Thursday, 23 April 2026

ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਜਸਟਿਸ ਸੰਜੀਵ ਖੰਨਾ ਨੂੰ ਐਲਾਨਿਆ ਆਪਣਾ ਉੱਤਰਾਧਿਕਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਰਸਮੀ ਤੌਰ ’ਤੇ ਜਸਟਿਸ ਸੰਜੀਵ ਖੰਨਾ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਕੇਂਦਰ ਸਰਕਾਰ ਨੂੰ ਭੇਜੇ ਇਕ ਪੱਤਰ ਵਿਚ, ਚੀਫ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ 11 ਨਵੰਬਰ ਨੂੰ ਅਹੁਦਾ ਛੱਡ ਰਹੇ ਹਨ, ਜਸਟਿਸ ਖੰਨਾ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ। ਸਰਕਾਰ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਸਟਿਸ ਖੰਨਾ ਭਾਰਤ ਦੇ 51ਵੇਂ ਚੀਫ ਜਸਟਿਸ ਬਣ ਜਾਣਗੇ। ਉਨ੍ਹਾਂ ਦਾ ਕਾਰਜਕਾਲ ਛੇ ਮਹੀਨੇ ਦਾ ਹੈ, ਜੋ 13 ਮਈ 2025 ਨੂੰ ਖਤਮ ਹੋਵੇਗਾ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਰਿਟਾਇਰਮੈਂਟ ਹੋਵੇਗੀ। ਸੁਪਰੀਮ ਕੋਰਟ ਦੇ ਜੱਜ ਦੇ ਤੌਰ ’ਤੇ ਜਸਟਿਸ ਖੰਨਾ ਨੇ 65 ਫੈਸਲੇ ਲਿਖੇ ਹਨ। ਇਸ ਦੌਰਾਨ ਉਹ ਕਰੀਬ 275 ਬੈਂਚਾਂ ਦਾ ਹਿੱਸਾ ਰਹੇ ਹਨ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਡੀ.ਵਾਈ. ਚੰਦਰਚੂੜ 10 ਨਵੰਬਰ 2024 ਨੂੰ ਰਿਟਾਇਰ ਹੋ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਹੁੰ ਚੁੱਕ ਸਮਾਗਮ ’ਚ ਪਹੁੰਣਗੇ ਪੰਚਕੂਲਾ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਨੂੰ ਲੈ ਕੇ ਹਰਿਆਣਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 15 ਅਕਤੂਬਰ ਨੂੰ ਪੰਚਕੂਲਾ ਵਿਚ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਨਾਇਬ ਸਿੰਘ ਸੈਣੀ ਨੂੰ ਹੀ ਦੂਜੀ ਵਾਰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਹਰਿਆਣਾ ਦੇ ਰਾਜਪਾਲ ਨੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਕਰਵਾਏਗੀ। ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐਸ. ਐਨ. ਪ੍ਰਸਾਦ ਵੱਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਸਹੁੰ ਚੁੱਕ ਸਮਾਗਮ 15 ਅਕਤੂਬਰ ਨੂੰ ਪੰਚਕੂਲਾ ਵਿਚ ਹੋਵੇਗਾ। ਧਿਆਨ ਰਹੇ ਕਿ ਭਾਜਪਾ ਨੇ ਹਰਿਆਣਾ ਸੂਬੇ ਵਿਚ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ। 

ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 150 ਰੁਪਏ ਵਧਾ ਕੇ 2425 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਾਰਕੀਟਿੰਗ ਸੀਜ਼ਨ 2025-26 ਲਈ ਸਾਰੀਆਂ ਲਾਜ਼ਮੀ ਹਾੜ੍ਹੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਹਾੜ੍ਹੀ ਦੀਆਂ ਫਸਲਾਂ ਲਈ ਐਮ.ਐਸ.ਪੀ. ਵਿੱਚ ਵਾਧਾ ਕੀਤਾ ਹੈ ਤਾਂ ਜੋ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਭਾਅ ਯਕੀਨੀ ਬਣਾਇਆ ਜਾ ਸਕੇ। ਕੇਂਦਰ ਸਰਕਾਰ ਨੇ ਹਾੜ੍ਹੀ ਦੀਆਂ 6 ਫਸਲਾਂ ’ਤੇ ਐਮ.ਐਸ.ਪੀ. ਵਧਾਇਆ ਹੈ ਅਤੇ ਸਭ ਤੋਂ ਜ਼ਿਆਦਾ ਦਾ ਵਾਧਾ 300 ਰੁਪਏ ਪ੍ਰਤੀ ਕੁਇੰਟਲ ਸਰ੍ਹੋਂ ਵਿਚ ਕੀਤਾ ਗਿਆ ਹੈ। ਇਸੇ ਤਰ੍ਹਾਂ ਕਣਕ ਵਿਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ ਅਤੇ ਕਣਕ ਦਾ ਭਾਅ ਹੁਣ 2425 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸਦੇ ਚੱਲਦਿਆਂ ਜੌਂ, ਚਨਾ, ਮਸੂਰ ਅਤੇ ਕੁਸੁਮ ਦੀਆਂ ਫਸਲਾਂ ’ਤੇ ਵੀ ਐਮ.ਐਸ.ਪੀ. ਵਧਾਈ ਗਈ ਹੈ। 

25 ਮਈ ਨੂੰ ਸ਼ੁਰੂ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ

ਅੰਮਿ੍ਰਤਸਰ/ਬਿਊਰੋ ਨਿਊਜ਼

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ 10 ਅਕਤੂਬਰ ਦਿਨ ਵੀਰਵਾਰ ਨੂੰ ਬੰਦ ਹੋ ਗਏ ਹਨ। ਇਸ ਦੌਰਾਨ ਵੱਡੀ ਗਿਣਤੀ ਸੰਗਤ ਨੇ ਸਮਾਪਤੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਖ ਆਸਣ ਹਾਲ ਵਿਖੇ ਸੁਸ਼ੋਭਿਤ ਕੀਤੇ ਗਏ। ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਹਰ ਸਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਸੰਗਤ ਪਹੁੰਚਦੀ ਹੈ। ਇਸ ਵਾਰ ਇਹ ਸਲਾਨਾ ਯਾਤਰਾ ਲੰਘੀ 25 ਮਈ ਨੂੰ ਸ਼ੁਰੂ ਹੋਈ ਸੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੁਣ 17 ਅਕਤੂਬਰ ਨੂੰ ਹੋਵੇਗਾ। ਇਹ ਤੀਜੀ ਵਾਰ ਹੈ ਜਦੋਂ ਸੂਬੇ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲੀ ਗਈ ਹੈ। ਇਸ ਤੋਂ ਪਹਿਲਾਂ 12 ਅਤੇ 15 ਅਕਤੂਬਰ ਦੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਸਨ। ਹੁਣ 17 ਅਕਤੂਬਰ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਕੇਂਦਰੀ ਲੀਡਰਸ਼ਿਪ ਨੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੁੜ ਦਿੱਲੀ ਬੁਲਾਇਆ ਸੀ। ਇੱਥੇ ਸੈਣੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿੱਥੇ ਦੇਰ ਰਾਤ ਤੱਕ ਮੀਟਿੰਗ ਚੱਲੀ, ਜਿਸ ਵਿਚ ਸਹੁੰ ਚੁੱਕ ਸਮਾਗਮ ਅਤੇ ਨਾਇਬ ਸਿੰਘ ਸੈਣੀ ਮੰਤਰੀ ਮੰਡਲ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਰੋਹ ਵਿਚ ਸ਼ਾਮਿਲ ਹੋਣਗੇ। ਇਹ ਸਹੁੰ ਚੁੱਕ ਸਮਾਗਮ ਪੰਚਕੂਲਾ ਵਿਚ ਹੋਵੇਗਾ।  

 

