Saturday, 18 April 2026

ਉਦਯੋਗਿਕ ਪਲਾਟ ਮਾਲਕ ਹੁਣ ਆਪਣੇ ਨਾਮ ’ਤੇ ਕਰਾ ਸਕਣਗੇ ਰਜਿਸਟਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਹੋਲੀ ਮੌਕੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਉਦਯੋਗਿਕ ਪਲਾਟਾਂ ਦੇ ਲਈ ਓਟੀਐਸ (ਵਨ ਟਾਈਮ ਸੈਟਲਮੈਂਟ) ਯੋਜਨਾਵਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਹੁਣ ਲੋਕ ਆਪਣੇ ਤੀਹ ਤੋਂ ਚਾਲੀ ਸਾਲ ਪੁਰਾਣੇ ਪਲਾਟਾਂ ਦੀ ਰਜਿਸਟਰੀ ਆਪਣੇ ਨਾਮ ਕਰਵਾ ਸਕਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਕੋਲ ਪਹੁੰਚਣਗੇ। ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਨੇ ਲੰਘੀ 3 ਮਾਰਚ ਨੂੰ ਇਸ ਸਕੀਮ ਨੂੰ ਮਨਜੂਰੀ ਦਿੱਤੀ ਸੀ। ਸਰਕਾਰ ਇਹ ਸਕੀਮ ਉਸ ਸਮੇਂ ਲੈ ਕੇ ਆਈ ਹੈ, ਜਦੋਂ ਲੁਧਿਆਣਾ ’ਚ ਉਪ ਚੋਣ ਸਿਰ ’ਤੇ ਹੈ। 

 

ਖਹਿਰਾ ਨੇ ਭਾਰਤੀ ਜਨਤਾ ਪਾਰਟੀ ’ਤੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਚੰਡੀਗੜ੍ਹ ਦੇ ਸੈਕਟਰ-5 ਸਥਿਤ ਘਰ ਕੁਰਕ ਕਰ ਲਿਆ ਸੀ। ਇਹ ਜਾਣਕਾਰੀ ਈਡੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਇਸਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਕੁਰਕੀ ਸਬੰਧੀ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ। ਖਹਿਰਾ ਨੇ ਕਿਹਾ ਕਿ ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਈਡੀ ਨੇ ਮੇਰੀ ਚੰਡੀਗੜ੍ਹ ’ਚ ਸਥਿਤ ਰਿਹਾਇਸ਼ ਨੂੰ ਅਟੈਚ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੀਡੀਆ ਨੂੰ ਖ਼ਬਰਾਂ ਜਾਰੀ ਕਰਨ ਦੀ ਬਜਾਏ ਮੈਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਭਾਜਪਾ ਪੂਰੇ ਭਾਰਤ ਵਿੱਚ ਵਿਰੋਧੀ ਆਗੂਆਂ ਨੂੰ ਫਸਾਉਣ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ। 

ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਦਿੱਤਾ ਸੁਨੇਹਾ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਲਾ ਮਹੱਲਾ ਅਤੇ ਸਿੱਖ ਨਵੇਂ ਸਾਲ ਸੰਮਤ ਨਾਨਕਸ਼ਾਹੀ 557 ਦੀ ਆਮਦ ’ਤੇ ਸਿੱਖ ਜਗਤ ਨੂੰ ਵਧਾਈ ਦਿੰਦਿਆਂ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਚੇਤ ਤੋਂ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਜਥੇਦਾਰ ਹੋਰਾਂ ਦੱਸਿਆ ਕਿ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖਦਿਆਂ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।

 

ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਔਰੰਗਜ਼ੇਬ ਦੀ ਪ੍ਰਸ਼ੰਸਾ ਦਾ ਨਿੰਦਾ ਮਤਾ ਲਿਆਉਣ ਦੀ ਅਪੀਲ  

