Thursday, 23 April 2026

ਰਾਹੁਲ ਨੇ ਜੰਮੂ ਕਸ਼ਮੀਰ ਵਿਚ ‘ਇੰਡੀਆ’ ਗਠਜੋੜ ਦੀ ਜਿੱਤ ਨੂੰ ਦੱਸਿਆ ਸੰਵਿਧਾਨਕ 

ਨਵੀਂ ਦਿੱਲੀ/ਬਿਊਰੋ ਨਿਊਜ਼

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪ੍ਰੇਸ਼ਾਨ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿਚ ਆਏ ਅਣਕਿਆਸੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਰਾਹੁਲ ਨੇ ਕਿਹਾ ਕਿ ਹਰਿਆਣਾ ਦੇ ਕਈ ਵਿਧਾਨ ਸਭਾ ਹਲਕਿਆਂ ਸਬੰਧੀ ਸ਼ਿਕਾਇਤ ਆਈਆਂ ਹਨ, ਜਿਨ੍ਹਾਂ ਬਾਰੇ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰਾਂਗੇ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਨਤੀਜਿਆਂ ਤੋਂ ਪਹਿਲਾਂ ਆਏ ਚੋਣ ਸਰਵੇਖਣਾਂ ਵਿਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਸੀ। ਪਰ ਨਤੀਜੇ ਆਉਣ ’ਤੇ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਆਗੂ ਹੈਰਾਨ ਤੇ ਪ੍ਰੇਸ਼ਾਨ ਹਨ। ਰਾਹੁਲ ਨੇ ਜੰਮੂ ਕਸ਼ਮੀਰ ਵਿਚ ‘ਇੰਡੀਆ’ ਗਠਜੋੜ ਦੀ ਹੋਈ ਜਿੱਤ ਨੂੰ ਸੰਵਿਧਾਨਕ ਜਿੱਤ ਦੱਸਿਆ ਹੈ। ਰਾਹੁਲ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਕੀਤੀ ਗਈ ਸਖਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।  

  

 

ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਕਤੂਬਰ ਨੂੰ ਹੋਵੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼

ਨੌਕਰੀ ਬਦਲੇ ਜ਼ਮੀਨ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਲਾਲੂ ਪ੍ਰਸਾਦ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਤੇਜੱਸਵੀ ਯਾਦਵ ਨੂੰ 1-1 ਲੱਖ ਰੁਪਏ ਦੇ ਜ਼ਮਾਨਤ ਬਾਂਡ ’ਤੇ ਜ਼ਮਾਨਤ ਦੇ ਦਿੱਤੀ ਹੈ। ਧਿਆਨ ਰਹੇ ਕਿ ਇਸ ਮਾਮਲੇ ਵਿਚ ਲਾਲੂ ਪ੍ਰਸਾਦ ਸਣੇ 9 ਵਿਅਕਤੀਆਂ ਨੂੰ ਜ਼ਮਾਨਤ ਮਿਲੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ ਇਨ੍ਹਾਂ ਸਾਰੇ 9 ਵਿਅਕਤੀਆਂ ਨੂੰ ਆਪਣੇ-ਆਪਣੇ ਪਾਸਪੋਰਟ ਜਮਾ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਹੈ। ਇਸ ਮੌਕੇ ਤੇਜੱਸਵੀ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਅਤੇ ਇਸ ਕੇਸ ਵਿਚ ਕੋਈ ਦਮ ਨਹੀਂ ਹੈ ਤੇ ਸਾਡੀ ਜਿੱਤ ਪੱਕੀ ਹੈ। ਧਿਆਨ ਰਹੇ ਕਿ ਲਾਲੂ ਪ੍ਰਸਾਦ ਯਾਦਵ ’ਤੇ 2004 ਤੋਂ 2009 ਦਰਮਿਆਨ ਭਾਰਤ ਦਾ ਰੇਲ ਮੰਤਰੀ ਰਹਿੰਦਿਆਂ ਉਮੀਦਵਾਰਾਂ ਤੋਂ ਜ਼ਮੀਨ ਲੈ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦਾ ਆਰੋਪ ਹੈ। 

 

