Saturday, 20 June 2026

ਕਿਹਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅਰਾਮ ਦੀ ਨੀਂਦ ਸੌਂ ਰਹੀ ਹੈ

ਭੁਲੱਥ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਸਾਨਾਂ ਦੀ ਪਿਛਲੇ ਇਕ ਮਹੀਨੇ ਮੰਡੀਆਂ ’ਚ ਖੁੱਲ੍ਹ ਕੇ ਲੁੱਟ ਖਸੁੱਟ ਹੋਈ ਹੈ। ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਐਮਐਸਪੀ ਤੋਂ ਹੇਠਾਂ ਕਿਸੇ ਨੇ ਤਿੰਨ ਸੌ, ਕਿਸੇ ਨੇ ਚਾਰ ਸੌ ਕਿਸੇ ਨੇ ਪੰਜ ਸੋ ਰੁਪਏ ਕੁਇੰਟਲ ਤੱਕ ਝੋਨੇ ਦੀ ਫ਼ਸਲ ਮਜਬੂਰਨ ਸ਼ੈਲਰਾਂ ਵਾਲਿਆਂ ਨੂੰ ਵੇਚਣੀ ਪਈ, ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਤਾਂ ਸੁੱਤੀ ਪਈ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਮਾਨ ਸਰਕਾਰ ਨੂੰ ਤਿੰਨ-ਚਾਰ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਹੋ ਨਹੀਂ ਸਕਿਆ, ਕਿਉਂਕਿ ਕੇਂਦਰ ਸਰਕਾਰ ਨਾਲ ਗੱਲ ਕਰਕੇ ਸਾਰੇ ਗੁਦਾਮ ਖਾਲੀ ਕਰਵਾਉਣੇ ਚਾਹੀਦੇ ਸਨ। ਪੰਜਾਬ ਦੇ ਸ਼ੈਲਰਾਂ ਵਾਲਿਆਂ ਨਾਲ ਬੈਠ ਕੇ ਐਗਰੀਮੈਂਟ ਕਰਕੇ ਕੰਮ ਕਰਨਾ ਚਾਹੀਦਾ ਸੀ, ਹੁਣ ਜਦੋਂ ਦੇਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਧਰਨੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ ਤੇ ਕਿਸਾਨ ਜਥੇਬੰਦੀਆਂ ਸੜ੍ਹਕਾਂ ’ਤੇ ਉਤਰ ਆਈਆਂ ਹਨ, ਤਾਂ ਕੁਝ ਦਿਨ ਪਹਿਲਾਂ ਇਕ ਦਿਖਾਵਾ ਕਰਕੇ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ। 

ਸੋਮਵਾਰ ਤੋਂ ਸਵੇਰੇ  9 ਵਜੇ ਖੁੱਲ੍ਹਣਗੇ ਸਕੂਲ ਅਤੇ ਤਿੰਨ ਵਜੇ ਹੋਣਗੇ ਬੰਦ

ਚੰਡੀਗੜ੍ਹ/ਬਿਊਰੋ ਨਿਊਜ਼  : ਤੇਜ਼ੀ ਨਾਲ ਬਦਲ ਰਹੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ’ਚ ਤਬਦੀਲੀ ਕਰ ਦਿੱਤੀ ਹੈ। ਪੰਜਾਬ  ਦੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲ ਦਿਤਾ ਗਿਆ ਹੈ। ਦੀਵਾਲੀ ਦਾ ਹਫ਼ਤਾ ਹੋਣ ਕਰਕੇ ਵੀਰਵਾਰ 31 ਅਕਤੂਬਰ ਤੋਂ ਐਤਵਾਰ 3 ਨਵੰਬਰ ਤੱਕ ਸਕੂਲਾਂ ਵਿਚ ਛੁੱਟੀ ਕਾਰਨ ਹੁਣ ਪੰਜਾਬ ਦੇ ਸਾਰੇ ਸਕੂਲ 4 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ  9 ਵਜੇ ਖੁੱਲ੍ਹਣਗੇ ਜਦਕਿ ਬਾਅਦ ਦੁਪਹਿਰ 3 ਵਜੇ ਸਾਰੇ ਸਕੂਲ ਬੰਦ ਹੋਣਗੇ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਦੇ 19 ਹਜ਼ਾਰ ’ਚ ਵੱਧ ਸਕੂਲ ਹਨ ਜਿਨ੍ਹਾਂ ’ਚ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਧਿਆਨ  ਰਹੇ ਇਕ ਸੈਸ਼ਨ ਦੌਰਾਨ ਸਕੂਲਾਂ ਦਾ ਸਮਾਂ ਤਿੰਨ ਵਾਰ ਬਦਲਿਆ ਜਾਂਦਾ ਹੈ ਜਿਸ ਅਨੁਸਾਰ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਅਤੇ 1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲ ਖੁੱਲ੍ਹਣ ਦਾ ਸਮਾਂ 8.30 ਵਜੇ ਤੋਂ 2.30 ਤੱਕ ਜਦਕਿ 1 ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ  3 ਵਜੇ ਤੱਕ ਹੁੰਦਾ ਹੈ।