ਚੰਡੀਗੜ੍ਹ : ਭਾਜਪਾ ਪੰਜਾਬ ਦੇ ਬੁਲਾਰੇ ਪਿ੍ਰਤਪਾਲ ਸਿੰਘ ਬੱਲੀਏਵਾਲ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਸੰਸਦ ਸੈਸ਼ਨ ਵਿੱਚ ਦੋ ਮਹੱਤਵਪੂਰਨ ਮਤੇ ਪੇਸ਼ ਕਰਨ - ਇੱਕ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਲਈ ਧੰਨਵਾਦ ਪ੍ਰਗਟ ਕਰਨ ਲਈ ਅਤੇ ਦੂਜਾ ਕਾਂਗਰਸੀ ਆਗੂਆਂ ਵੱਲੋਂ ਔਰੰਗਜ਼ੇਬ ਦੀ ਮਹਿਮਾ ਦੀ ਨਿੰਦਾ ਕਰਨ ਲਈ। ਬੱਲੀਏਵਾਲ ਨੇ ਕਿਹਾ ਕਿ 41 ਸਾਲਾਂ ਦੇ ਸੰਘਰਸ਼ ਤੋਂ ਬਾਅਦ, 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਮਿਲਣਾ, ਇਨਸਾਫ਼ ਦੀ ਲੜਾਈ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ। ਇਹ ਫੈਸਲਾ ਨਾ ਸਿਰਫ਼ ਪੀੜਤਾਂ ਦੇ ਪਰਿਵਾਰਾਂ ਲਈ ਨਿਆਂ ਦਾ ਪ੍ਰਤੀਕ ਹੈ, ਸਗੋਂ ਅਜਿਹੇ ਅਪਰਾਧਾਂ ਲਈ ਕਿਸੇ ਵੀ ਤਰ੍ਹਾਂ ਦੀ ਮੁਆਫ਼ੀ ਵਿਰੁੱਧ ਇੱਕ ਸਖ਼ਤ ਸੰਦੇਸ਼ ਵੀ ਦਿੰਦਾ ਹੈ। ਇਹ ਮਹੱਤਵਪੂਰਨ ਸਜ਼ਾ 2015 ਵਿੱਚ ਮੋਦੀ ਸਰਕਾਰ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਕਾਰਨ ਸੰਭਵ ਹੋਈ ਹੈ। ਹੋਰ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਸਾਰੇ ਪੀੜਤਾਂ ਨੂੰ ਜਲਦੀ ਹੀ ਇਨਸਾਫ਼ ਮਿਲੇਗਾ। ਇਸ ਫੈਸਲੇ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਲੀਏਵਾਲ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਮਾਮਲਿਆਂ ਵਿੱਚ ਨਿਆਂ ਪ੍ਰਤੀ ਆਪਣੀ ਦਿ੍ਰੜ ਵਚਨਬੱਧਤਾ ਦਿਖਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਨ ਲਈ ਸੰਸਦ ਵਿੱਚ ਧੰਨਵਾਦ ਮਤਾ ਪੇਸ਼ ਕਰਨ। ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਅਤੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ, ਜੋ ਕਿ ਬੇਰਹਿਮੀ ਨਾਲ ਦਮਨ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਿੱਖ ਗੁਰੂਆਂ ਅਤੇ ਅਣਗਿਣਤ ਨਿਰਦੋਸ਼ ਲੋਕਾਂ ਦੀ ਸ਼ਹਾਦਤ ਲਈ ਜਾਣੇ ਜਾਂਦੇ ਸ਼ਾਸਕ ਹਨ, ਦੁਆਰਾ ਔਰੰਗਜ਼ੇਬ ਦੀ ਹਾਲ ਹੀ ਵਿੱਚ ਕੀਤੀ ਗਈ ਪ੍ਰਸ਼ੰਸਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਇਤਿਹਾਸਕ ਤੌਰ ’ਤੇ ਗੁੰਮਰਾਹਕੁੰਨ ਹਨ ਅਤੇ ਸਿੱਖ ਭਾਈਚਾਰੇ ਲਈ ਬਹੁਤ ਹੀ ਅਪਮਾਨਜਨਕ ਹਨ। ਬੱਲੀਏਵਾਲ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਸੰਸਦ ਵਿੱਚ ਨਿੰਦਾ ਮਤਾ ਪੇਸ਼ ਕਰਨ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਸਿੱਖ ਇਤਿਹਾਸ ਅਤੇ ਔਰੰਗਜ਼ੇਬ ਵੱਲੋਂ ਕੀਤੇ ਗਏ ਅੱਤਿਆਚਾਰਾਂ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਾਲਮਾਂ ਦੀ ਅਜਿਹੀ ਮਹਿਮਾ ਕਦੇ ਨਾ ਦੁਹਰਾਈ ਜਾਵੇ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਨਿਆਂ, ਇਤਿਹਾਸ ਅਤੇ ਮਾਣ-ਸਨਮਾਨ ਪ੍ਰਤੀ ਪੰਜਾਬ ਭਾਜਪਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਸੁਣਿਆ ਜਾਵੇ।

