ ਤੋਂ ਪਾਣੀ ਲੁੱਟਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਜਿਹਾ ਕਦੇ ਨਹੀਂ ਹੋਣ ਦੇਵੇਗੀ।  

 

ਬੀਬੀਐਮਬੀ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ’ਤੇ ਦਬਾਅ ਬਣਾਉਣ ਲੱਗਾ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਚੁੱਪ ਚੁਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਨਾਕਾਮ ਕਰ ਦਿੱਤੀ ਹੈ। ਮੀਡੀਆ ਤੋਂ  ਮਿਲੀ ਜਾਣਕਾਰੀ ਅਨੁਸਾਰ ਬੀਬੀਐੱਮਬੀ ਨੇ ਲੰਘੀ ਰਾਤ 11 ਵਜੇ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ। ਜਲ ਸਰੋਤ ਵਿਭਾਗ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਵਿਭਾਗ ਨੇ ਫੌਰੀ ਸਰਕਾਰ ਨੂੰ ਜਾਣਕਾਰੀ ਦਿੱਤੀ। ਇਸ ਦੇ ਚੱਲਦਿਆਂ ਸਰਕਾਰ ਨੇ ਬੀਬੀਐੱਮਬੀ ਨੂੰ ਕਿਹਾ ਕਿ ਭਾਖੜਾ ਨਹਿਰ ਦੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖ਼ਤਰਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ। ਜੇਕਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬੀਬੀਐੱਮਬੀ ਦੀ ਹੋਵੇਗੀ।

ਕਿਸਾਨਾਂ ਨੇ ਭਲਕੇ 6 ਮਈ ਨੂੰ ਸ਼ੰਭੂ ਬਾਰਡਰ ’ਤੇ ਧਰਨਾ ਦੇਣ ਦਾ ਕੀਤਾ ਹੋਇਆ ਹੈ ਐਲਾਨ

ਫਰੀਦਕੋਟ/ਬਿਊਰੋ ਨਿਊਜ਼

ਭਲਕੇ 6 ਮਈ ਦੇ ਸ਼ੰਭੂ ਬਾਰਡਰ ’ਤੇ ਧਰਨਾ ਦੇਣ ਦੇ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂਆਂ ਦੇ ਘਰ ਪੁਲਿਸ ਪੁੱਜੀ ਤੇ ਉਨ੍ਹਾਂ ਵਲੋਂ ਜਗਜੀਤ ਸਿੰਘ ਡੱਲੇਵਾਲ ਸਮੇਤ ਫੋਰਮ ਦੇ ਦਰਜਨਾਂ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਕਿਸਾਨਾਂ ਦੇ ਸਮਾਨ ਦੀ ਹੋਈ ਚੋਰੀ ਅਤੇ ਖੁਰਦਬੁਰਦ ਕੀਤੇ ਜਾਣ ਦਾ ਇਨਸਾਫ਼ ਲੈਣ ਅਤੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ/ਮੁਲਾਜ਼ਮਾਂ ਅਤੇ ਐਮ.ਐਲ.ਏ. ਘਿਨੌਰ ਖਿਲਾਫ਼ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਜਾਣਾ ਹੈ। 

 

ਮਾਨਸਾ/ਬਿਊਰੋ ਨਿਊਜ਼  

ਮਾਨਸਾ ਵਿਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸਦੇ ਚੱਲਦਿਆਂ ਸੀਐਮ ਮਾਨ ਅਤੇ ਕਿਸਾਨ ਆਗੂਆਂ ਵਿਚਾਲੇ ਤਣਾਅ ਵਧ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ ਸੰਗਠਨ ਧਰਨਾ ਜਾਂ ਹੜਤਾਲ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਚਿਤਾਵਨੀ ਤੋਂ ਡਰਦੇ ਨਹੀਂ ਹਾਂ। ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਅਧਿਕਾਰਾਂ ਲਈ ਸੜਕਾਂ ਅਤੇ ਰੇਲਾਂ ਜ਼ਰੂਰ ਰੋਕਾਂਗੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਸਾਡੇ ਲਈ ਸਕੂਲਾਂ ਵਾਂਗ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ।  