ਆਰ.ਬੀ.ਆਈ. ਨੇ ਰੇਪੋ ਰੇਟ 6.5 ਫੀਸਦੀ ’ਤੇ ਬਰਕਰਾਰ ਰੱਖਿਅ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਲਗਾਤਾਰ 10ਵੀਂ ਵਾਰ ਵਿਆਜ਼ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ. ਨੇ ਵਿਆਜ਼ ਦਰਾਂ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਇਸ ਦੌਰਾਨ ਕਰਜ਼ੇ ਮਹਿੰਗੇ ਨਹੀਂ ਹੋਣਗੇ ਅਤੇ ਤੁਹਾਡੀ ਈ.ਐਮ.ਆਈ. ਵੀ ਨਹੀਂ ਵਧੇਗੀ। ਆਰ.ਬੀ.ਆਈ. ਨੇ ਆਖਰੀ ਵਾਰ ਫਰਵਰੀ 2023 ਵਿਚ ਵਿਆਜ਼ ਦਰ 0.25 ਫੀਸਦੀ ਵਧਾ ਕੇ 6.5 ਫੀਸਦੀ ਕੀਤੀ ਸੀ। ਲੰਘੀ 7 ਅਕਤੂਬਰ ਤੋਂ ਚੱਲ ਰਹੀ ਮਾਨੇਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦਿੱਤੀ ਹੈ। ਇਹ ਮੀਟਿੰਗ ਹਰ ਦੋ ਮਹੀਨਿਆਂ ਬਾਅਦ ਹੁੰਦੀ ਹੈ। ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਨੇ ਇਸ ਤੋਂ ਪਹਿਲਾਂ ਵੀ ਅਗਸਤ ਮਹੀਨੇ ’ਚ ਹੋਈ ਬੈਠਕ ਵਿਚ ਵਿਆਜ਼ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ।

 

ਪੰਜਾਬ ਦੇ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਪਹੁੰਚੇ ਕੇਜਰੀਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐਮ ਰਿਹਾਇਸ਼ ਨੂੰ ਖਾਲੀ ਕਰ ਦਿੱਤਾ ਹੈ। ਕੇਜਰੀਵਾਲ ਪਰਿਵਾਰ ਸਣੇ ਸੀਐਮ ਰਿਹਾਇਸ਼ ਖਾਲੀ ਕਰਕੇ ਫਿਰੋਜ਼ਸ਼ਾਹ ਰੋਡ ’ਤੇ ਬੰਗਲਾ ਨੰਬਰ-5 ’ਚ ਪਹੁੰਚ ਗਏ ਹਨ। ਇਹ ਬੰਗਲਾ ਪੰਜਾਬ ਦੇ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਹੋਇਆ ਹੈ। ਇਸਦੇ ਚੱਲਦਿਆਂ ਅਸ਼ੋਕ ਮਿੱਤਲ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਵਿਚ ਗੈਸਟ ਦੇ ਤੌਰ ’ਤੇ ਰਹਿਣ ਲਈ ਕਿਹਾ ਸੀ ਅਤੇ ਉਹ ਤਿਆਰ ਵੀ ਹੋ ਗਏ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਲੰਘੀ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ ਸੀਐਮ ਰਿਹਾਇਸ਼ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਰੋਪ ਲਗਾਇਆ ਕਿ ਕੇਂਦਰ ਸਰਕਾਰ ਤੋਂ ਕੇਜਰੀਵਾਲ ਵਾਸਤੇ ਨੈਸ਼ਨਲ ਪਾਰਟੀ ਦੇ ਮੁਖੀ ਦੇ ਤੌਰ ’ਤੇ ਰਿਹਾਇਸ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ, ਪਰ ਕੇਂਦਰ ਸਰਕਾਰ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ। ਇਸੇ ਦੌਰਾਨ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਸਰਕਾਰੀ ਰਿਹਾਇਸ਼ ਛੱਡ ਦਿੱਤੀ ਹੈ ਅਤੇ ਉਹ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਦਿੱਲੀ ’ਚ ਅਲਾਟ ਹੋਏ ਬੰਗਲੇ ਵਿਚ ਪਹੁੰਚ ਗਏ ਹਨ। 

ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਅਤੇ ਜੰਮੂ ਕਸ਼ਮੀਰ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸਦੇ ਚੱਲਦਿਆਂ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ ਅਤੇ ਭਾਜਪਾ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਕਾਂਗਰਸ ਪਾਰਟੀ ਹਰਿਆਣਾ ਵਿਚ ਦੂਜੇ ਨੰਬਰ ’ਤੇ ਰਹੀ ਹੈ। ਆਮ ਆਦਮੀ ਪਾਰਟੀ ਨੇ ਵੀ ਹਰਿਆਣਾ ਵਿਚ ਆਪਣੇ ਦਮ ’ਤੇ ਚੋਣਾਂ ਲੜੀਆਂ ਸਨ, ਪਰ ‘ਆਪ’ ਨੂੰ ਹਰਿਆਣਾ ਵਿਚ ਕੋਈ ਵੀ ਸੀਟ ਨਹੀਂ ਮਿਲੀ ਹੈ। ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਆਏ ਚੋਣ ਨਤੀਜਿਆਂ ਮੁਤਾਬਕ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਦੇ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਬਹੁਮਤ ਹਾਸਲ ਕਰਨ ਤੋਂ ਦੂਰ ਰਹਿ ਗਈ। ਧਿਆਨ ਰਹੇ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ, ਦੋਵੇਂ ਸੂਬਿਆਂ ਵਿਚ 90-90 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਲਈ 46 ਸੀਟਾਂ ਦੀ ਜ਼ਰੂਰਤ ਹੈ। ਇਸਦੇ ਚੱਲਦਿਆਂ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਬਣੇਗੀ। ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਪਾਰਟੀ ਮਿਲ ਕੇ ਸਰਕਾਰ ਬਣਾਉਣਗੀਆਂ। ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਮੁੱਖ ਮੰਤਰੀ ਬਣਨਗੇ।     

 

90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ

ਚੰਡੀਗੜ੍ਹ/ਬਿਊਰੋ ਨਿਊਜ਼  

ਹਰਿਆਣਾ ਵਿਚ ਭਲਕੇ 5 ਅਕਤੂਬਰ ਦਿਨ ਸ਼ਨੀਵਾਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ। ਹਰਿਆਣਾ ਵਿਚ ਭਲਕੇ ਪੈਣ ਵਾਲੀਆਂ ਵਿਧਾਨ ਸਭਾ ਵੋਟਾਂ ਦੇ ਨਤੀਜੇ 8 ਅਕਤੂਬਰ ਦਿਨ ਮੰਗਲਵਾਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਚੋਣ ਮੁਕਾਬਲਾ ਹੈ ਅਤੇ ਆਮ ਆਦਮੀ ਪਾਰਟੀ ਵੀ ਆਪਣੇ ਦਮ ’ਤੇ ਚੋਣਾਂ ਲੜ ਰਹੀ ਹੈ। ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਇਕੋ ਪੜਾਅ ਵਿਚ ਹੀ ਵੋਟਾਂ ਪੈਣ ਦਾ ਕੰਮ ਨਿੱਬੜ ਜਾਵੇਗਾ। ਹਰਿਆਣਾ ਵਿਚ 1031 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ 2 ਕਰੋੜ 3 ਲੱਖ ਦੇ ਕਰੀਬ ਵੋਟਰ ਹਨ, ਜਿਨ੍ਹਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਧਿਆਨ ਰਹੇ ਕਿ ਜੰਮੂ ਕਸ਼ਮੀਰ ਵਿਚ ਵੀ ਤਿੰਨ ਪੜਾਵਾਂ ਵਿਚ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ ਵੀ ਹਰਿਆਣਾ ਦੇ ਨਾਲ 8 ਅਕਤੂਬਰ ਨੂੰ ਹੀ ਐਲਾਨੇ ਜਾਣੇ ਹਨ। 

ਮੈਂ ਦੇਸ਼ ਵਾਸੀਆਂ ਵਲੋਂ ਦਿੱਤੇ ਪਿਆਰ ਨੂੰ ਕਾਇਮ ਰੱਖਾਂਗੀ : ਵਿਨੇਸ਼ ਫੋਗਾਟ

ਜੀਂਦ/ਬਿਊਰੋ ਨਿਊਜ਼ 

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਆਸ ਤੋਂ ਉਲਟ ਆਏ ਨਤੀਜਿਆਂ ਦੇ ਚੱਲਦਿਆਂ ਕਾਂਗਰਸ ਪਾਰਟੀ ਪਛੜ ਗਈ ਹੈ। ਉਲੰਪਿਕ ਖੇਡਾਂ ਵਿਚ ਤਮਗੇ ਤੋਂ ਖੁੱਝੀ ਵਿਨੇਸ਼ ਫੋਗਾਟ ਨੂੰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਜੁਲਾਣਾ ਤੋਂ ਟਿਕਟ ਦਿੱਤੀ ਸੀ। ਇਸਦੇ ਚੱਲਦਿਆਂ ਵਿਨੇਸ਼ ਫੋਗਾਟ ਨੇ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਇਸੇ ਦੌਰਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਹਰ ਲੜਕੀ, ਹਰ ਔਰਤ ਦੀ ਲੜਾਈ ਹੈ, ਜੋ ਲੜਨ ਦਾ ਰਸਤਾ ਚੁਣਦੀ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਸੰਘਰਸ਼ ਅਤੇ ਸੱਚਾਈ ਦੀ ਜਿੱਤ ਹੈ। ਵਿਨੇਸ਼ ਫੋਗਾਟ ਨੇ ਕਿਹਾ ਕਿ ਦੇਸ਼ ਨੇ ਮੈਨੂੰ ਜੋ ਪਿਆਰ ਅਤੇ ਵਿਸ਼ਵਾਸ ਦਿੱਤਾ ਹੈ, ਮੈਂ ਉਸ ਨੂੰ ਹਮੇਸ਼ਾ ਕਾਇਮ ਰੱਖਾਂਗੀ। 

