Thursday, 23 April 2026

ਅਪਰੇਸ਼ਨ ਕਰਕੇ ਗੋਵਿੰਦਾ ਦੇ ਪੈਰ ’ਚੋਂ ਕੱਢੀ ਗਈ ਗੋਲੀ

ਮੁੰਬਈ/ਬਿਊਰੋ ਨਿਊਜ਼ 

ਫਿਲਮ ਅਦਾਕਾਰ ਗੋਵਿੰਦਾ ਪੈਰ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਏ ਹਨ। ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੋਵਿੰਦਾ ਕੋਲੋਂ ਆਪਣੇ ਖੁਦ ਦੇ ਹੀ ਰਿਵਾਲਵਰ ਵਿਚੋਂ ਗਲਤੀ ਨਾਲ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਪੈਰ ’ਤੇ ਜਾ ਲੱਗੀ। ਇਸਦੇ ਚੱਲਦਿਆਂ ਫਿਲਮ ਅਦਾਕਾਰ ਗੋਵਿੰਦਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਪਰੇਸ਼ਨ ਕਰਕੇ ਉਸਦੇ ਪੈਰ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਡਾਵਾਂਡੋਲ ਹੋ ਗਈ ਹੈ ਅਤੇ ਜੰਗਲ ਰਾਜ ਕਾਇਮ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਪ੍ਰਭਾਵ ਤੋਂ ਕਦਮ ਉਠਾਉਣੇ ਹੋਣਗੇ ਕਿਉਂਕਿ ਕੌਮੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਰਾਜਧਾਨੀ ਵਿੱਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।’

 

ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਮਹਾਰਾਸ਼ਟਰ

ਨਵੀਂ ਦਿੱਲੀ/ਬਿਊਰੋ ਨਿਊਜ਼

ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਸਰਕਾਰ ਨੇ ਦੇਸੀ ਗਾਂ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ ਹੈ। ਅੱਜ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਤੇ ਸਰਕਾਰ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਕੈਬਨਿਟ ਮੀਟਿੰਗ ਦੌਰਾਨ ਦੇਸੀ ਗਾਵਾਂ ਦੇ ਲਈ 50 ਰੁਪਏ ਪ੍ਰਤੀ ਦਿਨ ਦੀ ਸਬਸਿਡੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਮਹਾਰਾਸ਼ਟਰ ਸਰਕਾਰ ਦਾ ਮੰਨਣਾ ਹੈ ਕਿ ਗਊਸ਼ਲਾਵਾਂ ਆਪਣੀ ਘੱਟ ਆਮਦਨ ਦੇ ਚੱਲਦਿਆਂ ਇਹ ਖਰਚਾ ਨਹੀਂ ਉਠਾ ਸਕਦੀਆਂ, ਇਸ ਲਈ ਅਜਿਹਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਫੈਸਲਾ ਲਿਆ ਹੈ। 