 

ਸਖਤ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹਿਣ ਲਈ ਕਿਹਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਸੱਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਅੱਜ ਇਕ ਟਵੀਟ ਵਿਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਮਾਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ’ਚ ਵਿਘਨ ਪਾਉਣ ਵਾਲੇ ਕਿਸੇ ਵੀ ਐਲਾਨ, ਧਰਨੇ ਜਾਂ ਹੜਤਾਲਾਂ ਨੂੰ ਪਬਲਿਕ ਦੇ ਵਿਰੁੱਧ ਮੰਨਿਆ ਜਾਵੇਗਾ। ਉਨ੍ਹਾਂ ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਨੂੰ ਕਿਹਾ ਹੈ ਕਿ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਅਤੇ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਤੰਗ ਕੀਤਾ ਗਿਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਨੇ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਦਾ ਹਵਾਲਾ ਦਿੱਤਾ ਹੈ।

ਕਿਹਾ : ਹਰ ਸਿੱਖ ਜੋੜਾ ਘੱਟੋ ਘੱਟ ਤਿੰਨ ਬੱਚੇ ਪੈਦਾ ਕਰੇ

ਚੰਡੀਗੜ੍ਹ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘਟ ਰਹੀ ਅਬਾਦੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਿੱਖ ਜੋੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟੋ-ਘੱਟ ਤਿੰਨ-ਤਿੰਨ ਬੱਚੇ ਪੈਦਾ ਕਰਨ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦੀ ਆਬਾਦੀ ਘੱਟ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਆਬਾਦੀ ਘਟਣ ਦਾ ਕਾਰਣ ਇਹ ਹੈ ਕਿ ਅੱਜ ਕੱਲ੍ਹ ਸਿੱਖ ਜੋੜੇ ਸਿਰਫ ਇਕ ਜਾਂ ਦੋ ਬੱਚੇ ਹੀ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਆਬਾਦੀ ਦਾ ਸੰਤੁਲਣ ਬਣਾਉਣ ਲਈ ਘੱਟੋ-ਘੱਟ ਤਿੰਨ ਤਿੰਨ ਬੱਚੇ ਪੈਦਾ ਕਰਨੇ ਜ਼ਰੂਰੀ ਹਨ। ਉਹਨਾਂ ਇਹ ਵੀ ਕਿਹਾ ਕਿ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਣ ਅਤੇ ਉਹਨਾਂ ਨੂੰ ਬਾਣੇ ਤੇ ਬਾਣੀ ਨਾਲ ਜੋੜਨ।

 

ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਕਿਹਾ

ਪਟਿਆਲਾ/ਬਿਊਰੋ ਨਿਊਜ਼ 

ਪੰਜਾਬ ਭਾਜਪਾ ਹਰਿਆਣਾ ਨੂੰ ਪਾਣੀ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਹੈ। ਇਸ ਸਬੰਧੀ ਭਾਜਪਾ ਆਗੂ ਪ੍ਰਨੀਤ ਕੌਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ ਫੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦਾ ਸਪੱਸ਼ਟ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕੇਂਦਰ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੀ ਮਾਰ ਸਹਿ ਰਿਹਾ ਹੈ।  

 

