Saturday, 18 April 2026

ਜਾਖੜ ਨੇ ਕਿਹਾ : ਜ਼ਿੰਮੇਵਾਰ ਵਿਅਕਤੀਆਂ ਨੂੰ ਮਿਲੇ ਸਖਤ ਸਜ਼ਾ 

ਚੰਡੀਗੜ੍ਹ/ਬਿਊਰੋ ਨਿਊਜ਼

ਮਜੀਠਾ ਸ਼ਰਾਬ ਕਾਂਡ ਦੇ ਮਾਮਲੇ ਵਿਚ ਪੰਜਾਬ ਭਾਜਪਾ ਦਾ ਵਫਦ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਨੇ ਹਾਈਜੈਕ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਹੋਈਆਂ 27 ਮੌਤਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਕੋਈ ਠੇਕੇਦਾਰ, ਸਭਨਾਂ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸ਼ਰਾਬ ਕਾਂਡ ਦੇ ਮੁਲਜ਼ਮਾਂ ਦੀ ਸਾਰੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਐਕਸਾਈਜ਼ ਪਾਲਿਸੀ ਦੀ ਜਾਂਚ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਵਿਗੜ ਚੁੱਕੀ ਹੈ ਤੇ ਮਜੀਠਾ ਸ਼ਰਾਬ ਕਾਂਡ ਵਿਚ ਮੌਤਾਂ ਨਹੀਂ ਬਲਕਿ ਹੱਤਿਆਵਾਂ ਹੋਈਆਂ ਹਨ। 

 

ਡਰੋਨ ਹਮਲੇ ’ਚ ਇਕ ਪਰਿਵਾਰ ਦੇ ਤਿੰਨ ਜੀਅ ਹੋਏ ਸਨ ਗੰਭੀਰ ਜ਼ਖ਼ਮੀ

ਅੰਮਿ੍ਰਤਸਰ/ਬਿਊਰੋ ਨਿਊਜ਼

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ’ਚ ਲੰਘੇ ਦਿਨੀਂ ਡਰੋਨ ਹਮਲੇ ਦੌਰਾਨ ਜ਼ਖ਼ਮੀ ਹੋਏ ਪਰਿਵਾਰ ਵਿਚੋਂ ਬੀਬੀ ਸੁਖਵਿੰਦਰ ਕੌਰ ਦੇ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਪ੍ਰਗਟ ਕੀਤਾ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਦਿਨੀਂ ਹੋਏ ਡਰੋਨ ਹਮਲਿਆਂ ਵਿਚ ਲਖਵਿੰਦਰ ਸਿੰਘ ਦੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਨ੍ਹਾਂ ਦੇ ਤਿੰਨ ਜੀਅ ਹਮਲੇ ਵਿਚ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਬੀਬੀ ਸੁਖਵਿੰਦਰ ਕੌਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਦਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਭਰਤੀ 18 ਜੂਨ ਤੱਕ ਕੀਤੀ ਜਾਵੇਗੀ ਮੁਕੰਮਲ, ਕਮੇਟੀ ਵੱਲੋਂ ਪੰਥਕ ਏਕੇ ਦਾ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਵਿਚ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੇ ਵਿਦੇਸ਼ਾਂ ਅਤੇ ਹੋਰਨਾਂ ਸੂਬਿਆਂ ਵਿੱਚ ਬੈਠੇ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਨ ਲਈ ਆਨਲਾਈਨ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕਮੇਟੀ ਵੱਲੋਂ ਭਰਤੀ ਦੇ ਅਮਲ ਨੂੰ 18 ਜੂਨ ਤੱਕ ਮੁਕੰਮਲ ਕੀਤਾ ਜਾਵੇਗਾ। ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਨਾਲ ਵਿਦੇਸ਼ਾਂ ਵਿੱਚ ਬੈਠੇ ਵਿਅਕਤੀ ਵੀ ਪਾਰਟੀ ਨਾਲ ਜੁੜ ਸਕਣਗੇ। ਇਸਦੇ ਨਾਲ ਹੀ ਭਰਤੀ ਕਮੇਟੀ ਨੇ ਪੰਥਕ ਏਕੇ ਦਾ ਵੀ ਸੱਦਾ ਦਿੱਤਾ। ਧਿਆਨ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਵਿਚ ਪਹਿਲਾਂ ਸੱਤ ਮੈਂਬਰ ਸਨ, ਪਰ ਮਗਰੋਂ ਦੋ ਮੈਂਬਰਾਂ ਨੇ ਇਸ ਵਿਚੋਂ ਅਸਤੀਫਾ ਦੇ ਦਿੱਤਾ ਸੀ।