 

ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ’ਚ ਸਖਤ ਚੋਣ ਮੁਕਾਬਲਾ

ਚੰਡੀਗੜ੍ਹ/ਬਿਊਰੋ ਨਿਊਜ਼  

ਹਰਿਆਣਾ ਵਿਚ ਪਰਸੋਂ ਯਾਨੀ ਕਿ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਅੱਜ ਵੀਰਵਾਰ ਨੂੰ ਸ਼ਾਮੀਂ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਸੂਬੇ ਵਿਚ ਕੋਈ ਵੀ ਚੋਣ ਰੈਲੀ ਨਹੀਂ ਹੋਵੇਗੀ ਅਤੇ ਉਮੀਦਵਾਰ ਜਾਂ ਉਸਦੇ ਸਮਰਥਕ ਸਿਰਫ ਘਰ-ਘਰ ਜਾ ਕੇ ਹੀ ਵੋਟਾਂ ਮੰਗ ਸਕਣਗੇ। ਹਰਿਆਣਾ ਵਿਚ ਪੈਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਚੋਣ ਮੁਕਾਬਲਾ ਹੈ ਅਤੇ ਆਮ ਆਦਮੀ ਪਾਰਟੀ ਵੀ ਆਪਣੇ ਦਮ ’ਤੇ ਚੋਣਾਂ ਲੜ ਰਹੀ ਹੈ। ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ ਉਤੇ 5 ਅਕਤੂਬਰ ਨੂੰ ਇਕੋ ਪੜਾਅ ਵਿਚ ਹੀ ਵੋਟਾਂ ਪੈਣ ਦਾ ਕੰਮ ਨਿੱਬੜ ਜਾਵੇਗਾ।

 

25 ਮਈ ਨੂੰ ਸ਼ੁਰੂ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ

ਅੰਮਿ੍ਰਤਸਰ/ਬਿਊਰੋ ਨਿਊਜ਼

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਰਹੇ ਹਨ। ਇਸ ਤੋਂ ਪਹਿਲਾ ਭਲਕੇ 9 ਅਕਤੂਬਰ ਦਿਨ ਬੁੱਧਵਾਰ ਨੂੰ ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਰਨਲ ਗੁਰਮੀਤ ਸਿੰਘ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਮਾਪਤੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੰਗਤ ਵੱਡੇ ਪੱਧਰ ’ਤੇ ਸ਼ਾਮਿਲ ਹੋਵੇਗੀ। ਇਸ ਦੌਰਾਨ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਅਤੇ ਗੁਰਮਤਿ ਸਮਾਗਮ ਹੋਵੇਗਾ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਹ ਸਲਾਨਾ ਯਾਤਰਾ ਲੰਘੀ 25 ਮਈ ਨੂੰ ਸ਼ੁਰੂ ਹੋਈ ਸੀ।

ਹਰਿਆਣਾ ’ਚ ਵਿਧਾਨ ਸਭਾ ਲਈ ਵੋਟਾਂ 5 ਨੂੰ ਅਤੇ ਨਤੀਜੇ 8 ਅਕਤੂਬਰ ਨੂੰ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਭਲਕੇ 3 ਅਕਤੂਬਰ ਨੂੰ ਸ਼ਾਮੀਂ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਸੂਬੇ ਵਿਚ ਕੋਈ ਵੀ ਚੋਣ ਰੈਲੀ ਨਹੀਂ ਹੋਵੇਗੀ ਅਤੇ ਉਮੀਦਵਾਰ ਜਾਂ ਉਸਦੇ ਸਮਰਥਕ ਸਿਰਫ ਘਰ-ਘਰ ਜਾ ਕੇ ਹੀ ਵੋਟਾਂ ਮੰਗ ਸਕਣਗੇ। ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਇਕੋ ਹੀ ਗੇੜ ਵਿਚ 5 ਅਕਤੂਬਰ ਨੂੰ ਵੋਟਾਂ ਪੈ ਜਾਣਗੀਆਂ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੇ ਵੱਡੇ ਆਗੂਆਂ ਵਲੋਂ ਹਰਿਆਣਾ ਵਿਚ ਕਈ ਚੋਣ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਆਪੋ-ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਵਲੋਂ ਵੀ ਹਰਿਆਣਾ ਵਿਚ ਆਪਣੇ ਬਲਬੂਤੇ ’ਤੇ ਚੋਣਾਂ ਲੜੀਆਂ ਜਾ ਰਹੀਆਂ ਹਨ। 