ਬੀਬੀਐਮਬੀ ਨੇ ਸੂਬਾ ਸਰਕਾਰ ਖਿਲਾਫ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਦਾ ਰੁਖ ਕੀਤਾ ਹੈ ਅਤੇ ਸੂਬਾ ਸਰਕਾਰ ਖਿਲਾਫ ਆਰੋਪ ਲਗਾਏ ਹਨ। ਬੀਬੀਐਮਬੀ ਨੇ ਨੰਗਲ ਡੈਮ ’ਤੇ ਲਗਾਈ ਗਈ ਪੰਜਾਬ ਪੁਲਿਸ ਨੂੰ ਹਟਾਉਣ ਦੀ ਮੰਗ ਕੀਤੀ ਹੈ। ਬੀਬੀਐਮਬੀ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਤੈਨਾਤੀ ਡੈਮ ਦੇ ਦੁਆਲੇ ਪੂਰੀ ਤਰ੍ਹਾਂ ਨਾਲ ਗਲਤ ਹੈ। ਬੀਬੀਐਮਬੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਭਾਖੜਾ ਨੰਗਲ ਡੈਮ ਹੈਡ ਵਰਕਰਸ ’ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨੰਗਲ ਡੈਮ ਤੋਂ ਪੰਜਾਬ ਪੁਲਿਸ ਹਟਾਈ ਜਾਵੇ। ਬੀਬੀਐਮਬੀ ਨੇ ਪਟੀਸ਼ਨ ਵਿੱਚ ਇਹ ਵੀ ਆਖਿਆ ਹੈ ਕਿ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਿਕ ਢੰਗ ਨਾਲ ਪੰਜਾਬ ਸਰਕਾਰ ਨੇ ਡੈਮ ਅੰਦਰ ਦਖਲਅੰਦਾਜੀ ਕੀਤੀ ਹੈ। ਬੀਬੀਐਮਬੀ ਨੇ ਆਰੋਪ ਲਗਾਇਆ ਕਿ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਭਾਖੜਾ ਨੰਗਲ ਡੈਮ ਉੱਤੇ ਕਬਜ਼ਾ ਕੀਤਾ ਹੈ।    

ਸੀਐਮ ਮਾਨ ਨੇ ਕਿਹਾ : ਪਾਣੀਆਂ ਦੇ ਮੁੱਦੇ ’ਤੇ ਸਾਰੀਆਂ ਸਿਆਸੀ ਪਾਰਟੀਆਂ ਹਨ ਇਕਜੁੱਟ

ਚੰਡੀਗੜ੍ਹ/ਬਿਊਰੋ ਨਿਊਜ਼

ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹਨ ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਦੀ ਜੀਵਨ ਰੇਖਾ ਹੈ ਤੇ ਅਸੀਂ ਮਾਨਵਤਾ ਦੇ ਆਧਾਰ ’ਤੇ ਹਰਿਆਣਾ ਨੂੰ ਪਾਣੀ ਦੇ ਰਹੇ ਹਾਂ ਤੇ ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ ਰੋਕ ਨਹੀਂ ਸਕਦੇ ਤਾਂ ਕੇਂਦਰ ਧੱਕੇ ਨਾਲ ਸਾਡੇ ਕੋਲੋਂ ਪਾਣੀ ਨਹੀਂ ਲੈ ਸਕਦਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਮੁੱਦਾ ਪਾਰਟੀਆਂ ਦਾ ਨਹੀਂ ਬਲਕਿ ਪੰਜਾਬ ਦਾ ਮੁੱਦਾ ਹੈ ਤੇ ਪੰਜਾਬ ਦੇ ਮੁੱਦੇ ’ਤੇ ਸਾਡਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਕਿਸੇ ਪਾਰਟੀ ਦਾ ਨਹੀਂ ਸਗੋਂ ਪੰਜਾਬ ਦੇ ਭਵਿੱਖ ਦਾ ਮਸਲਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਸਿਆਸਤ ਤੋਂ ਦੂਰ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ। ਇਸ ਦੌਰਾਨ ਸੁਨੀਲ ਜਾਖੜ ਨੇ ਭਰੋਸਾ ਦਿੱਤਾ ਕਿ ਉਹ ਸਾਰੀ ਗੱਲ ਕੇਂਦਰ ਤੱਕ ਪਹੁੰਚਾਉਣਗੇ। ਉਨ੍ਹਾਂ ਇਸ ਮੀਟਿੰਗ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।

 