ਸਰੋਤੇ ਨੂੰ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਦੱਸਿਆ; 114ਵੀਂ ਕੜੀ ਦੇ ਨਾਲ ਹੀ ਪ੍ਰੋਗਰਾਮ ਦੇ 10 ਸਾਲ ਹੋਏ ਪੂਰੇ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਸਰੋਤਿਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦਾ ਅਸਲੀ ਸੂਤਰਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਰੇਡੀਓ ਪ੍ਰੋਗਰਾਮ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕ ਸਕਾਰਾਤਮਕ ਵਿਕਾਸ, ਪ੍ਰੇਰਨਾਦਾਇਕ ਅਤੇ ਉਤਸ਼ਾਹਿਤ ਕਰਨ ਵਾਲੀਆਂ ਕਹਾਣੀਆਂ ਪਸੰਦ ਕਰਦੇ ਹਨ। ਆਕਾਸ਼ਵਾਣੀ ਦੇ ਇਸ ਮਹੀਨਾਵਾਰ ਪ੍ਰੋਗਰਾਮ ਦੀ 114ਵੀਂ ਕੜੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪਾਣੀ ਬਚਾਉਣ, ਵਾਤਾਵਰਨ ਬਚਾਉਣ ਅਤੇ ਸਵੱਛਤਾ ਮੁਹਿੰਮ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਇਸ ਵਿੱਚ ਹਿੱਸੇਦਾਰੀ ਦੀ ਅਪੀਲ ਕੀਤੀ। ‘ਮਨ ਕੀ ਬਾਤ’ ਦੀ ਇਸ ਕੜੀ ਦੇ ਨਾਲ ਹੀ ਇਸ ਦੇ 10 ਸਾਲ ਪੂਰੇ ਹੋਣ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਲੰਬੀ ਯਾਤਰਾ ਵਿੱਚ ਅਜਿਹੇ ਕਈ ਪੜਾਅ ਆਏ ਜਿਨ੍ਹਾਂ ਨੂੰ ਉਹ ਕਦੇ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ, ‘‘ਸਾਡੀ ਇਸ ਯਾਤਰਾ ਦੇ ਕਈ ਅਜਿਹੇ ਸਾਥੀ ਹਨ ਜਿਨ੍ਹਾਂ ਦਾ ਸਾਨੂੰ ਲਗਾਤਾਰ ਸਹਿਯੋਗ ਮਿਲਦਾ ਰਿਹਾ ਹੈ। ਦੇਸ਼ ਦੇ ਕੋਣੇ-ਕੋਣੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਮੁਹੱਈਆ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਇਕ ਧਾਰਨਾ ਅਜਿਹੀ ਬਣਾਈ ਗਈ ਹੈ ਕਿ ਜਦੋਂ ਤੱਕ ਤਿੱਖੀਆਂ ਤੇ ਨਕਾਰਾਤਮਕ ਗੱਲਾਂ ਨਾ ਹੋਣ ਤਾਂ ਉਦੋਂ ਤੱਕ ਉਸ ਪ੍ਰੋਗਰਾਮ ਨੂੰ ਜ਼ਿਆਦਾ ਤਵੱਜੋ ਨਹੀਂ ਮਿਲ ਸਕਦੀ ਪਰ ‘ਮਨ ਕੀ ਬਾਤ’ ਪੋ੍ਰਗਰਾਮ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕ ਸਕਾਰਾਤਮਕ ਤੇ ਪ੍ਰੇਰਨਾਦਾਇਕ ਕਹਾਣੀਆਂ ਕਿੰਨੀਆਂ ਪਸੰਦ ਕਰਦੇ ਹਨ। ਉਨ੍ਹਾਂ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਲੋਕਾਂ ਤੋਂ ਇਲਾਵਾ ਇਸ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੇ ਮੀਡੀਆ ਸਮੂਹਾਂ ਦਾ ਧੰਨਵਾਦ ਕੀਤਾ।     

 

 

ਕਾਂਗਰਸੀ ਆਗੂਆਂ ਨੇ ਭਾਜਪਾ ਸਰਕਾਰ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ 

ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਅੱਜ ਹਰਿਆਣਾ ਵਿਚ ਵਿਜੇ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ, ਜੋ ਭਲਕੇ 1 ਅਕਤੂਬਰ ਤੱਕ ਚੱਲੇਗੀ। ਇਸੇ ਦੌਰਾਨ ਰਾਹੁਲ ਨੇ ਅੰਬਾਲਾ ਦੇ ਨਰਾਇਣਗੜ੍ਹ ਵਿਚ ਇਕ ਚੋਣ ਰੈਲੀ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਵਿਚ ਮੁੱਖ ਚੋਣ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਛੋਟੀਆਂ-ਛੋਟੀਆਂ ਪਾਰਟੀਆਂ ਭਾਜਪਾ ਦੀਆਂ ਹੀ ਹਨ। ਰਾਹੁਲ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ। ਰਾਹੁਲ ਨੇ ਕਿਹਾ ਕਿ ਹਰਿਆਣਾ ਵਿਚ ਅਡਾਨੀਆਂ ਦੀ ਸਰਕਾਰ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਬਣੇਗੀ। ਰਾਹੁਲ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਇਸੇ ਦੌਰਾਨ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਐਮ.ਐਸ.ਪੀ. ’ਤੇ ਧੋਖਾ ਕੀਤਾ ਹੈ ਅਤੇ ਪਹਿਲਵਾਨਾਂ ਨੂੰ ਵੀ ਸੜਕਾਂ ’ਤੇ ਬਿਠਾਇਆ।

