Thursday, 23 April 2026

ਰਾਹੁਲ ਨੇ ਕਮਲਾ ਹੈਰਿਸ ਨੂੰ ਵੀ ਹੌਸਲੇ ਦਾ ਭੇਜਿਆ ਪੱਤਰ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿੱਠੀ ਲਿਖ ਕੇ ਜਿੱਤ ਦੀ ਵਧਾਈ ਦਿੱਤੀ ਹੈ ਅਤੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਦੋਵੇਂ ਦੇਸ਼ ਆਪਸੀ ਹਿੱਤਾਂ ਦੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਰਾਹੁਲ ਨੇ ਕਿਹਾ ਕਿ ਮੈਂ ਤੁਹਾਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ’ਤੇ ਵਧਾਈ ਦੇਣਾ ਚਾਹਾਂਗਾ ਅਤੇ ਅਮਰੀਕਾ ਦੇ ਲੋਕਾਂ ਨੇ ਭਵਿੱਖ ਲਈ ਤੁਹਾਡੇ ਵਿਜ਼ਨ ’ਤੇ ਭਰੋਸਾ ਕੀਤਾ ਹੈ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਪੱਤਰ ਲਿਖਿਆ ਹੈ। ਰਾਹੁਲ ਨੇ ਹੈਰਿਸ ਨੂੰ ਉਹਨਾਂ ਦੀ ਉਤਸ਼ਾਹੀ ਰਾਸ਼ਟਰਪਤੀ ਮੁਹਿੰਮ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਇਕਜੁੱਟਤਾ ਦਾ ਸੰਦੇਸ਼ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਧਿਆਨ ਰਹੇ ਕਿ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਤੋਂ ਹਾਰ ਗਏ ਹਨ। 

 

ਪੀਐਮ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੋਜ਼ਗਾਰ ਮੇਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਭਾਰਤ ਦੀਆਂ 40 ਥਾਵਾਂ ’ਤੇ ਆਯੋਜਿਤ ਰੋਜ਼ਗਾਰ ਮੇਲੇ ਵਿਚ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੋਜ਼ਗਾਰ ਮੇਲਾ ਸੀ। ਦੱਸਣਯੋਗ ਹੈ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਅਕਤੂਬਰ 2022 ਵਿਚ ਹੋਈ ਸੀ ਅਤੇ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਲਗਾਏ ਗਏ 13 ਮੇਲਿਆਂ ਵਿਚ 8 ਕਰੋੜ 50 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਪੀਐਮ ਮੋਦੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਤੁਸੀਂ ਗਰੀਬ ਵਿਅਕਤੀਆਂ ਦੀ ਸੇਵਾ ਕਰੋ। ਪੀਐਮ ਨੇ ਇਹ ਵੀ ਕਿਹਾ ਕਿ ਅਗਲੇ 25 ਸਾਲਾਂ ਵਿਚ ਤੁਸੀਂ ਹੀ ਭਾਰਤ ਨੂੰ ਵਿਕਸਤ ਕਰੋਗੇ। 

 