ਚੰਡੀਗੜ੍ਹ/ਬਿਊਰੋ ਨਿਊਜ਼ 

ਪਾਣੀਆਂ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਇਆ ਹੈ ਅਤੇ ਪਾਣੀਆਂ ਦੇ ਮਸਲੇ ’ਤੇ ਪੰਜਾਬ ਦੇ ਸਾਰੇ ਸਿਆਸੀ ਦਲ ਇਕਜੁਟ ਨਜ਼ਰ ਆਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਜਲਾਸ ਵਿਚ ਬੋਲਦੇ ਹੋਏ ਕਿਹਾ ਕਿ ਅਸੀਂ ਉਸੇ ਤਰ੍ਹਾਂ ਦੀਆਂ ਮੋਟਰਾਂ ਦੀ ਵਰਤੋਂ ਕਰਕੇ ਪਾਣੀ ਕੱਢ ਰਹੇ ਹਾਂ, ਜੋ ਸਾਊਦੀ ਅਰਬ ਵਿਚ ਤੇਲ ਕੱਢਣ ਲਈ ਵਰਤੀਆਂ ਜਾਂਦੀਆਂ ਹਨ। ਸੀਐਮ ਮਾਨ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਸਹੁੰ ਚੁੱਕੀ ਸੀ, ਉਸ ਸਮੇਂ 22 ਪ੍ਰਤੀਸ਼ਤ ਨਹਿਰੀ ਪਾਣੀ ਵਰਤਿਆ ਜਾ ਰਿਹਾ ਸੀ ਅਤੇ ਹੁਣ 60 ਪ੍ਰਤੀਸ਼ਤ ਤੋਂ ਵੱਧ ਖੇਤਰ ਵਿਚ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੇ ਨਤੀਜੇ ਭੁਗਤ ਰਹੇ ਹਾਂ। ਹਰਿਆਣੇ ਨੂੰ ਪਾਣੀ ਦੇਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਾਡਾ ਤਾਂ ਆਪਣਾ ਪਾਣੀ ਪੂਰਾ ਨਹੀਂ ਹੋ ਰਿਹਾ, ਉਨ੍ਹਾਂ ਨੂੰ ਵਾਧੂ ਪਾਣੀ ਕਿੱਥੋਂ ਦੇ ਦੇਈਏ। ਉਨ੍ਹਾਂ ਕਿਹਾ ਕਿ ਪਾਣੀ ਹਰਿਆਣੇ ਦਾ ਨਹੀਂ, ਪੰਜਾਬ ਦਾ ਹੈ। ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਸਾਨੂੰ ਬੀ.ਬੀ.ਐਮ.ਬੀ. ਦੀ ਲੋੜ ਨਹੀਂ ਹੈ, ਇਹ ਚਿੱਟਾ ਹਾਥੀ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਜਲਾਸ ਦੌਰਾਨ ਇਕ ਮਤਾ ਪੇਸ਼ ਕੀਤਾ, ਜਿਸ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਛੱਡਣ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ।  

ਮੀਟਿੰਗ ਲਈ ਨਵੀਂ ਤਰੀਕ ਨਹੀਂ ਕੀਤੀ ਗਈ ਤੈਅ

ਚੰਡੀਗੜ੍ਹ/ਬਿਊਰੋ ਨਿਊਜ਼

ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਚੰਡੀਗੜ੍ਹ ਵਿਚ 4 ਮਈ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਤਰਕ ਦਿੱਤਾ ਗਿਆ ਕਿ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਤੋਂ ਬਿਨਾ ਇਹ ਮੀਟਿੰਗ ਕਰਨ ਦੀ ਸ਼ਰਤ ਰੱਖੀ ਸੀ। ਕੇਂਦਰ ਨੇ ਕਿਸਾਨਾਂ ਦੀ ਇਸ ਸ਼ਰਤ ਨੂੰ ਗੈਰਵਾਜਬ ਦੱਸਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਪੂਰਨ ਚੰਦਰ ਕਿਸ਼ਨ ਨੇ ਦੋਵਾਂ ਕਿਸਾਨ ਜਥੇਬੰਦੀਆਂ ਦੀ ਇਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਨੇ ਹੁਣ ਮੀਟਿੰਗ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਕੇਂਦਰ ਨੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਮੰਗ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਜੋ ਕਿ ਮੀਟਿੰਗ ਵਿਚੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬਾਹਰ ਰੱਖਣ ਨਾਲ ਸਬੰਧਤ ਸੀ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.