 

ਚੋਣ ਜ਼ਾਬਤਾ ਲਾਗੂ ਹੋਣ ਕਰਕੇ ਡੇਰਾ ਮੁਖੀ ਦੀ ਪੈਰੋਲ ਅਪੀਲ ਚੋਣ ਦਫਤਰ ਨੂੰ ਭੇਜੀ

ਚੰਡੀਗੜ੍ਹ/ਬਿਊਰੋ ਨਿਊਜ਼

ਡੇਰਾ ਸਿਰਸਾ ਦੇ ਮੁਖੀ ਅਤੇ ਜਬਰ-ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਦੀ ਪੈਰੋਲ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਅਪੀਲ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਡੇਰਾ ਮੁਖੀ ਦੀ ਪੈਰੋਲ ਅਪੀਲ ਚੋਣ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ, ਜਿਸ ਨੇ ਜੇਲ੍ਹ ਵਿਭਾਗ ਨੂੰ ਅਜਿਹੇ ‘ਅਚਨਚੇਤ ਤੇ ਜ਼ਰੂਰੀ’ ਕਾਰਨ ਦੱਸਣ ਨੂੰ ਕਿਹਾ ਹੈ ਜੋ ਚੋਣਾਂ ਦੌਰਾਨ ਦੋਸ਼ੀ ਨੂੰ ਪੈਰੋਲ ’ਤੇ ਰਿਹਾਅ ਕਰਨ ਨੂੰ ਉਚਿਤ ਠਹਿਰਾਉਂਦੇ ਹੋਣ। ਡੇਰਾ ਮੁਖੀ ਨੇ ਇਜਾਜ਼ਤ ਮਿਲਣ ਦੀ ਸੂਰਤ ਵਿੱਚ ਪੈਰੋਲ ਦੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿਣ ਦੀ ਗੱਲ ਕਹੀ ਹੈ। 

8 ਅਕਤੂਬਰ ਨੂੰ ਆਉਣਗੇ ਨਤੀਜੇ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੇ ਤੀਜੇ ਤੇ ਆਖਰੀ ਗੇੜ ਦੌਰਾਨ ਵੋਟਾਂ ਭਲਕੇ 1 ਅਕਤੂਬਰ ਨੂੰ ਪੈ ਜਾਣੀਆਂ ਹਨ। ਇਸ ਨੂੰ ਲੈ ਕੇ ਚੋਣ ਪ੍ਰਚਾਰ ਦਾ ਕੰਮ ਵੀ ਸਮਾਪਤ ਹੋ ਚੁੱਕਾ ਹੈ ਅਤੇ ਹੁਣ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟਾਂ ਮੰਗ ਸਕਦੇ ਹਨ। ਤੀਜੇ ਗੇੜ ਦੀਆਂ ਵੋਟਾਂ ਦੌਰਾਨ 40 ਸੀਟਾਂ ’ਤੇ ਵੋਟਿੰਗ ਹੋਣੀ ਹੈ ਅਤੇ ਇਨ੍ਹਾਂ ਤਿੰਨਾਂ ਪੜਾਵਾਂ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਮੁਤਾਬਕ ਸੂਬੇ ਵਿਚ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਆਰੋਪ ਤਹਿਤ 23 ਸਰਕਾਰੀ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਜੰਮੂ ਕਸ਼ਮੀਰ ਵਿਚ ਪਹਿਲੇ ਗੇੜ ਦੌਰਾਨ 18 ਸਤੰਬਰ ਅਤੇ ਦੂਜੇ ਗੇੜ ਦੌਰਾਨ 25 ਸਤੰਬਰ ਨੂੰ ਵੋਟਾਂ ਪਈਆਂ ਸਨ। ਧਿਆਨ ਰਹੇ ਕਿ ਹਰਿਆਣਾ ਵਿਚ ਵੀ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਵੀ 8 ਅਕਤੂਬਰ ਨੂੰ ਹੀ ਆਉਣੇ ਹਨ।