ਵਿਧਾਇਕ ਦਲ ਨੇ ਉਮਰ ਅਬਦੁੱਲਾ ਨੂੰ ਆਪਣਾ ਨੇਤਾ ਚੁਣਿਆ

ਜੰਮੂ/ਬਿਊਰੋ ਨਿਊਜ਼ 

ਜੰਮੂ ਕਸ਼ਮੀਰ ਵਿਚ ਨਵੀਂ ਸਰਕਾਰ ਦੇ ਗਠਨ ਦੇ ਲਈ ਅੱਜ ਵੀਰਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿਚ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਇਸ ਤੋਂ ਸਪੱਸ਼ਟ ਹੈ ਕਿ ਉਮਰ ਅਬਦੁੱਲਾ ਦੂਜੀ ਵਾਰ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਨ ਜਾ ਰਹੇ ਹਨ। ਧਿਆਨ ਰਹੇ ਕਿ ਨੈਸ਼ਨਲ ਕਾਨਫਰੰਸ ਨੇ ‘ਇੰਡੀਆ’ ਗਠਜੋੜ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਬਹੁਮਤ ਹਾਸਲ ਕੀਤਾ ਹੈ। ਇਸੇ ਦੌਰਾਨ ਇੰਡੀਆ ਗਠਜੋੜ ਦਾ 3 ਮੈਂਬਰੀ ਵਫਦ ਭਲਕੇ ਸ਼ੁੱਕਰਵਾਰ ਨੂੰ ਐਲ.ਜੀ. ਮਨੋਜ ਸਿਨਹਾ ਨਾਲ ਮੁਲਾਕਾਤ ਕਰੇਗਾ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ। ਜੰਮੂ ਕਸ਼ਮੀਰ ਵਿਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 13 ਜਾਂ 14 ਅਕਤੂਬਰ ਨੂੰ ਹੋਣ ਦੀ ਉਮੀਦ ਹੈ।

ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ/ਬਿਊਰੋ ਨਿਊਜ਼

ਅੱਜ ਪੰਜਾਬ ਸਣੇ ਭਾਰਤ ਭਰ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਵਿਚ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ ਕਿ ਮਾਂ ਦੁਰਗਾ ਅਤੇ ਭਗਵਾਨ ਸ੍ਰੀ ਰਾਮ ਦੇ ਆਸ਼ੀਰਵਾਦ ਨਾਲ ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਸਾਰੇ ਜੀਵਨ ਦੇ ਹਰ ਖੇਤਰ ਵਿਚ ਜਿੱਤ ਪ੍ਰਾਪਤ ਕਰੋ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ।

 

ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਮੁੰਬਈ/ਬਿਊਰੋ ਨਿਊਜ਼

ਭਾਰਤ ਦੇ ਉਘੇ ਉਦਯੋਗਪਤੀ ਰਤਨ ਨਵਲ ਟਾਟਾ ਦਾ 86 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਕਰੀਬ 11 ਵਜੇ ਆਖਰੀ ਸਾਹ ਲਿਆ। ਰਤਨ ਟਾਟਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੀ ਆਈ.ਸੀ.ਯੂ. ਵਿਚ ਭਰਤੀ ਸਨ ਅਤੇ ਉਹ ਉਮਰ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਰਤਨ ਟਾਟਾ ਨੂੰ 7 ਅਕਤੂਬਰ ਨੂੰ ਵੀ ਆਈ.ਸੀ.ਯੂ. ਵਿਚ ਭਰਤੀ ਕੀਤੇ ਜਾਣ ਦੀ ਖਬਰ ਸੀ। ਹਾਲਾਂਕਿ ਰਤਨ ਟਾਟਾ ਨੇ ਇਸਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਠੀਕ ਹਨ ਅਤੇ ਰੂਟੀਨ ਚੈਕਅਪ ਦੇ ਲਈ ਹਸਪਤਾਲ ਪਹੁੰਚੇ ਹਨ। ਰਤਨ ਟਾਟਾ ਦੇ ਦਿਹਾਂਤ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

 

 

 

ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਨੋਇਲ ਦੇ ਨਾਮ ’ਤੇ ਬਣੀ ਸਹਿਮਤੀ

ਮੁੰਬਈ/ਬਿਊਰੋ ਨਿਊਜ਼ 

ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਗਰੁੱਪ ਦੇ ਸਭ ਤੋਂ ਵੱਡੇ ਸਟੇਕ ਹੋਲਡਰ ‘ਟਾਟਾ ਟਰੱਸਟ’ ਦੀ ਕਮਾਨ ਉਨ੍ਹਾਂ ਦੇ ਮਤਰੇਅ ਭਰਾ ਨੋਇਲ ਟਾਟਾ ਨੂੰ ਮਿਲ ਗਈ ਹੈ। ਅੱਜ ਸ਼ੁੱਕਰਵਾਰ ਨੂੰ ਮੁੰਬਈ ਵਿਚ ਹੋਈ ਮੀਟਿੰਗ ਵਿਚ ਨੋਇਲ ਦੇ ਨਾਮ ’ਤੇ ਸਹਿਮਤੀ ਬਣੀ ਹੈ। ਨੋਇਲ ਟਾਟਾ ਆਪਣੇ ਪਰਿਵਾਰਕ ਸਬੰਧਾਂ ਅਤੇ ਗਰੁੱਪ ਦੀਆਂ ਕਈ ਕੰਪਨੀਆਂ ਵਿਚ ਭਾਗੀਦਾਰੀ ਦੇ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਕ ਮਜ਼ਬੂਤ ਦਾਅਵੇਦਾਰ ਸਨ। ਨੋਇਲ ਟਾਟਾ ਪਹਿਲਾਂ ਤੋਂ ਹੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ। ਦੱਸਣਯੋਗ ਹੈ ਕਿ ਟਾਟਾ ਟਰੱਸਟ ਅਸਲ ਵਿਚ ਟਾਟਾ ਗਰੁੱਪ ਦੀਆਂ ਚੈਰੀਟੇਬਲ ਸੰਸਥਾਵਾਂ ਦਾ ਇਕ ਗਰੁੱਪ ਹੈ ਅਤੇ 13 ਲੱਖ ਕਰੋੜ ਰੁਪਏ ਦੇ ਮਾਲੀਏ ਨਾਲ ਟਾਟਾ ਗਰੁੱਪ ਵਿਚ ਇਸਦੀ ਸਭ ਤੋਂ ਵੱਧ 66 ਫੀਸਦੀ ਹਿੱਸੇਦਾਰੀ ਹੈ। ਇਸ ਵਿਚ ਨੋਇਲ ਟਾਟਾ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ।   

 

ਦਿੱਲੀ ’ਚ ਬੰਗਲਾ ਨੰਬਰ 6 ਮੁੱਖ ਮੰਤਰੀ ਦਾ ਘਰ ਨਹੀਂ : ਐਲ.ਜੀ.

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਪੀ.ਡਬਲਿਊ.ਡੀ. ਨੇ ਸਿਵਲ ਲਾਈਨਜ਼ ’ਚ ਫਲੈਗ ਸਟਾਫ ਰੋਡ ’ਤੇ ਬੰਗਲਾ ਨੰਬਰ 6 ਨੂੰ ਸੀਲ ਕਰ ਦਿੱਤਾ ਹੈ। ਇਸ ਬੰਗਲੇ ’ਚ ਮੁੱਖ ਮੰਤਰੀ ਆਤਿਸ਼ੀ ਲੰਘੀ 7 ਅਕਤੂਬਰ ਨੂੰ ਰਹਿਣ ਲਈ ਆਈ ਸੀ ਅਤੇ ਤਿੰਨ ਦਿਨ ਬਾਅਦ ਹੀ ਪੀਡਬਲਿਊਡੀ ਨੇ ਆਤਿਸ਼ੀ ਕੋਲੋਂ ਬੰਗਲਾ ਖਾਲੀ ਕਰਵਾ ਲਿਆ । ਦਿੱਲੀ ਐਲ.ਜੀ. ਆਫਿਸ ਦੇ ਮੁਤਾਬਕ, ਇਹ ਬੰਗਲਾ ਮੁੱਖ ਮੰਤਰੀ ਦਾ ਘਰ ਨਹੀਂ ਹੈ ਅਤੇ ਇਸ ਨੂੰ ਕਿਸੇ ਨੂੰ ਵੀ ਅਲਾਟ ਕੀਤਾ ਜਾ ਸਕਦਾ ਹੈ।  ਐਲ.ਜੀ. ਦਫਤਰ ਵਲੋਂ ਕਿਹਾ ਗਿਆ ਹੈ ਕਿ ਆਤਿਸ਼ੀ ਨੇ ਇਸ ਬੰਗਲੇ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੇਕਰ ਕੋਈ ਸਾਡੀ ਜਾਇਦਾਦ ’ਤੇ ਕਬਜ਼ਾ ਕਰਦਾ ਹੈ ਤਾਂ ਮਾਲਕ ਕਾਰਵਾਈ ਕਰਨ ਦਾ ਹੱਕਦਾਰ ਹੈ। ਇਸੇ ਦੌਰਾਨ ਸੀਐਮ ਦਫਤਰ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਮੁੱਖ ਮੰਤਰੀ ਨੂੰ ਉਸਦਾ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਐਲ.ਜੀ. ਨੇ ਭਾਜਪਾ ਦੇ ਕਹਿਣ ’ਤੇ ਜ਼ਬਰਦਸਤੀ ਸੀਐਮ ਆਤਿਸ਼ੀ ਦਾ ਸਮਾਨ ਘਰ ਤੋਂ ਬਾਹਰ ਕਢਵਾਇਆ। ‘ਆਪ’ ਆਗੂਆਂ ਨੇ ਆਰੋਪ ਲਗਾਇਆ ਕਿ ਇਹ ਬੰਗਲਾ ਕਿਸੇ ਭਾਜਪਾ ਆਗੂ ਨੂੰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

