Saturday, 20 June 2026

ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕਾਂਗਰਸ ਤੇ ਆਪ ਦਾ ਸਾਂਝਾ ਉਮੀਦਵਾਰ ਬਣਿਆ ਸੀ ਮੇਅਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਰੋਪ ਲਗਾਇਆ ਕਿ ਚੰਡੀਗੜ੍ਹ ਦੇ ਮੇਅਰ ਦੀਆਂ ਚੋਣਾਂ ਵਿਚ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਹੋਇਆ ਸੀ। ਤਿਵਾੜੀ ਨੇ ਕਿਹਾ ਕਿ ਮੇਅਰ ਚੋਣਾਂ ਦੇ ਆਏ ਨਤੀਜਿਆਂ ’ਚ ਗੜਬੜੀ ਵੀ ਹੋਈ ਸੀ ਅਤੇ ਇਸ ਲਈ ਹੀ ਸੁਪਰੀਮ ਕੋਰਟ ਦੇ ਦਖਲ ਦੀ ਲੋੜ ਪਈ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ, ਸੁਪਰੀਮ ਕੋਰਟ ਦੀ ਮੌਜੂਦਗੀ ਵਿਚ ਵੋਟਾਂ ਦੀ ਗਿਣਤੀ ਹੋਈ, ਜਿਸਦੀ ਅਗਵਾਈ ਚੀਫ ਜਸਟਿਸ ਕਰ ਰਹੇ ਸਨ। ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲੇ ਵਿਚ ਮੇਅਰ ਦੇ ਚੋਣ ਨਤੀਜਿਆਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ ਸੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਹੁਣ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਅਗਲੀ ਚੋਣ ਗੁਪਤ ਮਤਦਾਨ ਦੀ ਬਜਾਏ ਹੱਥ ਖੜ੍ਹੇ ਕਰਕੇ ਕਰਵਾਈ ਜਾਵੇਗੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਚੋਣ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਹੋਈ ਹੈ।

ਤਾਜਪੋਸ਼ੀ ਤੋਂ ਬਾਅਦ ਕਿੰਗ ਚਾਰਲਸ ਦੀ ਇਹ ਪਹਿਲੀ ਭਾਰਤ ਯਾਤਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਬਿ੍ਰਟੇਨ ਦੇ ਮਹਾਰਾਜਾ ਚਾਰਲਸ ਇਕ ਨਿੱਜੀ ਦੌਰੇ ’ਤੇ ਭਾਰਤ ਪਹੁੰਚੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਆਪਣੀ ਪਤਨੀ ਕਵੀਨ ਕੈਮਿਲਾ ਦੇ ਨਾਲ ਬੈਂਗਲੁਰੂ ਦੇ ਵਾਈਟ ਫੀਲਡ ਨੇੜੇ ਇਕ ਮੈਡੀਕਲ ਫੈਸਿਲਟੀ ‘ਹੋਲੀਸਿਟਕ ਹੈਲਥ ਸੈਂਟਰ’ ਵਿਚ ਠਹਿਰੇ ਹਨ। ਧਿਆਨ ਰਹੇ ਕਿ ਪਿਛਲੇ ਸਾਲ 6 ਮਈ ਨੂੰ ਬਿ੍ਰਟੇਨ ਦੇ ਮਹਾਰਾਜਾ ਦੇ ਤੌਰ ’ਤੇ ਤਾਜਪੋਸ਼ੀ ਦੇ ਬਾਅਦ ਚਾਰਲਸ ਪਹਿਲੀ ਵਾਰ ਬੈਂਗਲੁਰੂ ਪਹੁੰਚੇ ਹਨ। ਆਪਣੀ ਤਿੰਨ ਦਿਨਾਂ ਦੀ ਯਾਤਰਾ ਦੌਰਾਨ ਕਿੰਗ ਅਤੇ ਕਵੀਨ ਯੋਗ, ਮੈਡੀਟੇਸ਼ਨ ਸੈਸ਼ਨ ਅਤੇ ਥੈਰੇਪੀ ਲੈ ਰਹੇ ਹਨ। ਚਾਰਲਸ ਅਤੇ ਕੈਮਿਲਾ 30 ਏਕੜ ਦੀ ਮੈਡੀਕਲ ਫੈਸਿਲਟੀ ਵਿਚ ਔਰਗੈਨਿਕ ਫਾਰਮ ਅਤੇ ਲੰਬੀ ਵਾਕ ਦਾ ਵੀ ਅਨੰਦ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਚਾਰਲਸ ਨੂੰ ਥੈਰੇਪੀ ਦੇਣ ਦੇ ਲਈ ਸੈਂਟਰ ਵਿਚ ਖਾਸ ਟੀਮ ਨੂੰ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਉਹ ਇਕ ਖਾਸ ਡਾਈਟ ਵੀ ਫੌਲੋ ਕਰ ਰਹੇ ਹਨ। 