 

ਮਾਨਹਾਨੀ ਦੇ ਮਾਮਲੇ ਵਿਚ ਸੰਜੇ ਰਾਊਤ ਨੂੰ ਹੋਈ ਸਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼

ਮੁੰਬਈ ਦੀ ਅਦਾਲਤ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮੱਈਆ ਦੀ ਪਤਨੀ ਡਾਕਟਰ ਮੇਧਾ ਸੋਮੱਈਆ ਵਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ਵਿਚ ਸ਼ਿਵ ਸੈਨਾ (ਊਧਵ ਬਾਲਾਸਾਹਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸੰਜੇ ਰਾਊਤ ਨੂੰ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਵਾਈ ਹੈ। ਸੰਜੇ ਰਾਊਤ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜੋ ਮੁਆਵਜ਼ੇ ਵਜੋਂ ਵਸੂਲਿਆ ਜਾਵੇਗਾ। ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਨਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਦੇ ਰੂਈਆ ਕਾਲਜ ਵਿਚ ਆਰਗੈਨਿਕ ਕੈਮਿਸਟਰੀ ਦੀ ਪ੍ਰੋਫੈਸਰ ਮੇਧਾ ਸੋਮੱਈਆ ਨੇ ਰਾਊਤ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੰਜੇ ਰਾਊਤ ਨੇ ਮੇਧਾ ਸੋਮੱਈਆ ਅਤੇ ਉਨ੍ਹਾਂ ਦੇ ਐਨ.ਜੀ.ਓ. ਯੁਵਾ ਅਦਾਰੇ ’ਤੇ 100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ ਸੀ। 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਥੁਨ ਚੱਕਰਵਰਤੀ ਨੂੰ ਦਿੱਤੀ ਵਧਾਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਫਿਲਮ ਅਦਾਕਾਰ ਮਿਥੁਨ ਚੱਕਰਵਾਰੀ ਨੂੰ 70ਵੇਂ ਨੈਸ਼ਨਲ ਫਿਲਮ ਐਵਾਰਡਜ਼ ਸਮਾਰੋਹ ਦੇ ਦੌਰਾਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਾਮਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਾਦਾ ਸਾਹੇਬ ਫਾਲਕੇ ਚੋਣ ਕਮੇਟੀ ਨੇ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਦੇ ਲਈ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ 8 ਅਕਤੂਬਰ ਨੂੰ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਦੌਰਾਨ ਮਿਥੁਨ ਚੱਕਰਵਰਤੀ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਿਥੁਨ ਨੇ ਆਪਣੇ ਕਰੀਅਰ ਵਿਚ 350 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਅਤੇ 3 ਨੈਸ਼ਨਲ ਐਵਾਰਡ ਵੀ ਜਿੱਤੇ ਹਨ। ਮਿਥੁਨ ਚੱਕਰਵਰਤੀ ਨੂੰ ਪਦਮ ਭੂਸ਼ਣ ਐਵਾਰਡ ਵੀ ਦਿੱਤਾ ਗਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਥੁਨ ਚੱਕਰਵਰਤੀ ਨੂੰ ਵਧਾਈ ਦਿੱਤੀ ਹੈ। 