ਹੋਂਦ ਚਿੱਲੜ ’ਚ ਸ਼ਹੀਦ ਹੋਏ 32 ਸਿੱਖ ਪਰਿਵਾਰਾਂ ਦੀ ਯਾਦਗਾਰ ਬਣਾਈ ਜਾਵੇਗੀ : ਸੰਤ ਸੀਚੇਵਾਲ

ਜਲੰਧਰ/ਬਿਊਰੋ ਨਿਊਜ਼  

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਦਾ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ 2 ਨਵੰਬਰ 1984 ਵਿੱਚ ਹੋਏ ਕਤਲੇਆਮ ਦੌਰਾਨ ਇੱਥੇ ਸ਼ਹੀਦ ਹੋਏ 32 ਸਿੱਖ ਪਰਿਵਾਰਾਂ ਦੀ ਯਾਦਗਾਰ ਬਣਾਈ ਜਾਵੇਗੀ। ਇਸ ਪਿੰਡ ਵਿੱਚ 2 ਨਵੰਬਰ 1984 ਨੂੰ 32 ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ। ਇਸ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ 12 ਮੈਂਬਰ ਗੁਆ ਚੁੱਕੀ ਬਿਰਧ ਅੱਜ ਵੀ ਆਪਣਿਆਂ ਦੇ ਸਦੀਵੀ ਵਿਛੋੜੇ ਦਾ ਦੁੱਖ ਆਪਣੇ ਦਿਲ ਵਿੱਚ ਦੱਬੀ ਬੈਠੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਕੇ ’ਤੇ ਹੀ ਰੇਵਾੜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਮੀਨਾ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ 2 ਨਵੰਬਰ 1984 ਨੂੰ ਸਿੱਖ ਪਰਿਵਾਰਾਂ ’ਤੇ ਹੋਏ ਹਮਲੇ ਦੌਰਾਨ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਇਸਦਾ ਤਿੰਨ ਲੱਖ ਦੇ ਕਰੀਬ ਮੁਆਵਜ਼ਾ ਵੀ ਮਨਜ਼ੂਰ ਹੋਇਆ ਸੀ ਪਰ ਉਹ ਕਿਸੇ ਕਾਰਨ ਮਿਲ ਨਹੀਂ ਸਕਿਆ। ਇਸ ਮੌਕੇ ਉਨ੍ਹਾਂ ਤੇ ਪੀੜਤ ਪਰਿਵਾਰਾਂ ਨੇ ਇਸ ਦੁਖਾਂਤ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਿੱਖਾਂ ਦੀ ਯਾਦ ਵਿੱਚ ਬੂਟੇ ਵੀ ਲਾਏ। 

ਕਿਹਾ : ਜੇ ਅੱਜ ਰਤਨ ਟਾਟਾ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ

ਵਡੋਦਰਾ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਾਟਾ ਦੇ ਜਹਾਜ਼ ਨਿਰਮਾਣ ਪਲਾਂਟ ਦਾ ਗੁਜਰਾਤ ਦੇ ਵਡੋਦਰਾ ਵਿਚ ਉਦਘਾਟਨ ਕੀਤਾ। ਇਸ ਦੌਰਾਨ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਤਨ ਟਾਟਾ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਨੇ ਇਕ ਮਹਾਨ ਪੁੱਤਰ ਗੁਆ ਦਿੱਤਾ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਵੀ ਇਸ ਮੌਕੇ ਰਤਨ ਟਾਟਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਅੱਜ ਦੇਸ਼ ਵਿਚ ਹਵਾਈ ਜਹਾਜ਼ ਬਣਾਉਣ ਵਾਲੇ ਪਲਾਂਟ ਸ਼ੁਰੂ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਰਤਨ ਟਾਟਾ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ, ਪਰ ਜਿੱਥੇ ਉਨ੍ਹਾਂ ਦੀ ਆਤਮਾ ਹੋਵੇਗੀ, ਉਹ ਖੁਸ਼ ਹੋਵੇਗੀ। 

 

 

 