 

ਵਿਧਾਇਕ ਨੇ ਕਿਹਾ : ਹੁਣ ਆਪਣੇ ਸ਼ਬਦਾਂ ’ਤੇ ਖਰਾ ਉੱਤਰੋ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ’ਤੇ ਸਵਾਲ ਚੁੱਕੇ ਹਨ। ਮਜੀਠਾ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਆਰੋਪ ਲਗਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਸ਼ਰਾਬ ਮਾਫੀਆ ਗਠਜੋੜ ਨੂੰ ਰੋਕਣ ਵਿਚ ਅਸਫਲ ਰਹੀ ਹੈ। ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2020 ਵਿਚ ਵੀ ਮਾਝਾ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਕਾਂਡ ਨੂੰ ਯਾਦ ਕਰਦੇ ਹੋਏ ਕੁੰਵਰ ਨੇ ਦੱਸਿਆ ਕਿ ਭਗਵੰਤ ਮਾਨ ਨੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਕੁੰਵਰ ਵਿਜੇ ਪ੍ਰਤਾਪ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਹੁਣ ਆਪਣੇ ਸ਼ਬਦਾਂ ’ਤੇ ਖਰਾ ਉੱਤਰੋ।

16 ਸਾਲਾਂ ਬਾਅਦ ਪੰਜਾਬ ’ਚ ਕਿਸੇ ਸੰਸਦ ਮੈਂਬਰ ਨੂੰ ਮਿਲੇਗਾ ਇਹ ਐਵਾਰਡ

ਜਲੰਧਰ/ਬਿਊਰੋ ਨਿਊਜ਼ 

ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ‘ਸੰਸਦ ਰਤਨ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਦੇਸ਼ ਦੀ ਲੋਕ ਸਭਾ ਦੇ ਲਈ ਪੰਜਾਬ ਤੋਂ ਚੁਣੇ ਗਏ ਕਿਸੇ ਸੰਸਦ ਮੈਂਬਰ ਨੂੰ ਪਿਛਲੇ 16 ਸਾਲਾਂ ਵਿਚ ਪਹਿਲੀ ਵਾਰ ਸੰਸਦ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਜਲੰਧਰ ਲੋਕ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਕੇ ਦੇਸ਼ ਦੀ ਲੋਕ ਸਭਾ ’ਚ ਪਹੁੰਚ ਕੇ ਲੋਕਾਂ ਦੀ ਆਵਾਜ਼ ਬਣੇ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ 2010 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ ਸੰਸਦ ਰਤਨ ਐਵਾਰਡ ਕਮੇਟੀ ਨੇ ਜਾਣਕਾਰੀ ਸਾਂਝੀ ਕੀਤੀ ਹੈ।   

 

ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ

ਮੁਹਾਲੀ/ਬਿਊਰੋ ਨਿਊਜ਼ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ।  ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਪੁੱਤਰੀ ਸਿਮਰਦੀਪ ਸਿੰਘ ਨੇ (500/500) ਯਾਨੀ ਕਿ 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ  ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ’ਚੋਂ 498 ਅੰਕਾਂ ਨਾਲ ਪੰਜਾਬ ਵਿੱਚ ਦੂਜਾ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ  ਜ਼ਿਲ੍ਹਾ ਮਾਨਸਾ ਦੀ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 500 ਚੋਂ 498 ਅੰਕਾਂ ਨਾਲ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

 

ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਸ਼ੇਸ਼ਾਧਾਰੀ ਨੇ ਦਿੱਤੀ ਜਾਣਕਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼  