ਤੀਜੇ ਤੇ ਆਖਰੀ ਗੇੜ ਦੀਆਂ ਵੋਟਾਂ 1 ਅਕਤੂਬਰ ਨੂੰ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਦੌਰਾਨ ਅੱਜ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਗਈਆਂ ਹਨ ਅਤੇ ਤੀਜੇ ਪੜਾਅ ਦੀਆਂ ਵੋਟਾਂ 1 ਅਕਤੂੁਬਰ ਨੂੰ ਪੈਣਗੀਆਂ। ਚੋਣ ਕਮਿਸ਼ਨ ਦੇ ਮੁਤਾਬਕ ਦੂਜੇ ਪੜਾਅ ਦੌਰਾਨ 239 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਨ੍ਹਾਂ ਵਿਚ 233 ਪੁਰਸ਼ ਅਤੇ 6 ਮਹਿਲਾਵਾਂ ਸ਼ਾਮਲ ਹਨ। ਇਸੇ ਦੌਰਾਨ ਭਾਰਤ ਦੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਜੰਮੂ ਕਸ਼ਮੀਰ ਵਿਚ ਚੋਣਾਂ ਦੇ ਬਾਈਕਾਟ ਵਰਗੇ ਐਲਾਨ ਹੁੰਦੇ ਸਨ ਅਤੇ ਅੱਜ ਉਥੇ ਰਿਕਾਰਡ ਵੋਟਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀਆਂ ਤਿੰਨਾਂ ਪੜਾਵਾਂ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। 

‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ

ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ ਤੇ ਸਭ ਤੋਂ ਵਧੀਆ ਬੋਲ ਲਈ ਮਿਲਿਆ ਪੁਰਸਕਾਰ

ਯਾਸ ਆਈਲੈਂਡ (ਅਬੂ ਧਾਬੀ)/ਬਿਊਰੋ ਨਿਊਜ਼ 

ਅਬੂ ਧਾਬੀ ਦੇ ਯਾਸ ਆਈਲੈਂਡ ਦੇ ‘ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਜ਼ 2024’ (ਆਇਫਾ) ਵਿੱਚ ਅਦਾਕਾਰ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਲਈ ਸਰਬੋਤਮ ਅਦਾਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਜਦਕਿ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ। ਭੁਪਿੰਦਰ ਬੱਬਲ ਨੂੰ ਫਿਲਮ ‘ਐਨੀਮਲ’ ਦੇ ਗੀਤ ‘ਅਰਜਣ ਵੈਲੀ’ ਲਈ ਸਰਬੋਤਮ ਪਲੇਅਬੈਕ ਗਾਇਕ ਪੁਰਸ਼ ਦਾ ਪੁਰਸਕਾਰ ਮਿਲਿਆ। ਨਾਲ ਹੀ ਉਸ ਨੂੰ ‘ਸਤਰੰਗਾ’ ਗੀਤ ਲਈ ਸਭ ਤੋਂ ਵਧੀਆ ਬੋਲ ਲਈ ਪੁਰਸਕਾਰ ਦਿੱਤਾ ਗਿਆ। 

