Saturday, 20 June 2026

ਸਭ ਤੋਂ ਜ਼ਿਆਦਾ 20 ਉਮੀਦਵਾਰ ਗਿੱਦੜਬਾਹਾ ਸੀਟ ਤੋਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ 60 ਉਮੀਦਵਾਰ ਮੈਦਾਨ ਵਿਚ ਹਨ। ਜ਼ਿਕਰਯੋਗ ਹੈ ਕਿ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਵਿਧਾਨ ਸਭਾ ਸੀਟਾਂ ’ਤੇ ਆਉਂਦੀ 13 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। 7 ਦਿਨਾਂ ਤੱਕ ਚੱਲੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਦੌਰਾਨ 60 ਉਮੀਦਵਾਰਾਂ ਵੱਲੋਂ 67 ਐਫੀਡੇਵਿਟ ਦਾਖਲ ਕੀਤੇ ਗਏ। 25 ਅਕਤੂਬਰ ਨਾਮਜਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਸੀ ਜਦਕਿ 28 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ 30 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਇਨ੍ਹਾਂ ਚਾਰ ਵਿਧਾਨ ਸਭਾ ਸੀਟਾਂ ਲਈ 6 ਲੱਖ 96 ਹਜ਼ਾਰ 931 ਵੋਟਰਾਂ ਲਈ 831 ਵੋਟਿੰਗ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। 

  

ਸਾਲ 2024 ਦਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਕੀਤਾ ਆਪਣੇ ਨਾਂ

ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ 20 ਸਾਲ ਦੀ ਉਮਰ ’ਚ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖ਼ਿਤਾਬ ਆਪਣੇ ਨਾਂ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਮੁਕਾਬਲਾ ਦਾ ਫਾਈਨਲ ਬੈਂਕਾਕ, ਥਾਈਲੈਂਡ ਵਿਚ ਐਮ.ਜੀ.ਆਈ. ਹੈੱਡਕੁਆਰਟਰ ਵਿਖੇ ਆਯੋਜਿਤ ਕੀਤਾ ਗਿਆ ਸੀ। ਉਹ ਐਮ.ਜੀ.ਆਈ. ਦੇ ਇਤਿਹਾਸ ਵਿਚ ਗੋਲਡਨ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ ਇਸ ਸਮੇਂ ਦੁਨੀਆ ਭਰ ਵਿਚ 5 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਦੁਨੀਆ ਵਿਚ ਨੰਬਰ ਇਕ ਬਿਊਟੀ ਪੇਜੈਂਟ ਹੈ। ਰੇਚਲ, ਜਿਸ ਨੇ ਪਹਿਲਾਂ ਮਿਸ ਸੁਪਰ ਟੈਲੇਂਟ ਆਫ ਵਰਲਡ 2022 ਦਾ ਖਿਤਾਬ ਹਾਸਲ ਕੀਤਾ ਸੀ, ਨੇ ਅਗਸਤ 2024 ਵਿਚ ਜ਼ੀ ਸਟੂਡੀਓ, ਜੈਪੁਰ ਵਿਚ ਮਿਸ ਗ੍ਰੈਂਡ ਇੰਡੀਆ ਜਿੱਤੀ ਅਤੇ ਮਿਸ ਗ੍ਰੈਂਡ ਇੰਟਰਨੈਸ਼ਨਲ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ, ਅਜਿਹਾ ਤਾਜ ਭਾਰਤ ਨੇ ਪਹਿਲਾਂ ਕਦੇ ਨਹੀਂ ਜਿੱਤਿਆ ਸੀ। ਇਸ ਵੱਕਾਰੀ ਮੁਕਾਬਲੇ ਵਿਚ 70 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ। ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਵਿਚ ਉਸਦਾ ਪ੍ਰਦਰਸ਼ਨ ਬੇਮਿਸਾਲ ਸੀ।

 