ਭਾਰਤੀ ਫੌਜ ਨੇ ਅਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਵਲੋਂ ਅੰਮਿ੍ਰਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਜਾਣ ਸੰਭਾਵੀ ਮਿਜ਼ਾਈਲ ਤੇ ਡਰੋਨ ਹਮਲਿਆਂ ਨੂੰ ਭਾਰਤੀ ਹਵਾਈ ਸੈਨਾ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਮੱਦਦ ਨਾਲ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਫੌਜ ਨੇ ਮੀਡੀਆ ਨੂੰ ਪਾਕਿਸਤਾਨੀ ਮਿਜ਼ਾਈਲਾਂ ਤੇ ਡਰੋਨ ਦੇ ਮਲਬੇ ਦਿਖਾਏ, ਜਿਸ ਨੂੰ ਭਾਰਤੀ ਹਵਾਈ ਸੈਨਾ ਨੇ ਹਵਾ ਵਿਚ ਹੀ ਖਤਮ ਕਰ ਦਿੱਤਾ ਸੀ।  15 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਧਾਰੀ ਨੇ ਕਿਹਾ ਕਿ 22 ਅਪ੍ਰੈਲ ਨੂੰ ਪਾਕਿਸਤਾਨ ਦੀ ਫੌਜ ਨੇ ਆਪਣੇ ਸਿਖਲਾਈਯਾਫਤਾ ਦਹਿਸ਼ਤਗਰਦਾਂ ਜ਼ਰੀਏ ਪਹਿਲਗਾਮ ਵਿਚ ਨਿਹੱਥੇ ਸੈਲਾਨੀਆਂ ’ਤੇ ਹਮਲਾ ਕਰਵਾਇਆ, ਜਿਸ ਬਾਰੇ ਕੁੱਲ ਆਲਮ ਜਾਣਦਾ ਹੈ। ਇਸ ਮਗਰੋਂ ਪੂਰੇ ਵਿਚ ਫੁੱਟੇ ਗੁੱਸੇ ਦਰਮਿਆਨ ਭਾਰਤ ਨੇ ਮਜ਼ਬੂਤ ਅਗਵਾਈ ਵਿਚ ਅਪਰੇਸ਼ਨ ਸੰਦੂਰ ਦੀ ਸ਼ੁਰੂਆਤ ਕੀਤੀ। ਮੇਜਰ ਜਨਰਲ ਨੇ ਦਾਅਵਾ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਸ੍ਰੀ ਹਰਿਮੰਦਰ ਸਾਹਿਬ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕਰਨ ਦਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਵੱਲ ਇਕ ਵੀ ਮਿਜ਼ਾਈਲ ਜਾਂ ਡਰੋਨ ਨਹੀਂ ਆਉਣ ਦਿੱਤਾ।

 

ਪੁਲਿਸ ਨੇ ਹੁਣ ਤੱਕ 15 ਵਿਅਕਤੀਆਂ ਨੂੰ ਕੀਤਾ ਹੈ ਗਿ੍ਰਫਤਾਰ

ਮਜੀਠਾ/ਬਿਊਰੋ ਨਿਊਜ਼  

ਅੰਮਿ੍ਰਤਸਰ ਜ਼ਿਲ੍ਹੇ ’ਚ ਪੈਂਦੇ ਕਸਬਾ ਮਜੀਠਾ ਨੇੜਲੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 23 ਹੋ ਗਈ ਹੈ ਅਤੇ ਅੱਧੀ ਦਰਜਨ ਵਿਅਕਤੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਸਬੰਧ ਵਿੱਚ ਦਿੱਲੀ ਦੇ ਦੋ ਹੋਰ ਵਪਾਰੀ ਕਾਬੂ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 15 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਜੀਠਾ ਸਬ ਡਿਵੀਜ਼ਨ ਦੇ ਪੰਜ ਪਿੰਡਾਂ ਵਿੱਚ ਮੰਗਲਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 21 ਵਿਅਕਤੀ, ਜੋ ਸਾਰੇ ਗਰੀਬ ਮਜ਼ਦੂਰ ਆਦਿ ਸਨ, ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਸ਼ੱਕੀ ਵਿਅਕਤੀਆਂ ਖਿਲਾਫ ਕਤਲ, ਇਰਾਦਾ ਕਤਲ ਅਤੇ ਆਬਕਾਰੀ ਐਕਟ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਧਿਆਨ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲੰਘੇ ਕੱਲ੍ਹ ਪੀੜਤ ਪਰਿਵਾਰਾਂ ਕੋਲ ਪਹੰੁਚੇ ਹਨ ਅਤੇ ਉਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜਾਨ ਗੁਆਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਪੰਜਾਬ ਸਰਕਾਰ ਵਲੋਂ ਚੁੱਕਿਆ ਜਾਵੇਗਾ। 