 

 

 

  

ਪੰਜਾਬ ਸਣੇ ਦੇਸ਼ ਭਰ ’ਚ ਮਨਾਇਆ ਗਿਆ ਹੋਲੀ ਦਾ ਤਿਉਹਾਰ 

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਪੰਜਾਬ ਸਣੇ ਦੇਸ਼ ਭਰ ਵਿਚ ਅੱਜ ਹੋਲੀ ਦਾ ਤਿਉਹਾਰ ਮਨਾਇਆ ਗਿਆ। ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਰਮ ਜਾਂ ਇੱਕ ਬਿਰਾਦਰੀ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ ਅਤੇ ਅੱਜ ਦੇਸ਼ ਤੇ ਦੁਨੀਆਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰੂ ਚਰਨਾਂ ਵਿੱਚ ਮੱਥਾ ਟੇਕ ਰਹੀ ਹੈ।  

ਚੰਡੀਗੜ੍ਹ : ਚੰਡੀਗੜ੍ਹ ਦੀ ਪ੍ਰਸਿੱਧ ਲੇਖਿਕਾ ਹਿਤਾਖ਼ਸ਼ੀ ਸ਼ਰਮਾ ਦੀ ਦੂਜੀ ਕਿਤਾਬ ‘ਵਾਰਾਣਸੀ ਤੋਂ ਗੌਮੁੱਖ (ਯਾਤਰਾ ਡਾਇਰੀ)’ ਦਾ ਸ਼ਾਨਦਾਰ ਵਿਮੋਚਨ ਕੀਤਾ ਗਿਆ। ਇਸ ਪ੍ਰੇਰਣਾਦਾਇਕ ਯਾਤਰਾ ਵਰਣਨ ਨੂੰ ਪੰਜਾਬ ਯੂਨੀਵਰਸਿਟੀ ਦੀ ਮਾਨਨੀਯ ਉਪਕੁਲਪਤੀ ਪ੍ਰੋ. (ਡਾ.) ਰੇਣੂ ਵਿਗ ਅਤੇ ਸੈਂਟਰ ਫਾਰ ਸੋਸ਼ਲ ਵਰਕ ਦੇ ਡਾ. ਗੌਰਵ ਗੌੜ ਨੇ ਲੋਕਾਰਪਣ ਕੀਤਾ।