ਸ਼ਾਹਰੁਖ ਨੇ ਅਦਾਕਾਰ ਵਿੱਕੀ ਕੌਸ਼ਲ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਨਾਲ ਮਿਲ ਕੇ ਸ਼ਨਿਚਰਵਾਰ ਨੂੰ ਆਇਫਾ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕੀਤੀ। ਸ਼ਾਹਰੁਖ ਖਾਨ ਦੀ ਫਿਲਮ ‘ਦਿਲ ਸੇ’ ਦੇ ਨਿਰਦੇਸ਼ਕ ਮਨੀਰਤਨਮ ਅਤੇ ਸੰਗੀਤਕਾਰ ਏਆਰ ਰਹਿਮਾਨ ਨੇ ਅਦਾਕਾਰਾ ਨੂੰ ਪੁਰਸਕਾਰ ਦਿੱਤਾ। ਸ਼ਾਹਰੁਖ ਨੇ ਪੁਰਸਕਾਰ ਲੈਣ ਤੋਂ ਪਹਿਲਾਂ ਮਨੀਰਤਨਮ ਦੇ ਪੈਰ ਛੂਹੇ। ਅਦਾਕਾਰਾ ਰਾਣੀ ਮੁਖਰਜੀ ਨੂੰ ਫਿਲਮ ‘ਮਿਸਿਜ਼ ਚਟਰਜੀ ਵਰਸਿਜ਼ ਨਾਰਵੇ’ ਵਿੱਚ ਉਸ ਦੀ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਗਾਇਕਾ ਸ਼ਿਲਪਾ ਰਾਓ ਨੂੰ ਫਿਲਮ ‘ਜਵਾਨ’ ਦੇ ਗੀਤ ‘ਚਲਿਆ’ ਲਈ ਸਰਬੋਤਮ ਪਲੇਅਬੈਕ ਗਾਇਕ ਦਾ ਪੁਰਸਕਾਰ ਮਿਲਿਆ। ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਉਸ ਦੀ ਫਿਲਮ ‘ਟਵੈਲਥ ਫੇਲ੍ਹ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਐਨੀਮਲ’ ਲਈ ਅਦਾਕਾਰਾ ਅਨਿਲ ਕਪੂਰ ਨੂੰ ਸਰਬੋਤਮ ਸਹਾਇਕ ਅਦਾਕਾਰ ਅਤੇ ਬੌਬੀ ਦਿਓਲ ਨੂੰ ਸਰਬੋਤਮ ਨਕਾਰਾਤਮਕ ਭੂਮਿਕਾ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ। ਫਿਲਮ ‘ਐਨੀਮਲ’ ਲਈ ਹੀ ਸੰਗੀਤ ਨਿਰਦੇਸ਼ਨ ਵਿੱਚ ਪੰਜਾਬੀ ਗਾਇਕ ਭੁਪਿੰਦਰ ਬੱਬਲ, ਪ੍ਰੀਤਮ ਵਿਸ਼ਾਲ ਮਿਸ਼ਰਾ, ਮਨਨ ਭਾਰਦਵਾਜ, ਸ਼੍ਰੇਅਸ ਪੁਰਨਾਇਕ, ਜਾਨੀ, ਅਸ਼ੀਮ ਕੈਮਸਨ ਤੇ ਹਰਸ਼ਵਰਧਨ ਰਾਮੇਸ਼ਵਰ ਨੂੰ ਪੁਰਸਕਾਰ ਮਿਲਿਆ। 

 

2 ਮਾਰਚ 2025 ਨੂੰ ਹੋਣਾ ਹੈ ਆਸਕਰ ਐਵਾਰਡ ਸਮਾਰੋਹ
ਮੁੰਬਈ/ਬਿਊਰੋ ਨਿਊਜ਼
ਆਸਕਰ 2025 ਵਿਚ ਫਿਲਮ ‘ਲਾਪਤਾ ਲੇਡੀਜ਼’ ਨੂੰ ਭਾਰਤ ਵਲੋਂ ਅਧਿਕਾਰਤ ਐਂਟਰੀ ਮਿਲੀ ਹੈ। ਫਿਲਮ ਨੂੰ ਵਿਦੇਸ਼ੀ ਫਿਲਮ ਕੈਟੇਗਰੀ ਵਿਚ ਭੇਜਿਆ ਗਿਆ ਹੈ। ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਕਿਰਨ ਰਾਓ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਚੋਣ ਕਮੇਟੀ ਦੇ ਚੇਅਰਮੈਨ ਜਾਹਨੂ ਬਰੂਆ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿੱਕੀ ਕੌਸ਼ਲ ਦੀ ‘ਸੈਮ ਬਹਾਦੁਰ’, ਰਣਬੀਰ ਕਪੂਰ ਦੀ ‘ਐਨੀਮਲ’ ਅਤੇ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਸਮੇਤ 29 ਫਿਲਮਾਂ ਇਸ ਦੌੜ ਵਿਚ ਸਨ, ਜਿਸ ਵਿਚੋਂ ‘ਲਾਪਤਾ ਲੇਡੀਜ਼’ ਨੂੰ ਚੁਣਿਆ ਗਿਆ। 97ਵੇਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ 2025 ਨੂੰ ਕੀਤਾ ਜਾਵੇਗਾ ਅਤੇ ਆਸਕਰ ਐਵਾਰਡ ਸਮਾਰੋਹ 2 ਮਾਰਚ, 2025 ਨੂੰ ਹੋਵੇਗਾ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.