ਨਵਾਂਸ਼ਹਿਰ/ਬਿਊਰੋ ਨਿਊਜ਼ 

ਸੀਐਮ ਭਗਵੰਤ ਮਾਨ ਵਲੋਂ ਨਵਾਂਸ਼ਹਿਰ ਵਿਚ ਸ਼ੁਰੂ ਕੀਤੀ ‘ਨਸ਼ਾ ਮੁਕਤੀ ਯਾਤਰਾ’ ਮੁਹਿੰਮ ਵਿਚ ਅਰਵਿੰਦ ਕੇਜਰੀਵਾਲ ਵੀ ਪਹੁੰਚੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਕ ਸਮਾਂ ਸੀ, ਜਦੋਂ ਪੰਜਾਬ ਸੋਨੇ ਦੀ ਚਿੜੀ ਕਹਾਉਂਦਾ ਸੀ, ਪਰ ਹੁਣ ਇਹ ਪੰਜਾਬ 16ਵੇਂ-17ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੇਜਰੀਵਾਲ ਨੇ ਆਰੋਪ ਲਗਾਇਆ ਕਿ ਪੰਜਾਬ ’ਚ ਪਹਿਲੀਆਂ ਸਰਕਾਰਾਂ ਨੇ ਨਸ਼ਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖੁਦ ਨਸ਼ੇ ਦੇ ਤਸਕਰ ਸਨ ਅਤੇ ਉਹ ਸਰਕਾਰਾਂ ਲੋਕਾਂ ਨੂੰ ਨਸ਼ਿਆਂ ਵਿਚੋਂ ਬਾਹਰ ਕਿਸ ਤਰ੍ਹਾਂ ਕੱਢ ਸਕਦੀਆਂ ਸਨ। ਕੇਜਰੀਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਇਕ ਇਮਾਨਦਾਰ ਪਾਰਟੀ ਦੀ ਸਰਕਾਰ ਆਈ ਹੈ ਅਤੇ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ। ਜ਼ਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ।  

20 ਮਈ ਤੱਕ ਮੰਗਿਆ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਸਬੰਧੀ ਵਿਵਾਦ ਦੌਰਾਨ ਪੰਜਾਬ ਸਰਕਾਰ ਵਲੋਂ ਦਾਇਰ ਕੀਤੀ ਗਈ ਸਮੀਖਿਆ ਪਟੀਸ਼ਨ ’ਤੇ ਅੱਜ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੈ। ਇਸ ਦੌਰਾਨ ਹਾਈਕੋਰਟ ਨੇ ਕੇਂਦਰ ਸਰਕਾਰ, ਹਰਿਆਣਾ ਅਤੇ ਬੀਬੀਐਮਬੀ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ। ਉਧਰ ਦੂਜੇ ਪਾਸੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਬੁੱਧਵਾਰ ਨੂੰ ਹੋਣੀ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ। ਹੁਣ ਇਹ ਮੀਟਿੰਗ ਭਲਕੇ 15 ਮਈ ਵੀਰਵਾਰ ਨੂੰ ਹੋਵੇਗੀ। ਇਸ ਮੀਟਿੰਗ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਲ ਹੋਣਗੇ। ਇਸ ਮੀਟਿੰਗ ’ਚ ਤਿੰਨੋਂ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਐਲੋਕੇਸ਼ਨ ਹੋਵੇਗੀ ਅਤੇ ਇਹ ਸੂਬੇ ਪਾਣੀ ਸਬੰਧੀ ਆਪੋ-ਆਪਣੀ ਡਿਮਾਂਡ ਦੱਸਣਗੇ। 

 