 

ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਲੱਖ-ਲੱਖ ਵਧਾਈਆਂ
ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਿੱਖ ਪੰਥ ਦਾ ਤਾਣਾ ਬਾਣਾ ਬਹੁਤ ਹੀ ਚਿੰਤਾਜਨਕ ਸਥਿਤੀ ਵਿਚ ਪੁੱਜ ਚੁੱਕਾ ਹੈ ਤੇ ਪੰਜਾਬ ਦੀ ਜਵਾਨੀ, ਕਿਸਾਨੀ ਦਾ ਭਵਿੱਖ ਬਹੁਤ ਹੀ ਧੁੰਦਲਾ ਬਣ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਾਂ ਦੇ ਨਾਂਅ ’ਤੇ ਵਸਦੇ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਲਈ ਆਪਸੀ ਏਕੇ ਦੀ ਲੋੜ ਹੈ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਧਰਮ ਤੇ ਸੰਸਥਾਵਾਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਵੱਧ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ’ਚ ਰੁਜ਼ਗਾਰ ਦੇ ਮੌਕੇ ਘਟ ਜਾਣ ਅਤੇ ਜੀਵਨ ਜਿਊਣ ਸੰਭਾਵਨਾਵਾਂ ਦੀ ਅਨਿਸ਼ਚਿਤਤਾ ਕਾਰਨ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਪ੍ਰਵਾਸ ਕਰ ਜਾਣ ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋਇਆ ਹੈ, ਜਿਸ ਦੇ ਭਵਿੱਖ ਵਿਚ ਭਿਆਨਕ ਨਤੀਜੇ ਭੁਗਤਣੇ ਪੈਣਗੇ। ਇਸ ਲਈ ਸੰਭਲਣ ਤੇ ਜਾਗਣ ਦੀ ਲੋੜ ਹੈ।  

ਕਿਹਾ : ਧਾਰਮਿਕ ਸਲਾਹਕਾਰ ਬੋਰਡ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਕਰੇਗਾ ਕੰਮ

ਅੰਮਿ੍ਰਤਸਰ/ਬਿਊਰੋ ਨਿਊਜ਼ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ 11 ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਦੇ ਗਠਨ ਸੰਬੰਧੀ ਕਿਹਾ ਕਿ ਇਹ ਸਲਾਹਕਾਰ ਬੋਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੀ ਕੰਮ ਕਰੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜ ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਪਹਿਲਾਂ ਹੀ ਕੰਮ ਕਰਨ ਕਰ ਰਿਹਾ ਹੈ ਅਤੇ ਹੁਣ ਇਸ ਦੇ ਮੈਂਬਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਦੇ ਬਾਕੀ ਮੈਂਬਰਾਂ ਦੇ ਨਾਵਾਂ ਸਬੰਧੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਮੌਕੇ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰ ਡਾਕਟਰ ਇੰਦਰਜੀਤ ਸਿੰਘ ਗੋਗੋਆਣੀ , ਡਾਕਟਰ ਅਮਰਜੀਤ ਸਿੰਘ, ਸਕੱਤਰ ਪ੍ਰਤਾਪ ਸਿੰਘ ,ਅਜੈਬ ਸਿੰਘ ਅਭਿਆਸੀ ਤੇ ਹਰਭਜਨ ਸਿੰਘ ਭਗਤਾ ਆਦਿ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਸ਼ੋ੍ਰਮਣੀ ਕਮੇਟੀ ਦੇ ਦਫ਼ਤਰ ਪਹੰੁਚੇ, ਜਿੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.