ਡਰਾਈਵਿੰਗ ਲਾਇਸੈਂਸ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਲਾਈਟ ਮੋਟਰ ਵਹੀਕਲ (ਐਲ.ਐਮ.ਵੀ.) ਲਾਇਸੈਂਸ ਧਾਰਕਾਂ ਨੂੰ 7500 ਕਿਲੋਗਰਾਮ ਤੱਕ ਵਜ਼ਨ ਵਾਲੀਆਂ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅੱਜ ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਡੈਟਾ ਨਹੀਂ ਹੈ, ਜੋ ਸਾਬਿਤ ਕਰਦਾ ਹੋਵੇ ਕਿ ਐਲ.ਐਲ.ਵੀ. ਡਰਾਈਵਿੰਗ ਲਾਇਸੈਂਸ ਧਾਰਕ ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਹਨ। ਮਾਨਯੋਗ ਜਸਟਿਸ ਰਿਸ਼ੀਕੇਸ਼ ਰਾਏ ਸਣੇ 5 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਮੁੱਦਾ ਐਲ.ਐਮ.ਵੀ. ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੈ। ਅਦਾਲਤ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਵਿਚ ਸੋਧ ਪ੍ਰਕਿਰਿਆ ਜਲਦੀ ਪੂਰੀ ਕਰਨ ਨੂੰ ਵੀ ਕਿਹਾ ਹੈ। ਇਹ ਫੈਸਲਾ ਬੀਮਾ ਕੰਪਨੀਆਂ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ। ਧਿਆਨ ਰਹੇ ਕਿ 18 ਜੁਲਾਈ 2023 ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਇਸ ਕਾਨੂੰਨੀ ਸਵਾਲ ਨਾਲ ਜੁੜੀਆਂ 76 ਪਟੀਸ਼ਨਾਂ ’ਤੇ ਸੁਣਵਾਈ ਸ਼ੁਰੂ ਕੀਤੀ ਸੀ। ਇਸ ਸਬੰਧੀ ਪ੍ਰਮੁੱਖ ਪਟੀਸ਼ਨ ਬਜਾਜ ਅਲਾਇੰਸ ਜਨਰਲ ਬੀਮਾ ਕੰਪਨੀ ਵਲੋਂ ਦਾਖਲ ਕੀਤੀ ਗਈ ਸੀ।

 

ਰਾਹੁਲ ਗਾਂਧੀ ਨੇ ਸਲੂਨ ਵਾਲੇ ਨੂੰ ਮੱਦਦ ਪਹੁੰਚਾਈ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਿੱਲੀ ਵਿਚ ਇਕ ਸਲੂਨ ਚਲਾਉਣ ਵਾਲੇ ਅਜੀਤ ਨਾਮ ਵਿਅਕਤੀ ਨੂੰ ਉਸਦੀ ਦੁਕਾਨ ਦੇ ਲਈ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਰਾਹੁਲ ਦਾ ਕਹਿਣਾ ਸੀ ਕਿ ਮੇਰਾ ਭਾਰਤ ਦੇ ਹਰ ਗਰੀਬ ਅਤੇ ਮਿਡਲ ਕਲਾਸ ਦੇ ਵਿਅਕਤੀਆਂ ਨਾਲ ਵਾਅਦਾ ਹੈ ਕਿ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਵਾਪਸ ਲਿਆਵਾਂਗਾ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਦਾ ਧੰਨਵਾਦ ਕਰਦੇ ਹੋਏ ਅਜੀਤ ਨੇ ਕਿਹਾ ਕਿ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਰਾਹੁਲ ਗਾਂਧੀ ਮੈਨੂੰ ਮਿਲਣਗੇ ਅਤੇ ਮੇਰੀ ਮੱਦਦ ਕਰਨਗੇ। ਅਜੀਤ ਨੇ ਕਿਹਾ ਕਿ ਮੈਨੂੰ ਸੈਲੂਨ ਦੀ ਦੁਕਾਨ ਨਾਲ ਸਬੰਧਤ ਸਾਰਾ ਜ਼ਰੂਰੀ ਸਮਾਨ ਮਿਲ ਗਿਆ ਅਤੇ ਕੋਈ ਕਮੀ ਨਹੀਂ ਰਹੀ। ਧਿਆਨ ਰਹੇ ਕਿ ਲੰਘੀ 25 ਅਕਤੂਬਰ ਨੂੰ ਰਾਹੁਲ ਦਿੱਲੀ ਦੇ ਉਤਮ ਨਗਰ ਵਿਚ ਅਜੀਤ ਦੇ ਸਲੂਨ ’ਤੇ ਗਏ ਸਨ ਅਤੇ ਉਨ੍ਹਾਂ ਅਜੀਤ ਨਾਲ ਗੱਲਬਾਤ ਕੀਤੀ ਸੀ। 