ਨਸ਼ਿਆਂ ਵਿਰੁੱਧ ਲੜਾਈ ’ਚ ਲੋਕਾਂ ਨੂੰ ਭਾਈਵਾਲ ਬਣਨ ਦੀ ਕੀਤੀ ਅਪੀਲ

ਨਵਾਂਸ਼ਹਿਰ/ਬਿਊਰੋ ਨਿਊਜ਼    

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਨਵਾਂਸ਼ਹਿਰ ਵਿਖੇ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਸਨ। ਇਸ ਇਤਿਹਾਸਕ ਮੁਹਿੰਮ ਦੀ ਸ਼ੁਰੂਆਤ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਤੋਂ ਕੀਤੀ ਗਈ। ਇਸ ਮੌਕੇ ਭਗਵੰਤ ਮਾਨ ਨੇ ਨਸ਼ਿਆਂ ਵਿਰੁੱਧ ਲੜਾਈ ਵਿਚ ਲੋਕਾਂ ਨੂੰ ਭਾਈਵਾਲ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ ਸਰਕਾਰ ਦੀ ਨਹੀਂ ਹੈ, ਸਗੋਂ ਇਹ ਹਰ ਪੰਜਾਬੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਖੁਦ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਸ ਜ਼ਹਿਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸੂਬਾ ਸਰਕਾਰ ਨੇ ਇਕ ਵਿਸ਼ੇਸ਼ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਅਤੇ ਜਿਸ ’ਤੇ ਨਾਗਰਿਕ ਨਸ਼ਾ ਤਸਕਰੀ ਬਾਰੇ ਗੁਪਤ ਸੂਚਨਾ ਦੇ ਸਕਦੇ ਹਨ। ਇਸ ਮੌਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਸਹੁੰ ਵੀ ਚੁਕਵਾਈ ਗਈ। 

ਚੰਡੀਗੜ੍ਹ 13 ਮਈ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮਜੀਠਾ ਸ਼ਰਾਬ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਹੜੇ ਖੁਦ ਸ਼ਰਾਬ ਘੁਟਾਲੇ ਵਿੱਚ ਜੇਲ ਕੱਟ ਚੁੱਕੇ ਹਨ ਉਹੀ ਹੁਣ ਚੰਡੀਗੜ੍ਹ ਵਿੱਚ ਸਰਕਾਰੀ ਕੋਠੀਆ ਵਿੱਚ ਬੈਠ ਕੇ ਪੰਜਾਬ ਸਰਕਾਰ ਚਲਾ ਰਹੇ ਹਨ। ਅਜਿਹੇ ਲੋਕਾਂ ਤੋਂ ਚੰਗੇ ਦੀ ਕੀ ਆਸ ਕੀਤੀ ਜਾ ਸਕਦੀ ਹੈ।  ਉਹਨਾਂ ਨੇ ਕਿਹਾ ਕਿ ਭਾਜਪਾ ਇਸ ਮੁੱਦੇ ਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ  ਨੂੰ ਮਿਲ ਕੇ ਜਾਂਚ ਦੀ ਮੰਗ ਕਰੇਗੀ ਕਿ ਜਿਨ੍ਹਾਂ ਲੋਕਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂ ਉਹ ਕਿਵੇਂ ਪੰਜਾਬ ਦੀਆਂ ਮੀਟਿੰਗਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਨੇ ਦਿੱਲੀ ਵਿੱਚ ਸ਼ਰਾਬ ਪਾਲਸੀ ਬਣਾਈ ਸੀ ਉਹਨਾਂ ਲੋਕਾਂ ਦੇ ਪ੍ਰਭਾਵ ਇਹ ਪੰਜਾਬ ਦੀ ਪੋਲਿਸੀ ਬਣੀ ਸੀ ਜਿਸ ਕਾਰਨ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਾਲਾਤ ਉਪਜ ਰਹੇ ਹਨ। ਉਹਨਾਂ ਆਖਿਆ ਕਿ ਇਸ ਪੱਖ ਤੋਂ ਵੀ ਇਹ ਨਿਰਪੱਖ ਜਾਂਚ ਦਾ ਵਿਸ਼ਾ ਹੈ।