 

ਰਾਜਬੀਰ ਸਿੰਘ ਨੇ ਮਜੀਠੀਆ ਖਿਲਾਫ਼ ਮਾਨਹਾਨੀ ਦਾ ਕੇਸ ਕਰਵਾਇਆ ਦਰਜ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚੰਡੀਗੜ੍ਹ ਅਦਾਲਤ ’ਚ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਰਾਜਬੀਰ ਦਾ ਆਰੋਪ ਹੈ ਕਿ ਮਜੀਠੀਆ ਨੇ ਆਪਣੇ ਬਿਆਨਾਂ ਰਾਹੀਂ ਉਨ੍ਹਾਂ ਦੀ ਛਵੀ ਨੂੰ ਖਰਾਬ ਕੀਤਾ ਹੈ। ਜਿਸ ਦੇ ਚਲਦਿਆਂ ਕੋਰਟ ਜਨਤਕ ਤੌਰ ’ਤੇ ਮਜੀਠੀਆ ਨੂੰ ਰਾਜਬੀਰ ਦੇ ਖਿਲਾਫ਼ ਬਿਆਨ ਦੇਣ ਤੋਂ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਲੰਘੀ 6 ਅਕਤੂਬਰ ਨੂੰ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਮੁੱਖ ਮੰਤਰੀ ਦੇ ਕਰੀਬੀਆਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ। ਇਸ ਮੌਕੇ ਮਜੀਠੀਆ ਨੇ ਰਾਜਬੀਰ ਸਿੰਘ ਦਾ ਨਾਮ ਲੈਂਦੇ ਹੋਏ ਕਿਹਾ ਸੀ ਕਿ ਉਸਦਾ ਪਰਿਵਾਰ ਕੈਨੇਡਾ ਦਾ ਸਿਟੀਜਨ ਹੈ ਅਤੇ ਉਸ ਵੱਲੋਂ ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਅਤੇ ਆਸਟਰੇਲੀਆ ਭੇਜੇ ਗਏ ਹਨ। ਮਜੀਠੀਆ ਨੇ ਕੇਂਦਰ ਸਰਕਾਰ ਕੋਲੋਂ ਰਾਜਬੀਰ ਖਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰਨ ਦੀ ਮੰਗ ਵੀ ਕੀਤੀ ਸੀ।

  

ਸਮਾਰੋਹ ਨੂੰ ਖਾਸ ਬਣਾਉਣ ਲਈ ਸੀਐਮ ਯੋਗੀ ਅਯੁੱਧਿਆ ’ਚ ਰਹਿਣਗੇ ਮੌਜੂਦ

ਅਯੁੱਧਿਆ/ਬਿਊਰੋ ਨਿਊਜ਼ : ਭਗਵਾਨ ਸ੍ਰੀ ਰਾਮ ਦੇ ਸਵਾਗਤ ਲਈ ਅਯੁੱਧਿਆ ਸਜ-ਧਜ ਕੇ ਤਿਆਰ ਹੋ ਗਈ ਹੈ। ਸੜਕਾਂ ’ਤੇ ਜਗ੍ਹਾ-ਜਗ੍ਹਾ ’ਤੇ ਝਾਕੀਆਂ ਕੱਢੀਆਂ ਜਾ ਰਹੀਆਂ ਅਤੇ ਕਲਾਕਾਰਾਂ ਵੱਲੋਂ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ’ਚ ਹੋਣ ਵਾਲਾ ਇਹ ਪਹਿਲਾ ਦੀਪ ਮਹਾਂਉਤਸਵ ਹੈ। ਇਸ ਸਮਾਰੋਹ ਨੂੰ ਖਾਸ ਬਣਾਉਣ ਦੇ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਖੁਦ ਅਯੁੱਧਿਆ ’ਚ ਮੌਜੂਦ ਰਹਿਣਗੇ। ਦੇਸ਼ ਭਰ ਤੋਂ ਰਾਮ ਭਗਤ ਭਗਵਾਨ ਸ੍ਰੀ ਰਾਮ ਦਾ ਸਵਾਗਤ ਕਰਨ ਦੇ ਲਈ ਅਯੁੱਧਿਆ ਪਹੁੰਚ ਚੁੱਕੇ ਹਨ ਅਤੇ ਪੂਰਾ ਮਾਹੌਲ ਭਗਵਾਨ ਸ੍ਰੀ ਰਾਮ ਦੇ ਰੰਗ ਵਿਚ ਰੰਗਿਆ ਜਾ ਚੁੱਕਿਆ ਹੈ। ਰਾਮ ਮੰਦਿਰ ’ਚ ਖਾਸ ਰੰਗੋਲੀ ਬਣਾਈ ਹੈ ਇਸ ਰੰਗੋਲੀ ਨੂੰ ਬਣਾਉਣ ਲਈ ਰੰਗਾਂ ਦਾ ਨਹੀਂ ਬਲਕਿ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.