ਹਵਾ ਦਾ ਰੁਖ ਬਦਲਿਆ ਤਾਂ ਦੋਵਾਂ ਸੂਬਿਆਂ ਨੂੰ ਹੋਵੇਗੀ ਮੁਸ਼ਕਲ

ਚੰਡੀਗੜ੍ਹ/ਬਿਊਰੋ ਨਿਊਜ਼ 

ਪਾਕਿਸਤਾਨ ’ਚ ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਪੰਜਾਬ ਤੇ ਹਰਿਆਣਾ ਦੀ ਹਵਾ ਵੀ ਖਰਾਬ ਕਰੇਗਾ। ਅੱਜ ਮੰਗਲਵਾਰ ਸਵੇਰੇ ਲਾਹੌਰ ਦਾ ਏਅਰ ਕੁਆਲਟੀ ਇੰਡੈਕਸ 700 ਦੇ ਨੇੜੇ ਸੀ। ਇਸਦੇ ਚੱਲਦਿਆਂ ਜੇਕਰ ਹਵਾ ਦਾ ਰੁਖ ਬਦਲਦਾ ਹੈ ਤਾਂ ਭਾਰਤ ਦੇ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਮੁਸ਼ਕਲ ਵਧੇਗੀ। ਵਧਦੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੇ ਨਾਲ-ਨਾਲ ਅੱਖਾਂ ਵਿਚ ਜਲਣ ਦੀ ਸਮੱਸਿਆ ਵੀ ਹੋ ਰਹੀ ਹੈ। ਦੱਸਿਆ ਗਿਆ ਕਿ ਹਰਿਆਣਾ ਵਿਚ ਫਤੇਹਾਬਾਦ ਅਤੇ ਹਿਸਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ ਹਨ ਅਤੇ ਇੱਥੇ ਵੀ ਏਅਰ ਕੁਆਲਿਟੀ ਇੰਡੈਕਸ 500 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਅੰਮਿ੍ਰਤਸਰ ਅਤੇ ਲੁਧਿਆਣਾ ਵਿਚ ਹਵਾ ਪ੍ਰਦੂਸ਼ਣ ਵਿਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਪਾਕਿਸਤਾਨੀ ਪੰਜਾਬ ਦੀ ਮਹਿਲਾ ਮੰਤਰੀ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। 

 

ਚਾਰ ਦਿਨ ਪਹਿਲਾਂ ਭਾਰਤ ਤੇ ਚੀਨ ਵਿਚਾਲੇ ਹੋਇਆ ਸੀ ਸਮਝੌਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਦੀ ਸਰਹੱਦ ਤੋਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ ਹਨ। ਚਾਰ ਦਿਨ ਪਹਿਲਾਂ ਹੋਏ ਪੈਟਰੋਲਿੰਗ ਸਮਝੌਤੇ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫੌਜਾਂ ਪਿੱਛੇ ਹਟੀਆਂ ਹਨ। ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਆਪਣੇ ਟੈਂਟ, ਗੱਡੀਆਂ ਅਤੇ ਮਿਲਟਰੀ ਨਾਲ ਸਬੰਧਤ ਸਮਾਨ ਸਰਹੱਦ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚ ਸਰਹੱਦ ’ਤੇ 21 ਅਕਤੂਬਰ ਨੂੰ ਪੈਟਰੋਲਿੰਗ ਸਿਸਟਮ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਨਾਲ ਮਈ 2020 ਵਿਚ ਹੋਈ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵਾਪਸ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਦੋਵੇਂ ਦੇਸ਼ਾਂ ਦੇ ਕੋਰ ਕਮਾਂਡਰਾਂ ਨੇ ਸਵੇਰੇ ਸਾਢੇ 4 ਵਜੇ ਫਾਈਨਲ ਸਮਝੌਤੇ ’ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਹੀ ਦੋਵੇਂ ਦੇਸ਼ਾਂ ਦੀਆਂ ਫੌਜਾਂ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਹਨ। 