ਸੁਨੀਲ ਜਾਖੜ ਨੇ ਇੱਥੋਂ ਜਾਰੀ ਬਿਆਨ ਵਿੱਚ ਮਜੀਠਾ ਵਿੱਚ ਵਾਪਰੇ ਸ਼ਰਾਬ ਕਾਂਡ ਦੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਖੁਦ ਕਠਪੁਤਲੀ ਵਜੋਂ ਕੰਮ ਕਰ ਰਹੇ ਹਨ। ਇਸ ਲਈ ਅਸਲ ਜਿੰਮੇਵਾਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਬਣਦੀ ਹੈ ਜਿਨਾਂ ਨੂੰ ਦਿੱਲੀ ਦੇ ਲੋਕਾਂ ਨੇ ਵਿਹਲੇ ਕਰ ਦਿੱਤਾ ਅਤੇ ਹੁਣ ਉਹ ਪੰਜਾਬ  ਆ ਬੈਠੇ ਹਨ। ਉਹਨਾਂ ਕਿਹਾ ਕਿ ਜਿਹੜਾ ਸ਼ਰਾਬ ਮਾਫੀਆ ਦਿੱਲੀ ਵਿੱਚ ਫੈਲਿਆ ਸੀ ਹੁਣ ਉਹ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ ਅਤੇ ਗਰੀਬ ਲੋਕਾਂ ਦਾ ਖੂਨ ਚੂਸ਼ ਰਿਹਾ ਹੈ।  ਸੁਨੀਲ ਜਾਖੜ ਨੇ ਕਿਹਾ ਕਿ ਸ਼ਰਾਬ ਦੇ ਕਾਰੋਬਾਰੀਆਂ ਨੂੰ ਸਿਆਸੀ ਪੁਸ਼ਤ ਪਨਾਹੀ ਮਿਲ ਰਹੀ ਹੈ ਤੇ ਇਹੀ ਕਾਰਨ ਹੈ ਕਿ ਲਗਾਤਾਰ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸੰਗਰੂਰ ਵਿੱਚ ਵਾਪਰੇ ਸ਼ਰਾਬ ਕਾਂਡ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਅਤੇ ਹੁਣ ਦੂਜੀ ਵਾਰ ਫਿਰ ਨਿਰਦੋਸ਼ ਲੋਕ ਮਾਰੇ ਗਏ ਹਨ । ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਖੇਡਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੋਕ ਨਕਲੀ ਸ਼ਰਾਬ ਨਾਲ ਮਰ ਰਹੇ ਹਨ। ਉਹਨਾਂ ਸਵਾਲ ਉਠਾਇਆ ਕਿ ਸ਼ਰਾਬ ਵੇਚ ਕੇ ਰਾਜ ਦਾ ਮਾਲੀਆ ਵਧਾਉਣ ਵਾਲੀ ਸਰਕਾਰ ਨਸ਼ਿਆਂ ਦੀ ਰੋਕਥਾਮ ਕਿਵੇਂ ਕਰ ਸਕਦੀ ਹੈ।

ਸੁਨੀਲ ਜਾਖੜ ਨੇ ਇਹ ਵੀ ਆਖਿਆ ਕਿ ਵਿਰੋਧੀ ਧਿਰ ਕਾਂਗਰਸ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ ਅਤੇ ਇਸਦੇ ਆਗੂ ਲੋਕ ਮੁੱਦੇ ਵਿਸਾਰ ਚੁੱਕੇ ਹਨ, ਪਰ ਭਾਰਤੀ ਜਨਤਾ ਪਾਰਟੀ ਅਜਿਹਾ ਨਹੀਂ ਕਰੇਗੀ ਅਤੇ ਲੋਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਵੇਗੀ। ਭਾਜਪਾ ਸੂਬਾ ਪ੍ਰਧਾਨ ਨੇ ਆਖਿਆ ਕਿ ਦਿੱਲੀ ਗੁਆ ਲੈਣ ਤੋਂ ਬਾਅਦ ਆਪ ਲੀਡਰਸ਼ਿਪ ਹੁਣ ਪੰਜਾਬ ਦੀ ਆਰਥਿਕ ਲੁੱਟ ਕਰਨ ਲਈ ਇੱਥੇ ਪਹੁੰਚ ਗਈ ਹੈ। ਉਹਨਾਂ ਸਵਾਲ ਕੀਤਾ ਕਿ ਇਸ ਪਾਰਟੀ ਦੇ ਦਿੱਲੀ ਦੇ ਆਗੂ ਕਿਸ ਹੈਸੀਅਤ ਨਾਲ ਪੰਜਾਬ ਵਿੱਚ ਸਰਕਾਰੀ ਮੀਟਿੰਗਾਂ ਕਰ ਰਹੇ ਹਨ  ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਨਾ ਕੇਵਲ ਸ਼ਰਾਬ ਕਾਂਡ ਦੀ ਨਿਰਪੱਖ ਜਾਂਚ ਦੀ ਮੰਗ ਰੱਖੇਗੀ ਸਗੋਂ ਦਿੱਲੀ ਦੇ ਇਹਨਾਂ ਆਗੂਆਂ ਦੀ ਭੂਮਿਕਾ ਦੀ ਜਾਂਚ ਦੀ ਵੀ ਮੰਗ ਕੀਤੀ ਜਾਵੇਗੀ। 

 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.