ਹਰਿਆਣਾ ’ਚ ਕਾਂਗਰਸ ਪਾਰਟੀ ਦਾ ਹੱਥ ਉਪਰ

ਚੰਡੀਗੜ੍ਹ/ਬਿਊਰੋ ਨਿਊਜ਼ 

ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਭਲਕੇ 8 ਅਕਤੂਬਰ ਦਿਨ ਮੰਗਲਵਾਰ ਨੂੰ ਆ ਜਾਣਗੇ ਅਤੇ ਦੁਪਹਿਰ ਤੱਕ ਇਹ ਸਾਫ ਹੋ ਜਾਵੇਗਾ ਕਿ ਇਨ੍ਹਾਂ ਸੂਬਿਆਂ ਵਿਚ ਕਿਹੜੀ-ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ। ਧਿਆਨ ਰਹੇ ਕਿ ਹਰਿਆਣਾ ਵਿਚ ਲੰਘੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਜੰਮੂ ਕਸ਼ਮੀਰ ਵਿਚ ਤਿੰਨ ਪੜਾਵਾਂ ਵਿਚ ਵੋਟਿੰਗ ਹੋਈ ਹੈ। ਹਰਿਆਣਾ ਸਬੰਧੀ ਆਏ ਚੋਣ ਸਰਵੇਖਣਾਂ ਵਿਚ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਹਲਚਲ ਵੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦੀ ਦੌੜ ਵਿਚ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਹਾਈਕਮਾਨ ਕੋਲ ਪਹੁੰਚ ਵੀ ਗਏ ਹਨ। ਹਰਿਆਣਾ ਵਿਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਭਾਜਪਾ ਇਸ ਵਾਰ ਪਛੜਦੀ ਦਿਖਾਈ ਗਈ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਹੀਂ ਦਿਖਾਇਆ ਗਿਆ, ਬਾਕੀ ਭਲਕੇ ਦੁਪਹਿਰ ਤੱਕ ਸਭ ਸਾਫ ਹੋ ਜਾਵੇਗਾ ਕਿ ਦੋਵਾਂ ਸੂਬਿਆਂ ਵਿਚ ਕਿਹੜੀ-ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ।  

 

3 ਪੜ੍ਹਾਵਾਂ ’ਚ ਪਈਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ

ਜੰਮੂ/ਬਿਊਰੋ ਨਿਊਜ਼   

ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦਾ ਕੰਮ ਅੱਜ ਅਮਨ ਅਮਾਨ ਨਾਲ ਨਿਬੜ ਗਿਆ ਹੈ। ਜੰਮੂ ਕਸ਼ਮੀਰ ਵਿਚ 3 ਪੜਾਵਾਂ ਵਿਚ ਵੋਟਾਂ ਪਈਆਂ ਅਤੇ ਇਨ੍ਹਾਂ ਤਿੰਨਾਂ ਪੜ੍ਹਾਵਾਂ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਜੰਮੂੁ ਕਸ਼ਮੀਰ ਵਿਚ ਪਹਿਲੇ ਪੜਾਅ ਦੌਰਾਨ 18 ਸਤੰਬਰ, ਦੂਜੇ ਪੜਾਅ ਦੌਰਾਨ 25 ਸਤੰਬਰ ਅਤੇ ਤੀਜੇ ਪੜਾਅ ਦੌਰਾਨ ਅੱਜ 1 ਅਕਤੂਬਰ ਨੂੰ ਵੋਟਾਂ ਪਈਆਂ ਹਨ ਅਤੇ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਵੀ ਵਿਧਾਨ ਸਭਾ ਲਈ ਵੋਟਾਂ 5 ਅਕਤੂਬਰ ਨੂੰ ਪੈਣੀਆਂ ਹਨ ਅਤੇ ਉਸਦੇ ਨਤੀਜੇ ਵੀ 8 ਅਕਤੂਬਰ ਨੂੰ ਵੀ ਆਉੁਣੇ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.