ਪੰਜਾਬ ਤੇ ਹਰਿਆਣਾ ਨੂੰ ਪਿਛਲੇ 10 ਦਿਨਾਂ ਦਾ ਅੰਕੜਾ ਦੇਣ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੇ ਮਾਮਲੇ ਵਿਚ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਜਿਸ ਵਿਚ ਪੰਜਾਬ ਅਤੇ ਹਰਿਆਣਾ ਨੂੰ ਪਿਛਲੇ 10 ਦਿਨਾਂ ਦਾ ਅੰਕੜਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਨਵੰਬਰ ਨੂੰ ਹੋਵੇਗੀ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਅਤੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਕੇਂਦਰ ਤੋਂ ਫੰਡਾਂ ਦੀ ਗੱਲ ਕਹੀ। ਪੰਜਾਬ ਸਰਕਾਰ ਦੀ ਇਸ ਮੰਗ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਕ ਹਫਤੇ ’ਚ ਨਿਰਣਾ ਲੈਣ ਲਈ ਕਿਹਾ। ਇਸਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਨੂੰ ਪਰਾਲੀ ਸਬੰਧੀ ਪਿਛਲੇ 10 ਦਿਨਾਂ ਦੇ ਵੇਰਵੇ ਦਾ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ। ਇਸਦੇ ਚੱਲਦਿਆਂ ਇਨ੍ਹਾਂ ਪਹਿਲੂਆਂ ’ਤੇ ਵੀ ਵਿਚਾਰ ਕੀਤਾ ਜਾਵੇਗਾ ਕਿ ਦੀਵਾਲੀ ਵਾਲੇ ਦਿਨ ਕਿੰਨਾ ਪ੍ਰਦੂਸ਼ਣ ਹੋਇਆ ਹੈ।

ਪੂਰਬੀ ਲੱਦਾਖ ’ਚ ਖਤਮ ਹੋ ਸਕਦਾ ਹੈ ਟਕਰਾਅ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿ੍ਰਕਸ ਸੰਮੇਲਨ ਵਿਚ ਸ਼ਮੂਲੀਅਤ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਦੋਵੇਂ ਦੇਸ਼ ਲਾਈਨ ਆਫ ਐਕਚੂਅਲ ਕੰਟਰੋਲ (ਐਲ.ਏ.ਸੀ.) ’ਤੇ ਪੈਟਰੋਲਿੰਗ ਦੇ ਲਈ ਸਹਿਮਤ ਹੋ ਗਏ ਹਨ। ਇਸ ਨਾਲ ਹੁਣ ਪੂੁਰਬੀ ਲੱਦਾਖ ਵਿਚ ਦੋਵੇਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਸੁਲਝ ਸਕਦਾ ਹੈ ਅਤੇ ਟਕਰਾਅ ਵਿਚ ਵੀ ਕਮੀ ਆ ਸਕਦੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਅਭਿਆਸ ਤੋਂ ਬਾਅਦ ਐੱਲ.ਏ.ਸੀ. ’ਤੇ ਗਸ਼ਤ ਅਤੇ ਫੌਜੀ ਤਣਾਅ ਨੂੰ ਘੱਟ ਕਰਨ ਲਈ ਸਮਝੌਤਾ ਹੋਇਆ ਹੈ। ਵਿਦੇਸ਼ ਸਕੱਤਰ ਦੇ ਦੱਸਣ ਮੁਤਾਬਕ ਪਿਛਲੇ ਕੁਝ ਹਫਤਿਆਂ ’ਚ ਹੋਈ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਰਹੱਦੀ ਖੇਤਰ ’ਚ ਫੌਜੀ ਗਸ਼ਤ ਦੀ ਵਿਵਸਥਾ ਨੂੰ ਲੈ ਕੇ ਸਮਝੌਤਾ ਹੋਇਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਦੁੱਖ ਪ੍ਰਗਟ