‘ਵਾਰਾਣਸੀ ਤੋਂ ਗੌਮੁੱਖ’ ਸਿਰਫ਼ ਇੱਕ ਯਾਤਰਾ ਵਰਣਨ ਨਹੀਂ, ਬਲਕਿ ਇਹ ਆਤਮ-ਖੋਜ, ਮਨੋਵਿਗਿਆਨਕ ਰੁਕਾਵਟਾਂ ਨੂੰ ਪਾਰ ਕਰਨ ਅਤੇ ਜ਼ਿੰਦਗੀ ਦੇ ਨਵੇਂ ਅਨੁਭਵਾਂ ਦੀ ਤਲਾਸ਼ ਬਾਰੇ ਗਹਿਰੀ ਚਿੰਤਨਸ਼ੀਲ ਕਿਤਾਬ ਹੈ। ਲੇਖਿਕਾ ਨੇ ਇਸ ਵਿੱਚ ਉਨ੍ਹਾਂ ਪਲਾਂ ਨੂੰ ਵਰਣਨ ਕੀਤਾ ਹੈ ਜਦੋਂ ਅਣਜਾਣ ਲੋਕਾਂ ਨਾਲ ਹੋਈਆਂ ਛੋਟੀਆਂ-ਛੋਟੀਆਂ ਮੁਲਾਕਾਤਾਂ ਜੀਵਨ ਨੂੰ ਨਵਾਂ ਦਿ੍ਰਸ਼ਟਿਕੋਣ ਦਿੰਦੀਆਂ ਹਨ। ਇਸ ਵਿੱਚ ਦਇਆ, ਆਤਮ-ਉੱਨਤੀ ਅਤੇ ਜ਼ਿੰਦਗੀ ਵਿੱਚ ਨਵੀਆਂ ਸੰਭਾਵਨਾਵਾਂ ਦੀ ਮਹੱਤਤਾ ਉਤੇ ਵੀ ਰੌਸ਼ਨੀ ਪਾਈ ਗਈ ਹੈ। ਇਹ ਕਿਤਾਬ ਪਾਠਕਾਂ ਨੂੰ ਆਪਣੇ ਆਰਾਮ ਖੇਤਰ ਤੋਂ ਬਾਹਰ ਨਿਕਲਣ ਅਤੇ ਆਪਣੀਆਂ ਲੰਬੇ ਸਮੇਂ ਤੋਂ ਬਣਾਈਆਂ ਯਾਤਰਾ ਯੋਜਨਾਵਾਂ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰਦੀ ਹੈ। ਲੇਖਿਕਾ ਹਿਤਾਖ਼ਸ਼ੀ ਸ਼ਰਮਾ ਕਹਿੰਦੀ ਹੈ, ‘‘ਜੇਕਰ ਮੇਰੀ ਲਿਖਤ ਕਿਸੇ ਇੱਕ ਵਿਅਕਤੀ ਨੂੰ ਵੀ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਸਕੇ, ਤਾਂ ਮੈਂ ਸਮਝਾਂਗੀ ਕਿ ਮੇਰਾ ਉਦੇਸ਼ ਪੂਰਾ ਹੋ ਗਿਆ।’’ 

 

 

ਬਘੇਲ ਨੇ ਸੂਬੇ ਦੇ ਭਖਦੇ ਮੁੱਦਿਆਂ ’ਤੇ ਸੀਨੀਅਰ ਆਗੂਆਂ ਦੇ ਲਏ ਵਿਚਾਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨਾਲ ਮੀਟਿੰਗ ਕੀਤੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ  ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਵੱਖ-ਵੱਖ ਰਾਜਾਂ ਦੀਆਂ ਮੀਟਿੰਗਾਂ ਬੁਲਾ ਕੇ ਸੂਬੇ ਦੇ ਭਖਦੇ ਮੁੱਦਿਆਂ ’ਤੇ ਆਗੂਆਂ ਦੇ ਵਿਚਾਰ ਲਏ ਗਏ। ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਜੈ ਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਸਣੇ ਕਈ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਅਤੇ ਕੇਂਦਰੀ ਏਜੰਸੀਆਂ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇ ਦੋਸ਼ਾਂ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੀ। ਇੱਕ ਸਿੱਖ ਹੋਣ ਦੇ ਨਾਤੇ, ਮੈਂ ਕਹਿ ਰਿਹਾ ਹਾਂ ਕਿ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਨੇ ਪੰਥ ਦੇ ਮਾਣ ਨੂੰ ਬਣਾਈ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਇੱਕ ਸ਼ਾਨਦਾਰ ਇਤਿਹਾਸ ਲਿਖਿਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਹੱਕਾਂ ਦਾ ਰਾਖਾ ਅਤੇ ਹਮਦਰਦ ਹੋਣ ਦਾ ਦਾਅਵਾ ਕਰਦਾ ਹੈ, ਪਰ ਇਹ ਬਿਲਕੁਲ ਝੂਠ ਹੈ। ਪੰਜ ਤਖ਼ਤਾਂ ਵਿੱਚੋਂ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲ ਪਰਿਵਾਰ ਦੇ ਫਾਇਦੇ ਲਈ ਹਟਾਇਆ ਹੈ। ਜਥੇਦਾਰਾਂ ਨੂੰ ਕਿਸ ਦੇ ਹੁਕਮਾਂ ’ਤੇ ਹਟਾਇਆ ਗਿਆ ਸੀ, ਇਸਦਾ ਜਵਾਬ ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤਾ? ਐਸਜੀਪੀਸੀ ਨੇ ਸਿਰਫ਼ ਇੱਕ ਪਰਿਵਾਰ ਨੂੰ ਬਚਾਉਣ ਅਤੇ ਲਾਭ ਪਹੁੰਚਾਉਣ ਲਈ ਕੰਮ ਕੀਤਾ ਹੈ। ਭਾਜਪਾ ਨੇ ਜਥੇਦਾਰਾਂ ਨੂੰ ਹਟਾਉਣ ਜਾਂ ਨਿਯੁਕਤ ਕਰਨ ਲਈ ਨਹੀਂ ਕਿਹਾ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਅਤੇ ਇੱਕ ਪਰਿਵਾਰ ਦੇ ਨਿੱਜੀ ਫਾਇਦੇ ਲਈ ਬਹੁਤ ਸਾਰੇ ਗਲਤ ਫੈਸਲੇ ਲਏ ਹਨ, ਜਿਸ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਵੀ ਸ਼ਾਮਲ ਹੈ। ਹੁਣ ਇਸ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੇ ਗਲਤ ਫੈਸਲਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਪੰਥ ਅਤੇ ਜਨਤਾ ਸਭ ਕੁਝ ਦੇਖ ਅਤੇ ਸਮਝ ਰਹੀ ਹੈ ਅਤੇ ਇਸਦਾ ਢੁਕਵਾਂ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲਿਆਉਣ ਦਾ ਫੈਸਲਾਕੁੰਨ ਫੈਸਲਾ ਲਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਬਜਟ ਕਰਨਗੇ ਪੇਸ਼