 

ਮੋਦੀ ਨੇ ਈਸਟ-ਏਸ਼ੀਆ ਸੰਮੇਲਨ ਦੌਰਾਨ ਵਿਅਨਤਿਆਨੇ ’ਚ ਕੀਤਾ ਸੰਬੋਧਨ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓਸ ਦੀ ਰਾਜਧਾਨੀ ਵਿਅਨਤਿਆਨੇ ਵਿਚ ਈਸਟ ਏਸ਼ੀਆ ਸਿਖਰ ਸੰਮੇਲਨ ਵਿਚ ਹਿੱਸਾ ਲਿਆ ਹੈ। ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਹੀ ਆਸੀਅਨ ਦੇਸ਼ਾਂ ਦੇ ਵਿਚਾਲੇ ਏਕਤਾ ਨੂੰ ਸਪੋਰਟ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸੀਅਨ ਭਾਰਤ ਦੇ ਇੰਡੋ-ਪੈਸੀਫਿਕ ਵਿਜ਼ਨ ਅਤੇ ਕਵਾਡ ਕੋ-ਆਪਰੇਸ਼ਨ ਦੇ ਕੇਂਦਰ ਵਿਚ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆਂ ਭਰ ਵਿਚ ਜਾਰੀ ਵੱਖ-ਵੱਖ ਜੰਗਾਂ ਦਾ ਸਭ ਤੋਂ ਮਾੜਾ ਅਸਰ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਪੈ ਰਿਹਾ ਹੈ। ਅਜਿਹੇ ਵਿਚ ਦੁਨੀਆ ’ਚ ਸ਼ਾਂਤੀ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ’ਚੋਂ ਨਹੀਂ ਨਿਕਲ ਸਕਦਾ ਅਤੇ ਅਸੀਂ ਹਮੇਸ਼ਾ ਇਹੀ ਕਿਹਾ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਈਸਟ ਏਸ਼ੀਆ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵੀ ਮੁਲਾਕਾਤ ਕੀਤੀ ਸੀ।  

 

ਨਾਇਬ ਸਿੰਘ ਸੈਣੀ ਨੇ ਭਾਜਪਾ ਦੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਸਿਰ ਬੰਨ੍ਹਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ। ਇਸਦੇ ਚੱਲਦਿਆਂ ਸੂਬੇ ਵਿੱਚ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਫਿਰ ਮੁੱਖ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਇਸੇ ਦੌਰਾਨ ਨਾਇਬ ਸਿੰਘ ਸੈਣੀ ਨੇ ਅੱਜ ਬੁੱਧਵਾਰ ਨੂੰੂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਚ ਭਾਜਪਾ ਦੀ ਜਿੱਤ ਦਾ ਸਿਹਰਾ ਪੀਐਮ ਨਰਿੰਦਰ ਮੋਦੀ ਸਿਰ ਬੰਨ੍ਹਿਆ ਹੈ। ਧਿਆਨ ਰਹੇ ਕਿ ਭਾਜਪਾ ਨੇ ਚੋਣਾਂ ਦੌਰਾਨ ਇਹ ਸੰਕੇਤ ਦੇ ਦਿੱਤਾ ਸੀ ਕਿ ਜੇਕਰ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਦੀ ਹੈ ਤਾਂ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਹੀ ਪਾਰਟੀ ਦੀ ਪਸੰਦ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਜਿੱਤ ਲਈ ਨਾਇਬ ਸਿੰਘ ਸੈਣੀ ਨੂੰ ਵਧਾਈ ਵੀ ਦਿੱਤੀ ਹੈ।  

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.