ਕਿਹਾ : ਪੰਜਾਬ ’ਚ ਪੈਦਾ ਹੋਏ ਮਾੜੇ ਹਾਲਾਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਰਕੇ ਹੀ ਪੰਜਾਬ ਦੇ ਹਾਲਾਤ ਮਾੜੇ ਬਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਦਿਨ ਵੀ ਮੰਡੀਆਂ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਨੇ 2 ਮਹੀਨੇ ਪਹਿਲਾਂ ਹੀ ਪੰਜਾਬ ਨੂੰ 44 ਹਜ਼ਾਰ ਕਰੋੜ ਰੁਪਏ ਦਿੱਤੇ ਹਨ ਤੇ ਜੇ 10 ਹਜ਼ਾਰ ਕਰੋੜ ਰੁਪਏ ਹੋਰ ਚਾਹੀਦੇ ਹਨ ਤਾਂ ਉਹ ਵੀ ਕੇਂਦਰ ਹੀ ਦੇਵੇਗਾ। ਉਨ੍ਹਾਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਪੰਜਾਬ ਤੋਂ ਚੌਲ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਕੇਂਦਰ ਦੀ ਹੀ ਹੈ। ਉਨ੍ਹਾਂ ਕਿਹਾ ਕਿ ਜੋ ਝੋਨਾ ਬੀਜਿਆ ਗਿਆ ਹੈ, ਉਸ ਦੀ ਮਾਨਤਾ ਕਿਸੇ ਵੀ ਯੂਨੀਵਰਸਿਟੀ ਵਲੋਂ ਨਹੀਂ ਦਿੱਤੀ ਗਈ ਅਤੇ ਮਾੜੇ ਬੀਜਾਂ ਕਾਰਨ ਝੋਨੇ ਦਾ ਦਾਣਾ ਟੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਗਲਤ ਝੋਨਾ ਲਗਵਾ ਕੇ ਠੀਕਰਾ ਕੇਂਦਰ ਸਰਕਾਰ ਦੇ ਸਿਰ ਭੰਨ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ 56 ਰੁਪਏ ਕਿੱਲੋ ਬੀਜ ਦਿੰਦੀ ਹੈ ਜੋ ਕਿ ਕਿਸਾਨਾਂ ਨੂੰ 3500 ਰੁਪਏ ਕਿੱਲੋ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਬਾਹਰ ਘੁੰਮਣ ਤਾਂ ਜਾ ਸਕਦੇ ਹਨ, ਪਰ ਉਹ ਕਿਸਾਨਾਂ ਦਾ ਹਾਲ ਜਾਨਣ ਲਈ ਮੰਡੀਆਂ ਵਿਚ ਕਿਉਂ ਨਹੀਂ ਜਾ ਸਕਦੇ।

ਕਿਹਾ : ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਕੁੱਝ ਨਹੀਂ ਬਚਦਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ’ਚ ਉਹ ਦਿੱਲੀ ਦੇ ਇਕ ਸੈਲੂਨ ਵਿਚ ਸ਼ੇਵ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਰਾਹੁਲ ਗਾਂਧੀ ਨੇ ਲਿਖਿਆ ਕੁੱਝ ਨਹੀਂ ਬਚਤਾ। ਉਨ੍ਹਾਂ ਅੱਗੇ ਲਿਖਿਆ ਕਿ ਭਾਰਤ ਦੇ ਹਰ ਮਿਹਨਤਕਸ਼ ਵਿਅਕਤੀ ਅਤੇ ਹਰ ਗਰੀਬ ਵਿਅਕਤੀ ਦੀ ਇਹੀ ਕਹਾਣੀ ਹੈ। ਸੈਲੂਨ ਚਲਾਉਣ ਵਾਲੇ ਅਜੀਤ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਦਿਨ ਭਰ ਕੰਮ ਕਰਦੇ ਹਨ ਤਾਂ ਕਿ ਕੁੱਝ ਪੈਸੇ ਬਚਾਏ ਜਾ ਸਕਣ, ਪਰ ਕੁੱਝ ਨਹੀਂ ਬਚਦਾ ਕਿਉਂਕਿ ਮਹਿੰਗਾਈ ਬਹੁਤ ਵਧ ਚੁੱਕੀ ਹੈ। ਸੈਲੂਨ ਮਾਲਕ ਅਜੀਤ ਨੇ ਰਾਹੁਲ ਗਾਂਧੀ ਨੂੰ ਆਪਣੀ ਕਹਾਣੀ ਸੁਣਾਉਣ ਤੋਂ ਬਾਅਦ ਖੁਸ਼ੀ ਅਤੇ ਤਸੱਲੀ ਮਹਿਸੂਸ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇਕ ਦਲਿਤ ਪਰਿਵਾਰ ਦੇ ਘਰ ਸਬਜੀ ਬਣਾਉਂਦੇ ਅਤੇ ਖਾਣਾ ਖਾਂਦੇ ਹੋਏ ਵੀ ਨਜ਼ਰ ਆਏ ਜਦਕਿ ਇਕ ਦਫ਼ਾ ਉਹ ਮੋਚੀ ਦੀ ਦੁਕਾਨ ’ਤੇ ਪਹੁੰਚ ਕੇ ਜੁੱਤੇ ਸਿਲਣ ਦਾ ਕੰਮ ਕਰਦੇ ਹੋਏ ਵੀ ਨਜ਼ਰ ਆਏ ਸਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.