ਚੰਡੀਗੜ੍ਹ/ਬਿਊਰੋ ਨਿਊਜ਼  

ਅੱਜ ਵੀਰਵਾਰ ਨੂੰ ਚੰਡੀਗੜ੍ਹ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 21 ਮਾਰਚ ਤੋਂ 28 ਮਾਰਚ ਤੱਕ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ 21 ਮਾਰਚ ਨੂੰ ਸੂਬੇ ਦੇ ਰਾਜਪਾਲ ਬਜਟ ’ਤੇ ਭਾਸ਼ਣ ਦੇਣਗੇ ਅਤੇ 26 ਮਾਰਚ ਨੂੰ ਬਜਟ 2025-26 ਪੇਸ਼ ਕੀਤਾ ਜਾਵੇਗਾ। ਚੀਮਾ ਨੇ ਦੱਸਿਆ ਕਿ ਇਸ ਬਜਟ ਵਿਚ ਸਿੱਖਿਆ ਤੇ ਸਿਹਤ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਵੀ ਬੋਲਣ ਲਈ ਪੂਰਾ ਸਮਾਂ ਦਿੱਤਾ ਜਾਵੇਗਾ। 

 

ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਸਹਾਇਤਾ ਬੰਦ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 102 ਦਿਨ ਹੋ ਗਏ ਹਨ। ਇਸਦੇ ਚੱਲਦਿਆਂ ਡੱਲੇਵਾਲ ਦੀ ਤਬੀਅਤ ਮੁੜ ਖਰਾਬ ਹੋਣ ਲੱਗ ਪਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰਾਂ ਨੂੰ ਸੋਜ ਵੀ ਆ ਗਈ ਹੈ ਅਤੇ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਰਹੀ ਹੈ। ਉਨ੍ਹਾਂ ਨੇ ਡਰਿੱਪ ਲਗਾਉਣਾ ਵੀ ਬੰਦ ਕਰ ਦਿੱਤਾ ਹੈ ਅਤੇ ਡਾਕਟਰਾਂ ਦੀ ਟੀਮ ਡੱਲੇਵਾਲ ਦੀ ਸਿਹਤ ’ਤੇ ਧਿਆਨ ਰੱਖ ਰਹੀ ਹੈ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਦੋਵੇਂ ਪਾਰਟੀਆਂ ਇਸ ਮਾਮਲੇ ’ਤੇ ਚੁੱਪ ਕਿਉਂ ਹਨ। ਧਿਆਨ ਰਹੇ ਕਿ ਕਿਸਾਨ ਆਗੂ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਹੋਏ ਹਨ।  