ਨਵੀਂ ਦਿੱਲੀ/ਬਿਊਰੋ ਨਿਊਜ਼ 

ਉਤਰਾਖੰਡ ਦੇ ਅਲਮੋੜਾ ਵਿਚ ਅੱਜ ਸੋਮਵਾਰ ਸਵੇਰੇ ਕਰੀਬ 8 ਵਜੇ, ਸਵਾਰੀਆਂ ਨਾਲ ਭਰੀ ਇਕ ਬੱਸ 150 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ 36 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਅਲਮੋੜਾ ਵਿਚ ਕੂਪੀ ਦੇ ਨੇੜੇ ਵਾਪਰਿਆ ਹੈ ਅਤੇ ਇਸ ਬੱਸ ਵਿਚ 42 ਯਾਤਰੀ ਸਵਾਰ ਸਨ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਬੱਸ ਵਿਚ ਜ਼ਿਆਦਾਤਰ ਸਥਾਨਕ ਵਿਅਕਤੀ ਹੀ ਸਵਾਰ ਸਨ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਿਸ ਵੀ ਮੌਕੇ ’ਤੇ ਪਹੰੁਚ ਗਈ ਅਤੇ ਬਚਾਅ ਟੀਮਾਂ ਨੇ ਵੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਭਿਆਨਕ ਸੜਕ ਹਾਦਸੇ ’ਤੇ ਡੂੰਘਾ ਪ੍ਰਗਟ ਕੀਤਾ ਹੈ ਅਤੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਹਾਦਸੇ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ।

 

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੀ.ਏ.ਪੀ. ਜਲੰਧਰ ਪੁੱਜੇ ਡੀਜੀਪੀ ਗੌਰਵ ਯਾਦਵ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਲਿਸ ਯਾਦਾਗਾਰੀ ਦਿਵਸ ਮੌਕੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਗਏ ਬਲਿਦਾਨਾਂ ਨੂੰ ਸਨਮਾਨ ਦੇਣ ਦਾ ਮੌਕਾ ਹੈ। ਜ਼ਿਕਰਯੋਗ ਹੈ ਕਿ ਲੱਦਾਖ ਦੇ ਹੋਟ ਸਪਰਿੰਗਜ਼ ਵਿਚ 21 ਅਕਤੂਬਰ 1959 ਨੂੰ ਭਾਰੀ ਹਥਿਆਰਾਂ ਨਾਲ ਲੈਸ ਚੀਨੀ ਸੈਨਿਕਾਂ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ 10 ਪੁਲਿਸ ਕਰਮੀ ਸ਼ਹੀਦ ਹੋ ਗਏ ਸਨ। ਉਸ ਸਮੇਂ ਤੋਂ ਸਾਰੇ ਸ਼ਹੀਦ ਪੁਲਿਸ ਕਰਮੀਆਂ ਨੂੰ ਸਨਮਾਨ ਦਿੰਦੇ ਹੋਏ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ। ਇਸੇ ਦੌਰਾਨ ਪੰਜਾਬ ਵਿਚ ਵੀ ਵੱਖ-ਵੱਖ ਥਾਈਂ ‘ਪੁਲਿਸ ਯਾਦਗਾਰੀ ਦਿਵਸ’ ਮਨਾਇਆ ਗਿਆ। ਜਲੰਧਰ ਵਿਖੇ ਪੀ.ਏ.ਪੀ. ਗਰਾਊਂਡ ਵਿਚ ਮਨਾਏ ਗਏ ‘ਪੁਲਿਸ ਯਾਦਗਾਰੀ ਦਿਵਸ’ ਮੌਕੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਪਹੁੰਚੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।  

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.