 

ਕਿਹਾ : ਐਨ.ਆਰ.ਆਈ. ਨਾਗਰਿਕਾਂ ਨੂੰ ਵੀ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦੇਵੇ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਜ਼ਨ 2047 ਦੀ ਰਿਪੋਰਟ ਤਿਆਰ ਕੀਤੀ ਹੈ। ਇਸ ਵਿਚ ਪੰਜਾਬ ਨੂੰ ਅੱਗੇ ਕਿਵੇਂ ਲਿਜਾਣਾ ਹੈ, ਇਸ ਬਾਰੇ ਚਰਚਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਸ਼ੁਰੂ ਵਿਚ ਖੇਤੀ ਅਤੇ ਪੇਂਡੂ ਅਰਥਵਿਵਸਥਾ ਬਾਰੇ ਖੋਜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਪੰਜਾਬ ਦੀਆਂ ਫ਼ਸਲਾਂ ਨੂੰ ਕੀਟਨਾਸ਼ਕਾਂ ਦੇ ਉੱਚ ਪੱਧਰਾਂ ਕਾਰਨ ਨਿਰਯਾਤ ਨਹੀਂ ਕੀਤਾ ਜਾ ਸਕਿਆ। ਇਸ ਵੇਲੇ ਸਿਰਫ਼ 2 ਫਸਲਾਂ ’ਤੇ ਹੀ ਘੱਟੋ-ਘੱਟ ਸਮਰਥਨ ਮੁੱਲ ਹੈ, ਜਿਸ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਕੁਝ ਸ਼ਰਤਾਂ ਨਾਲ ਚਿਲੀ ਕਲੱਸਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਤਿਆਰ ਨਹੀਂ ਹੋ ਰਿਹਾ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਐਨ.ਆਰ.ਆਈ. ਨਾਗਰਿਕਾਂ ਨੂੰ ਵੀ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਦਿਲੋਂ ਚਾਹੁੰਦੇ ਹਨ ਕਿ ਕੇਂਦਰ ਨਾਲ ਕਿਸਾਨਾਂ ਦਾ ਮੁੱਦਾ ਹੱਲ ਹੋ ਜਾਵੇ ਪਰ ਇਥੇ ਕਿਸਾਨਾਂ ਨੂੰ ਵੀ ਆਪਣਾ ਸਖ਼ਤ ਰੁਖ਼ ਛੱਡ ਕੇ ਵਿਚਕਾਰਲਾ ਰਸਤਾ ਅਪਣਾਉਣ ਦੀ ਲੋੜ ਹੈ। 

 

ਕਿਹਾ : ਕਿਸਾਨਾਂ ’ਤੇ ਲਾਠੀਆਂ ਨਾ ਚਲਾਉਣ ਭਗਵੰਤ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ। ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਸਾਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰੋ, ਉਨ੍ਹਾਂ ’ਤੇ ਲਾਠੀਆਂ ਨਾ ਚਲਾਓ। ਸੀਐਮ ਸੈਣੀ ਨੇ ਕਿਹਾ ਕਿ ਮੈਂ ਵੀ ਇਕ ਕਿਸਾਨ ਦਾ ਬੇਟਾ ਹਾਂ ਅਤੇ ਮੈਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਕੀ ਮੁਸ਼ਕਲਾਂ ਹਨ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਨਹੀਂ ਕਰਨ ਦਿੱਤਾ ਸੀ। ਪੁਲਿਸ ਨੇ ਕਿਸਾਨਾਂ ਦੇ ਚੰਡੀਗੜ੍ਹ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਸੀ। ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਉਕਸਾ ਰਹੇ ਹਨ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.